(ਸਮਾਜ ਵੀਕਲੀ)
ਬਹੁਤ ਦਿਨਾਂ ਤੋਂ ਦੁਨੀਆਂ ਵਿਚ ਅਸ਼ਾਂਤੀ ਦਾ ਕਾਰਨ ਬਣੇ ਧਰਮਾਂ ਬਾਰੇ ਫਿਰ ਤੋਂ ਪੜ੍ਹਨ ਦੀ ਜਗਿਆਸਾ ਹੋਈ।
ਮੈਨੂੰ ਅੱਜ ਪਤਾ ਨਹੀਂ ਕਿਉਂ ਧਰਮ ਨਾਮ ਤੋਂ ਕੁਝ ਯਾਦ ਆਇਆ। ਇੱਕ ਵਾਰ ਤਾਂ ਸੋਚਿਆ ਇਹ ਧਰਮ ਸ਼ਾਇਦ ਮਨ ਦੀ ਸ਼ਾਂਤੀ ਲਈ ਹੁੰਦੇ ਨੇ। ਕਿਸੇ ਜ਼ਮਾਨੇ ਵਿਚ ਸ਼ਾਇਦ ਹੁੰਦੇ ਹੋਣਗੇ। ਫੇਰ ਇੱਕ ਦਮ ਆਪਣੀ ਕਲਾਸ ਵਿਚ ਪੜ੍ਹਦੇ ਧਰਮਾਂ ਦਾ ਪਾਠਕ੍ਰਮ ਜਦੋਂ ਯਾਦ ਆਇਆ ਜਦੋਂ ਮੈਂ ਦਸਵੀਂ ਜਮਾਤ ਵਿਚ ਪੜ੍ਹਦਾ ਸਾਂ। ਮੈਂ ਹੈਰਾਨ ਸਾਂ ਖ਼ਾਸ ਕਰ ਕੇ ਹਿੰਦੋਸਤਾਨ ਵਿਚ ਪੈਦਾ ਹੋਏ ਮੂਲ ਧਰਮਾਂ ਬਾਰੇ।
ਉੱਥੇ ਧਰਮਾਂ ਬਾਰੇ ਇੱਕ ਵੀ ਲਾਈਨ ਨਹੀਂ ਸੀ। ਧਰਮਾਂ ਦੀ ਥਾਂ ਉੱਥੇ ਜੋ ਪੜ੍ਹਾਇਆ ਜਾਂਦਾ ਸੀ ਉਸ ਸੀ;-
ਹਿੰਦੂ ਮੱਤ, ਜੈਨ ਮੱਤ,ਬੁੱਧ ਮੱਤ ਤੇ ਸਿੱਖ ਮੱਤ।
ਹੁਣ ਮੈਂ ਭੰਬਲਭੂਸੇ ਵਿਚ ਪੈ ਗਿਆ ਕਿ ਸਨਾਤਮ ਧਰਮ ਚੋਂ ਨਿਕਲੇ ਮੱਤ ਇਹ ਧਰਮ ਕਦੋਂ ਬਣ ਗਏ ! ਅਸਲ ਵਿਚ ਮਤ ਇੱਕ ਵਿਚਾਰਧਾਰਾ ਹੈ ਜੋ ਵੱਖ ਵੱਖ ਤਰ੍ਹਾਂ ਦੀ ਪੂਜਾ ਪੱਦਤੀ ਦਾ ਵਿਖਿਆਨ ਕਰਦੀ ਹੈ।
ਸਭ ਤੋਂ ਵੱਡੀ ਗੱਲ ਜਦੋਂ ਘੋਖ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਇਹਨਾਂ ਚਾਰੇ ਮਤਾਂ ਨੂੰ ਚਲਾਉਣ ਵਾਲੇ ਇੱਕ ਹੀ ਜਾਤੀ ਦੇ ਕਿਉਂ ਸਨ। ਲੋਕਾਂ ਅੰਦਰ ਧਰਮਾਂ ਦੇ ਨਾਂਅ ਤੇ ਹੁੰਦੇ ਬਿਖੇੜੇ ਕੀ ਅਸਲ ਵਿਚ ਪੂਜਾ ਪੱਦਤੀ ਕਰਕੇ ਹਨ ?
ਇੱਥੋਂ ਤੱਕ ਹੀ ਨਹੀਂ, ਜਦੋਂ ਮੈਂ ਖੋਜ ਕਰਦਾ ਕਰਦਾ ਡੇਰਿਆਂ ਤੱਕ ਪਹੁੰਚਿਆ ਤਾਂ ਉਹ ਵੀ ਉਸੇ ਜਾਤੀ ਨਾਲ ਸਬੰਧਤ ਸਨ ਜਿਸ ਤਰ੍ਹਾਂ ਹਿੰਦੂ ਮੱਤ,ਜੈਨ ਮੱਤ, ਬੁੱਧ ਮੱਤ ਤੇ ਸਿੱਖ ਮੱਤ ਦੇ ਸਿਰਜਨਹਾਰ ਸਨ। ਭਾਵੇਂ ਇਹਨਾਂ ਦੇ ਰਹਿਬਰਾਂ ਨੇ ਕਿਤੇ ਵੀ ਅਲੱਗ ਧਰਮ ਦੀ ਕਿਤੇ ਵੀ ਗੱਲ ਨਹੀਂ ਕੀਤੀ ਸਗੋਂ ਉਹਨਾਂ ਦੇ ਅਨੁਆਈਆਂ ਨੇ ਹੀ ਇਸ ਨੂੰ ਅਲੱਗ ਧਰਮ ਜਾਂ ਮਤ ਦਾ ਨਾਮ ਦਿੱਤਾ। ਭਾਵੇਂ ਉਸ ਤੋਂ ਬਾਅਦ ਡੇਰਿਆਂ ਤੇ ਹੋਰ ਜਾਤੀਆਂ ਦੇ ਲੋਕਾਂ ਦਾ ਵੀ ਕਬਜ਼ਾ ਹੋ ਗਿਆ ਪਰ ਇਸ ਦੀ ਸ਼ੁਰੂਆਤ ਪੜ੍ਹ ਕੇ ਮਨ ਵਿਚ ਬਹੁਤ ਸੁਆਲ ਆਏ।
ਇੱਥੋਂ ਤੱਕ ਕਿ ਇਹ ਵੱਖ ਵੱਖ ਮੱਤ ਕਿਵੇਂ ਉਪਜੇ। ਹਾਲਾਂਕਿ ਇਸ ਦੀ ਕਾਰਨ ਸਭ ਨੂੰ ਪਤਾ ਹੈ ਕਿ ਕਿਸੇ ਮੱਤ ਵਿਚ ਪੂਜਾ ਪੱਦਤੀ ਦੀਆਂ ਬਾਰੀਕੀਆਂ ਨੂੰ ਜਦੋਂ ਕੋਈ ਬੰਦਾ ਸਵੀਕਾਰ ਨਹੀਂ ਕਰਦਾ ਤਾਂ ਉਸ ਦੇ ਵਿਰੋਧ ਵਿਚ ਨਵਾਂ ਮੱਤ ( ਵਿਚਾਰਧਾਰਾ) ਉਪਜਦਾ ਰਿਹਾ। ਪੰਜਾਬ ਦੇ ਡੇਰਿਆਂ ਦਾ ਵੀ ਇਹੀ ਕਾਰਨ ਸੀ ਕਿ ਇਹ ਮੂਲ ਮੱਤ ਦੇ ਜਦੋਂ ਕੱਟੜ ਅਸੂਲਾਂ ਨੂੰ ਸਵੀਕਾਰ ਨਾ ਕਰ ਸਕੇ ਤਾਂ ਆਪਣੀ ਸੁਵਿਧਾ ਮੁਤਾਬਕ ਡੇਰਾਵਾਦ ਹੋਂਦ ਵਿਚ ਆਇਆ।
ਫਿਰ ਦਿਲ ਵਿਚ ਆਇਆ ਕਿ ਜਿਸ ਤਰ੍ਹਾਂ ਇਹ ਮੱਤ ਪ੍ਰਚੱਲਤ ਹੋਏ ਹਨ ਸੌ ਕੁ ਸਾਲ ਬਾਅਦ ਇਹ ਹੀ ਡੇਰਿਆਂ ਦੇ ਆਪਣੇ ਮੱਤ ਨਹੀਂ ਸਗੋਂ ਅਜੋਕੇ ਧਰਮਾਂ ਵਾਂਗ ਅਲੱਗ ਤੋਂ ਧਰਮ ਹੋਣਗੇ। ਜਿਵੇਂ ਸੱਚੇ ਸੌਦੇ ਵਾਲੇ ਨੇ ਤਾਂ ਆਪਣੇ ਅਨੁਆਈਆਂ ਦੇ ਨਾਮ ਪਿੱਛੇ ਜਾਂ ਅੱਗੇ ਇੰਸਾਂ ਲਗਾ ਕੇ ਸ਼ੁਰੂਆਤ ਵੀ ਕਰ ਦਿੱਤੀ ਹੈ ਪਰ ਪਤਾ ਨਹੀਂ ਲੋਕ ਕਿਵੇਂ ਸਮਝਣਗੇ ਕਿ ਇਹ ਮੱਤ ਆਪਸੀ ਮਤਭੇਦਾਂ ਜੋ ਉਪਜੇ ਹਨ ਨਾ ਕਿ ਕਿਸੇ ਰੱਬ ਕੋਲ ਪਹੁੰਚਦਾ ਕਰਨ ਲਈ। ਚੰਗੇ ਕਰਮਾਂ (ਕੰਮਾਂ) ਵਾਲਾ ਖ਼ੁਦ ਹੀ ਰੱਬ ਨੂੰ, ਕੁਦਰਤ ਤੇ ਲੋਕਾਂ ਨੂੰ ਪਿਆਰਾ ਲਗਦਾ ਹੈ।
ਖੋਜ ਜਾਰੀ ਹੈ।
(ਜਸਪਾਲ ਜੱਸੀ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly