ਸੱਜਣਾਂ ਦੇ ਸਿਰਨਾਵੇਂ

ਰਮੇਸ਼ ਬੱਗਾ ਚੋਹਲਾ

(ਸਮਾਜ ਵੀਕਲੀ)

ਉਸ ਦਿਨ ਤੋਂ ਹੀ ਜੀਵਨ ਦੇ ਵਿਚ ਛਾਈ ਪਈ ਨਿਰਾਸ਼ਾ।
ਆਪਣੇ ਆਪ ਤੋਂ ਉੱਠ ਗਿਆ ਹੈ ਜਿਸ ਦਿਨ ਤੋਂ ਭਰਵਾਸਾ।
ਪਾ ਕੇ ਜੇਬ ਵਿਚ ਘੁੰਮਦੇ ਰਹੇ ਹਾਂ ਸੱਜਣਾਂ ਦੇ ਸਿਰਨਾਵੇਂ,
ਪਰ ਚਿੱਠੀ ਲਿਖਣੇ ਵਾਲੀ ਨਾ ਕਦੇ ਪੂਰੀ ਹੋਈ ਆਸਾ।
ਹੁਸਨ ਦੇ ਦਰਵਾਜਿਆਂ ਉਪਰ ਅਲਖ਼ ਜਗਾਈ ਇਸ਼ਕੇ ਨੇ,
ਮੁੜਦਾ ਰਿਹਾ ਹੈ ਬਿੰਨਾ ਖ਼ੈਰ ਤੋਂ ਅਕਸਰ ਸਾਡਾ ਕਾਸਾ।
ਸਾਡੇ ਹਿੱਸੇ ਦਾ ਸਾਵਣ ਤਾਂ ਸੁੱਕਾ ਹੀ ਲੰਘ ਜਾਵੇ,
ਪਏ ਹੰਢਾਉਣਾ ਦਿਲ ਸਾਡੇ ਨੂੰ ਵਿਛੋੜੇ ਦਾ ਚੁਮਾਸਾ।
ਖੇੜਿਆਂ ਦੇ ਘਰ ਖ਼ੁਸ਼ੀਆਂ ਨੱਚਣ ਸਾਡੇ ਰੋਣਾ ਧੋਣਾ,
ਹੱਥੀਂ ਆਪ ਲੁਟਾ ਲਿਆ ਰਾਂਝੇ ਬੁੱਲਾਂ ਉਪਰੋਂ ਹਾਸਾ।
ਕਿਵੇਂ ਤਰੇਂਗੀ ਗ਼ਮ ਦਾ ਸਾਗਰ ਤੂੰ ਨਿਮਾਣੀ ਜਿੰਦੇ,
ਖ਼ੁਰ ਜਾਵੇਂਗੀ ਖ਼ੁਰਦਾ ਜਿਵੇਂ ਪਾਣੀ ਵਿਚ ਪਤਾਸਾ।
ਵੱਡੇ ਵੱਡੇ ਹਸਪਤਾਲ ਵੀ ਭਰਦੇ ਨਹੀਂ ਹੂੰਗਾਰਾ,
ਜਦੋਂ ਬਿਮਾਰੀ ਕੋਈ ਕਰਕੇ ਰੱਖ ਦਿੰਦੀ ਇੱਕ ਪਾਸਾ।
ਫ਼ਸਲ ਫ਼ਿਕਰ ਦੀ ਨਿੱਤ ਉਗਾਵੇ ‘ਚੋਹਲੇ’ ਵਾਲਾ ‘ਬੱਗਾ’,
ਮੌਢੇ ਰੱਖ ਕੇ ਤੁਰਦਾ ਸੀ ਜੋ ਹਾਊਮੇ ਦਾ ਗੰਡਾਸਾ।

ਰਮੇਸ਼ ਬੱਗਾ ਚੋਹਲਾ
#1348/17/1 ਗਲੀ ਨੰ: 8 ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ) ਮੋਬ:9463132719

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੋਰੋਨਾ ਕਾਲ ਦਾ ਉਹ ਦਿਨ
Next articleਰਾਮਦਾਸੁ ਸਤਿਗੁਰੂ ਕਹਾਵੈ