(ਸਮਾਜ ਵੀਕਲੀ)- ਇੱਕ ਦਿਨ ਮੈਂ ਉਦਾਸ ਜਿਹੀ ਬੈਠੀ ਕੁਝ ਸੋਚ ਰਹੀ ਸੀ। ਵੈਸੇ ਵੀ ਖੁੱਲ੍ਹੀਆਂ ਅੱਖਾਂ ਨਾਲ ਸੋਚਦੇ ਸੋਚਦੇ ਇਨਸਾਨ ਜੋ ਕੁਝ ਦੇਖ ਰਿਹਾ ਹੁੰਦਾ ਹੈ ਤਾਂ ਉਹੀ ਕੁਝ ਆਪਣੀ ਜ਼ਿੰਦਗੀ ਦੀਆਂ ਬੀਤ ਚੁੱਕੀਆਂ ਘਟਨਾਵਾਂ ਨਾਲ ,ਸੋਚਾਂ ਦੀ ਲੜੀ ਇੱਕ ਤੋਂ ਬਾਅਦ ਇੱਕ ਜੋੜ ਕੇ ਇਸ ਤਰ੍ਹਾਂ ਸੋਚਦਾ ਹੈ ਕਿ ਉਹ ਕੁਝ ਸਮੇਂ ਲਈ ਉਸ ਜ਼ਮਾਨੇ ਵਿੱਚ ਪਹੁੰਚ ਕੇ ਉਸ ਨੂੰ ਫ਼ਿਰ ਤੋਂ ਜਿਊਣ ਲੱਗਦਾ ਹੈ। ਮੇਰੇ ਸਾਹਮਣਿਓਂ ਕਾਲਜ ਦੀਆਂ ਦੋ ਕੁੜੀਆਂ ਤੇਜ਼ ਤੇਜ਼ ਤੁਰਦੀਆਂ ਕਾਲਜ ਦੀਆਂ ਕੁਝ ਗੱਲਾਂ ਕਰਦੀਆਂ ਲੰਘੀਆਂ ਜਾ ਰਹੀਆਂ ਸਨ। ਉਹਨਾਂ ਦੀ ਗੱਲ ਤਾਂ ਮੈਨੂੰ ਕੁਝ ਸਮਝ ਨਾ ਆਈ ਪਰ ਉਹਨਾਂ ਦੇ ਦੋ-ਚਾਰ ਸ਼ਬਦ ਕੰਨੀਂ ਪੈਂਦੇ ਹੀ ਮੈਂ ਆਪਣੇ ਕਾਲਜ ਦੇ ਸਮੇਂ ਵਿੱਚ ਸੋਚਾਂ ਰਾਹੀਂ ਉਡਾਰੀਆਂ ਮਾਰਨ ਲੱਗੀ। ਵਰਤਮਾਨ ਦੁਨੀਆ ਤੋਂ ਬਹੁਤ ਦੂਰ ਨਿਕਲਕੇ ਮੈਂ ਬੈਠੀ ਬੈਠੀ ਆਪਣੇ ਕਾਲਜ ਪਹੁੰਚ ਗਈ।
ਮੈਂ ਤੇ ਮੇਰੀ ਭੈਣ ਕਾਲਜ ਵਿੱਚ ਇਕੱਠੀਆਂ ਹੀ ਪੜ੍ਹਦੀਆਂ ਸੀ। ਇੱਕੋ ਜਮਾਤ ਵਿੱਚ ਪੜ੍ਹਦੀਆਂ ਹੋਣ ਕਰਕੇ ਸਾਡੀਆਂ ਦੋ ਹੀ ਪੱਕੀਆਂ ਸਹੇਲੀਆਂ ਕੁਲਦੀਪ ਤੇ ਮਨਜੀਤ ਸਨ।ਬਹੁਤੇ ਸਹੇਲਪੁਣੇ ਵਿੱਚ ਪੈਣ ਦੀ ਘਰੋਂ ਵੀ ਪਹਿਲੇ ਦਿਨ ਤੋਂ ਹੀ ਇਜਾਜ਼ਤ ਨਹੀਂ ਸੀ। ਉਹ ਵੀ ਸਾਡੇ ਵਾਂਗ ਸਧਾਰਨ ਜਿਹੇ ਪਰਿਵਾਰਾਂ ਨਾਲ ਸੰਬੰਧ ਰੱਖਦੀਆਂ ਸਨ। ਸਾਡੇ ਸਾਰੇ ਵਿਸ਼ੇ ਸਾਂਝੇ ਹੋਣ ਕਰਕੇ ਸਾਡੇ ਸਾਰੇ ਲੈਕਚਰ ਵੀ ਇਕੱਠੇ ਲੱਗਦੇ। ਇਕੱਠੀਆਂ ਹੀ ਕੰਨਟੀਨ ਤੇ ਜਾਂਦੀਆਂ।ਆਪਸੀ ਸਹਿਮਤੀ ਨਾਲ ਸਮੋਸੇ ਜਾਂ ਚਾਟ ਖਾਂਦੀਆਂ ਤੇ ਪੈਸੇ ਵੀ ਆਪਣੇ ਆਪਣੇ ਦਿੰਦੀਆਂ।ਚਾਰ ਸਾਲ ਇਕੱਠੀਆਂ ਰਹੀਆਂ ਪਰ ਕਦੇ ਵੀ ਸਾਡੀ ਲੜਾਈ ਜਾਂ ਮਨ ਮੁਟਾਵ ਨਹੀਂ ਸੀ ਹੋਇਆ।
ਇੱਕ ਵਾਰੀ ਸਾਡੇ ਘਰੇ ਖੁਸ਼ੀ ਨਾਲ ਅਖੰਡ ਪਾਠ ਦਾ ਭੋਗ ਸੀ। ਘਰਦਿਆਂ ਦੀ ਇਜਾਜ਼ਤ ਨਾਲ ਅਸੀਂ ਉਹਨਾਂ ਨੂੰ ਵੀ ਪਾਠ ਤੇ ਬੁਲਾਇਆ। ਕੁਲਦੀਪ ਥੋੜ੍ਹੀ ਜਿਹੀ ਮੌਡਰਨ ਹੋਣ ਕਰਕੇ ਲੇਡੀ ਸਾਈਕਲ ਚਲਾਉਂਦੀ ਸੀ।ਉਹ ਦੋਵੇਂ ਜਾਣੀਆਂ ਇਕੱਠੀਆਂ ਹੀ ਭੋਗ ਤੇ ਆਈਆਂ।ਭੋਗ ਪੈਣ ਤੋਂ ਬਾਅਦ ਉਹ ਲੰਗਰ-ਪਾਣੀ ਛਕ ਕੇ ਚਲੀਆਂ ਗਈਆਂ। ਅਗਲੇ ਦਿਨ ਜਦ ਅਸੀਂ ਫਿਰ ਕਾਲਜ ਇਕੱਠੀਆਂ ਹੋਈਆਂ ਤਾਂ ਉਹਨਾਂ ਨੇ ਪਿਛਲੇ ਦਿਨ ਸਾਡੇ ਘਰ ਤੋਂ ਵਾਪਸ ਜਾਣ ਵਾਲੀ ਗਾਥਾ ਸੁਣਾਈ।
ਕੁਲਦੀਪ ਨੇ ਦੱਸਿਆ ਕਿ ਜਦੋਂ ਉਹ ਸਾਡੇ ਘਰ ਤੋਂ ਨਿਕਲ ਕੇ ਪੰਜ ਕੁ ਮਿੰਟ ਬਾਅਦ ਜਦ ਆਰਤੀ ਚੌਂਕ ਪਹੁੰਚੀਆਂ ਤਾਂ ਕੁਛ ਮੂਹਰੇ ਆ ਜਾਣ ਕਰਕੇ ਉਸ ਨੇ ਪੈਰ ਧਰਤੀ ਤੇ ਲਾ ਕੇ ਸਾਈਕਲ ਨੂੰ ਮਾੜ੍ਹਾ ਜਿਹਾ ਰੋਕਿਆ ਤੇ ਚਲਾ ਲਿਆ। ਉਹ ਗੱਲਾਂ ਕਰਦੀ ਹੱਸਦੀ ਹੋਈ ਆਪਣੀ ਹੀ ਧੁਨ ਵਿੱਚ ਸਾਈਕਲ ਚਲਾਉਂਦੀ ਗਈ।ਉਸ ਵੱਲ ਦੇਖ ਕੇ ਬਹੁਤੇ ਮੁੰਡੇ ਖੁੰਡੇ ਹੱਸਦੇ ਹੋਏ ਕੋਲੋਂ ਲੰਘ ਰਹੇ ਸਨ । ਓਹਨੂੰ ਲੱਗਿਆ ਕਿ ਸੋਹਣੀਆਂ ਕੁੜੀਆਂ ਵੱਲ ਤਾਂ ਮੁੰਡੇ ਦੇਖਦੇ ਹੀ ਹੁੰਦੇ ਨੇ। ਫਿਰ ਇਹ ਕਿਹੜਾ ਕੋਈ ਨਵੀਂ ਗੱਲ ਸੀ।
ਕੁਲਦੀਪ ਲੋਕਾਂ ਦੀ ਕੋਝੀ ਤੱਕਣੀ ਨੂੰ ਅਣਗੌਲਿਆਂ ਕਰਨ ਲਈ ਮਨਜੀਤ ਨਾਲ ਕੋਈ ਨਾ ਕੋਈ ਨਵੀਂ ਗੱਲ ਸ਼ੁਰੂ ਕਰ ਰਹੀ ਸੀ।ਉਹ ਗੱਲਾਂ ਦੀ ਲੜੀ ਟੁੱਟਣ ਨਹੀਂ ਦੇਣਾ ਚਾਹੁੰਦੀ ਸੀ। ਮਤਲਬ ਕਿ ਆਮ ਨਾਲੋਂ ਵੱਧ ਗੱਲਾਂ ਕਰਕੇ ਲੋਕਾਂ ਵੱਲੋਂ ਆਪਣਾ ਧਿਆਨ ਹਟਾ ਰਹੀ ਸੀ। ਉਸ ਵੱਲ ਦੇਖਕੇ ਫਿਰ ਕੁਝ ਲੋਕ ਹੱਸਦੇ ਹੋਏ ਲੰਘ ਰਹੇ ਸਨ ਤਾਂ ਉਸ ਨੂੰ ਖਿਝ ਜਿਹੀ ਆਈ। ਉਸ ਨੇ ਫਿਰ ਮਨਜੀਤ ਨੂੰ ਆਖਿਆ, “ਦੇਖੀਂ, ਕਿਵੇਂ ਅੱਖਾਂ ਫਾੜ ਫਾੜ ਕੇ ਆਪਣੇ ਵੱਲ ਦੇਖਦੇ ਆ ,ਜਿਵੇਂ ਕਿਤੇ ਇਹਨਾਂ ਨੇ ਕੋਈ ਕੁੜੀ ਨੀ ਦੇਖੀ ਹੁੰਦੀਹੂ.।”ਅੱਗੇ ਭਾਈ ਬਾਲਾ ਚੌਂਕ ਪਹੁੰਚ ਕੇ ਬਹੁਤ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਮਨਜੀਤ ਨੂੰ ਕਹਿੰਦੀ,” ਮਨਜੀਤ ,ਤੂੰ ਜਵਾਬ ਨੀ ਦਿੰਦੀ ਮੇਰਾ ?ਕਿਤੇ ਸੌਂ ਤਾਂ ਨੀ ਗਈ.?”, ਕਹਿਕੇ ਉੱਚੀ ਦੇਣੇ ਠਹਾਕਾ ਮਾਰਿਆ। ਜਿਵੇਂ ਹੀ ਉਸ ਨੇ ਠਹਾਕਾ ਮਾਰਿਆ ਤਾਂ ਉਸ ਨੇ ਦੇਖਿਆ ਕਿ ਉਸ ਦੇ ਆਲ਼ੇ ਦੁਆਲ਼ੇ ਵਾਲੇ ਕਈ ਲੋਕ ਉਸ ਵੱਲ ਅਜੀਬ ਤਰ੍ਹਾਂ ਨਾਲ ਦੇਖ ਕੇ ਹੱਸ ਰਹੇ ਸਨ। ਪਿੱਛੇ ਦੇਖਿਆ ਤਾਂ ਮਨਜੀਤ ਹੈ ਹੀ ਨਹੀਂ ਸੀ। ਦੂਰ ਝਾਤੀ ਮਾਰ ਕੇ ਦੇਖਿਆ ਤਾਂ ਉਹ ਪਿਛਲੇ ਚੌਂਕ ਤੋਂ ਥੋੜ੍ਹਾ ਅੱਗੇ ਵੱਲ ਨੂੰ ਵਧਦੀ ਹੋਈ ਸਾਹੋ ਸਾਹ ਹੋਈ ਤੁਰੀ ਆ ਰਹੀ ਸੀ। ਕੁਲਦੀਪ ਸ਼ਰਮ ਨਾਲ ਪਾਣੀ ਪਾਣੀ ਹੋਈ ਜਾਂਦੀ ਸੀ ਕਿਉਂਕਿ ਸਾਰੇ ਲੋਕ ਉਸ ਨੂੰ ਇਕੱਲੀ ਨੂੰ ਗੱਲਾਂ ਕਰ ਕਰ ਕੇ ਹੱਸਦੀ ਨੂੰ ਵੇਖ ਕੇ ਮਜ਼ਾਕ ਉਡਾਉਂਦੇ ਹੋਏ ਕੋਲ਼ ਦੀ ਹੱਸਦੇ ਹੋਏ ਲੰਘ ਰਹੇ ਸਨ ਤੇ ਮਨਜੀਤ ਗੁੱਸੇ ਨਾਲ ਲਾਲ ਹੋਈ ਜਾਂਦੀ ਸੀ।
ਮੈਂ ਬੈਠੀ ਬੈਠੀ ਇੱਕੋ ਦਮ ਹੱਸਣ ਲੱਗੀ। ਮੈਂ ਦੋ ਪਲ ਦੀ ਯਾਦ ਵਿੱਚ ਆਪਣਾ ਕਿੰਨਾ ਸੋਹਣਾ ਜੀਵਨ ਜਿਊ ਕੇ ਆਈ ਸੀ ਮੈਨੂੰ ਯਾਦ ਹੀ ਨਾ ਰਿਹਾ ਮੈਂ ਕਿਸ ਗੱਲੋਂ ਉਦਾਸ ਸੀ। ਮੇਰੀ ਚਿਹਰੇ ਦੀ ਮੁਸਕੁਰਾਹਟ ਦੇ ਨਾਲ ਨਾਲ ਮੇਰਾ ਦਿਲ ਵੀ ਡਾਹਢਾ ਆਨੰਦ ਮਹਿਸੂਸ ਕਰ ਰਿਹਾ ਸੀ।
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly