HOME ਪਾਣੀ: ਜ਼ਿੰਦਗੀ ਜਾਂ ਮੁਨਾਫ਼ੇ ਦਾ ਕਾਰੋਬਾਰ?

ਪਾਣੀ: ਜ਼ਿੰਦਗੀ ਜਾਂ ਮੁਨਾਫ਼ੇ ਦਾ ਕਾਰੋਬਾਰ?

3

ਵਕ਼ਤ ਦੇ ਸਰੋਕਾਰ – 1

 (ਸਮਾਜ ਵੀਕਲੀ)   ਪਾਣੀ – ਜਿਹਦੇ ਬਿਨਾ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ.. ਪਰ ਹੁਣ ਇਹ ਜ਼ਿੰਦਗੀ ਦਾ ਹੱਕ ਨਹੀਂ, ਇੱਕ ਵਿਕਰੀਯੋਗ ਸਾਮਾਨ ਬਣ ਗਿਆ ਹੈ। ਪਿਛਲੇ ਵਕ਼ਤਾਂ ‘ਚ ਜਹਾਜ਼ਾਂ, ਤਲਵਾਰਾਂ ਅਤੇ ਬੰਦੂਕਾਂ ਨਾਲ ਲੁੱਟਿਆ ਗਿਆ – ਉਹ ਅੱਜ ਪਲਾਸਟਿਕ ਦੀ ਬੋਤਲ, ਵੋਟਰ ਪਲਾਂਟ ਤੇ ਕੰਪਨੀਆਂ ਰਾਹੀਂ ਕੱਢਿਆ ਜਾ ਰਿਹਾ ਏ।

ਗਲ ਕਰੀਏ ਪੰਜਾਬ ਦੀ –
ਕਦੇ ਚਨਾਬ, ਰਾਵੀ, ਬਿਆਸ, ਸਤਲੁਜ ਵਾਲਾ ਪੰਜਾਬ – ਜਿਸਨੂੰ ‘ਪੰਜ ਦਰਿਆਵਾਂ ਦੀ ਧਰਤੀ’ ਆਖਿਆ ਜਾਂਦਾ ਸੀ – ਅੱਜ ਟਿਊਬਵੈੱਲਾਂ ਦੇ ਥੱਕੇ ਹੋਏ ਪਾਣੀ ‘ਤੇ ਜਿਊਂਦਾ ਹੈ। ਗਰਮੀਆਂ ਆਉਂਦੇ ਸਾਰ ਲਈ, ਪੀਣ ਵਾਲੇ ਪਾਣੀ ਦੀ ਹਾਹਾਕਾਰ ਹੁੰਦੀ ਹੈ। ਕਈ ਪਿੰਡ ਅਜੇ ਵੀ ਪਾਣੀ ਦੀ ਟੈਂਕੀ ਦੀ ਰਾਹ ਵੇਖਦੇ ਨੇ – ਜਿਵੇਂ ਮਾਵਾਂ ਆਪਣੇ ਪੁੱਤਰਾਂ ਦੀ ਰਾਹ ਵੇਖਦੀਆਂ ਹੋਣ।

ਪਰ ਕਿਸੇ ਨੇ ਇਹ ਨਹੀਂ ਪੁੱਛਿਆ ਕਿ – ਪਾਣੀ ਕੁਦਰਤਨ ਮੁਫ਼ਤ ਸੀ… ਫਿਰ ਇਸ ਦੀ ਕੀਮਤ ਕਦੋਂ ਲੱਗ ਗਈ?
ਇਸ ਦਾ ਜਵਾਬ ਉਹ ਬੋਤਲ ਦਿੰਦੀ ਹੈ – ਜਿਸ ’ਚ ਪਾਣੀ ਤੋਂ ਜ਼ਿਆਦਾ ਕੀਮਤ ਢੱਕਣ ਦੀ ਹੁੰਦੀ ਹੈ। ਪਾਣੀ ਇਕ ਜ਼ਿੰਮੇਵਾਰੀ ਸੀ – ਤੇ ਸਾਨੂੰ ਇਹ ਸਿੱਖਾਇਆ ਗਿਆ ਕਿ “ਜਿਥੇ ਪਾਣੀ ਰੁਕ ਜਾਏ, ਉਥੇ ਜ਼ਿੰਦਗੀ ਵੀ ਰੁਕ ਜਾਂਦੀ ਹੈ”.. ਪਰ ਹੁਣ ਪਾਣੀ ਰੁਕ ਰਿਹਾ ਨਹੀਂ – ਪਰ ਵੇਚਿਆ ਜਾ ਰਿਹਾ ਹੈ।

 ਕੰਪਨੀਆਂ ਅੱਜ ਪਾਣੀ ਲੈ ਕੇ ਅਰਬਾਂ ਰੁਪਏ ਦਾ ਵਪਾਰ ਕਰ ਰਹੀਆਂ ਨੇ
ਪੰਜਾਬ ਦੇ ਹਰੇ-ਭਰੇ ਖੇਤ ਹੁਣ ਖੂਹਾਂ, ਚਸ਼ਮੇ ਜਾਂ ਬਰਸਾਤ ’ਤੇ ਨਹੀਂ – ਸਬਮਰਸਬਲ ਮੋਟਰਾਂ ’ਤੇ ਨਿਰਭਰ ਹਨ। ਨਦੀ ਪੱਕੀਆਂ ਸੁੱਕ ਰਹੀਆਂ ਹਨ, ਜ਼ਮੀਨ ਦੀ ਛਾਤੀ ਨੂੰ ਰੋਜ਼ਾਨਾ 5-6 ਫੁੱਟ ਚੀਰੀ ਜਾਂਦੀ ਏ।

ਅਸੀਂ ਕਹਿੰਦੇ ਹਾਂ – ਪਾਣੀ ਦੇ ਹੱਕ ਲਈ ਜਾਗਰੂਕਤਾ ਚਾਹੀਦੀ ਏ
ਜਾਗਰੂਕਤਾ ਤਾਂ ਬਹੁਤ ਹੋ ਚੁੱਕੀ – ਹੁਣ ਲੋੜ ਹੈ ਹੱਕ ਦੀ ਅਵਾਜ਼ ਦੀ। ਜਿਵੇਂ ਪਾਣੀ ਦਾ ਰੰਗ ਨਹੀਂ ਹੁੰਦਾ, ਉਵੇਂ ਹੀ ਪਾਣੀ ਦੀ ਲੜਾਈ ਵੀ ਕਿਸੇ ਧਰਮ ਜਾਂ ਜਾਤ ਦੀ ਨਹੀਂ – ਸਿਰਫ਼ ਜੀਵਨ ਦੀ ਜੱਦੋਜਹਿਦ ਹੈ।

ਕਹਾਣੀ ਸਿਰਫ਼ ਪੰਜਾਬ ਦੀ ਨਹੀਂ – ਪੂਰੇ ਭਾਰਤ ਦੀ ਏ
ਖ਼ੂਹ, ਤਲਾਅ, ਝੀਲਾਂ – ਜਿਨ੍ਹਾਂ ਨੂੰ ਸਾਡੀ ਸੱਭਿਆਚਾਰਕ ਵਿਰਾਸਤ ਮੰਨਿਆ ਜਾਂਦਾ ਸੀ – ਉਹ ਹੁਣ “ਕੰਸਟਰਕਸ਼ਨ ਸਾਈਟ” ਬਣ ਰਹੇ ਹਨ। ਕਾਲੋਨੀਆਂ ਵਿਚ ਪਾਣੀ ਦੀ ਮੋਟਰ ਘੁੰਮਦੀ ਤਾਂ ਹੈ, ਪਰ ਜਮੀਰ ਦੀ ਆਵਾਜ਼ ਨਹੀਂ ਆਉਂਦੀ।

ਸਵਾਲ ਇਹ ਨਹੀਂ ਕਿ ਪਾਣੀ ਕਿਵੇਂ ਮਿਲੇਗਾ – ਸਵਾਲ ਇਹ ਹੈ ਕਿ ਅਸੀਂ ਇਸ ਨੂੰ ਸੰਭਾਲਣ ਲਈ ਤਿਆਰ ਹਾਂ ਜਾਂ ਨਹੀਂ
ਕਦੇ ਪਾਣੀ ਦੀ ਬੂੰਦ ਬੂੰਦ ਬਚਾਈ ਜਾਂਦੀ ਸੀ – ਅੱਜ ਪਾਣੀ ਬਚਾਉਣ ਵਾਲੇ ਹੀ ਰਾਸ਼ਨ ’ਚ ਲੱਗੇ ਹੋਏ ਨੇ। ਪਾਣੀ ਵੀ ਸਾਡੀ ਵਾਂਗ ਚੁੱਪ ਹੈ – ਪਰ ਜਦ ਤੱਕ ਬੋਲ ਪਵੇ, ਦੇਰ ਹੋ ਚੁੱਕੀ ਹੋਵੇਗੀ।

– ਯਾਦਵਿੰਦਰ ਵਾਹਦ  ਰਾਓਵਾਲੀ
(+91 6284336773 / +91 9465329617)

ਸੰਪਰਕ: ਸੈਕਟਰ-29, ਚੰਡੀਗੜ੍ਹ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਡਵਿੰਡੀ ਵਿੱਚ ਪੋਸ਼ਣ ਪਖਵਾੜਾ ਅਤੇ ਪੋਸ਼ਣ ਮਾਹ ਮਨਾਇਆ ਗਿਆ
Next articleਪੰਜਾਬ ਵਿੱਚ ਅੱਤਵਾਦੀ ਸਾਜ਼ਿਸ਼ ਨਾਕਾਮ, ਜੰਗਲਾਂ ਤੋਂ RPG-IED ਅਤੇ ਗ੍ਰਨੇਡ ਬਰਾਮਦ; ਸਲੀਪਰ ਸੈੱਲਾਂ ਨੂੰ ਸਰਗਰਮ ਕਰਨ ਦੀ ਆਈਐਸਆਈ ਦੀ ਸਾਜ਼ਿਸ਼