ਕੁਆਡ ਸਮੂਹ ਦੀ ਗੱਲਬਾਤ ’ਚ ਚੀਨ ਦੇ ਹਮਲਾਵਰ ਰੁਖ਼ ਦਾ ਮੁੱਦਾ ਉਭਰਿਆ: ਪੈਂਟਾਗਨ

Pentagon seen from an airplane over Washington D.C., the United States.

ਵਾਸ਼ਿੰਗਟਨ (ਸਮਾਜ ਵੀਕਲੀ):  ਅਮਰੀਕੀ ਫ਼ੌਜੀ ਹੈੱਡਕੁਆਰਟਰ ਪੈਂਟਾਗਨ ਨੇ ਅੱਜ ਕਿਹਾ ਕਿ ਕੁਆਡ ਮੁਲਕਾਂ ਦੀ ਹਾਲ ਹੀ ਵਿਚ ਹੋਈ ਮੀਟਿੰਗ ਮੌਕੇ ਹੋਈ ਗੱਲਬਾਤ ’ਚ ਚੀਨ ਦੇ ਹਮਲਾਵਰ ਰੁਖ਼ ਬਾਰੇ ਵਿਚਾਰ-ਚਰਚਾ ਹੋਈ ਹੈ। ਇਸ ਤੋਂ ਇਲਾਵਾ ਰਣਨੀਤਕ ਹਿੰਦ-ਪ੍ਰਸ਼ਾਂਤ ਖੇਤਰ ਦਾ ਮੁੱਦਾ ਵੀ ਗੱਲਬਾਤ ’ਚ ਉੱਭਰਿਆ।

ਜ਼ਿਕਰਯੋਗ ਹੈ ਕਿ 24 ਸਤੰਬਰ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕੁਆਡ ਆਗੂਆਂ ਨਾਲ ਬੈਠਕ ਕੀਤੀ ਸੀ। ਇਸ ਵਿਚ ਅਹਿਦ ਕੀਤਾ ਗਿਆ ਸੀ ਕਿ ਹਿੰਦ-ਪ੍ਰਸ਼ਾਂਤ ਖੇਤਰ ਨੂੰ ਸੁਤੰਤਰ ਤੇ ਖੁੱਲ੍ਹਾ ਰੱਖਿਆ ਜਾਵੇਗਾ ਤੇ ਹਰੇਕ ਦੀ ਬੇਰੋਕ ਆਵਾਜਾਈ ਯਕੀਨੀ ਬਣਾਈ ਜਾਵੇਗੀ। ਚੀਨ ਨੂੰ ਸੁਨੇਹਾ ਦਿੰਦਿਆਂ ਇਸ ਗੱਲ ਉਤੇ ਵੀ ਸਹਿਮਤੀ ਬਣਾਈ ਗਈ ਸੀ ਕਿ ਇਸ ਖੇਤਰ ਵਿਚ ਲੋਕਤਾਂਤਰਿਕ ਕਦਰਾਂ-ਕੀਮਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ ਤੇ ਕਿਸੇ ਨੂੰ ਮਰਜ਼ੀ ਨਹੀਂ ਥੋਪਣ ਦਿੱਤੀ ਜਾਵੇਗੀ।

ਰਾਸ਼ਟਰਪਤੀ ਜੋਅ ਬਾਇਡਨ ਦੇ ਸੱਦੇ ਉਤੇ ਹੋਈ ਮੀਟਿੰਗ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਹਮਰੁਤਬਾ ਸਕੌਟ ਮੌਰੀਸਨ (ਆਸਟਰੇਲੀਆ), ਯੋਸ਼ੀਹਿਦੇ ਸੁਗਾ (ਜਪਾਨ) ਨੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਕਈ ਨਵੇਂ ਕਦਮ ਚੁੱਕਣ ਦਾ ਐਲਾਨ ਵੀ ਕੀਤਾ ਜੋ ਸਾਂਝੀਆਂ ਚੁਣੌਤੀਆਂ ਨਾਲ ਨਜਿੱਠਣਗੇ। ਜ਼ਿਕਰਯੋਗ ਹੈ ਕਿ ਇਸ ਰਣਨੀਤਕ ਹਿੰਦ-ਪ੍ਰਸ਼ਾਂਤ ਖੇਤਰ ਵਿਚ ਚੀਨ ਆਪਣਾ ਰਸੂਖ਼ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪੈਂਟਾਗਨ ਦੇ ਪ੍ਰੈੱਸ ਸਕੱਤਰ ਜੌਹਨ ਕਿਰਬੀ ਨੇ ਕਿਹਾ ਕਿ ‘ਕੁਆਡ ਦੀ ਹੋਂਦ ਮਹਿਜ਼ ਚੀਨ ਕਰ ਕੇ ਹੀ ਨਹੀਂ ਹੈ, ਹੋਰ ਕਦਮ ਵੀ ਚੁੱਕੇ ਜਾਣਗੇ।’ ਜ਼ਿਕਰਯੋਗ ਹੈ ਕਿ ਕੁਆਡ ਗਰੁੱਪ ਨਵੰਬਰ 2017 ਵਿਚ ਹੋਂਦ ’ਚ ਆਇਆ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉੱਤਰੀ ਕੋਰੀਆ ਵੱਲੋਂ ਜਹਾਜ਼ ਡੇਗਣ ਦੇ ਸਮਰੱਥ ਮਿਜ਼ਾਈਲ ਦੇ ਪ੍ਰੀਖਣ ਦਾ ਦਾਅਵਾ
Next articleਵੈਕਸੀਨ ਯੋਗਤਾ ਵਾਲੇ ਦੇਸ਼ਾਂ ਦੀ ਸੂਚੀ ਦੀ ਲਗਾਤਾਰ ਹੋ ਰਹੀ ਹੈ ਸਮੀਖਿਆ: ਬਰਤਾਨਵੀ ਸਰਕਾਰ ਦੇ ਸੂਤਰ