ਬਾਈ ਟਕੈਤ ਦੀ ਦਹਾੜ ਕਰ ਗਈ ਕਮਾਲ

ਰਮੇਸ਼ਵਰ ਸਿੰਘ ਪਟਿਆਲਾ

(ਸਮਾਜ ਵੀਕਲੀ)

ਗਣਤੰਤਰ ਦਿਵਸ ਵਾਲੇ ਦਿਨ ਗਣ ਆਮ ਜਨਤਾ ਤੰਤਰ ਸਰਕਾਰ ਖ਼ਾਸ ਦਿਨ ਮਨਾਉਣ ਲਈ ਆਹਮੋ ਸਾਹਮਣੇ ਸਨ।ਗਣਤੰਤਰ ਇਸ ਦੇ ਨਾਮ ਅਨੁਸਾਰ ਜੋ ਪਰਿਭਾਸ਼ਾ ਹੈ ਉਸਦੇ ਹਿਸਾਬ ਨਾਲ ਨਹੀਂ ਮਨਾਇਆ ਜਾਂਦਾ।ਲਾਲ ਕਿਲ੍ਹੇ ਤੇ ਰਾਸ਼ਟਰਪਤੀ ਸਾਹਿਬ ਝੰਡਾ ਲਹਿਰਾ ਦਿੰਦੇ ਹਨ ਤੇ ਟੈਂਕਾਂ ਦੀ ਖ਼ਾਸ ਪਰੇਡ ਹੁੰਦੀ ਹੈ ਜਿਸ ਨੂੰ ਖ਼ੁਦ ਮੰਤਰੀ ਸੰਤਰੀ ਵੇਖ ਕੇ ਆਨੰਦ ਮਾਣਦੇ ਹਨ।ਆਮ ਜਨਤਾ ਘਰ ਬੈਠੀ ਹੁੰਦੀ ਹੈ ਇਸ ਵਾਰ ਗਣਤੰਤਰ ਦਿਵਸ ਨੂੰ ਸਹੀ ਰੂਪ ਵਿੱਚ ਮਨਾਉਣ ਲਈ ਦਿੱਲੀ ਵਾਰਡਰ ਤੇ ਮੋਰਚਾ ਲਾ ਕੇ ਬੈਠੇ ਕਿਸਾਨ ਤੇ ਮਜ਼ਦੂਰਾਂ ਨੇ ਟਰੈਕਟਰ ਪਰੇਡ ਕੱਢੀ।ਲੋਕ ਰਾਜ ਵਿੱਚੋਂ ਅੱਜਕੱਲ੍ਹ ਲੋਕ ਗ਼ੈਰਹਾਜ਼ਰ ਹੀ ਹਨ।ਮੀਡੀਆ ਲੋਕ ਤੰਤਰ ਦਾ ਚੌਥਾ ਥੰਮ੍ਹ ਹੈ ਉਹ ਵੀ ਅੱਜਕੱਲ੍ਹ ਕੇਂਦਰ ਸਰਕਾਰ ਦੀਆਂ ਕੱਠ ਪੁਤਲੀਆਂ ਬਣਿਆ ਹੋਇਆ ਹੈ।

ਤੰਤਰ ਜਾਣੀ ਕਿ ਸਰਕਾਰੀ ਗਣਤੰਤਰ ਦਿਵਸ ਦੀ ਪਰੇਡ ਪ੍ਰਸਾਰ ਭਾਰਤੀ ਤੇ ਗੋਦੀ ਮੀਡੀਆ ਨੇ ਸਹੀ ਰੂਪ ਵਿੱਚ ਵਿਖਾਈ ਵਿਖਾਉਣੀ ਵੀ ਬਣਦੀ ਹੈ।ਦਿਵਸ ਨੂੰ ਮਨਾਉਣ ਲਈ ਕਰੋੜਾਂ ਅਰਬਾਂ ਰੁਪਇਆ ਖ਼ਰਚ ਹੁੰਦਾ ਹੈ ਚਲੋ ਸਰਕਾਰਾਂ ਨੂੰ ਕੌਣ ਕਹੇ ਰਾਣੀ ਅੱਗਾ ਢੱਕ,ਟਰੈਕਟਰ ਪਰੇਡ ਟੈਂਕ ਪਰੇਡ ਤੋਂ ਵੀ ਕਈ ਗੁਣਾਂ ਅੱਗੇ ਤੇ ਬਹੁਤ ਸੁਹਾਵਣੀ ਸੀ।ਗੋਦੀ ਮੀਡੀਆ ਨੇ ਕੁਝ ਨਹੀਂ ਵਿਖਾਇਆ,ਇੰਟਰਨੈੱਟ ਤੇ ਸਰਕਾਰ ਨੇ ਤੱਕਲਾ ਗੱਡ ਕੇ ਬੰਦ ਕਰ ਦਿੱਤਾ ਸੋਸ਼ਲ ਮੀਡੀਆ ਤੇ ਵੀ ਕਿਸੇ ਨੂੰ ਵੇਖਣ ਨੂੰ ਨਹੀਂ ਮਿਲਿਆ।ਪੂਰੀ ਦੁਨੀਆ ਇਸ ਸਹੀ ਰੂਪ ਵਿੱਚ ਗਣਤੰਤਰ ਦਿਵਸ ਦੀ ਪਰੇਡ ਦੇਖਣਾ ਚਾਹੁੰਦੀ ਸੀ ਪਰ ਸਰਕਾਰ ਨੂੰ ਲੱਗਿਆ ਕਿ ਲੋਕ ਜਿਨ੍ਹਾਂ ਨੇ ਸਾਨੂੰ ਚੁਣਿਆ ਹੈ ਕਿਤੇ ਸਾਡੇ ਅੱਗੇ ਨਾ ਲੰਘ ਜਾਣ,ਫਿਰ ਵੀ ਸੋਸ਼ਲ ਮੀਡੀਆ ਤੇ ਜਿਸ ਨੇ ਟਰੈਕਟਰ ਪਰੇਡ ਵੇਖੀ ਧੰਨ ਧੰਨ ਹੋ ਗਿਆ।

ਇਸ ਮਹਾਨ ਟਰੈਕਟਰ ਪਰੇਡ ਨੇ ਕੇਂਦਰ ਸਰਕਾਰ ਦੇ ਸਾਰੇ ਪੁਰਜ਼ੇ ਹਿਲਾ ਦਿੱਤੇ। ਕੇਂਦਰ ਸਰਕਾਰ ਨੇ ਟਰੈਕਟਰ ਪਰੇਡ ਨੂੰ ਬੰਦ ਕਰਵਾਉਣ ਲਈ ਬਹੁਤ ਉਪਰਾਲੇ ਕੀਤੇ ਜਦੋਂ ਗੱਲਬਾਤ ਕਿਸੇ ਸਿਰੇ ਪੱਤਣ ਨਾ ਲੱਗੀ, ਤਾਂ ਲਾਲ ਕਿਲੇ ਤੇ ਆਪਣੇ ਖਰੀਦੇ ਹੋਏ ਕੁਝ ਆਦਮੀਆਂ ਤੋਂ ਨਿਸਾਨ ਸਾਹਿਬ ਚੜ੍ਹਾਉਣ ਦਾ ਘਟੀਆ ਉਪਰਾਲਾ ਕਰਵਾਇਆ।ਲਾਲ ਕਿਲ੍ਹੇ ਤੇ ਕੋਈ ਪੰਛੀ ਵੀ ਆਪਣੇ ਖੰਭ ਫੜ ਫੜਾ ਨਹੀਂ ਸਕਦਾ,ਇਥੋਂ ਦੇ ਸਕਿਉਰਿਟੀ ਗਾਰਡ ਅੱਖਾਂ ਬੰਨ੍ਹ ਕੇ ਵੀ ਉੱਡੇ ਜਾਂਦੇ ਪੰਛੀ ਨੂੰ ਗੋਲੀ ਮਾਰਨ ਦੀ ਮਹਾਰਤ ਰੱਖਦੇ ਹਨ, ਪਰ ਜਦੋਂ ਬਿਨਾਂ ਕਿਸੇ ਤੋਂ ਪੁੱਛੇ ਗਿੱਛੇ ਅੰਦਰ ਸੈਂਕੜੇ ਲੋਕ ਦਾਖਲ ਹੋ ਗਏ ਤਾਂ ਸੁਰੱਖਿਆ ਪੁਲੀਸ ਕੀ ਕਰਦੀ ਸੀ ਆਪਾਂ ਸਾਰੇ ਜਾਣਦੇ ਹੀ ਹਾਂ ਇਹ ਗੱਲ ਨਾ ਹੀ ਕੀਤੀ ਜਾਵੇ।

ਟਰੈਕਟਰ ਪਰੇਡ ਜੋ ਸਰਕਾਰ ਨਾਲ ਸਮਝੌਤੇ ਦੇ ਤਹਿਤ ਠੀਕ ਸੀ,ਉਸ ਵਿਚ ਵੀ ਪੁਲੀਸ ਵਿਭਾਗ ਵੱਲੋਂ ਰੋਕਾਂ ਲਗਾਈਆਂ ਗਈਆਂ ਜੋ ਲਾਲ ਕਿਲ੍ਹੇ ਤੇ ਗ਼ੈਰਕਾਨੂੰਨੀ ਕਾਰਵਾਈ ਹੋਈ ਉਸ ਨੂੰ ਦੇਖ ਕੇ ਅਣਡਿੱਠ ਕਰ ਦਿੱਤਾ ਗਿਆ।ਜਨ ਮੋਰਚਾ ਕਿਸਾਨ ਅਤੇ ਮਜ਼ਦੂਰਾਂ ਨੇ ਟਰੈਕਟਰ ਪਰੇਡ ਨੂੰ ਸਹੀ ਰੂਪ ਦੇ ਕੇ ਮੁਕੰਮਲ ਕੀਤਾ ਪਰ ਸੁਹਾਵਣੀ ਪਰੇਡ ਸਰਕਾਰ ਨੂੰ ਚੁੱਭ ਗਈ ਨਤੀਜਾ ਕਿਸਾਨ ਮੁਖੀਆਂ ਉੱਤੇ ਪਰਚੇ ਦਰਜ ਕਰ ਲਏ।ਦਿੱਲੀ ਪੁਲੀਸ ਕਮਿਸ਼ਨਰ ਨੇ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਕਿਸਾਨਾਂ ਨੇ ਸਾਡੇ ਨਾਲ ਕੀਤੇ ਸਮਝੌਤੇ ਨੂੰ ਸਹੀ ਰੂਪ ਨਹੀਂ ਦਿੱਤਾ। ਜਦੋਂ ਪੱਤਰਕਾਰਾਂ ਨੇ ਲਾਲ ਕਿਲ੍ਹੇ ਦੀ ਕਾਰਵਾਈ ਬਾਰੇ ਪੁੱਛਿਆ ਤਾਂ ਕਮਿਸਨਰ ਸਾਬ੍ਹ ਦਾ ਮੂੰਹ ਖੁੱਲ੍ਹਿਆ ਹੀ ਨਹੀਂ,ਕੀ ਕਰਨ ਵਿਚਾਰੇ ਸਰਕਾਰੀ ਪੱਟੀ ਮੂੰਹ ਤੇ ਲੱਗੀ ਹੋਈ ਸੀ।

ਪਰੇਡ ਵਾਲੀ ਰਾਤ ਨੂੰ ਪਤਾ ਨਹੀਂ ਕਿਸ ਦੇ ਭੂੰਡ ਲੜ ਗਿਆ ਤਾਂ ਕਿਸਾਨ ਮੋਰਚਿਆਂ ਵਾਲੀ ਥਾਵਾਂ ਦੀ ਬਿਜਲੀ ਤੇ ਪਾਣੀ ਬੰਦ ਕਰ ਦਿੱਤਾ ਗਿਆ।ਵੱਧ ਤੋਂ ਵੱਧ ਪੁਲੀਸ ਮੁਲਾਜ਼ਮਾਂ ਦੀ ਧਰਨਿਆਂ ਦੇ ਦੁਆਲੇ ਤਕੜੀ ਗਿਣਤੀ ਵਧਾ ਦਿੱਤੀ ਗਈ।ਮੋਰਚਿਆਂ ਦੇ ਦੁਆਲੇ ਖਾਈਆਂ ਪੁੱਟ ਦਿੱਤੀਆਂ ਗਈਆਂ ਪਤਾ ਨੀ ਕਿਸਾਨਾਂ ਤੇ ਮਜ਼ਦੂਰਾਂ ਨਾਲ ਕਿਹੜੀ ਜੰਗ ਲੜਨੀ ਸੀ।ਗਾਜ਼ੀਪੁਰ ਬਾਰਡਰ ਤੇ ਯੂ ਪੀ ਦੇ ਕਿਸਾਨ ਮਜ਼ਦੂਰਾਂ ਦਾ ਧਰਨਾ ਲੱਗਿਆ ਹੋਇਆ ਸੀ,ਉਸ ਨੂੰ ਨੀਮ ਫੌਜੀ ਦਲਾਂ ਨੇ ਘੇਰ ਲਿਆ ਤੇ ਧਰਨੇ ਦੇ ਮੁਖੀ ਰਾਕੇਸ਼ ਟਿਕੈਤ ਜੀ ਨੂੰ ਗ੍ਰਿਫ਼ਤਾਰ ਕਰਨ ਦੀ ਪੂਰੀ ਤਿਆਰੀ ਕਰ ਲਈ,ਧਰਨਾਕਾਰੀਆਂ ਦੀ ਗਿਣਤੀ ਘੱਟ ਹੋ ਗਈ ਸੀ ਕਿਉਂਕਿ ਟਰੈਕਟਰ ਪਰੇਡ ਸਮਾਪਤ ਹੋਣ ਤੋਂ ਬਾਅਦ ਜ਼ਿਆਦਾ ਲੋਕ ਘਰਾਂ ਨੂੰ ਚਲੇ ਗਏ ਸੀ।

ਰਾਕੇਸ਼ ਟਿਕੈਤ ਜੀ ਸਾਥੀਆਂ ਨੂੰ ਸਟੇਜ ਤੋਂ ਸੰਬੋਧਨ ਕਰ ਰਹੇ ਸਨ ਤਾਂ ਪੁਲੀਸ ਗ੍ਰਿਫ਼ਤਾਰ ਕਰਨ ਲਈ ਸਟੇਜ ਉੱਤੇ ਚੜ੍ਹ ਗਈ,ਚਾਰ ਦਹਾਕਿਆਂ ਤੋਂ ਅਜਿਹੇ ਧਰਨਿਆਂ ਦੇ ਕਮਾਂਡਰ ਰਹੇ ਸਹੀ ਰੂਪ ਵਿੱਚ ਦੁੱਖ ਜਾਂ ਸੁੱਖ ਵਿਚ ਕਿਹੜਾ ਰਸਤਾ ਅਪਣਾਉਣਾ ਹੈ,ਇਹ ਕਹਿ ਲਈਏ ਉਹ ਧਰਨਿਆਂ ਦੀ ਸਿੱਖਿਆ ਦੇ ਮਹਾਨ ਗ੍ਰੰਥ ਹਨ।ਉਨ੍ਹਾਂ ਨੇ ਪੁਲਿਸ ਕਰਮਚਾਰੀਆਂ ਨੂੰ ਕਿਹਾ ਮੈਂ ਗ੍ਰਿਫ਼ਤਾਰੀ ਦੇ ਦੇਵਾਂਗਾ ਪਰ ਧਰਨੇ ਤੇ ਜੋ ਮੇਰੇ ਨਾਲ ਸਾਥੀ ਹਨ ਉਨ੍ਹਾਂ ਨੂੰ ਠੀਕ ਠਾਕ ਘਰ ਤਕ ਪਹੁੰਚਦੇ ਕੀਤਾ ਜਾਵੇ।ਗੋਦੀ ਮੀਡੀਆ ਪੁਲੀਸ ਦੇ ਨਾਲ ਸੀ ਉਨ੍ਹਾਂ ਨੇ ਸਮਝਿਆ ਕਿ ਸਰਕਾਰ ਨੇ ਬਹੁਤ ਵੱਡੇ ਯੋਧੇ ਨੂੰ ਸਿੱਧੇ ਰਸਤੇ ਪਾ ਲਿਆ ਹੈ ਉਨ੍ਹਾਂ ਦੇ ਵਿਚਾਰ ਜਾਣਨ ਲਈ ਆਪਣੇ ਮਾਇਕ ਧੜਾ ਧੜ ਉਨ੍ਹਾਂ ਦੇ ਮੂੰਹ ਦੇ ਅੱਗੇ ਕਰ ਦਿੱਤੇ।

ਯੋਧਿਆਂ ਦਾ ਕੀ ਖ਼ਾਸ ਤਜਰਬਾ ਹੁੰਦਾ ਹੈ ਉਨ੍ਹਾਂ ਨੇ ਵਿਖਾ ਦਿੱਤਾ,ਕਿ ਮੈਂ ਪੰਜਾਬ ਦੇ ਸਿੰਘ ਕਿਸਾਨਾਂ ਨੂੰ ਛੱਡ ਕੇ ਕਿਵੇਂ ਜਾ ਸਕਦਾ ਹਾਂ,ਕੁਦਰਤੀ ਵਰਤਾਰਾ ਉਨ੍ਹਾਂ ਦੀ ਅੱਖਾਂ ਵਿੱਚੋਂ ਪਿਆਰ ਦੇ ਹੰਝੂ ਛਲਕ ਗਏ ਮੀਡੀਆ ਨੇ ਸਮਝਿਆ ਕਿ ਸਰਕਾਰ ਨੇ ਮੋਰਚਾ ਫਤਿਹ ਕਰ ਲਿਆ ਹੈ।ਗੋਦੀ ਮੀਡੀਆ ਲੱਗਿਆ ਕਿ ਬਟੇਰਾ ਪੈਰ ਥੱਲੇ ਆ ਗਿਆ ਹੈ ਵਾਰ ਵਾਰ ਉਸ ਦਾ ਪ੍ਰਸਾਰਨ ਆਪਣੇ ਚੈਨਲਾਂ ਤੇ ਚਾਲੂ ਕਰ ਦਿੱਤਾ। ਉਨ੍ਹਾਂ ਦਾ ਇਲਾਕਾ ਉੱਤਰ ਪ੍ਰਦੇਸ਼ ਬਹੁਤਾ ਦੂਰ ਨਹੀਂ ਸੀ ਲੋਕਾਂ ਤੱਕ ਉਨ੍ਹਾਂ ਦੀ ਪਿਆਰ ਦੇ ਛਲਕਦੇ ਹੰਝੂਆਂ ਦੀ ਬੁਛਾੜ ਅਜਿਹੀ ਪਈ,ਉਸ ਇਲਾਕੇ ਦੇ ਸਾਰੇ ਕਿਸਾਨ ਮਜ਼ਦੂਰ ਉਨ੍ਹਾਂ ਦੇ ਭਰਾ ਦੇ ਘਰ ਚਲੇ ਗਏ ਇਕੱਠੇ ਹੋ ਕੇ ਦਿੱਲੀ ਵੱਲ ਨੂੰ ਵਹੀਰਾਂ ਘੱਤ ਲਈਆਂ।

ਯੋਧੇ ਦੀ ਕੀਤੀ ਭਾਵੁਕ ਅਪੀਲ ਨਾਲ ਤੁਰੰਤ ਇੱਕ ਹਜਾਰ ਕਿਸਾਨ ਮਜ਼ਦੂਰ ਮੋਰਚੇ ਵਿੱਚ ਪਹੁੰਚ ਗਏ।ਗ੍ਰਿਫ਼ਤਾਰ ਕਰਨ ਆਈ ਪੁਲਸ ਨੂੰ ਇਸ ਦੀ ਪਹਿਲਾਂ ਹੀ ਰਿਪੋਰਟ ਮਿਲ ਗਈ ਤੇ ਹੌਲੀ ਹੌਲੀ ਉੱਥੋਂ ਖਿਸਕਣਾ ਚਾਲੂ ਕਰ ਦਿੱਤਾ।ਗੋਦੀ ਮੀਡੀਆ ਨੇ ਮਾਇਕ ਪੁਲੀਸ ਅਧਿਕਾਰੀਆਂ ਦੇ ਸਾਹਮਣੇ ਲਿਜਾ ਕੇ ਇੱਥੋਂ ਜਾਣ ਦਾ ਕਾਰਨ ਪੁੱਛਿਆ,ਹਾਰੀ ਹੋਈ ਲੜੀ ਦਾ ਜਵਾਬ ਹੀ ਹੈ ਕਿ ਇੱਥੇ ਜ਼ਿਆਦਾ ਲੋਕ ਧਰਨੇ ਵਿੱਚ ਨਹੀਂ ਇਨ੍ਹਾਂ ਤੋਂ ਕੋਈ ਖ਼ਤਰਾ ਨਹੀਂ।ਪਰ ਮੀਡੀਆ ਵਾਲਿਆਂ ਨੇ ਇਹ ਨਹੀਂ ਪੁੱਛਿਆ ਕਿ ਪਹਿਲਾਂ ਇਨ੍ਹਾਂ ਤੋਂ ਕੀ ਖਤਰਾ ਸੀ ਜੋ ਹੁਣ ਟਲ ਗਿਆ।ਇੰਟਰਨੈੱਟ ਸਰਕਾਰੀ ਤੌਰ ਤੇ ਬੰਦ ਕਰ ਦਿੱਤਾ ਗਿਆ,ਪਰ ਗੋਦੀ ਮੀਡੀਆ ਨੇ ਰਕੇਸ਼ ਟਿਕੈਤ ਯੋਧੇ ਦੇ ਛਲਕਦੇ ਹੰਝੂ ਸਰਕਾਰੀ ਜਿੱਤ ਸਮਝਦੇ ਹੋਏ ਵਾਰ ਵਾਰ ਦਿਖਾਉਣਾ ਭਾਰੀ ਪਿਆ।

ਮੁਜ਼ੱਫ਼ਰਨਗਰ ਵਿੱਚ ਰਕੇਸ਼ ਟਿਕੈਤ ਦੇ ਭਰਾ ਦੇ ਸੱਦੇ ਤੇ ਕਿਸਾਨਾਂ ਦੀ ਮਹਾਂਪੰਚਾਇਤ ਇਕੱਠੀ ਹੋਈ,ਲੱਖਾਂ ਲੋਕਾਂ ਨੇ ਨਮਕ ਅਤੇ ਗੰਗਾ ਦੀ ਸਹੁੰ ਚੁੱਕ ਕੇ ਕਿਹਾ ਕਿ ਪੰਜ ਲੱਖ ਆਦਮੀ ਦਿੱਲੀ ਵਾਰਡਰ ਤੇ ਜਾਵੇਗਾ ਕਾਨੂੰਨ ਰੱਦ ਕਰਾ ਕੇ ਵਾਪਸ ਮੁੜੇਗਾ ਇਸ ਤੋਂ ਪਹਿਲਾਂ ਇਸ ਸਹੁੰ ਅਠਾਰਾਂ ਸੌ ਸਤਵੰਜਾ ਦੇ ਗ਼ਦਰ ਸਮੇਂ ਚੁੱਕੀ ਗਈ ਸੀ। ਪੰਜਾਬ ਤੇ ਹਰਿਆਣਾ ਵੱਲੋਂ ਵੀ ਕਿਸਾਨਾਂ ਨੇ ਵਾਪਿਸ ਟਰੈਕਟਰ ਟਰਾਲੀਆਂ ਲੈ ਕੇ ਮੋੜਾ ਪਾ ਲਿਆ ਹੈ,ਸਭ ਤੋਂ ਵੱਡੀ ਕਮਾਲ ਤਾ ਇਹ ਹੈ ਸਾਡੀਆਂ ਬੀਬੀਆਂ ਭੈਣਾਂ ਨੇ ਗੱਡੀਆਂ ਤੇ ਟਰੈਕਟਰਾਂ ਉੱਤੇ ਲਾਊਡ ਸਪੀਕਰ ਲਗਾ ਕੇ ਹਰਿਆਣਾ ਤੇ ਪੰਜਾਬ ਦੇ ਪਿੰਡਾਂ ਵਿੱਚ ਜਾ ਕੇ ਵਾਪਿਸ ਮੋਰਚੇ ਨੂੰ ਮਜ਼ਬੂਤ ਕਰਨ ਦਾ ਠੋਸ ਤਰੀਕੇ ਨਾਲ ਸੱਦਾ ਦਿੱਤਾ ਹੈ।ਪੰਜਾਬ ਦੀਆਂ ਪੰਚਾਇਤਾਂ ਨੇ ਵੀ ਮਤੇ ਪਾ ਦਿੱਤੇ ਹਨ ਕਿ ਹਰ ਘਰ ਵਿਚੋਂ ਇਕ ਆਦਮੀ ਧਰਨੇ ਵਿੱਚ ਜ਼ਰੂਰ ਜਾਵੇਗਾ,ਜੋ ਆਪਣਾ ਟਰੈਕਟਰ ਲੈ ਕੇ ਨਹੀਂ ਜਾਵੇਗਾ ਉਸ ਨੂੰ ਜੁਰਮਾਨਾ ਦੇਣਾ ਪਵੇਗਾ।

ਇੰਟਰਨੈੱਟ ਬੰਦ ਹੋਣ ਕਰਕੇ ਸਾਰਿਆਂ ਨੂੰ ਪੂਰੀ ਜਾਣਕਾਰੀ ਨਹੀਂ ਮਿਲ ਰਹੀ ਪਰ ਸਾਡੇ ਕਿਸਾਨ ਮੋਰਚੇ ਦਾ ਹੱਕ ਪੂਰਦੇ ਪੰਜਾਬ ਦੇ ਪੰਜਾਬੀ ਅਖ਼ਬਾਰ ਸਾਰੀਆਂ ਖ਼ਬਰਾਂ ਲਡ਼ੀਵਾਰ ਦਿੰਦੇ ਜਾ ਰਹੇ ਹਨ।ਪੰਜਾਬ ਤੇ ਹਰਿਆਣਾ ਵਿੱਚ ਟੋਲ ਪਲਾਜ਼ਿਆਂ ਤੇ ਵੀ ਧਰਨੇ ਵਾਪਿਸ ਸਥਾਪਤ ਹੋ ਗਏ ਹਨ ਤੇ ਦਿੱਲੀ ਦੇ ਸਾਰੇ ਮੋਰਚੇ ਭਰਪੂਰ ਰੂਪ ਵਿੱਚ ਆਪਣੀ ਡਿਊਟੀ ਨਿਭਾਅ ਰਹੇ ਹਨ।ਕੁਝ ਕੁ ਟੀ ਵੀ ਚੈਨਲਾਂ ਤੋਂ ਤਾਂ ਟਿਕੇਤ ਵੀਰੇ ਦੀ ਦਹਾੜ ਸੁਣਾਈ ਦੇ ਰਹੀ ਹੈ,ਕਿ ਹੁਣ ਚਾਲੀ ਲੱਖ ਟਰੈਕਟਰ ਮੋਰਚੇ ਵਿੱਚ ਆਉਣਗੇ,ਸਰਦਾਰੀ ਰੂਪ ਵਿੱਚ ਪੱਗ ਤੇ ਸਿਰੋਪਾ ਗਲ਼ ਵਿਚ ਪਾ ਕੇ ਕੇਂਦਰ ਸਰਕਾਰ ਨੂੰ ਖੁੱਲ੍ਹੇ ਸੱਦੇ ਦੇ ਰਹੇ ਹਨ ਕਿ ਅਸੀਂ ਜਿੱਤ ਕੇ ਹੀ ਜਾਣਾ ਹੈ।

ਖਾਸ ਗੱਲ ਇਹ ਹੈ ਗੋਦੀ ਮੀਡੀਆ ਜਿਹੜਾ ਕਿ ਕਿੰਨੇ ਦਿਨ ਸਿਰਫ਼ ਲਾਲ ਕਿਲੇ ਦੇ ਝੰਡੇ ਨੂੰ ਮੁੱਖ ਮੁੱਦਾ ਬਣਾ ਕੇ ਵਾਰ ਵਾਰ ਵਿਖਾ ਰਿਹਾ ਸੀ ਉਹ ਵੀ ਆਪਣੇ ਲਾਮ ਲਸ਼ਕਰ ਨਾਲ ਮੋਰਚਿਆਂ ਵਿੱਚ ਪਹੁੰਚ ਚੁੱਕੇ ਹਨ। ਕੁਝ ਖਾਸ ਗੱਲਾਂ-ਕਿਸਾਨ ਆਗੂ ਰਕੇਸ਼ ਟਿਕੈਤ ਨੇ ਮੌਜੂਦਾ ਕਿਸਾਨ ਅੰਦੋਲਨ ਦੇ ਇਤਿਹਾਸ ਵਿੱਚ ਉਹ ਪੰਨਾ ਲਿਖਿਆ ਹੈ, ਜਿਸ ਵਿਚ ਜ਼ਰੂਰਤ ਹੌਸਲੇ,ਤਰਕ,ਸਿਦਕ ਭਾਵਨਾ ਹਾਰ ਨਾ ਮੰਨਣ ਵਾਲੇ ਸਿਰੜ ਹਿੰਮਤ ਆਪਣੇ ਟੀਚੇ ਵਿੱਚ ਵਿਸਵਾਸ ਰੱਖਣ ਦੇ ਅਕੀਦੇ ਅਤੇ ਕਈ ਹੋਰ ਅਜਿਹੇ ਜਜ਼ਬਿਆਂ ਦਾ ਸੁਮੇਲ ਸੀ।ਜਿਸ ਨਾਲ ਡੋਲਦੇ ਹੋਏ ਵਿਸ਼ਵਾਸਾਂ ਨੂੰ ਸੰਭਾਲਿਆ ਉਹ ਅੰਦੋਲਨ ਨੂੰ ਹੋਰ ਗਤੀਸ਼ੀਲ ਬਣਾਉਣ ਦੀ ਤਾਕਤ ਬਖ਼ਸ਼ੀ,ਬਾਈ ਜੀ ਨੇ ਸਿੱਧ ਕਰ ਦਿੱਤਾ ਕਿਵੇਂ ਆਗੂਆਂ ਦੇ ਸ਼ਬਦ ਭਾਸਣ ਅਤੇ ਟਿੱਪਣੀਆਂ ਅੰਦੋਲਨ ਦਾ ਸਾਰਥਿਕ ਰਾਹ ਪੱਧਰਾ ਕਰ ਸਕਦੇ ਹਨ।

ਸਾਡੇ ਮਹਾਨ ਪੰਜਾਬੀ ਲੇਖਕ ਸੁਖਦੇਵ ਸਿੰਘ ਸਿਰਸਾ ਜੀ ਨੇ ਲਿਖਿਆ ਹੈ”ਰਾਕੇਸ਼ ਟਿਕੈਤ ਦਾ ਅੱਥਰੂ ਖਾਰਾ ਫੌਜ ਪੁਲੀਸ ਤੇ ਪੈ ਗਿਆ ਭਾਰਾ, ਟਿਕੈਤ ਨੂੰ ਦੁੱਲਾ ਵੀਰ ਚਾਹੀਦਾ ਸਿਸੋਲੀ ਪਿੰਡ ਦਾ ਨੀਰ ਚਾਹੀਦਾ”ਯੋਧੇ ਦੀ ਇਸ ਆਵਾਜ਼ ਨੇ ਪਹਿਲਾਂ ਮੋਰਚਾ ਮੇਰੇ ਖਿਆਲ ਅਨੁਸਾਰ ਇਕ ਰਿਹਰਸਲ ਸੀ ਹੁਣ ਸਾਡੇ ਕਿਸਾਨ ਤੇ ਮਜ਼ਦੂਰ ਯੋਧਿਆਂ ਦੀ ਨਿਰਦੇਸ਼ਤ ਜਿੱਤ ਦੀ ਫ਼ਿਲਮ ਪੂਰੀ ਦੁਨੀਆ ਦੇਖੇਗੀ।ਪਾਠਕੋ ਕਿਸਾਨ ਮਜ਼ਦੂਰ ਦੀ ਜਿੱਤ ਫ਼ਿਲਮ ਤਿਆਰ ਹੋ ਰਹੀ ਹੈ ਮੇਰੀ ਇਹ ਰਚਨਾ ਥੋੜ੍ਹੀ ਜਾਣਕਾਰੀ ਦੇਣ ਲਈ ਸੀ ਕਿ ਫ਼ਿਲਮ ਵੇਖਣ ਲਈ ਤਿਆਰ ਰਹੋ।ਪੂਰੀ ਦੁਨੀਆਂ ਇਹ ਫ਼ਿਲਮ ਵੇਖ ਕੇ ਭਵਿੱਖ ਵਿਚ ਮੋਰਚੇ ਲਾਉਣ ਦਾ ਸਬਕ ਸਿੱਖ ਲਵੇਗੀ-ਆਮੀਨ

ਰਮੇਸ਼ਵਰ ਸਿੰਘ

ਸੰਪਰਕ ਨੰਬਰ -9914880392

Previous articleਗੀਤ ,ਦਿੱਲੀਏ ਹੱਕ ਸਦਾ ਖੋਹਣੇ ਪੈਂਦੇ ਨੇ ਸੰਤ ਸੀਚੇਵਾਲ ਨੇ ਕੀਤਾ ਰਿਲਿਜ਼
Next articleਰੇਲ ਕੋਚ ਫੈਕਟਰੀ ਵਿਖੇ ਦਿੱਲੀ ਚੱਲੋ ਚੇਤਨਾ ਰੈਲੀ ਅੱਜ