ਕਾਵਿ ਪੁਸਤਕ ਅਨੰਦ ਉਤਸਵ ਦਾ ਰੀਵਿਊ

(ਸਮਾਜ ਵੀਕਲੀ)

ਨੀਰ ਯੂ਼ ਐਸ ਏ

ਨੀਰ ਜੀ ਕਾਵਿ ਪੁਸਤਕ ‘ਅਨੰਦ ਮਹਾਂਉਤਸਵ’ ਵਿੱਚ ਕੁਦਰਤ ਦੀ ਵਿਰਾਟਤਾ ਅਤੇ ਅਦਭੁਤ ਖ਼ੂਬਸੂਰਤੀ ਦਾ ਬਿੰਬ ਹੈ। ਬ੍ਰਹਿਮੰਡ ਨਾਲ ਇਕਸੁਰ ਹੋਣ ਦੀ ਤਮੰਨਾ ਹੈ । ਭਾਰਤੀ ਦਰਸ਼ਨ ਸ਼ਾਸਤਰ ਖਾਸਕਰ ਉਪਨਿਸ਼ਦਾ ਦੀਆਂ ਰਮਜ਼ਾਂ ਅਤੇ ਮਾਨਵਤਾ ਲਈ ਸੰਵੇਦਨਾ ਦਾ ਡੂੰਘਾ ਇਜ਼ਹਾਰ ਹੈ ।

ਨੀਰ ਦੀ ਕਵਿਤਾ ਵਿੱਚ ਗਿਲੇ ਸ਼ਿਕਵਿਆਂ ਦੀ ਧੁੱਪ ਨਹੀਂ ਜ਼ਿੰਦਗੀ ਨੂੰ ਦੁੱਖਾਂ ਦਾ ਘਰ ਮੰਨਣ ਦਾ ਰੁਦਨ ਹੈ ।ਉਹ ਪੱਤਝੜ ਨੂੰ ਖ਼ਿਆਲਾਂ ਵਿੱਚ ਘੁਸਪੈਠ ਨਹੀਂ ਕਰ ਦਿੰਦੀ। ਉਸ ਕੋਲ ਬਸੰਤ ਦਾ ਉਤਸਵ ਹੈ।ਪੌਣਾਂ ਨਾਲ ਅਠਖੇਲੀਆਂ ਕਰਨ ਲਈ ਅਲਬੇਲਾਪਨ ਹੈ ।ਉਸ ਦੀ ਕਵਿਤਾ ਵਿੱਚ ਤਣਾਅ ਤੋਂ ਬਾਹਰ ਸੁਹਜ ਦਾ ਸਿਰਨਾਵਾਂ ਹੈ। ਪਦਾਰਥਕ ਸੁੱਖ ਸਹੂਲਤਾਂ ਦੀ ਥਾਂ ਉਹ ਕੁਦਰਤ ਅਤੇ ਰਿਸ਼ਤਿਆਂ ਦੇ ਮੇਲੇ ਵਿਚੋਂ ਆਨੰਦ ਦੀ ਪਰਿਭਾਸਾ ਲੱਭਦੀ ਹੈ ।ਉਸ ਕੋਲ਼ ਨਿਰਾਸ਼ਾ ਨਹੀਂ ਉਤਸਵ ਦੀ ਲਹਿਰ ਹੈ। ਕਬਜ਼ੇ ਦੀ ਥਾਂ ਸਮਰਪਣ ਦਾ ਭਾਵ ਹੈ ।ਮਨ ਦੀਆਂ ਗਹਿਰਾਈਆਂ ਵਿੱਚ ਉਤਰਨ ਦੀ ਕਲਾ ਹੈ। ਮੁਹੱਬਤ ਦੇ ਗੁਲਾਮਾਂ ਦੀ ਖੂਬਸੂਰਤੀ ਮਾਣਦਿਆਂ ਆਪਾ ਮਿਟਾ ਕੇ ਪ੍ਰੀਤ ਰੂਪ ਹੋ ਜਾਣ ਦਾ ਸੁਭਾਗ ਹੈ ।
ਖਿੜਿਆ ਇਕ ਗੁਲਾਬ,
ਮੁਹੱਬਤ ਦਾ ਵਿਹੜੇ ਖਿੜਿਆ।
ਅੱਜ ਖ਼ੌਫ਼ ਲਾਹਿਆ ਚਾਨਣੀ ‘ਚ,
ਚੰਨ ਜੋ ਮੇਰੇ ਕੋਠੇ ਚੜ੍ਹਿਆ

ਸੱਤ ਸਮੁੰਦਰ ਪਾਰ ਅਪਣਾ ਵਤਨ, ਅਪਣਾ ਪਿੰਡ ,ਉਸ ਦੀਆਂ ਯਾਦਾਂ ਵਿਚ ਮਹਿਕਦਾ ਹੈ। ਚੀਂ-ਚੀਂ ਕਰਕੇ ਸ਼ੋਰ ਮਚਾਇਆ ਪਿੰਡ ਮੇਰਾ ਚੇਤੇ ਕਰਵਾਇਆ।

ਉਹ ਸ਼ਿਵ ਮੰਦਿਰ ਦੀ ਆਰਤੀ ,ਗੁਰੂ ਘਰ ਦੀ ਗੁਰਬਾਣੀ ਦੀਆਂ ਭਾਵਨਾਵਾਂ ਨਾਲ ਆਨੰਦਿਤ ਹੁੰਦੀ ਹੈ ਅਤੇ ਸਾਂਝੀਵਾਲਤਾ ਦੇ ਮਾਹੌਲ ਵਿਚ ਹੱਥ ਜੋੜ ਦਿੰਦੀ ਹੈ। ਜ਼ਿੰਦਗੀ ਦੇ ਯਥਾਰਥ ਦਾ ਪੱਲਾ ਛੱਡ ਕੇ ਉਹ ਆਸਮਾਨ ਵਿੱਚ ਨਹੀਂ ਉਡਦੀ ।ਜ਼ਿੰਦਗੀ ਨੂੰ ਸੂਖਮਤਾ ਨਾਲ ਪੜ੍ਹਨ ਦਾ ਯਤਨ ਕਰਦੀ ਹੈ। ਹਾਸਿਆ ਪਿੱਛੇ ਛੁਪੀਆਂ ਮਜਬੂਰੀਆਂ ਨੂੰ ਮਹਿਸੂਸ ਕਰਨ ਦੀ ਉਸ ਕੋਲ ਸੰਵੇਦਨਾ ਹੈ ।ਬਚਪਨ ਵਿੱਚ ਰੋਜ਼ੀ-ਰੋਟੀ ਲਈ ਕਰਤਬ ਦਿਖਾਉਣ ਵਾਲੇ ਬੱਚਿਆਂ ਦੀਆਂ ਖੇਡਾਂ ਵਿਚ ਉਹ ਆਰਥਿਕਤਾ ਦੀ ਮਾਰ ਦੇ ਕਹਿਰ ਨੂੰ ਮਹਿਸੂਸ ਕਰਦੀ ਹੈ। ਖੇਡ ਤੋਂ ਬੇਖਬਰ ਰੋਜ਼ੀ ਪਿੱਛੇ ਨਾਚ ਕਰ ਰਿਹਾ ਹੈ ,ਬਣ ਰਾਜਕੁਮਾਰ ਜੋਕਰ ਦੇ ਕਰਤੱਵ ਦਿਖਾਉਂਦਾ ਹੈ ।ਝੂਠੇ ਹਾਸੇ ਨਾਲ ਲੋਕਾਂ ਦਾ ਦਿਲ ਪ੍ਰਚਾਵਾ ਧਾਰਮਿਕ ਕੱਟੜਤਾ ਫ਼ਿਰਕਾਪ੍ਰਸਤੀ ਹੈ। ਵਿਨਾਸ਼ਕਾਰੀ ਪ੍ਰਭਾਵ ਤੋਂ ਸੁਚੇਤ ਕਰਦਿਆਂ ਧਰਮ ਦੇ ਲੋਕ ਹਿਤੈਸ਼ੀ ਪਰਿਭਾਸ਼ਾ ਵੀ ਸਥਾਪਿਤ ਕਰਦੀ ਹੈ। ਧਰਮ ਦਾ ਸੌਦਾ ਮੁਰਦਾ ਮੁਲਕ ਨੂੰ ਕਰਦਾ,
ਲੋਕਾਂ ਦੀ ਅਣਖ ਜਗਾਏ,
ਤੂੰ ਆਪ ਜਾਗੇ ,
ਤਾਂ ਰੱਬ ਮਿਲ ਜਾਵੇ।

ਨੀਰ ਅਰਸ਼ਾਂ ਉਤੇ ਬਿਜਲੀਆਂ ਦੀਆਂ ਪੀਂਘਾਂ ਪਾਉਣਾ ਲੋਚਦੀ ਹੈ।ਦੇਹ ਦੇ ਅਰਕਸ਼ਨਾ ਅਤੇ ਭੋਗਾਂ ਤੋਂ ਪਾਰ, ਚੇਤਨਾ ਦੇ ਮੰਡਲਾਂ ਵਿੱਚ ਪ੍ਰਵੇਸ਼ ਕਰਕੇ ਦੇਹ ਨੂੰ ਜਾਗ੍ਰਿਤ ਰੂਹ ਨਾਲ ਇਕਸੁਰ ਕਰਕੇ ਪ੍ਰੇਮ, ਗਿਆਨ, ਉਦਾਰਤਾ, ਸਮਾਨਤਾ, ਸ਼ਰਧਾ ,ਵਿਜੈ ਅਤੇ ਕੀਰਤੀ ਦੇ ਕੌਸ਼ਲ ਅਹਿਸਾਸ ਨਾਲ ਭਰ ਜਾਂਦੀ ਹੈ। ਕਰੋੜਾਂ ਚੰਨ, ਸੂਰਜਾਂ, ਧਰਤੀਆਂ ਦੀ ਅਨੰਤਤਾ ਦਾ ਵਿਸਮਾਦ, ਮਾਨ ਗੁਮਾਨ ਤੋਂ ਪਾਰ ਅੰਤਰ ਦਰਸ਼ਨ ਵੱਲ ਮਨ ਦੀਆਂ ਮੁਹਾਰਾਂ ਮੋੜਦਾ ਹੈ ।ਸੋਹਣੇ ਚਿਹਰਿਆਂ ਪਿਛੇ ਸੁਹਣੇ ਅਹਿਸਾਸਾਂ ਦੀ ਮਨੋਹਰ ਕਲਪਨਾ ਕਰਦਾ ਹੈ ।ਉਸ ਲਈ ਅਰਥ ਰਮਣੀਕ ਰੂਪ ਧਾਰ ਲੈਂਦੇ ਹਨ।
ਪਾਣੀ ਸਾਗਰ ਦਾ
ਜਾਂ ਹੰਝੂ ਅੱਖ ਦਾ,
ਮੌਸਮ ਦੀ ਰਵਾਨੀ ਹੈ
ਜਾਂ ਜਜ਼ਬਿਆਂ ਦੀ ਰਵਾਨੀ
ਰਾਤ ਦਾ ਹਨੇਰਾ ਹੈ
ਜਾਂ ਦਿਲ ਦੀ ਰੋਸ਼ਨਾਈ
ਮਹਿੰਦੀ ਦਾ ਰੰਗ ਹੈ
ਜਾਂ ਸਾਡੀ ਸੋਚ ਦੀ ਸਚਾਈ।

ਨਦੀਆਂ ਪਹਾੜਾਂ ਰੁੱਖਾਂ ਦਰਮਿਆਨ ਚਹਿਕਦੇ ਪੰਛੀ ਮੀਂਹ ਦੀਆਂ ਬੂੰਦਾਂ ਅਤੇ ਵਸਦੇ ਪਿੰਡ ਫੁੱਲਾਂ ਦੀ ਸੁੰਦਰਤਾ ਉਸ ਲਈ ਨਗਮੇ ਬਣ ਜਾਂਦੇ ਹਨ। ਜ਼ਿੰਦਗੀ ਪ੍ਰਤੀ ਸਨਮਾਨ ਉਸ ਲਈ ਹਰ ਮਨੁੱਖ ਨੂੰ ਇਕ ਖੂਬਸੂਰਤ ਕਿਤਾਬ ਅਤੇ ਹਰ ਪਲ ਨੂੰ ਨਜ਼ਮ ਵਾਂਗ ਮਾਣਨ ਦਾ ਅਨੰਦ ਬਣ ਜਾਂਦਾ ਹੈ। ਉਹ ਨਾਰੀ ਸ਼ਕਤੀ ਨੂੰ ਸੀਤਾ ਦੇ ਸਤ, ਮੀਰਾਂ ਦੀ ਅਮਰਤਾ, ਪਤੀ ਦੇ ਸਨਮਾਨ ਅਤੇ ਝਾਂਸੀ ਦੇ ਦੇਸ਼ ਪ੍ਰੇਮ ਦੀ ਯਾਦ ਤਾਜ਼ਾ ਕਰਵਾ ਕੇ ਬੂੰਦ ਤੋਂ ਦਰਿਆ ਅਤੇ ਆਤਮ ਸਨਮਾਨ ਦੀ ਕੀਰਤੀ ਲਈ ਸਮਸ਼ੀਰ ਆਵਾਹਨ ਕਰਦੀ ਹੈ ।ਜ਼ਿੰਦਗੀ ਦੀ ਭੱਜ-ਦੌੜ ਦੇ ਸ਼ੋਰ ,ਬੰਬ ਧਮਾਕਿਆਂ ,ਹੰਕਾਰ, ਜਿੱਤਾਂ-ਹਾਰਾਂ ਤੇ ਰਿਸ਼ਤੇ ਨਾਤਿਆਂ ਦੇ ਦਿਖਾਵੇ ਦੇ ਸ਼ੋਰ ਤੋਂ ਪਾਰ ਅੰਤਰਝਾਤ ਲਈ ਮਨ ਦੇ ਸਰੋਵਰ ਵਿਚ ਉਤਰਨ ਦੇ ਭਾਵ ਜਗਾਉਂਦੀ ਹੈ।

ਸੋਚਾਂ ਤੇ ਜਜ਼ਬਿਆਂ ਤੇ ਪਹਿਰੇ ਦੀ ਥਾਂ ਅਹਿਸਾਸਾਂ ਦੇ ਸਤਿਕਾਰ ਦਾ ਸੰਗੀਤ ,ਕਾਇਨਾਤ ਦੀ ਸੁੰਦਰਤਾ ਅਤੇ ਪ੍ਰੇਮ ਦੀ ਤਾਜ਼ਗੀ ਦੀ ਤਰੰਗ ਛੇੜਦੀ ਹੈ। ਹਵਾ ਨੂੰ ਵਗਣ, ਬਿਰਖਾਂ ਨੂੰ ਝੂਮਣ, ਪੰਛੀਆਂ ਨੂੰ ਉੱਡਣ, ਰਾਤ ਨੂੰ ਗਾਉਣ, ਪਿਆਰ ਨੂੰ ਵਧਣ, ਕੁੜੀਆਂ ਨੂੰ ਪੜ੍ਹਨ ਤੇ ਮੰਜ਼ਿਲਾਂ ਸਰ ਕਰਨ ਲਈ ਆਜ਼ਾਦੀ ਦੀ ਅਲਖ ਜਗਾ ਕੇ, ਹਕੂਮਤ ਨੂੰ ਫਰਜ਼ਾਂ ਦਾ ਅਹਿਸਾਸ ਕਰਾਉਂਦੀ ਹੈ ।

ਉਹ ਮੁਹੱਬਤ ਦੇ ਸਨਮਾਨ ਤੇ ਉਥਾਨ ਲਈ ਗੁਰੂ ਨਾਨਕ ਸਾਹਿਬ ਅਤੇ ਗੌਤਮ ਬੁੱਧ ਦੇ ਰਾਹਾਂ ਨੂੰ ਸਿਜਦਾ ਕਰਦੀ ਹੈ। ਮੋਹ ਤੋਂ ਪਾਰ ਫ਼ਰਜ਼ਾਂ ਦੀ ਜ਼ਮੀਨ ਤੇ ਖੜ ਕੇ ਸੋਚਣ ਲਈ, ਗੀਤਾ ਦੇ ਪ੍ਰਵਚਨ ਨਾਲ ਇਕ ਸੁਰ ਹੁੰਦੀ ਹੈ। ਉਹ ਅਮਰੀਕਾ ਰਹਿੰਦੀ ਹੈ ਪਰ ਉਸਦਾ ਦਿਲ ਆਪਣੇ ਪਿੰਡ ਦੀ ਮਹਿਕਦੀ ਮਿੱਟੀ, ਹਰੇ ਭਰੇ ਖੇਤਾਂ ਦੀ ਰੋਣਕ , ਚਿੜੀਆਂ ਦੇ ਸੰਗੀਤ ਨੂੰ ਬਾਰ ਬਾਰ ਯਾਦ ਕਰਦਾ ਹੈ।

ਨੀਰ ਲਈ ਸਹੂਲਤਾਂ ਨਹੀਂ ਸੁਹਿਰਦਤਾ ਮਹੱਤਵਪੂਰਨ ਹੈ ਡਾਲਰ ਨਹੀਂ ਰਿਸ਼ਤੇ ਮਹੱਤਵਪੂਰਨ ਹਨ ।ਉਹ ਜ਼ਿੰਦਗੀ ਨੂੰ ਬੋਝ ਨਹੀਂ ਉਤਸਵ ਮਨਾਉਣ ਲਈ ਵਕਤ ਦੇ ਸਫ਼ੇ ਤੇ ਕਵਿਤਾ ਦੇ ਸੁਨਹਿਰੀ ਹਰਫ ਲਿਖਦੀ ਹੈ। ਮਾਨਵਤਾ ਅੰਦਰ ਪ੍ਰੀਤ ਲੌ ਜਗਾਉਣ ਦਾ ਖ਼ਾਬ ਦੇਖਦੀ ਹੈ ।ਅਨੰਤਤਾ ਅਤੇ ਇਨਸਾਨੀਅਤ ਨੂੰ ਪ੍ਰਣਾਮ ਕਰਦੀ ਹੈ। ਉਹ ਟਿਮਟਿਮਾਉਂਦੇ ਜੁਗਨੂੰਆਂ ਦੀ ਥਾਂ ਚਮਕਦੇ ਸੂਰਜ ਦੀ ਸਵੇਰ ਦੀ ਚਾਹਤ ਰੱਖਦੀ ਹੈ। ਪਿਆਰ ਉਸ ਲਈ ਸਮਰਪਨ ,ਪੂਰਨਤਾ, ਪਹੁ-ਫ਼ੁਟਾਲੇ ਦੀ ਲਾਲੀ, ਸੁਤੰਤਰ ਬੰਧਨ, ਵਗਦਾ ਦਰਿਆ ਅਤੇ ਗਗਨ ਦੀ ਵਿਸ਼ਾਲਤਾ ਹੈ ।ਉਸ ਦੀ ਕਵਿਤਾ ਵਿਚ ਮੈਂ ਨਹੀਂ ਦੂਜਿਆਂ ਦੇ ਲਿਖੇ ਸਾਧ ਅਤੇ ਪਿਆਰੇ ਸੰਵਾਦ ਦੀ ਖੂਬਸੂਰਤੀ ਹੈ।
ਮੈਂ ਬਾਤ ਪਾਵਾਂ
ਤੂੰ ਜੁਆਬ ਦੇ ।
ਸਿਲਸਿਲਾ ਚੱਲਦਾ ਰਹੇ
ਵਗਦੇ ਚਨਾਬ ਦੀ ਤਰ੍ਹਾਂ।
ਆਹ ਕਾਹਨੂੰ ਬਿਤਾਇਆ ਵਕਤ
ਇਸ ਨੂੰ ਜਿਉਂਦੇ ਹਾਂ ਖੁਸ਼ੀ ਦੀ ਤਰ੍ਹਾਂ।
ਮੈਂ ਉਡਾਂ ਤੂੰ ਮੇਰੇ ਖੰਭ ਹੋ ਜਾ
ਨਜ਼ਾਰਾ ਦੇਖਦੇ ਰਹੀਏ,
ਮਸਤ ਪੰਛੀ ਦੀ ਤਰ੍ਹਾਂ।

ਨੀਰ ਦੀ ਕਵਿਤਾ ਵਿੱਚ ਪੰਜਾਬੀ ਮਨ ਦੀ ਵਿਸ਼ਾਲਤਾ ਦੀ ਝਲਕ ਹੈ ।ਬਿੰਬ, ਪ੍ਰਤੀਕ ਤੇ ਅਲੰਕਾਰਾਂ ਦਾ ਮੇਲਾ ਹੈ। ਬ੍ਰਹਿਮੰਡ ਦੀ ਵਿਸ਼ਾਲਤਾ ਅਤੇ ਮਨੁੱਖੀ ਏਕਤਾ ਦੀ ਸੰਜ਼ੀਦਗੀ ਹੈ। ਉਸ ਲਈ ਜ਼ਿੰਦਗੀ ਸਾਜ ਅਤੇ ਪ੍ਰੇਮਗੀਤ ਹੈ। ਸੁਹਜ ਅਤੇ ਸੰਵੇਦਨਾ ਨਾਲ ਭਰੀ ਪਿਆਰੀ ਕਵਿਤਾਵਾਂ ‘ਅਨੰਦ ਮਹਾਂਉਤਸਵ’ ਮਾਨਵਤਾ ਲਈ ਪੁਕਾਰ ਅਤੇ ਕੁਦਰਤ ਦੀ ਆਰਤੀ ਉਤਾਰ ਰਹੀ ਹੈ। ਇਸ ਨੂੰ ਪਿਆਰ ਦੀ ਉਡੀਕ ਹੈ। ਲਿਖਦੇ ਅਪਣੇ ਦਿਲ ਦੀ ਬਾਤ ਕੋਈ
ਬੀਤ ਚੁੱਕੇ ਮੌਸਮ ਦੀ ਬਰਸਾਤ ਕੋਈ ।

ਡਾ.ਰਾਜਿੰਦਰ ਸਿੰਘ ਕੁਰਾਲੀ
7009356607

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleFrance end fairytale run of Morocco, reach final