ਹਰੇਕ ਨਵੇਂ ਸਾਲ ਮੌਕੇ ਦੂਰਦਰਸ਼ਨ ਕੇਂਦਰ ਜਲੰਧਰ ਦਾ ਪ੍ਰੋਗਰਾਮ ਉਨ੍ਹਾਂ ਦੇ ਗੀਤ ਤੋਂ ਬਿਨਾਂ ਅਧੂਰਾ ਮੰਨਿਆ ਜਾਂਦਾ ਸੀ।

(ਸਮਾਜ ਵੀਕਲੀ) ਸੱਭਿਆਚਾਰ ਤੇ ਸੰਗੀਤ ਲਈ ਪੰਜਾਬ ਦੀ ਧਰਤੀ ਹਮੇਸ਼ਾ ਹੀ ਭਰਪੂਰ ਰਹੀ ਹੈ। ਜਿੱਥੇ ਇੱਕ ਪਾਸੇ ਲੋਕਾਂ ਨੇ ਰੀਤ-ਰਿਵਾਜਾਂ ਤੇ ਪਰੰਪਰਾਵਾਂ ਨੂੰ ਆਪਣੀ ਰੂਹ ਵਿੱਚ ਵਸਾਇਆ, ਉੱਥੇ ਹੀ ਦੂਜੇ ਪਾਸੇ ਕਲਾਕਾਰਾਂ ਨੇ ਆਪਣੇ ਹੌਸਲੇ, ਜਜ਼ਬੇ ਅਤੇ ਸੁਰਾਂ ਰਾਹੀਂ ਇਸ ਮਿੱਟੀ ਦੀ ਮਹਿਕ ਨੂੰ ਵਿਸ਼ਵ ਪੱਧਰ ਤੱਕ ਪਹੁੰਚਾਇਆ ਹੈ। ਰੇਡੀਓ ਸਟੇਸ਼ਨ ਅਤੇ ਦੂਰਦਰਸ਼ਨ ਵਰਗੇ ਮਾਧਿਅਮਾਂ ਨੇ ਆਪਣੇ ਸੁਨਿਹਰੀ ਯੁੱਗ ‘ਚ ਅਨੇਕਾਂ ਹੀ ਅਜਿਹੇ ਕਵੀਆਂ ਅਤੇ ਗਾਇਕਾਂ ਨੂੰ ਲੋਕਾਂ ਤੱਕ ਪਹੁੰਚਾਇਆ ਜੋ ਕਦੇ ਕਿਸੇ ਗੁੰਮਨਾਮੀ ਦੇ ਕੋਨੇ ਵਿਚ ਸੀ। ਇਨ੍ਹਾਂ ਕਲਾਕਾਰਾਂ ਵਿਚੋਂ ਇੱਕ ਨਾਂ ਹੈ, ਰੰਜਨਾ ਭੱਟੀ।
ਰੰਜਨਾ ਭੱਟੀ ਉਹ ਸੁਰੀਲੀ ਅਵਾਜ਼ ਹੈ, ਜਿਸ ਨੇ ਨਾ ਸਿਰਫ਼ ਪੰਜਾਬੀ ਸੰਗੀਤ ਨੂੰ ਨਵੇਂ ਆਸਮਾਨ ਦਿੱਤੇ, ਸਗੋਂ ਸੱਭਿਆਚਾਰਕ ਏਕਤਾ ਦਾ ਇਕ ਉੱਤਮ ਨਮੂਨਾ ਵੀ ਕਾਇਮ ਕੀਤਾ। ਉਹ ਕੇਰਲ ਸੂਬੇ ਦੀ ਹੋਣ ਦੇ ਬਾਵਜੂਦ ਵੀ ਪੰਜਾਬੀ ਗੀਤਕਲਾ ਵਿੱਚ ਆਪਣੀ ਵਖਰੀ ਪਛਾਣ ਬਣਾਉਣ ਵਿੱਚ ਕਾਮਯਾਬ ਰਹੀ। ਮਲਿਆਲਮ ਮਾਂ ਬੋਲੀ ਹੋਣ ਦੇ ਬਾਵਜੂਦ, ਉਨ੍ਹਾਂ ਦਾ ਪੰਜਾਬੀ ਉਚਾਰਣ, ਲਹਿਜ਼ਾ ਅਤੇ ਜਜ਼ਬਾਤ ਐਵੇਂ ਪ੍ਰਕਟ ਹੁੰਦੇ ਸਨ ਜਿਵੇਂ ਉਹ ਪੰਜਾਬ ਦੀਆਂ ਗਲੀਆਂ ਵਿੱਚ ਹੀ ਖੇਡਦੀ ਰਹੀ ਹੋਵੇ।
ਰੰਜਨਾ ਭੱਟੀ ਜਿੰਨ੍ਹਾ ਦਾ ਜਨਮ ਇਕ ਫ਼ੌਜੀ ਪ੍ਰੀਵਾਰ ‘ਚ ਪਿਤਾ ਜਗਨ ਨਾਥ ਅਤੇ ਮਾਤਾ ਚਿੰਨਮਾ ਦੇ ਘਰ 13 ਮਈ 1951 ਨੂੰ ਹੋਇਆ। ਲਤਾ ਮੰਗੇਸ਼ਕਰ ਤੇ ਸੁਰਿੰਦਰ ਕੌਰ ਦੀ ਪ੍ਰੇਰਣਾ ਸਦਕਾ ਅਤੇ ਚਰਨ ਦਾਸ ਸਫ਼ਰੀ ਤੋਂ ਸੰਗੀਤ ਦੀ ਸਿੱਖਿਆ ਹਾਸਲ ਕਰ ਇਨ੍ਹਾਂ ਨੇ ਆਪਣੇ ਸੰਗੀਤਕ ਯਾਤਰਾ ਦੀ ਸ਼ੁਰੂਆਤ ਆਲ ਇੰਡੀਆ ਰੇਡੀਓ ਤੋਂ ਕੀਤੀ, ਜਿੱਥੇ ਉਨ੍ਹਾਂ ਨੇ ਪਹਿਲੀ ਵਾਰੀ “ਮਾਇਆ” ਗੀਤ ਰਾਹੀਂ ਆਪਣੇ ਸੁਰੀਲੇ ਸਫ਼ਰ ਦੀ ਬੁਨਿਆਦ ਰੱਖੀ। ਪਰ ਅਸਲ ਪਛਾਣ ਉਨ੍ਹਾਂ ਨੂੰ 1975 ਵਿੱਚ ਉਦੋਂ ਮਿਲੀ, ਜਦੋਂ ਦੂਰਦਰਸ਼ਨ ਕੇਂਦਰ ਅੰਮ੍ਰਿਤਸਰ ਤੋਂ “ਵਗਦੀ ਸੀ ਰਾਵੀ, ਵਿਚ ਸੁਰਮਾ ਕੀਹਨੇ ਡੋਲਿਆ” ਵਰਗੇ ਲੋਕ ਪਸੰਦ ਗੀਤ ਰਾਹੀਂ ਦਰਸ਼ਕਾਂ ਦੇ ਦਿਲਾਂ ਵਿੱਚ ਥਾਂ ਬਣਾਈ।
ਇਸ ਤੋਂ ਬਾਅਦ ਰੰਜਨਾ ਨੇ ਕਦੇ ਪਿੱਛੇ ਮੁੜਕੇ ਨਹੀਂ ਦੇਖਿਆ। ਹਰੇਕ ਨਵੇਂ ਸਾਲ ਮੌਕੇ ਦੂਰਦਰਸ਼ਨ ਕੇਂਦਰ ਜਲੰਧਰ ਦਾ ਪ੍ਰੋਗਰਾਮ ਉਨ੍ਹਾਂ ਦੇ ਗੀਤ ਤੋਂ ਬਿਨਾਂ ਅਧੂਰਾ ਮੰਨਿਆ ਜਾਂਦਾ ਸੀ। ਦੂਰਦਰਸ਼ਨ ਦੇ ਸੁਨਹਿਰੀ ਦਿਨਾਂ ‘ਚ ਗਾਇਕਾ ਰੰਜਨਾ ਭੱਟੀ ਵਲੋਂ ਗਾਏ ਗੀਤ ਜਿਵੇਂ,”ਦਿਲ ਲੈ ਗਿਆ ਨੀ ਕੋਈ ਦਿਲ ਲੈ ਗਿਆ”, “ਰਾਂਝਾ ਜੋਗੀ ਹੋਇਆ”, “ਮੈਨੂੰ ਸੁਰਮੇ ਦੀ ਡੱਬੀ ਵਿਚ ਰੱਖ ਮੁੰਡਿਆ”, ਉਡੂ ਉਡੂ ਕਰੇ ਮੇਰਾ ਜੀਅ ਨੀਂ ਸਹੇਲੀਓ” ਵਰਗੇ ਗੀਤ ਸੁਣਨ ਵਾਲਿਆਂ ਦੇ ਦਿਲਾਂ ‘ਚ ਵੱਖਰਾ ਹੀ ਪਿਆਰ ਜਗਾਉਂਦੇ ਸਨ। ਪਰਦੇ ਦੇ ਪਿੱਛੇ ਰਹਿ ਕੇ ਗਾਉਣ ਵਾਲੀ ਇਸ ਗਾਇਕਾ ਦੀ ਆਵਾਜ਼ ਨੇ ਇੰਨਾ ਜਾਦੂ ਕੀਤਾ ਕਿ ਪੰਜਾਬੀ ਫ਼ਿਲਮਾਂ ਦੀਆਂ ਚਰਚਿਤ ਅਦਾਕਾਰਾਵਾਂ ਉਸ ਦੇ ਗੀਤਾਂ ‘ਤੇ ਅਪਣੀ ਅਦਾ ਨਿਖਾਰਨ ਨੂੰ ਇੱਜ਼ਤ ਸਮਝਦੀਆਂ ਸਨ। ਕਾਲਜਾਂ ਵਿਚ ਵਿਦਿਆਰਥਣਾਂ ਵੱਲੋਂ ਉਨ੍ਹਾਂ ਦੇ ਗੀਤਾਂ ‘ਤੇ ਆਧਾਰਤ ਥੀਮ ਆਈਟਮ ਪੇਸ਼ ਕਰਨਾ ਇੱਕ ਪ੍ਰਚਲਿਤ ਰਿਵਾਜ ਹੀ ਬਣ ਗਿਆ ਸੀ।
ਉਨ੍ਹਾਂ ਦੀ ਗਾਇਕੀ ਸਿਰਫ਼ ਮਨੋਰੰਜਨ ਤੱਕ ਸੀਮਤ ਨਹੀਂ ਸੀ, ਸਗੋਂ ਉਸ ਵਿਚ ਪੰਜਾਬੀ ਸੱਭਿਆਚਾਰ, ਰਿਸ਼ਤੇ, ਭਾਵਨਾਵਾਂ ਅਤੇ ਸਮਾਜਿਕ ਸੰਦੇਸ਼ ਵੀ ਝਲਕਦੇ ਸਨ। ਨੰਦ ਲਾਲ ਨੂਰਪੁਰੀ, ਸ਼ਿਵ ਕੁਮਾਰ ਬਟਾਲਵੀ, ਸੁਰਜੀਤ ਪਾਤਰ, ਸ਼ਮਸ਼ੇਰ ਸੰਧੂ, ਬਾਬੂ ਸਿੰਘ ਮਾਨ,ਅਮਰੀਕ ਤਲਵੰਡੀ ਆਦਿ ਵਰਗੇ ਮਹਾਨ ਗੀਤਕਾਰਾਂ ਦੀਆਂ ਰਚਨਾਵਾਂ ਨੂੰ ਉਨ੍ਹਾਂ ਨੇ ਆਪਣੇ ਸੁਰਾਂ ਰਾਹੀਂ ਅਮਰ ਕਰ ਦਿੱਤਾ।
ਸਕੂਲੀ ਪੜ੍ਹਾਈ ਨਾ ਦੇ ਬਰਾਬਰ ਹੋਣ ਦੇ ਬਾਵਜੂਦ ਵੀ ਰੰਜਨਾ ਨੇ ਕੇਵਲ ਪੰਜਾਬੀ ਹੀ ਨਹੀਂ, ਸਗੋਂ ਹਿੰਦੀ, ਡੋਗਰੀ, ਮਲਿਆਲਮ ਅਤੇ ਬੰਗਾਲੀ ਭਾਸ਼ਾਵਾਂ ਵਿੱਚ ਵੀ ਗੀਤ, ਗ਼ਜ਼ਲਾਂ, ਭਜਨ ਆਦਿ ਦਾ ਗਾਇਨ ਕਰ ਭਾਸ਼ਾਈ ਏਕਤਾ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਕੇਂਦਰ ਸਰਕਾਰ ਵਲੋਂ ਰਜਿਸਟਰਡ ਗਰੁੱਪ ਰਾਹੀਂ ਆਪਣੇ ਫੌਜੀ ਭਰਾਵਾਂ ਲਈ ਭਾਵਨਾਤਮਕ ਗੀਤ ਗਾ ਕੇ ਰਾਸ਼ਟਰ ਸੇਵਾ ਨੂੰ ਸਨਮਾਨ ਵੀ ਦਿੱਤਾ।
ਉਨ੍ਹਾਂ ਦੀ ਸਫਲਤਾ ਦੇ ਪਿੱਛੇ ਪਰਿਵਾਰਕ ਸਹਿਯੋਗ ਦੀ ਇੱਕ ਵੱਡੀ ਤਾਕਤ ਸੀ। ਉਨ੍ਹਾਂ ਦੇ ਪਤੀ ਸਵ: ਮੇਵੀ ਭੱਟੀ ਨੇ ਹਮੇਸ਼ਾ ਹੀ ਉਨ੍ਹਾਂ ਦੇ ਸੰਗੀਤਕ ਯਤਨਾਂ ਵਿਚ ਸਾਥ ਦਿੱਤਾ ਅਤੇ ਅੱਗੇ ਵਧਣ ਦਾ ਹੌਸਲਾ ਦਿੱਤਾ।
ਅੱਜ 75 ਸਾਲ ਦੀ ਉਮਰ ਵਿੱਚ ਰੰਜਨਾ ਭੱਟੀ ਜਲੰਧਰ ਵਿਖੇ ਆਪਣੀ ਧੀ-ਜ਼ਵਾਈ ਨਾਲ ਰਹਿ ਰਹੇ ਹਨ । ਉਨ੍ਹਾਂ ਦਾ ਘਰ ਇਨਾਮਾਂ, ਸਨਮਾਨਾਂ, ਯਾਦਗਾਰ ਤਸਵੀਰਾਂ ਅਤੇ ਪੁਰਾਣੀਆਂ ਐਚ.ਐਮ.ਵੀ. ਰਿਕਾਰਡਿੰਗ ਕੈਸਟਾ ਨਾਲ ਸਜਿਆ ਹੋਇਆ ਹੈ। ਲੱਗਭਗ ਤੀਹ ਫ਼ਿਲਮਾਂ ਦੀ ਗਾਇਕਾ ਹੋਣ ਦੇ ਨਾਲ-ਨਾਲ ਰੰਜਨਾ ਭੱਟੀ ਦੀ ਸੁਰੀਲੀ ਆਵਾਜ਼ ਅੱਜ ਵੀ ਰੇਡੀਓ, ਦੂਰਦਰਸ਼ਨ ਅਤੇ ਸੱਭਿਆਚਾਰਕ ਪ੍ਰੋਗਰਾਮਾਂ ‘ਚ ਗੂੰਜਦੀ ਹੈ। ਉਹ ਅਜੇ ਵੀ ਕਈ ਨਵੇਂ ਗਾਇਕਾਂ ਲਈ ਰੋਸ਼ਨੀ ਦੀ ਕਿਰਨ ਹਨ। ਉਨ੍ਹਾਂ ਦੀ ਜ਼ਿੰਦਗੀ ਇਹ ਸਾਬਤ ਕਰਦੀ ਹੈ ਕਿ ਲਗਨ ਨਾਲ ਭਰਿਆ ਮਨ ਕਿਸੇ ਵੀ ਰੁਕਾਵਟ, ਇੱਥੋਂ ਤੱਕ ਕਿ ਭਾਸ਼ਾ ਨੂੰ ਵੀ ਪਾਰ ਕਰ ਸਕਦਾ ਹੈ। ਉਹ ਸਿਰਫ਼ ਗਾਇਕਾ ਨਹੀਂ,ਉਹ ਇੱਕ ਸੱਭਿਆਚਾਰਕ ਰੂਪ ਰਾਹੀਂ ਕੇਰਲ ਤੋਂ ਪੰਜਾਬ ਅਤੇ ਉਥੋਂ ਆਸਟ੍ਰੇਲੀਆ, ਅਮਰੀਕਾ, ਕਨੈਡਾ ਤੱਕ ਸੰਗੀਤ ਦੀ ਮਹਿਕ ਫੈਲਾਉਣ ਵਾਲੀ ਰੂਹ ਹੈ।
ਬਲਦੇਵ ਸਿੰਘ ਬੇਦੀ ਜਲੰਧਰ 9041925181
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



