ਰਾਮਦਾਸੁ ਸਤਿਗੁਰੂ ਕਹਾਵੈ

ਰਮੇਸ਼ ਬੱਗਾ ਚੋਹਲਾ

(ਸਮਾਜ ਵੀਕਲੀ)

ਪ੍ਰਕਾਸ਼ ਦਿਵਸ ‘ਤੇ

15ਵੀਂ ਸਦੀ ਵਿਚ ਉੱਭਰਿਆ ਸਿੱਖ ਧਰਮ ਨਵੀਨ ਅਤੇ ਵਿਲੱਖਣ ਕਦਰਾਂ ਕੀਮਤਾਂ ਦਾ ਤਰਜ਼ਮਾਨ ਰਿਹਾ ਹੈ। ਇਸ ਦੇ ਰਹਿਬਰਾਂ ਨੇ ਜਿੱਥੇ ਸਦੀਵੀਂ ਤੌਰ ’ਤੇ ਉਸ ਮਾਲਕ ਨੂੰ ਹਿਰਦੇ ਵਿਚ ਵਸਾਉਣ ਦੀ ਗੱਲ ਕੀਤੀ ਹੈ ਉਥੇ ਕਿਰਤ ਨੂੰ ਵਡਿਆਉਂਦਿਆਂ ਹੋਇਆਂ ਇਸ ਨੂੰ ਆਪਸ ਵਿਚ ਵੰਡ ਕੇ ਛਕਣ ਦੀ ਹਾਮੀ ਵੀ ਚੰਗੀ ਤਰ੍ਹਾਂ ਭਰੀ ਹੈ। ਗੁਰੂ ਸਾਹਿਬਾਨ ਨੇ ਆਪਣੇ-ਆਪਣੇ ਸਮਿਆਂ ਵਿਚ ਕੁਝ ਅਜਿਹੀਆਂ ਕਲਿਆਣਕਾਰੀ ਪਿਰਤਾਂ ਪਾਈਆਂ ਹਨ ਜੋ ਇਸ ਜਗ ਨੂੰ ‘ਸਚੈ ਕੀ ਹੈ ਕੋਠੜੀ’ ਮੰਨ ਕੇ ਮਨੁੱਖ ਨੂੰ ਸੱਚਾ ਅਤੇ ਸੁੱਚਾ ਵਿਹਾਰ ਕਰਨ ਲਈ ਪ੍ਰੇਰਦੀਆਂ ਰਹਿੰਦੀਆਂ ਹਨ। ਇਹ ਪਿਰਤਾਂ ਮਨੁੱਖ ਨੂੰ ਅੰਧਕਾਰਮਈ ਪੈਂਡਿਆਂ ਤੋਂ ਮੁੜ ਕੇ ਉਜਿਆਰੇ ਮਾਰਗ ਦਾ ਪਾਂਧੀ ਬਣਾਉਂਦੀਆਂ ਆ ਰਹੀਆਂ ਹਨ।

ਸਿੱਖ ਧਰਮ ਵਿਸ਼ੇਸ਼ ਰੂਪ ਵਿਚ ਆਪਸੀ ਮੁਹੱਬਤ, ਸਦਭਾਵਨਾ ਅਤੇ ਸਹਿਣਸ਼ੀਲਤਾ ਵਾਲੀ ਸੁਰ ਪੈਦਾ ਕਰਨ ਵਾਲਾ ਇਕ ਅਜਿਹਾ ਧਰਮ ਹੈ ਜੋ ਸੰਸਾਰ ਦੇ ਚੋਣਵੇਂ ਧਰਮਾਂ ਵਿਚ ਇਕ ਅਹਿਮ ਸਥਾਨ ਰੱਖਦਾ ਹੈ। ਇਹ ਧਰਮ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਨਿਰਧਾਰਿਤ ਕੀਤੀ ਜੀਵਨ-ਜਾਚ ਅਨੁਸਾਰ ‘ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ” ਦੇ ਅਨੁਸਾਰ ਇੱਕੋ (ਨਾਨਕ) ਜੋਤ ਵਿੱਚੋਂ ਨੌਂ ਗੁਰੂ ਸਾਹਿਬਾਨ ਦੇ ਰਾਹੀਂ ਪ੍ਰਫੁੱਲਿਤ ਹੋਇਆ ਹੈ। ਇਨ੍ਹਾਂ ਗੁਰੂ ਸਾਹਿਬਾਨ ਦੇ ਵਿਸ਼ੇਸ਼ ਉਪਰਾਲਿਆਂ ਸਦਕਾ ਸਿੱਖ ਧਰਮ ਨੇ ਇਕ ਨਵੀਨ ਅਤੇ ਆਦਰ ਪੂਰਵਕ ਜੀਵਨ-ਜੁਗਤ ਜਿਵੇਂ ਭਗਤੀ ਤੋਂ ਸ਼ਕਤੀ ਦਾ ਸੁਮੇਲ, ਵਰਣ ਵੰਡ ਨੂੰ ਰੱਦ ਕਰਨ ਵਾਲੀ ਇਨਕਲਾਬੀ ਸੋਚ, ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੀ ਗੁਰਬਾਣੀ, ਅਤੇ ਮਿਲ-ਬੈਠ ਕੇ ਦੁਬਿਧਾ ਦੂਰ ਕਰਨ ਵਾਲੀ ਪਹੁੰਚ ਨਾਲ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਹੈ। ਇਸ ਤਰ੍ਹਾਂ ਦੀ ਕਾਮਨਾ ਕਰਨ ਵਾਲਿਆਂ ਵਿਚ ਹੀ ਸ਼ਾਮਿਲ ਸਨ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ।

ਸ੍ਰੀ ਗੁਰੂ ਰਾਮਦਾਸ ਜੀ ਜਿਨ੍ਹਾਂ ਦਾ ਬਚਪਨ ਦਾ ਨਾਮ ਭਾਈ ਜੇਠਾ ਸੀ, ਦਾ ਜਨਮ 24 ਸਤੰਬਰ 1534 ਈ: ਨੂੰ ਚੂਨਾ ਮੰਡੀ ਲਾਹੌਰ ਦੇ ਵਸਨੀਕ ਭਾਈ ਹਰਿਦਾਸ ਜੀ ਅਤੇ ਮਾਤਾ ਦਇਆ ਕੌਰ ਜੀ ਦੇ ਘਰ ਹੋਇਆ। ਪਲੇਠਾ ਪੁੱਤਰ ਹੋਣ ਕਰਕੇ ਇਨ੍ਹਾਂ ਦਾ ਨਾਮ ਭਾਈ ਜੇਠਾ ਜੀ ਹੋ ਗਿਆ। ਜਿਸ ਦਿਨ ਭਾਈ ਜੇਠਾ ਜੀ ਦਾ ਜਨਮ ਹੋਇਆ ਉਸ ਵਕਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦੁਨਿਆਵੀ ਉਮਰ ਲੱਗਭਗ 65 ਸਾਲ, ਸ੍ਰੀ ਗੁਰੂ ਅਮਰਦਾਸ ਜੀ ਦੀ 55 ਸਾਲ ਅਤੇ ਭਾਈ ਲਹਿਣਾ ਜੀ ਦੀ 30 ਸਾਲ ਸੀ। ਭਾਵੇਂ ਚਾਰੇ ਗੁਰੂ ਸਾਹਿਬਾਨ ਜਿਸਮਾਨੀ ਤੌਰ ’ਤੇ ਮੌਜੂਦ ਸਨ ਪਰ ਮਿਲਾਪ ਅਜੇ ਪਹਿਲੀ ਪਾਤਸ਼ਾਹੀ ਅਤੇ ਭਾਈ ਲਹਿਣਾ ਜੀ ਦਾ ਹੀ ਹੋਇਆ ਸੀ।

ਭਾਈ ਜੇਠਾ ਜੀ ਅਜੇ ਬਚਪਨ ਦੀਆਂ ਦਹਿਲੀਜ਼ਾਂ ਉਪਰ ਹੀ ਵਿਚਰ ਰਹੇ ਸਨ ਕਿ ਪਹਿਲਾਂ ਮਾਤਾ ਜੀ ਅਤੇ ਫਿਰ ਪਿਤਾ ਸ੍ਰੀ ਹਰਿਦਾਸ ਜੀ ਇਸ ਦੁਨੀਆ ਤੋਂ ਕੂਚ ਕਰ ਗਏ। ਜਦੋਂ ਆਪ ਦੁਨਿਆਵੀ ਤੌਰ ’ਤੇ ਯਤੀਮ ਹੋ ਗਏ ਤਾਂ ਆਪ ਜੀ ਦੀ ਨਾਨੀ ਆਪ ਨੂੰ ਆਪਣੇ ਪਿੰਡ ਬਾਸਰਕੇ ਲੈ ਆਈ। ਲਾਹੌਰ ਤੋਂ ਦੋਹਤੇ ਦੇ ਆਪਣੇ ਨਾਨਕੇ ਘਰ ਆਉਣ ਦੀ ਖ਼ਬਰ ਸਾਰੇ ਪਿੰਡ ਵਿਚ ਫੈਲ ਗਈ। ਪਿੰਡ ਦੇ ਬਹੁਤ ਸਾਰੇ ਨੇਕ ਪੁਰਸ਼ ਅਤੇ ਔਰਤਾਂ ਬਾਲਕ ਜੇਠੇ ਦਾ ਧੀਰ ਧਰਾਉਣ ਲਈ ਆਉਣ ਲੱਗੇ। ਇਨ੍ਹਾਂ ਧੀਰ ਧਰਾਉਣ ਵਾਲਿਆਂ ਵਿਚ ਸ੍ਰੀ (ਗੁਰੂ) ਅਮਰਦਾਸ ਜੀ ਵੀ ਸਨ। ਉਨ੍ਹਾਂ ਦੇ ਕੋਮਲ ਹਿਰਦੇ ’ਤੇ ਭਾਈ ਜੇਠੇ ਦੀ ਦੁਖਦਾਈ ਸਥਿਤੀ ਦਾ ਬੜਾ ਡੂੰਘਾ ਅਸਰ ਹੋਇਆ। ਇਸ ਅਸਰ ਕਰਕੇ ਉਨ੍ਹਾਂ ਦੀ ਆਪਸੀ ਨੇੜਤਾ ਕਾਫੀ ਵਧਣ ਲੱਗ ਪਈ।

ਭਾਈ ਜੇਠਾ ਜੀ ਆਪਣੇ ਨਾਨਕੇ ਘਰ ਰਹਿ ਕੇ ਘੁੰਙਣੀਆਂ ਵੇਚਣ ਦੀ ਕਾਰ ਕਰਿਆ ਕਰਦੇ ਸਨ ਅਤੇ ਇਨ੍ਹਾਂ ਦੀ ਵੱਟਕ ਨਾਲ ਆਪਣੀ ਅਤੇ ਨਾਨੀ ਜੀ ਦੀ ਉਦਰ-ਜਵਾਲਾ ਸ਼ਾਂਤ ਕਰਿਆ ਕਰਦੇ ਸਨ। ਇਸ ਸਮੇਂ ਦੌਰਾਨ ਸ੍ਰੀ (ਗੁਰੂ) ਅਮਰਦਾਸ ਜੀ ਜਦੋਂ ਕਦੇ ਖਡੂਰ ਸਾਹਿਬ ਤੋਂ ਬਾਸਰਕੇ ਆਉਂਦੇ ਤਾਂ ਉਹ ਭਾਈ ਜੇਠਾ ਜੀ ਨੂੰ ਜ਼ਰੂਰ ਮਿਲਦੇ ਅਤੇ ਘੰਟਿਆਂ ਬੱਧੀ ਦੁਨਿਆਵੀ ਅਤੇ ਇਲਾਹੀ ਗੱਲਾਂ ਹੁੰਦੀਆਂ ਰਹਿੰਦੀਆਂ।
ਜਦੋਂ ਗੋਂਦੇ ਖੱਤਰੀ ਦੀ ਬੇਨਤੀ ’ਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਦਰਿਆ ਬਿਆਸ ਦੇ ਕਿਨਾਰੇ ਗੋਇੰਦਵਾਲ ਸਾਹਿਬ ਨਗਰ ਵਸਾਇਆ ਤਾਂ ਉਨ੍ਹਾਂ ਦੇ ਕਈ ਰਿਸ਼ਤੇਦਾਰ ਅਤੇ ਸਨੇਹੀ ਵੀ ਗੋਇੰਦਵਾਲ ਸਾਹਿਬ ਆ ਗਏ। ਗੁਰੂ ਦਰਸ਼ਨਾਂ ਦੀ ਤਾਂਘ ਭਾਈ ਜੇਠਾ ਜੀ ਨੂੰ ਵੀ ਇੱਥੇ ਲੈ ਆਈ। ਉਸ ਵਕਤ ਉਨ੍ਹਾਂ ਦੀ ਆਯੂ ਕੋਈ 12 ਕੁ ਸਾਲ ਦੀ ਸੀ। ਅਵਸਥਾ ਭਾਵੇਂ ਅਜੇ ਬਾਲਪਨ ਵਾਲੀ ਹੀ ਸੀ ਪਰ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਭਾਵ ਸਦਕਾ ਸੂਝ ਵਿਚ ਪਕਿਆਈ ਆ ਰਹੀ ਸੀ। ਇਸ ਪਕਿਆਈ ਸਦਕਾ ਸ੍ਰੀ ਗੁਰੂ ਨਾਨਕ ਸਾਹਿਬ ਦੇ ਦਰਬਾਰ ਦੀ ਰੰਗਤ ਭਾਈ ਜੇਠਾ ਜੀ ’ਤੇ ਖੂਬ ਚੜਨ ਲੱਗੀ।

ਸ੍ਰੀ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ 10-12 ਸਾਲ ਆਪਣੀ ਨਿਗਰਾਨੀ ਵਿਚ ਰੱਖਿਆ ਅਤੇ ਉਨ੍ਹਾਂ ਸਾਰੇ ਗੁਣਾਂ ਨੂੰ ਵਾਚਿਆ ਸੀ ਜੋ ਕਿਸੇ ਉਚੇਚੀ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਜ਼ਰੂਰੀ ਹੁੰਦੇ ਹਨ। ਗੁਰੂ ਸਾਹਿਬ ਨੇ ਇਨ੍ਹਾਂ ਗੁਣਾਂ ਦੀ ਕਦਰ ਕਰਦਿਆਂ 22 ਫੱਗਣ ਸੰਮਤ 1610 ਨੂੰ ਆਪਣੀ ਲਾਡਲੀ ਸਪੁੱਤਰੀ ਬੀਬੀ ਭਾਨੀ ਜੀ ਦਾ ਵਿਆਹ ਭਾਈ ਜੇਠਾ ਜੀ ਨਾਲ ਕਰ ਦਿੱਤਾ। ਇਸ ਬਖ਼ਸ਼ਿਸ਼ ਨਾਲ ਭਾਈ ਜੇਠਾ ਜੀ ਗੁਰੂ-ਦਰਬਾਰ ਦੇ ਨਾਲ-ਨਾਲ ਗੁਰੂ-ਪਰਿਵਾਰ ਦੇ ਅੰਗ ਬਣ ਗਏ। ਜਦੋਂ 1557 ਈ: ਵਿਚ ਤੀਸਰੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਸਮਾਜਿਕ ਬਰਾਬਰੀ ਦੇ ਸਿਧਾਂਤ ਨੂੰ ਲਾਗੂ ਕਰਨ ਲਈ ਸਮਾਜ ਵਿੱਚੋਂ ਛੂਤ-ਛਾਤ ਖਤਮ ਕਰਨ ਦਾ ਬੀੜਾ ਚੁੱਕਿਆ ਤਾਂ ਕੁਝ ਗੁਰੂ-ਘਰ ਦੇ ਦੋਖੀਆਂ ਅਤੇ ਸਮਾਜ ਵਿਰੋਧੀਆਂ ਕੋਲੋਂ ਇਹ ਗੱਲ ਬਰਦਾਸ਼ਤ ਨਾ ਹੋ ਸਕੀ।

ਉਨ੍ਹਾਂ ਵਿੱਚੋਂ ਕਿਸੇ ਨੇ ਅਕਬਰ ਬਾਦਸ਼ਾਹ ਕੋਲ ਜਾ ਕੇ ਗੁਰੂਕਿਆਂ ਦੇ iਖ਼ਲਾਫ਼ ਕੰਨ ਭਰ ਦਿੱਤੇ। ਆਪਣੀ ਸ਼ੰਕਾ ਨਵਿਰਤੀ ਅਤੇ ਤਸੱਲੀ ਲਈ ਬਾਦਸ਼ਾਹ ਨੇ ਗੁਰੂ ਦਰਬਾਰ ਵੱਲ ਸੱਦਾ-ਪੱਤਰ ਭੇਜ ਦਿੱਤਾ। ਬਿਰਧ ਸਰੀਰ ਹੋਣ ਕਰਕੇ ਤੀਸਰੇ ਪਾਤਸ਼ਾਹ ਨੇ ਗੁਰੂ-ਘਰ ਦੀ ਵਕਾਲਤ ਲਈ ਭਾਈ ਜੇਠਾ ਜੀ ਦੀ ਡਿਊਟੀ ਲਗਾ ਦਿੱਤੀ। ਭਾਈ ਜੇਠਾ ਜੀ ਨੇ ਸਿੱਖੀ ਦੇ ਸਿਧਾਂਤਾਂ ਦੀ ਇੰਨੇ ਸੁਚੱਜੇ ਢੰਗ ਨਾਲ ਵਿਆਖਿਆ ਕੀਤੀ ਕਿ ਅਕਬਰ ਦੇ ਸਭ ਭਰਮ-ਭੁਲੇਖੇ ਦੂਰ ਹੋ ਗਏ।

ਦੁਨਿਆਵੀ ਪੱਖੋਂ ਭਾਈ ਜੇਠਾ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਦਾਮਾਦ ਸਨ ਪਰ ਇਸ ਰਿਸ਼ਤੇ ਦਾ ਉਨ੍ਹਾਂ ਦੇ ਮਨ ਵਿਚ ਰਤੀ ਭਰ ਵੀ ਗੁਮਾਨ ਨਹੀਂ ਸੀ। ਬਾਉਲੀ ਸਾਹਿਬ ਦੇ ਨਿਰਮਾਣ-ਕਾਰਜ ਸਮੇਂ ਉਹ ਵੀ ਇਕ ਨਿਮਾਣੇ ਸਿੱਖ ਵਾਂਗ ਸਿਰ ’ਤੇ ਟੋਕਰੀ ਢੋਅ ਕੇ ਸੇਵਾ ਕਰਿਆ ਕਰਦੇ ਸਨ। ਇਕ ਦਿਨ ਜਦੋਂ ਉਹ ਤਨ-ਮਨ ਨਾਲ ਸੇਵਾ ਵਿਚ ਲੀਨ ਸਨ ਤਾਂ ਲਾਹੌਰ ਤੋਂ ਉਨ੍ਹਾਂ ਦੇ ਸ਼ਰੀਕੇ-ਭਾਈਚਾਰੇ ਦੇ ਕੁਝ ਲੋਕ ਹਰਿਦੁਆਰ ਆਦਿ ਤੀਰਥਾਂ-ਸਥਾਨਾਂ ਦੇ ਦਰਸ਼ਨਾਂ ਲਈ ਜਾਂਦੇ ਹੋਏ ਸ੍ਰੀ ਗੋਇੰਦਵਾਲ ਵਿਖੇ ਆ ਗਏ। ਜਦੋਂ ਉਨ੍ਹਾਂ ਨੇ ਤੱਕਿਆ ਕਿ ਭਾਈ ਜੇਠਾ ਮਜ਼ਦੂਰਾਂ ਵਾਂਗੂ ਸਿਰ ’ਤੇ ਟੋਕਰੀ ਚੁੱਕੀ ਜਾ ਰਿਹਾ ਹੈ ਤਾਂ ਖ਼ਾਹਮਖ਼ਾਹ ਹੀ ਕ੍ਰੋਧਿਤ ਹੋ ਉੱਠੇ। ਕ੍ਰੋਧ ਵਿਚ ਆ ਕੇ ਉਹ ਸ਼ਿਸ਼ਟਾਚਾਰ ਦਾ ਪੱਲਾ ਵੀ ਛੱਡ ਬੈਠੇ। ਭਰੇ-ਪੀਤੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਕਹਿਣ ਲੱਗੇ ਕਿ, ‘‘ਸਾਡੇ ਭਰਾ ਜੇਠੇ ਕੋਲੋਂ ਮਜ਼ਦੂਰੀ ਕਰਵਾ ਕੇ ਤੁਸੀਂ ਸਾਡੇ ਮਾਨ-ਸਤਿਕਾਰ ਨੂੰ ਢਾਹ ਲਗਾਈ ਹੈ। ਤੁਹਾਡੇ ਇਸ ਵਤੀਰੇ ਨਾਲ ਸਾਨੂੰ ਬੜੀ ਨਮੋਸ਼ੀ ਹੋਈ ਹੈ।”

ਆਪਣੇ ਸ਼ਰੀਕੇ-ਭਾਈਚਾਰੇ ਦੀਆਂ ਖਰਵੀਆਂ ਗੱਲਾਂ ਕਾਰਨ ਭਾਈ ਜੇਠਾ ਜੀ ਨੇ ਤੀਸਰੇ ਪਾਤਸ਼ਾਹ ਕੋਲੋਂ ਹੱਥ ਜੋੜ ਕੇ ਮੁਆਫੀ ਮੰਗ ਲਈ ਅਤੇ ਕਹਿਣ ਲੱਗੇ ਕਿ, ‘‘ਸੱਚੇ ਪਾਤਸ਼ਾਹ ਇਹ ਸਾਰੇ ਅਣਜਾਣ ਹਨ, ਇਨ੍ਹਾਂ ਦੀਆ ਕੌੜੀਆਂ-ਕੁਸੈਲੀਆਂ ਅਤੇ ਮਨ ਦੀ ਮੈਲੀਆਂ ਗੱਲਾਂ ਨੂੰ ਲੇਖੇ ਵਿਚ ਨਾ ਲਿਆਉਣਾ।” ਇਸ ਤਰ੍ਹਾਂ ਕਰਕੇ ਭਾਈ ਸਾਹਿਬ ਨੇ ਜਿੱਥੇ ਆਪਣੇ ਸ਼ਰੀਕੇ ਦੀ ਰੱਖ ਦਿਖਾਈ ਉਥੇ ਗੁਰੂ ਸਾਹਿਬ ਦੀ ਪ੍ਰਸੰਨਤਾ ਦੇ ਪਾਤਰ ਵੀ ਬਣ ਗਏ।

ਪਰਵਾਰਿਕ ਪੱਖੋਂ ਆਪ ਜੀ ਦੇ ਘਰ ਤਿੰਨ ਪੁੱਤਰਾਂ ਬਾਬਾ ਪ੍ਰਿਥੀ ਚੰਦ, ਬਾਬਾ ਮਹਾਂਦੇਵ ਅਤੇ ਸ੍ਰੀ (ਗੁਰੂ) ਅਰਜਨ ਦੇਵ ਜੀ (ਪੰਚਮ ਪਾਤਸ਼ਾਹ) ਨੇ ਜਨਮ ਲਿਆ। ਬਾਬਾ ਪ੍ਰਿਥੀ ਚੰਦ ਭਾਵੇਂ ਘਰ ਦਾ ਵੱਡਾ ਪੁੱਤਰ ਸੀ ਪਰ ਆਪਣੇ ਲਾਲਚੀ ਅਤੇ ਵਡਿਆਈ ਖ਼ੋਰੇ ਸੁਭਾਅ ਕਾਰਨ ਆਪਣੇ ਗੁਰੂ-ਪਿਤਾ ਦੀਆਂ ਖੁਸ਼ੀਆਂ (ਗੁਰਗੱਦੀ) ਲੈਣ ਤੋਂ ਵਾਂਝਾ ਰਹਿ ਗਿਆ। ਇਸ ਵਾਂਝੇਪਨ ਕਾਰਨ ਹੀ ਉਹ ਸਾਰੀ ਹਯਾਤੀ ਈਰਖਾ ਅਤੇ ਦਵੈਤ ਦੀ ਅੱਗ ਵਿਚ ਸੜਦਾ ਰਿਹਾ ਅਤੇ ਨਾਨਕ ਨਾਮ-ਲੇਵਾ ਸੰਗਤਾਂ ਦੀ ਨਫ਼ਰਤ ਦਾ ਪਾਤਰ ਬਣਦਾ ਰਿਹਾ।

ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਲਗਾਇਆ ਸਿੱਖੀ ਦਾ ਬੂਟਾ ਜਿਵੇਂ-ਜਿਵੇਂ ਜੋਬਨ ’ਤੇ ਹੋਈ ਜਾ ਰਿਹਾ ਸੀ ਇਸ ਦੀ ਮਹਿਕ ਵੀ ਦੂਰ-ਦੁਰਾਡੇ ਤਕ ਫੈਲਦੀ ਜਾ ਰਹੀ ਸੀ ਭਾਵ ਗੁਰੂ ਸਾਹਿਬਾਨ ਦੇ ਪਰਉਪਕਾਰੀ ਉਪਰਾਲਿਆਂ ਸਦਕਾ ਸਿੱਖਾਂ ਦੀ ਤਾਦਾਦ ਵਿਚ ਕਾਫ਼ੀ ਵਾਧਾ ਹੋਈ ਜਾ ਰਿਹਾ ਸੀ। ਇਸ ਵਾਧੇ ਕਾਰਨ ਹੀ ਸਿੱਖੀ ਦਾ ਪ੍ਰਚਾਰ ਕੇਂਦਰ ਸ੍ਰੀ ਗੋਇੰਦਵਾਲ ਸਾਹਿਬ ਤੋਂ ਗੁਰੂ ਕੇ ਚੱਕ (ਸ੍ਰੀ ਅੰਮ੍ਰਿਤਸਰ ਸਾਹਿਬ) ਵਿਖੇ ਲੈ ਜਾਣ ਦੀ ਵਿਉਂਤਬੰਦੀ ਕੀਤੀ ਗਈ। ਇਸ ਵਿਉਂਤਬੰਦੀ ਨੂੰ ਅਮਲੀ ਰੂਪ ਦੇਣ ਦੀ ਜ਼ਿੰਮੇਵਾਰੀ ਭਾਈ ਜੇਠਾ ਜੀ ਨੂੰ ਦਿੱਤੀ ਗਈ। ਆਪ ਜੀ ਨੇ ਇਹ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਈ ਜਿਸ ਦੀ ਬਦੌਲਤ ‘ਗੁਰੂ ਕਾ ਚੱਕ’ ਇਕ ਚੰਗੀ ਰੌਣਕ ਵਾਲਾ ਨਗਰ ਬਣ ਗਿਆ।

ਸ੍ਰੀ ਗੁਰੂ ਅਮਰਦਾਸ ਜੀ ਹੁਣ ਸਰੀਰਿਕ ਰੂਪ ਵਿਚ ਕਾਫੀ ਬਿਰਧ ਹੋ ਚੁੱਕੇ ਸਨ। ਆਪਣਾ ਸੱਚਖੰਡ ਵਾਪਸੀ ਸਮਾਂ ਨੇੜੇ ਆਇਆ ਜਾਣ ਕੇ ਉਨ੍ਹਾਂ ਨੇ ਗੁਰੂ-ਘਰ ਦੀ ਮਰਯਾਦਾ ਅਨੁਸਾਰ ਸੰਮਤ 1631 ਦੇ ਭਾਦਰੋਂ ਮਹੀਨੇ ਵਿਚ ਸਮੂਹ ਸੰਗਤ ਅਤੇ ਆਪਣੇ ਪਰਿਵਾਰ ਦੇ ਸਨਮੁਖ ਭਾਈ ਜੇਠਾ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਚੌਥਾ (ਗੁਰਗੱਦੀ ਦੇ ਕੇ) ਵਾਰਸ ਥਾਪ ਕੇ ਸ੍ਰੀ ਗੁਰੂ ਰਾਮਦਾਸ ਜੀ ਬਣਾ ਦਿੱਤਾ।
ਗੁਰਿਆਈ ਦੀ ਬਖ਼ਸ਼ਿਸ਼ ਕੋਈ ਛੋਟੀ ਜਾਂ ਸਧਾਰਨ ਗੱਲ ਨਹੀਂ ਸੀ ਕਿਉਂਕਿ ਸ੍ਰੀ ਗੁਰੂ ਰਾਮਦਾਸ ਨੂੰ ਉਹ ਰੱਬੀ ਤਖ਼ਤ ਦੀ ਪ੍ਰਾਪਤੀ ਹੋ ਗਈ ਸੀ ਜਿਸ ਦੇ ਅੱਗੇ ਰਾਜੇ-ਮਹਾਰਾਜਿਆਂ ਦਾ ਸੀਸ ਝੁਕਦਾ ਆ ਰਿਹਾ ਸੀ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਵਿੱਚੋਂ ਇਕ ਨਿਮਾਣੇ ਸਿੱਖ ਨੂੰ ਮਿਲੇ ਮਾਣ ਨੂੰ ਦੇਖ ਕੇ ਆਪ ਵੈਰਾਗ ਵਿਚ ਆ ਗਏ ਅਤੇ ਬੋਲ ਉਠੇ :
ਜੋ ਹਮਰੀ ਬਿਧਿ ਹੋਤੀ,ਮੇਰੇ ਸਤਿਗੁਰਾ!ਸਾ ਬਿਧਿ ਤੁਮ ਹਰਿ ਜਾਣੁਹ ਆਪੇ॥
ਹਮ ਰੁਲਤੇ ਫਿਰਤੇ,ਕੋਈ ਬਾਤ ਨ ਪੂਛਤਾ,ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ॥
( ਅੰਗ 167)

ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਮਾਝੇ ਦਾ ਇਲਾਕਾ ਜਾਗ ਪਿਆ। ਇਸ ਜਾਗ ਕਾਰਨ ਗੁਰੂ ਸਾਹਿਬ ਨੇ ਸੋਚਿਆ ਕਿ ਇਸ ਕੇਂਦਰੀ ਸਥਾਨ (ਸ੍ਰੀ ਅੰਮ੍ਰਿਤਸਰ ਸਾਹਿਬ) ’ਤੇ ਇਕ ਸ਼ਾਨਦਾਰ ਧਾਰਮਿਕ ਸਥਾਨ ਉਸਾਰਿਆ ਜਾਵੇ ਜੋ ਵੱਧ ਰਹੀ ਸੰਗਤ ਦੀਆਂ ਰੂਹਾਨੀ ਜ਼ਰੂਰਤਾਂ ਨੂੰ ਪੂਰੀਆਂ ਕਰ ਸਕੇ। ਇਹ ਸਥਾਨ ਦਰਿਆ ਤੋਂ ਹਟਵਾਂ ਹੋ ਕੇ ਇੱਥੇ ਸਰੋਵਰ ਬਣਾਉਣ ਦੀ ਤਜਵੀਜ਼ ਵੀ ਬਣਾਈ ਗਈ। ਅਜਿਹਾ ਕਰਨ ਪਿੱਛੇ ਗੁਰੂ ਸਾਹਿਬ ਦਾ ਇਕ ਮਨੋਰਥ ਇਹ ਵੀ ਸੀ ਇਸ ਪਵਿੱਤਰ ਜਗ੍ਹਾ ਉਪਰ ਜਿੱਥੇ ਕੰਨਾਂ ਨੂੰ ਇਲਾਹੀ ਬਾਣੀ ਦੀਆਂ ਧੁਨਾਂ ਸੁਣਾਈ ਦੇਣ ਉਥੇ ਨਾਲ ਨੇਤਰਾਂ ਨੂੰ ਹਰਿ ਦੇ ਘਰ (ਹਰਿਮੰਦਰ ਸਾਹਿਬ) ਦੇ ਖੁੱਲ੍ਹੇ ਦਰਸ਼ਨ ਦੀਦਾਰੇ ਵੀ ਹੁੰਦੇ ਰਹਿਣ।ਇਸ ਤਜਵੀਜ਼ ਨੂੰ ਅਮਲੀ ਰੂਪ ਦੇਣ ਲਈ ਸ਼ਰਧਾਵਾਨ ਸੰਗਤਾਂ ਦੇ ਭਰਪੂਰ ਸਹਿਯੋਗ ਦੀ ਲੋੜ ਸੀ। ਜਿਵੇਂ-ਜਿਵੇਂ ਇਹ ਸਹਿਯੋਗ (ਤਨ, ਮਨ ਅਤੇ ਧਨ ਨਾਲ) ਮਿਲਦਾ ਗਿਆ ਤਿਵੇਂ-ਤਿਵੇਂ ਗੁਰੂ-ਘਰ ਦੇ ਕਾਰਜ ਵੀ ਸੰਵਰਦੇ ਰਹੇ। ਪਹਿਲਾਂ ਸਰੋਵਰ ਅਤੇ ਉਸ ਤੋਂ ਬਾਅਦ ( ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ) ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਮੁਕੰਮਲ ਹੋ ਗਈ। ਇਨ੍ਹਾਂ ਦੋ ਮਹਾਨ ਉਪਰਾਲਿਆਂ ਨਾਲ ਸਿੱਖ ਧਰਮ ਦੇ ਨਕਸ਼-ਨੁਹਾਰ ਹੋਰ ਵੀ ਨਿਖਰਨ ਲੱਗ ਪਏ।

ਜਿਵੇਂ ਤੀਸਰੇ ਪਾਤਸ਼ਾਹ ਨੇ ਸਿੱਖੀ ਦੇ ਪ੍ਰਚਾਰ ਲਈ 22 ਮੰਜੀਆਂ ਅਤੇ 52 ਪੀੜਿਆਂ ਦੀ ਸਥਾਪਨਾ ਕੀਤੀ ਸੀ। ਉਸ ਨੂੰ ਅੱਗੇ ਵਧਾਉਂਦਿਆਂ ਹੋਇਆਂ ਸ੍ਰੀ ਗੁਰੂ ਰਾਮਦਾਸ ਜੀ ਨੇ ਮਸੰਦ ਪ੍ਰਥਾ ਦਾ ਅਰੰਭ ਕੀਤਾ। ਇਹ ਮਸੰਦ ਜਿੱਥੇ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਸਿੱਖੀ ਦੇ ਸਿਧਾਂਤਾਂ ਦਾ ਪ੍ਰਚਾਰ ਕਰਿਆ ਕਰਦੇ ਸਨ ਉਥੇ ਨਾਲ ਹੀ ਗੁਰੂ ਕੇ ਪ੍ਰੇਮੀਆਂ ਤੋਂ ਮਾਇਆ ਇਕੱਠੀ ਕਰ ਕੇ ਗੁਰੂ ਕੀ ਗੋਲਕ ਤੱਕ ਵੀ ਪਹੁੰਚਾਇਆ ਕਰਦੇ ਸਨ।

ਭਾਵੇਂ ਸ੍ਰੀ ਗੁਰੂ ਰਾਮਦਾਸ ਜੀ ਕੋਲ ਬਹੁਤ ਸਾਰੇ ਰੁਝੇਵੇਂ ਸਨ ਪਰ ਉਨ੍ਹਾਂ ਦੀ ਤਰਜੀਹ ਹਮੇਸ਼ਾਂ ਹੀ ਕਾਰ-ਸੇਵਾ ਵਿਚ ਬਣੀ ਰਹਿੰਦੀ ਸੀ। ਵਕਤ ਮਿਲਣ ’ਤੇ ਉਹ ਆਪ ਵੀ ਟੋਕਰੀ ਚੁੱਕ ਲੈਂਦੇ ਅਤੇ ਇੱਟਾਂ, ਗਾਰੇ ਅਤੇ ਚੂਨੇ ਆਦਿ ਦੀ ਹੱਥੀਂ ਸੇਵਾ ਕਰਿਆ ਕਰਦੇ ਸਨ। ਇਹ ਸਭ ਕੁਝ ਉਹ ਕਿਰਤ ਦੇ ਸਿਧਾਂਤ ਨੂੰ ਵਡਿਆਉਣ ਅਤੇ ਪਕਿਆਉਣ ਲਈ ਵੀ ਕਰਦੇ ਸਨ। ਇਸ ਤਰ੍ਹਾਂ ਕਰਦਿਆਂ ਇਕ ਦਿਨ ਉਹ ਵੀ ਆ ਗਿਆ ਜਿਸ ਦਿਨ ਸ੍ਰੀ ਗੁਰੂ ਰਾਮਦਾਸ ਜੀ ਅਤੇ ਉਨ੍ਹਾਂ ਦੇ ਸਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸੁਚੱਜੀ ਅਗਵਾਈ ਅਤੇ ਸੰਗਤਾਂ ਦੇ ਭਰਵੇਂ ਸਹਿਯੋਗ ਸਦਕਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ’ਤੇ ਸਵਰਗ ਦੀ ਝਲਕ (ਸੱਚਖੰਡ ਦੇ ਰੂਪ ’ਚ) ਦਿਖਾਈ ਦੇਣ ਲੱਗ ਪਈ। ਅਜੋਕੇ ਸਮੇਂ ਵੀ ਇਹ ਸਥਾਨ ਰੱਬੀ ਸਿਫ਼ਤ-ਸਲਾਹ ਦਾ ਇਕ ਪ੍ਰਮੁੱਖ ਕੇਂਦਰ ਹੈ।

ਗੁਰੂ ਪਰਿਵਾਰ ਦੇ ਤਿੰਨਾਂ ਸਾਹਿਬਜ਼ਾਦਿਆਂ ਵਿੱਚੋਂ ਸਭ ਤੋਂ ਛੋਟੇ ਸ੍ਰੀ (ਗੁਰੂ) ਅਰਜਨ ਦੇਵ ਜੀ ਦੀਨ ਅਤੇ ਦੁਨੀਆ ਦੇ ਮਾਮਲੇ ਵਿਚ ਸਭ ਤੋਂ ਵਧੇਰੇ ਯੋਗ ਸਾਬਤ ਹੋਏ।ਜਿੱਥੇ ਉਹ ਪਰਵਾਰਿਕ ਪੱਖ ਤੋਂ ਪੂਰੇ ਜ਼ਿੰਮੇਵਾਰ ਸਨ ਉਥੇ ਉਹ ਅਧਿਆਤਮਿਕ ਪੱਖ ਤੋਂ ਵੀ ਸਰਬ-ਕਲਾ ਸਮਰੱਥ ਦਿਖਾਈ ਦਿੰਦੇ ਸਨ। ਇਸ ਸਮਰੱਥਾ ਕਾਰਨ ਹੀ ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਗੁਰਿਆਈ ਦਾ ਤਿਲਕ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਲਗਾਇਆ ਗਿਆ। ਗੁਰੂ ਪਿਤਾ ਵੱਲੋਂ ਵੱਡੇ ਪੁੱਤਰ (ਪ੍ਰਿਥੀ ਚੰਦ) ਨੂੰ ਅਣਡਿੱਠ ਕਰ ਕੇ ਸਭ ਤੋਂ ਛੋਟੇ ਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰੂ ਨਾਨਕ ਕੇ ਘਰ ਦੀ ਵਡਿਆਈ (ਗੁਰਗੱਦੀ) ਦਿੱਤੇ ਜਾਣ ਦਾ ਪ੍ਰਿਥੀ ਚੰਦ ਵੱਲੋਂ ਡੱਟਵਾਂ ਵਿਰੋਧ ਕੀਤਾ ਗਿਆ ਪਰ ਸ੍ਰੀ ਗੁਰੂ ਰਾਮਦਾਸ ਜੀ ਵੱਲੋ ‘ਤਖਤਿ ਬਹੈ ਤਖਤੈ ਕੀ ਲਾਇਕ’ ਦੀ ਕਸਵੱਟੀ ਨੂੰ ਆਧਾਰ ਬਣਾ ਕੇ ਕੇਵਲ ਯੋਗਤਾ ਨੂੰ ਹੀ ਪਹਿਲ ਦਿੱਤੀ ਗਈ।

ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਆਪਣਾ ਗੱਦੀ-ਨਸ਼ੀਨ ਬਣਾ ਕੇ ਸ੍ਰੀ ਗੁਰੂ ਰਾਮਦਾਸ ਜੀ ਗੋਇੰਦਵਾਲ ਸਾਹਿਬ ਚਲੇ ਗਏ। ਕੁਝ ਦਿਨ ਇੱਥੇ ਟਿਕਾਣਾ ਕਰਨ ਤੋਂ ਬਾਅਦ ਅੱਸੂ ਮਹੀਨੇ ਦੇ ਦੂਜੇ ਦਿਨ ਮੁਤਾਬਕ ਸੰਮਤ 1638 (ਸਤੰਬਰ 1581 ਈ:) ਨੂੰ ਜੋਤੀ ਜੋਤ ਸਮਾ ਗਏ।
. ਅਧਿਆਤਮਿਕ ਆਗੂ ਹੋਣ ਦੇ ਨਾਲ-ਨਾਲ ਸ੍ਰੀ ਗੁਰੂ ਰਾਮਦਾਸ ਜੀ ਇੱਕ ਉੱਚ ਕੋਟੀ ਦੇ ਬਾਣੀਕਾਰ ਵੀ ਸਨ ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਵਾਲੇ 19 ਰਾਗਾਂ ਦੀ ਵਰਤੋਂ ਕਰਦਿਆਂ ਅਤੇ 11 ਹੋਰ ਰਾਗਾਂ ਸਮੇਤ ਕੁੱਲ 30 ਰਾਗਾਂ ਵਿਚ ਬਾਣੀ ਰਚੀ ਹੈ। ਇਹ ਬਾਣੀ ਬੜੇ ਹੀ ਅਦਬ ਅਤੇ ਸਤਿਕਾਰ ਨਾਲ ਪੜ੍ਹੀ/ਸੁਣੀ ਜਾਂਦੀ ਹੈ।

ਰਮੇਸ਼ ਬੱਗਾ ਚੋਹਲਾ
ਗਲੀ ਨੰ: 8 ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ) ਮੋਬ:9463132719

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੱਜਣਾਂ ਦੇ ਸਿਰਨਾਵੇਂ
Next articleਬਾਬਾ ਬੁੱਢਾ ਜੀ