ਭਾਰਤੀ ਸੈਨਿਕਾਂ ਦਾ ਸਮਰਪਣ ਇੱਕ ਵਿਲੱਖਣ ਮਿਸਾਲ: ਰਾਜਨਾਥ

ਨਵੀਂ ਦਿੱਲੀ (ਸਮਾਜ ਵੀਕਲੀ): ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਪ੍ਰਤੀ ਭਾਰਤੀ ਸੈਨਿਕਾਂ ਤੇ ਸਾਬਕਾ ਸੈਨਿਕਾਂ ਦਾ ਸਮਰਪਣ ਇੱਕ ਪ੍ਰੇਰਨਾ ਦੇਣ ਵਾਲੀ ਮਿਸਾਲ ਹੈ। ਲੱਦਾਖ ਦੇ ਤਿੰਨ ਰੋਜ਼ਾ ਦੌਰੇ ’ਤੇ ਪਹੁੰਚਣ ਮਗਰੋਂ ਉਨ੍ਹਾਂ ਇਹ ਗੱਲ ਕਹੀ। ਰੱਖਿਆ ਮੰਤਰੀ ਦੀ ਯਾਤਰਾ ਦਾ ਮਕਸਦ ਚੀਨ ਨਾਲ ਲੰਮੇ ਸਮੇਂ ਤੋਂ ਚੱਲੇ ਆ ਰਹੇ ਸਰਹੱਦੀ ਵਿਵਾਦ ਵਿਚਾਲੇ ਖੇਤਰ ’ਚ ਭਾਰਤ ਦੀਆਂ ਫੌਜੀ ਤਿਆਰੀਆਂ ਦਾ ਜਾਇਜ਼ਾ ਲੈਣਾ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਲੇਹ ’ਚ ਰੱਖਿਆ ਮੰਤਰੀ ਨੇ ਲੇਹ, ਕਾਰਗਿਲ ਤੇ ਲੱਦਾਖ ਖੁਦਮੁਖਤਿਆਰ ਪਹਾੜੀ ਵਿਕਾਸ ਪ੍ਰੀਸ਼ਦ ਦੇ ਸੀਨੀਅਰ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ। ਰੱਖਿਆ ਮੰਤਰੀ ਨਾਲ ਸੈਨਾ ਮੁਖੀ ਜਨਰਲ ਐੱਮਐੱਮ ਨਰਵਾਣੇ ਵੀ ਸਨ ਅਤੇ ਇਸ ਦੌਰਾਨ ਰੱਖਿਆ ਮੰਤਰੀ ਨੇ ਹਥਿਆਰਬੰਦ ਦਸਤਿਆਂ ਦੇ ਸਾਬਕਾ ਜਵਾਨਾਂ ਨਾਲ ਵੀ ਮੁਲਾਕਾਤ ਕੀਤੀ ਤੇ ਉਨ੍ਹਾਂ ਦੀ ਭਲਾਈ ਤੇ ਕੌਮੀ ਸੁਰੱਖਿਆ ਨਾਲ ਜੁੜੇ ਮਸਲਿਆਂ ’ਤੇ ਚਰਚਾ ਕੀਤੀ। ਉਨ੍ਹਾਂ ਕਿਹਾ, ‘ਦੇਸ਼ ਪ੍ਰਤੀ ਭਾਰਤੀ ਸੈਨਿਕਾਂ ਤੇ ਸਾਬਕਾ ਸੈਨਿਕਾਂ ਦਾ ਸਮਰਪਣ ਇੱਕ ਵਿਲੱਖਣ ਮਿਸਾਲ ਹੈ। ਮੈਂ ਦਿਲੋਂ ਸਾਰਿਆਂ ਦਾ ਸ਼ੁਕਰਾਨਾ ਕਰਦਾ ਹਾਂ।’ ਰੱਖਿਆ ਮੰਤਰਾਲੇ ਨੇ ਉਨ੍ਹਾਂ ਦੇ ਹਵਾਲੇ ਨੇ ਕਿਹਾ, ‘ਸਾਡਾ ਮਕਸਦ ਹੈ ਕਿ ਤੁਹਾਡੀ ਸਾਰਿਆਂ ਦੀ ਉਸੇ ਤਰ੍ਹਾਂ ਸਾਂਭ ਸੰਭਾਲ ਹੋਵੇ ਜਿਸ ਤਰ੍ਹਾਂ ਤੁਸੀਂ ਦੇਸ਼ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲੀ ਹੈ। ਇਸ ਸਭ ਦੇ ਬਾਵਜੂਦ ਜੇਕਰ ਤੁਹਾਨੂੰ ਕੋਈ ਦਿੱਕਤ ਹੋਵੇ ਤਾਂ ਉਸ ਨੂੰ ਦੂਰ ਕਰਨ ਲਈ ਹੈਲਪਲਾਈਨ ਨੰਬਰ ਸ਼ੁਰੂ ਕੀਤਾ ਗਿਆ ਹੈ।’

ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਰੱਖਿਆ ਮੰਤਰੀ ਚੀਨ ਨਾਲ ਸੰਘਰਸ਼ ਵਾਲੀਆਂ ਕਈ ਥਾਵਾਂ ਤੋਂ ਫੌਜੀ ਵਾਪਸ ਭੇਜਣ ਦੇ ਅਗਲੇ ਗੇੜ ’ਚ ਪਏ ਅੜਿੱਕੇ ਵਿਚਾਲੇ ਪੂਰਬੀ ਲੱਦਾਖ ’ਚ ਭਾਰਤ ਦੀਆਂ ਤਿਆਰੀਆਂ ਦੀ ਸਮੀਖਿਆ ਕਰਨਗੇ। ਰੱਖਿਆ ਮੰਤਰੀ ਵੱਲੋਂ ਇਸ ਸੰਵੇਦਨਸ਼ੀਲ ਇਲਾਕੇ ਦਾ ਦੌਰਾ ਅਜਿਹੇ ਸਮੇਂ ਕੀਤਾ ਜਾ ਰਿਹਾ ਹੈ ਜਦੋਂ ਲੰਮੇ ਸਮੇਂ ਤੋਂ ਚੱਲੇ ਆ ਰਹੇ ਵਿਵਾਦ ਨੂੰ ਖਤਮ ਕਰਨ ਲਈ ਦੋ ਦਿਨ ਪਹਿਲਾਂ ਹੀ ਭਾਰਤ ਤੇ ਚੀਨ ਵਿਚਾਲੇ ਨਵੇਂ ਦੌਰ ਦੀ ਗੱਲਬਾਤ ਹੋਈ ਹੈ। ਰੱਖਿਆ ਮੰਤਰੀ ਜ਼ਮੀਨੀ ਹਕੀਕਤ ਦਾ ਜਾਇਜ਼ਾ ਲੈਣ ਲਈ ਵੱਧ ਉਚਾਈ ਵਾਲੇ ਅੱਡਿਆਂ ਉੱਤੇ ਅਤੇ ਹੋਰ ਕਈ ਅਹਿਮ ਥਾਵਾਂ ’ਤੇ ਜਾਣਗੇ ਤੇ ਕੰਟਰੋਲ ਰੇਖਾ ਦੀ ਰਾਖੀ ਕਰ ਰਹੇ ਸੁਰੱਖਿਆ ਬਲਾਂ ਦਾ ਹੌਸਲਾ ਵਧਾਉਣਗੇ।

ਜ਼ਿਕਰਯੋਗ ਹੈ ਕਿ ਭਾਰਤ ਦੇ ਚੀਨ ਵਿਚਾਲੇ ਸਹਿਮਤੀ ਤੋਂ ਬਾਅਦ ਫਰਵਰੀ ’ਚ ਪੈਂਗੌਂਗ ਝੀਲ ਇਲਾਕੇ ’ਚ ਦੋਵਾਂ ਧਿਰਾਂ ਵੱਲੋਂ ਫੌਜ, ਤੋਪਾਂ ਤੇ ਹੋਰ ਸਾਜ਼ੋ ਸਾਮਾਨ ਹਟਾਏ ਜਾਣ ਤੋਂ ਬਾਅਦ ਰੱਖਿਆ ਮੰਤਰੀ ਵੱਲੋਂ ਪੂਰਬੀ ਲੱਦਾਖ ਦਾ ਇਹ ਪਹਿਲਾ ਦੌਰਾ ਹੈ। ਸੰਘਰਸ਼ ਦੀਆਂ ਹੋਰਨਾਂ ਥਾਵਾਂ ਹੌਟ ਸਪਰਿੰਗ, ਗੋਗਰਾ ਅਤੇ ਦੇਪਸਾਂਗ ਤੋਂ ਫੌਜ ਹਟਾਉਣ ਦੀ ਪ੍ਰਕਿਰਿਆ ਬੰਦ ਪਈ ਹੈ ਕਿਉਂਕਿ ਚੀਨ ਇਨ੍ਹਾਂ ਥਾਵਾਂ ਤੋਂ ਆਪਣੇ ਫੌਜੀ ਹਟਾਉਣ ਦਾ ਇੱਛੁਕ ਨਹੀਂ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤੀ ਸਮਾਜ ਡਰ ‘ਤੇ ਚੁਨੌਤੀਆਂ
Next articleਟੀਕਾਕਰਨ ਬਾਰੇ ‘ਭਰਮ ਤੇ ਘਬਰਾਹਟ’ ਫੈਲਾ ਰਹੇ ਨੇ ਰਾਹੁਲ ਗਾਂਧੀ: ਸ਼ਿਵ ਰਾਜ ਚੌਹਾਨ