‘ਯੋਗੀ ਸਰਕਾਰ ਨੇ ਕਰੋਨਾ ਦੀ ਪਹਿਲੀ ਲਹਿਰ ਤੋਂ ਕੋਈ ਸਬਕ ਨਹੀਂ ਸਿੱਖਿਆ’

ਬਲੀਆ(ਯੂਪੀ) (ਸਮਾਜ ਵੀਕਲੀ): ਉੱਤਰ ਪ੍ਰਦੇਸ਼ ਵਿੱਚ ਸੱਤਾਧਾਰੀ ਪਾਰਟੀ ਨਾਲ ਸਬੰਧਤ ਭਾਜਪਾ ਆਗੂ ਨੇ ਕੋਵਿਡ-19 ਸੰਕਟ ਨਾਲ ਨਜਿੱਠਣ ਦੇ ਢੰਗ ਤਰੀਕੇ ਲਈ ਯੋਗੀ ਸਰਕਾਰ ਨੂੰ ਹੀ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਭਾਜਪਾ ਦੀ ਸੂਬਾਈ ਵਰਕਿੰਗ ਕਮੇਟੀ ਦੇ ਮੈਂਬਰ ਰਾਮ ਇਕਬਾਲ ਸਿੰਘ ਨੇ ਦਾਅਵਾ ਕੀਤਾ ਕਿ ਕਰੋਨਾ ਦੀ ਦੂਜੀ ਲਹਿਰ ਦੌਰਾਨ ਹਰੇਕ ਪਿੰਡ ਵਿੱਚ ਘੱਟੋ-ਘੱਟ ਦਸ ਵਿਅਕਤੀ ਮੌਤ ਦੇ ਮੂੰਹ ਪਏ ਹਨ ਤੇ ਸੂਬਾ ਸਰਕਾਰ ਨੇ ਪਹਿਲੀ ਲਹਿਰ ਤੋਂ ਕੋਈ ਸਬਕ ਨਹੀਂ ਸਿੱਖਿਆ। ਸਿੰਘ ਨੇ ਇਹ ਟਿੱਪਣੀਆਂ ਭਾਵੇਂ ਲੰਘੇ ਦਿਨ ਕੀਤੀਆਂ ਸਨ, ਪਰ ਸੂਬੇ ਵਿੱਚ ਕਰੋਨਾਵਾਇਰਸ ਦੀ ਲਾਗ ਦੇ ਪ੍ਰਬੰਧਨ ਨੂੰ ਲੈ ਕੇ ਆਪਣੀ ਹੀ ਸਰਕਾਰ ’ਤੇ ਉਂਗਲ ਚੁੱਕਣ ਵਾਲੇ ਉਹ ਸੱਜਰੇ ਪਾਰਟੀ ਆਗੂ ਹਨ। ਇਸ ਤੋਂ ਪਹਿਲਾਂ ਕਈ ਹੋਰ ਪਾਰਟੀ ਆਗੂ ਯੋਗੀ ਸਰਕਾਰ ਦੀ ਕੋਵਿਡ ਨਾਲ ਨਜਿੱਠਣ ਦੀ ਕਾਰਜਸ਼ੈਲੀ ਦੀ ਨੁਕਤਾਚੀਨੀ ਕਰ ਚੁੱਕੇ ਹਨ।

ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਨੇ ਕੋਵਿਡ-19 ਦੀ ਪਹਿਲੀ ਲਹਿਰ ਤੋਂ ਕੋਈ ਸਬਕ ਨਹੀਂ ਸਿੱਖਿਆ। ਇਹੀ ਵਜ੍ਹਾ ਹੈ ਕਿ ਦੂਜੀ ਲਹਿਰ ਦੌਰਾਨ ਵੱਡੀ ਗਿਣਤੀ ਲੋਕਾਂ ਦੀ ਮਹਾਮਾਰੀ ਕਰਕੇ ਮੌਤ ਹੋ ਗਈ ਹੈ। ਸਿੰਘ ਨੇ ਕਿਹਾ, ‘‘ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਸੂਬੇ ਦੇ ਹਰ ਪਿੰਡ ਵਿੱਚ ਘੱਟੋ-ਘੱਟ ਦਸ ਮੌਤਾਂ ਹੋਈਆਂ ਹਨ।’’ ਭਾਜਪਾ ਆਗੂ ਨੇ ਮੰਗ ਕੀਤੀ ਕਿ ਕਰੋਨਾ ਦੀ ਲਾਗ ਕਰਕੇ ਮਰਨ ਵਾਲਿਆਂ ਦੇ ਵਾਰਿਸਾਂ ਨੂੰ 10 ਲੱਖ ਰੁਪੲੇ ਦਾ ਮੁਆਵਜ਼ਾ ਦਿੱਤਾ ਜਾਵੇ।

ਸਿੰਘ ਨੇ ਕਿਹਾ ਕਿ ਆਜ਼ਾਦੀ ਦੇ 75 ਸਾਲਾਂ ਬਾਅਦ ਵੀ 34 ਲੱਖ ਦੀ ਆਬਾਦੀ ਵਾਲੇ ਇਸ ਜ਼ਿਲ੍ਹੇ ਵਿੱਚ ‘ਨਾ ਡਾਕਟਰ ਤੇ ਨਾ ਹੀ ਦਵਾਈਆਂ ਹਨ।’’ ਸਿੰਘ ਨੂੰ ਜਦੋਂ ਪੁੱਛਿਆ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਬਲੀਆ ਜ਼ਿਲ੍ਹੇ ਦੀ ਆਪਣੀ ਹਾਲੀਆ ਫੇਰੀ ਦੌਰਾਨ ਸਿਹਤ ਵਿਭਾਗ ਵੱਲੋਂ ਕੀਤੇ ਪ੍ਰਬੰਧਾਂ ’ਤੇ ਤਸੱਲੀ ਪ੍ਰਗਟਾਈ ਸੀ ਤਾਂ ਉਸ ਨੇ ਕਿਹਾ ਕਿ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਗੁੰਮਰਾਹ ਕੀਤਾ ਤੇ ਅਸਲ ਤਸਵੀਰ ਨਹੀਂ ਵਿਖਾਈ। ਇਸ ਤੋਂ ਪਹਿਲਾਂ ਸੀਤਾਪੁਰ ਤੋਂ ਭਾਜਪਾ ਵਿਧਾਇਕ ਰਾਕੇਸ਼ ਰਾਠੌੜ ਨੇ ਕੋਵਿਡ-19 ਪ੍ਰਬੰਧਨ ਨੂੰ ਲੈ ਕੇ ਆਪਣਾ ਵਿਰੋਧ ਦਰਜ ਕਰਵਾਇਆ ਸੀ।

ਵਿਧਾਇਕ ਨੇ ਕਿਹਾ ਸੀ ਕਿ ਉਸ ਨੂੰ ਡਰ ਹੈ ਕਿ ਮੂੰਹ ਖੋਲ੍ਹਣ ਬਦਲੇ ਕਿਤੇ ਉਸ ਖਿਲਾਫ਼ ਦੇਸ਼ਧ੍ਰੋਹ ਦਾ ਕੇਸ ਹੀ ਦਰਜ ਨਾ ਹੋ ਜਾਵੇ। ਕਿਰਤ ਮੰਤਰੀ ਸੰਤੋਸ਼ ਗੰਗਵਾਰ ਨੇ ਵੀ 9 ਮਈ ਨੂੰ ਆਪਣੇ ਬਰੇਲੀ ਹਲਕੇ ਵਿੱਚ ਸਿਹਤ ਸੇਵਾਵਾਂ ਨੂੰ ਲੈ ਕੇ ਮੁੱਖ ਮੰਤਰੀ ਨੂੰ ਸ਼ਿਕਾਇਤ ਕੀਤੀ ਸੀ। ਉਧਰ ਫ਼ਿਰੋਜ਼ਾਬਾਦ ਵਿੱਚ ਜਸਰਾਨਾ ਤੋਂ ਭਾਜਪਾ ਵਿਧਾਇਕ ਰਾਮਗੋਪਾਲ ਲੋਧੀ ਨੇ ਦਾਅਵਾ ਕੀਤਾ ਸੀ ਕਿ ਉਸ ਦੀ ਕਰੋਨਾ ਪਾਜ਼ੇਟਿਵ ਪਤਨੀ ਨੂੰ ਬੈੱਡ ਦੀ ਘਾਟ ਕਰਕੇ ਤਿੰਨ ਘੰਟਿਆਂ ਤੱਕ ਆਗਰਾ ਦੇ ਹਸਪਤਾਲ ਵਿੱਚ ਭਰਤੀ ਨਹੀਂ ਸੀ ਕੀਤਾ ਗਿਆ। ਯੂਪੀ ਦੇ ਕਾਨੂੰਨ ਮੰਤਰੀ ਬ੍ਰਜੇਸ਼ ਪਾਠਕ ਨੇ ਵੀ ਇਕ ਪੱਤਰ ਲਿਖ ਕੇ ਸੂਬੇ ਦੇ ਸਿਹਤ ਵਿਭਾਗ ਨੂੰ ਭੰਡਿਆ ਸੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਟੀਕਾਕਰਨ ਬਾਰੇ ‘ਭਰਮ ਤੇ ਘਬਰਾਹਟ’ ਫੈਲਾ ਰਹੇ ਨੇ ਰਾਹੁਲ ਗਾਂਧੀ: ਸ਼ਿਵ ਰਾਜ ਚੌਹਾਨ
Next articleਹਰਿਆਣਾ ਨੇ ਪਾਬੰਦੀਆਂ 5 ਜੁਲਾਈ ਤੱਕ ਵਧਾਈਆਂ