ਰਾਹੁਲ ਗਾਂਧੀ 6 ਨੂੰ ਲੁਧਿਆਣਾ ਵਿੱਚ ਕਰਨਗੇ ਮੁੱਖ ਮੰਤਰੀ ਚਿਹਰੇ ਦਾ ਐਲਾਨ

Congress leader Rahul Gandhi

 

  • ਗੁਰਜੀਤ ਰਾਣਾ ਤੇ ਬ੍ਰਹਮ ਮਹਿੰਦਰਾ ਮਗਰੋਂ ਜਾਖੜ ਵੀ ਖੁੱਲ੍ਹ ਕੇ ਚੰਨੀ ਦੇ ਹੱਕ ’ਚ ਨਿੱਤਰੇ
  • ਅਸਲ ਫੈਸਲਾ ਲੋਕ ਕਰਨਗੇ: ਨਵਜੋਤ ਸਿੱਧੂ

ਲੁਧਿਆਣਾ (ਸਮਾਜ ਵੀਕਲੀ):  ਕਾਂਗਰਸ ਆਗੂ ਰਾਹੁਲ ਗਾਂਧੀ 6 ਫਰਵਰੀ ਨੂੰ ਲੁਧਿਆਣਾ ਵਿਚ ਵਰਚੁਅਲ ਕਾਨਫਰੰਸ ਕਰਕੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਨਗੇ ਅਤੇ ਇਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਮੌਜੂਦ ਰਹਿਣਗੇ। ਕਾਂਗਰਸ ਨੇ ਚਿਹਰਾ ਐਲਾਨਣ ਤੋਂ ਪਹਿਲਾਂ ਪਾਰਟੀ ਅੰਦਰ ਚੰਨੀ ਦੇ ਹੱਕ ’ਚ ਹਵਾ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਖੁੱਲ੍ਹ ਕੇ ਚਰਨਜੀਤ ਸਿੰਘ ਚੰਨੀ ਦੀ ਹਮਾਇਤ ਵਿਚ ਆ ਗਏ ਹਨ। ਇਸੇ ਤਰ੍ਹਾਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਅਤੇ ਬ੍ਰਹਮ ਮਹਿੰਦਰਾ ਵੀ ਚੰਨੀ ਦੀ ਹਮਾਇਤ ਕਰ ਚੁੱਕੇ ਹਨ। ਨਵਜੋਤ ਸਿੱਧੂ ਦੀ ਹਮਾਇਤ ਵਿਚ ਭਾਵੇਂ ਅਜੇ ਤੱਕ ਕੋਈ ਖੁੱਲ੍ਹ ਕੇ ਸਾਹਮਣੇ ਨਹੀਂ ਆਇਆ, ਪਰ ਸਿੱਧੂ ਨੇ ਅੱਜ ਚੋਣ ਪ੍ਰਚਾਰ ਦੌਰਾਨ ਕਿਹਾ ਕਿ ਮੁੱਖ ਮੰਤਰੀ ਦਾ ਚਿਹਰਾ ਹਾਈਕਮਾਨ ਤੈਅ ਕਰੇਗੀ।

ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ, ਪਰ ਅਸਲ ਫੈਸਲਾ ਲੋਕ ਕਰਨਗੇ। ਸੂਤਰਾਂ ਮੁਤਾਬਕ ਮੁੱਖ ਮੰਤਰੀ ਚਿਹਰੇ ਦੇ ਐਲਾਨ ਮਗਰੋਂ ਪਾਰਟੀ ਅੰਦਰ ਪੈਣ ਵਾਲੇ ਸੰਭਾਵੀ ਖਿਲਾਰੇ ਨਾਲ ਨਜਿੱਠਣ ਲਈ ਪਾਰਟੀ ਨੇ ਅੰਦਰੋਂ ਅੰਦਰੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਲੰਘੇ ਤਿੰਨ ਦਿਨਾਂ ਤੋਂ ਪਾਰਟੀ ਵੱਲੋਂ ਲੋਕਾਂ ਤੋਂ ਮੁੱਖ ਮੰਤਰੀ ਦੇ ਚਿਹਰੇ ਬਾਰੇ ਫੀਡਬੈਕ ਲਈ ਜਾ ਰਹੀ ਸੀ। ਲੋਕ ਰਾਏ ਜਾਣਨ ਲਈ ਪਾਰਟੀ ਨੇ ਚੰਨੀ ਤੇ ਸਿੱਧੂ ਤੋਂ ਛੁੱਟ ਕਿਸੇ ਹੋਰ ਚਿਹਰੇ ਦੀ ਚੁਆਇਸ ਹੀ ਲੋਕਾਂ ਅੱਗੇ ਨਹੀਂ ਰੱਖੀ। ਹਾਲਾਂਕਿ ਪਾਰਟੀ ਦੇ ਸੀਨੀਅਰ ਆਗੂ ਇਸ ਫੈਸਲੇ ਤੋਂ ਔਖੇ ਹਨ। ਮੁੱਖ ਮੰਤਰੀ ਚੰਨੀ ਨੇ ਖੁਦ ਕਿਹਾ ਹੈ ਕਿ ਰਾਹੁਲ ਗਾਂਧੀ 6 ਫਰਵਰੀ ਦੀ ਲੁਧਿਆਣਾ ਫੇਰੀ ਦੌਰਾਨ ਚਿਹਰੇ ਦਾ ਐਲਾਨ ਕਰਨਗੇ। ਚਰਚਾ ਹੈ ਕਿ ਹਾਈਕਮਾਨ ਇਸ ਮਾਮਲੇ ’ਤੇ ਪੂਰੀ ਤਰ੍ਹਾਂ ਚੰਨੀ ਦੇ ਸੰਪਰਕ ਵਿਚ ਹੈ।ਪਾਰਟੀ ਸੂਤਰਾਂ ਨੇ ਦੱਸਿਆ ਕਿ ਨਵਜੋਤ ਸਿੱਧੂ ਅਤੇ ਚਰਨਜੀਤ ਚੰਨੀ ਦੀ ਹਰਮਨਪਿਆਰਤਾ ਬਾਰੇ ਵੀ ਹਲਕਿਆਂ ’ਚੋਂ ਕਨਸੋੋਅ ਲਈ ਗਈ ਹੈ।

ਐਤਕੀਂ ਸਿੱਧੂ ਤੇ ਚੰਨੀ ’ਚੋਂ ਚੋਣ ਪ੍ਰਚਾਰ ਲਈ ਕਿਸ ਨੂੰ ਉਮੀਦਵਾਰ ਸੱਦਣਾ ਚਾਹੁੰਦੇ ਹਨ, ਇਸ ਦਾ ਵੀ ਅੰਕੜਾ ਇਕੱਠਾ ਕੀਤਾ ਗਿਆ ਹੈ। ਚੇਤੇ ਰਹੇ ਕਿ 27 ਜਨਵਰੀ ਨੂੰ ਰਾਹੁਲ ਗਾਂਧੀ ਨੇ ਜਲੰਧਰ ਵਿਚ ਵਰਚੁਅਲ ਰੈਲੀ ਦੌਰਾਨ ਐਲਾਨ ਕੀਤਾ ਸੀ ਕਿ ਚੋਣਾਂ ਵਿਚ ‘ਦੋ ਵਿਅਕਤੀ ਅਗਵਾਈ ਨਹੀਂ ਕਰ ਸਕਦੇ।’ ਉਨ੍ਹਾਂ ਜਲਦੀ ਹੀ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦਾ ਵਾਅਦਾ ਕੀਤਾ ਸੀ। ਉਧਰ ਨਵਜੋਤ ਸਿੱਧੂ ਨੇ ਇਸੇ ਰੈਲੀ ਵਿੱਚ ਕਿਹਾ ਸੀ ਕਿ ਮੁੱਖ ਮੰਤਰੀ ਦਾ ਚਿਹਰਾ ਕਿਸੇ ਨੂੰ ਵੀ ਬਣਾਓ, ਪਰ ਪੰਜਾਬ ਨੂੰ ਇਸ ਦੁਚਿੱਤੀ ’ਚੋਂ ਕੱਢਿਆ ਜਾਵੇ। ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਰਾਹੁਲ ਗਾਂਧੀ ਦੀ 6 ਫਰਵਰੀ ਦੀ ਲੁਧਿਆਣਾ ਰੈਲੀ ਵਿੱਚ ਘੱਟਗਿਣਤੀ ’ਚ ਲੋਕਾਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਹਰਸ਼ਿਲਾ ਰਿਜ਼ੌਰਟ ’ਚ ਪ੍ਰਬੰਧ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਅਜੇ ਤੱਕ ਪ੍ਰੋਗਰਾਮ ਦਾ ਸਮਾਂ ਤੈਅ ਨਹੀਂ ਹੋਇਆ ਹੈ, ਉਸ ਦੀ ਜਾਣਕਾਰੀ ਹਾਲੇ ਦਿੱਲੀ ਤੋਂ ਆਉਣੀ ਹੈ, ਪਰ ਪ੍ਰੋਗਰਾਮ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਪ੍ਰੋਗਰਾਮ ਆਉਣ ਤੋਂ ਬਾਅਦ ਹੀ ਸਾਰਿਆਂ ਨੂੰ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਲਕ ਤੱਕ ਸਾਰੀ ਜਾਣਕਾਰੀ ਆ ਜਾਵੇਗੀ, ਜਿਸ ਤੋਂ ਬਾਅਦ ਸਾਰਾ ਪ੍ਰੋਗਰਾਮ ਦੱਸਿਆ ਜਾਵੇਗਾ।

ਕੌਣ ਕਰਵਾ ਰਿਹਾ ਹੈ ਸਰਵੇ!

ਕਾਂਗਰਸ ਪਾਰਟੀ ਇੱਕ ਪਾਸੇ ਆਖ ਰਹੀ ਹੈ ਕਿ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਤੋਂ ਪਹਿਲਾਂ ਲੋਕਾਂ ਦੀ ਰਾਏ ਲਈ ਜਾ ਰਹੀ ਹੈ। ਇਸੇ ਤਰ੍ਹਾਂ ਲੋਕਾਂ ਨੂੰ ਇਸ ਦੀ ਫੀਡਬੈਕ ਲੈਣ ਲਈ ਫੋਨ ਵੀ ਖੜਕ ਰਹੇ ਹਨ, ਪਰ ਅੱਜ ਚੋਣ ਕਮਿਸ਼ਨ ਕੋਲ ‘ਆਪ’ ਖਿਲਾਫ਼ ਕੀਤੀ ਸ਼ਿਕਾਇਤ ਵਿਚ ਕਾਂਗਰਸ ਆਖ ਰਹੀ ਹੈ ਕਿ ਪਾਰਟੀ ਵੱਲੋਂ ਕੋਈ ਅਧਿਕਾਰਤ ਸਰਵੇ ਨਹੀਂ ਕਰਾਇਆ ਜਾ ਰਿਹਾ ਹੈ। ਹੁਣ ਸੁਆਲ ਇਹ ਉੱਠਦਾ ਹੈ ਕਿ ਫਿਰ ਇਹ ਸਰਵੇ ਕੌਣ ਕਰ ਰਿਹਾ ਹੈ ਜਾਂ ਕੌਣ ਕਰਵਾ ਰਿਹਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਹਾਰਾਸ਼ਟਰ: ਪੁਣੇ ’ਚ ਉਸਾਰੀ ਅਧੀਨ ਇਮਾਰਤ ਢਹਿਣ ਕਾਰਨ 5 ਮਜ਼ਦੂਰਾਂ ਦੀ ਮੌਤ
Next articleਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਜਪਾ ਨੂੰ ਸਜ਼ਾ ਦੇਣ ਦਾ ਹੋਕਾ