ਛੱਲਾ (95% ਸਿਖਿਆਰਥੀਆਂ ਦੀ ਤਰਜਮਾਨੀ)

ਰੋਮੀ ਘੜਾਮੇਂ ਵਾਲਾ

(ਸਮਾਜ ਵੀਕਲੀ)

ਜੀ ਸਦਕੇ ਸਭ ਕਰੋ ਪੜ੍ਹਾਈਆਂ…….
ਪੜ੍ਹੋ ਧਿਆਨ ਨੂੰ ਧਰਕੇ
ਪਰ ਜਿਸ ਵਿਸ਼ੇ ਵਿੱਚ ਮਨ ਨਾ ਹੋਵੇ……..
ਭਾਈ ਕੀ ਫਾਇਦਾ ਉਹਨੂੰ ਪੜ੍ਹਕੇ

ਉਏ ਛੱਲਾ ਕੰਪੀਟੀਸ਼ਨ
ਮਹਿੰਗੇ ਮੁੱਲ ਪੈਂਦੀ ਟਿਊਸ਼ਨ
ਤਾਂ ਵੀ ਨਾ ਮਿਲਦੀ ਐਡਮੀਸ਼ਨ
ਵੇ ਗੱਲ ਸੁਣ ਛੱਲਿਆ ਟਲ਼ਜਾ….
ਨਾ ਲੈ ਪੜ੍ਹਨੇ ਨੂੰ ਕਰਜ਼ਾ……….

ਛੱਲਾ ਕਰਕੇ ਰੀਸਾਂ
ਤੇ ਭਰਕੇ ਮੋਟੀਆਂ ਫੀਸਾਂ
ਮਾਪਿਆਂ ਦੀਆਂ ਨਿਕਲੀਆਂ ਚੀਕਾਂ
ਵੇ ਗੱਲ ਸੁਣ ਛੱਲਿਆ ਕਾਹਤੋਂ……
ਫਿਰੇਂ ਤੂੰ ਭਟਕਿਆ ਰਾਹ ਤੋਂ…….

ਉਏ ਛੱਲੇ ਆ ਗਈ ਸਪਲੀ
ਤੇ ਗੱਲ ਸਾਰੇ ਪਿੰਡ ਨੇ ਚੱਕਲੀ
ਬਈ ਹਾਲਤ ਹੋ ਗਈ ਪਤਲੀ
ਵੇ ਗੱਲ ਸੁਣ ਛੱਲਿਆ ਯਾ
ਵੇ ਲਾਉਣਾ ਪੈਣਾ ਜੁਗਾੜ……

ਛੱਲੇ ਲੈ ਲਈ ਡਿਗਰੀ
ਪਰ ਨਾ ਕੋਈ ਹਾਲਤ ਸੁਧਰੀ
ਪਹਿਲਾਂ ਨਾਲੋਂ ਵੀ ਵਿਗੜੀ
ਵੇ ਗੱਲ ਸੁਣ ਛੱਲਿਆ ਰੇਸਾਂ
ਫਿਰੇਂ ਹੁਣ ਲੱਭਦਾ ਪਲੇਸਾਂ………

ਉਏ ਛੱਲਾ ਰਿਸ਼ਵਤਖੋਰੀ
ਹੋਈ ਹਰ ਥਾਂ ਤੇ ਮੋਹਰੀ
ਕੋਈ ਨਾ ਸੁਣਦਾ ਬਹੁੜੀ
ਵੇ ਗੱਲ ਸੁਣ ਛੱਲਿਆ ਸ਼ੱਕ ਨਾ
ਪੱਲੇ ਤੇਰੇ ਬਚਿਆ ਕੱਖ ਨਾ………

ਉਏ ਛੱਲਾ ਬੇਰੁਜ਼ਗਾਰੀ
ਮੁਸੀਬਤਾਂ ਵਾਰੋ ਵਾਰੀ
ਪੈਂਦੀਆਂ ਜ਼ਾਰੋ ਜ਼ਾਰੀ
ਵੇ ਗੱਲ ਸੁਣ ਛੱਲਿਆ ਢੋਈ
ਹੱਥੀਂ ਕੰਮ ਸਿੱਖ ਲੈ ਕੋਈ…………..

ਛੱਲਾ ਮਾੜੀਆਂ ਸਰਕਾਰਾਂ
ਚਾਰੇ ਪਾਸੇ ਹੀ ਮਾਰਾਂ
ਬੈਠ ਕੇ ਕਰ ਲਉ ਵਿਚਾਰਾਂ
ਵੇ ਗੱਲ ਸੁਣ ਛੱਲਿਆ ਖੋਟਾਂ
ਸੋਚ ਕੇ ਪਾ ਲਉ ਵੋਟਾਂ……………..

ਉਏ ਛੱਲਾ ਪਿੰਡ ਘੜਾਮੇਂ
ਆ ਕੇ ਰੋਮੀ ਦੇ ਜਾਮੇ
ਦੇਵੇ ਸਿਸਟਮ ਨੂੰ ਉਲ੍ਹਾਮੇਂ
ਵੇ ਗੱਲ ਸੁਣ ਛੱਲਿਆ ਮਰਲੈ
ਮਿਹਨਤਾਂ ਪਹਿਲਾਂ ਈ ਕਰਲੈ………….।

ਰੋਮੀ ਘੜਾਮੇਂ ਵਾਲਾ
98552-81105

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੋਲਣਾ ਇਕ ਕਲਾ
Next articleਹਰੇ