ਭੋਪਾਲ (ਸਮਾਜ ਵੀਕਲੀ): ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਾਂਗਰਸ ਆਗੂ ਰਾਹੁਲ ਗਾਂਧੀ ’ਤੇ ਕੋਵਿਡ-19 ਵੈਕਸੀਨਾਂ ਬਾਰੇ ‘ਗ਼ਲਤਫਹਿਮੀ, ਘਬਰਾਹਟ ਤੇ ਭਰਮ’ ਫੈਲਾਉਣ ਦਾ ਦੋਸ਼ ਲਾਇਆ ਹੈ। ਚੌਹਾਨ ਨੇ ਕਿਹਾ ਕਿ ਕਾਂਗਰਸ ਆਗੂ ਵੱਲੋਂ ਫੈਲਾਏ ਕਥਿਤ ਭਰਮ ਕਰ ਕੇ ਲੋਕ ਕਰੋਨਾ ਵੈਕਸੀਨ ਦੀ ਖੁਰਾਕ ਲਵਾਉਣ ਤੋਂ ਨਾਂਹ ਕਰਕੇ ‘ਆਪਣੀਆਂ ਜ਼ਿੰਦਗੀਆਂ ਨੂੰ ਖ਼ਤਰੇ ਵਿੱਚ ਪਾ ਰਹੇ ਹਨ।’ ਚੌਹਾਨ ਨੇ ਇਹ ਟਿੱਪਣੀਆਂ ਰਾਹੁਲ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ’ਤੇ ਤਨਜ਼ ਕੱਸਦਿਆਂ ਕੀਤੇ ਟਵੀਟ ਦੇ ਸੰਦਰਭ ਵਿੱਚ ਕੀਤੀਆਂ ਹਨ।
ਕਾਬਿਲੇਗੌਰ ਹੈ ਕਿ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਨੂੰ ਨਿਸ਼ਾਨਾ ਬਣਾਉਂਦਿਆਂ ਟਵੀਟ ਕੀਤਾ, ‘‘ਬਸ ਹਰ ਦੇਸ਼ਵਾਸੀ ਤੱਕ ਵੈਕਸੀਨ ਪਹੁੰਚਾ ਦਿਓ, ਫਿਰ ਚਾਹੇ ਮਨ ਕੀ ਬਾਤ ਵੀ ਸੁਣਾ ਦਿਓ!’’ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਪਲਟਵਾਰ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਤਾਂ ਸਾਰਿਆਂ ਨੂੰ ਮੁਫ਼ਤ ਵੈਕਸੀਨਾਂ ਮੁਹੱਈਆ ਕਰਵਾ ਰਹੇ ਹਨ ਜਦੋਂਕਿ ਗਾਂਧੀ ‘ਸਿਰਫ਼ ਭਰਮ ਫੈਲਾ ਰਹੇ ਹਨ।’ ਚੌਹਾਨ ਨੇ ਟਵੀਟ ਕੀਤਾ, ‘‘ਰਾਹੁਲ ਬਾਬਾ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ, ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ, ਜੋ ਲੋਕਾਂ ਦੇ ਟੀਕਾਕਰਨ ਲਈ ਪ੍ਰਬੰਧ ਕਰ ਰਹੇ ਹਨ ਤੇ ਤੁਸੀਂ ਨਹੀਂ। ਪ੍ਰਧਾਨ ਮੰਤਰੀ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਮੁਫ਼ਤ ਵੈਕਸੀਨਾਂ ਮੁਹੱਈਆ ਕਰਵਾ ਰਹੇ ਹਨ ਤੇ ਤੁਸੀਂ ਸਿਰਫ਼ ਭਰਮ ਫੈਲਾ ਰਹੇ ਹੋ। ਤੁਸੀਂ ਘਬਰਾਹਟ ਤੇ ਭਰਮ ਫੈਲਾ ਰਹੇ ਹੋ, ਜਿਸ ਕਰਕੇ ਕਈ ਲੋਕ ਵੈਕਸੀਨ ਲਵਾਉਣ ਤੋਂ ਇਨਕਾਰੀ ਹਨ।’
ਚੇਤੇ ਰਹੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਮਾਸਿਕ ਪ੍ਰੋਗਰਾਮ ‘ਮਨ ਕੀ ਬਾਤ’ ਦੌਰਾਨ ਮੱਧ ਪ੍ਰਦੇਸ਼ ਦੇ ਬੇਤੂਲ ਜ਼ਿਲ੍ਹੇ ਦੇ ਦੁਲਾਰੀਆ ਪਿੰਡ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ, ਜਿਨ੍ਹਾਂ ਕਿਸੇ ਦੁਚਿੱਤੀ ਕਰ ਕੇ ਆਪਣਾ ਟੀਕਾਕਰਨ ਨਹੀਂ ਕਰਵਾਇਆ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly