ਸ਼ਬਦਾਂ ਦੀ ਪਰਵਾਜ਼
(ਇੱਕ ਅਧਿਐਨ)
(ਸਮਾਜ ਵੀਕਲੀ) ਪੰਜਾਬੀ ਦੇ ਬਹੁਤ ਸਾਰੇ ਸ਼ਬਦ ਅਜਿਹੇ ਹਨ ਜਿਹੜੇ ਅਸੀਂ ਸੁਣਦੇ ਜਾਂ ਬੋਲਦੇ ਤਾਂ ਬਚਪਨ ਤੋਂ ਹੀ ਆ ਰਹੇ ਹੁੰਦੇ ਹਾਂ ਅਤੇ ਜਿਨ੍ਹਾਂ ਦੇ ਮਾਅਨੇ ਜਾਂ ਅਰਥ ਵੀ ਸਮਝਦੇ ਹਾਂ ਪਰ ਇਹਨਾਂ ਬਾਰੇ ਸਾਨੂੰ ਇਹ ਜਾਣਕਾਰੀ ਨਹੀਂ ਹੁੰਦੀ ਕਿ ਆਖ਼ਰ ਇਹ ਬਣੇ ਕਿਵੇਂ ਹਨ? ਇਹਨਾਂ ਵਿੱਚ ਮੂਲ ਸ਼ਬਦ ਕਿਹੜਾ ਹੈ ਅਤੇ ਉਹ ਆਪਣੀਆਂ ਹੋਰ ਸਹਿਯੋਗੀ ਧੁਨੀਆਂ ਨਾਲ਼ ਰਲ਼ ਕੇ ਕਿਵੇਂ ਕਿਸੇ ਸਾਰਥਕ ਸ਼ਬਦ ਦਾ ਰੂਪ ਧਾਰਨ ਕਰਦਾ ਹੈ। “ਕਰਿਆਨਾ” ਵੀ ਇੱਕ ਅਜਿਹਾ ਹੀ ਸ਼ਬਦ ਹੈ ਜਿਸ ਬਾਰੇ ਜਾਣਨ ਦੀ ਜਿਗਿਆਸਾ ਭਾਵੇਂ ਸ਼ੁਰੂ ਤੋਂ ਹੀ ਰਹੀ ਹੈ ਪਰ ਇਸ ਦੀ ਵਿਉਤਪਤੀ ਸੰਬੰਧੀ ਮੁਕੰਮਲ ਜਾਣਕਾਰੀ ਬਹੁਤ ਦੇਰ ਬਾਅਦ ਹੀ ਪਤਾ ਲੱਗ ਸਕੀ ਹੈ।
ਕਰਿਆਨਾ ਸ਼ਬਦ ਦਾ ਵਿਸ਼ਲੇਸ਼ਣ ਕਰਦਿਆਂ ਪਤਾ ਲੱਗਿਆ ਕਿ ਇਸ ਦਾ ਮੂਲ ਵੀ ਬਾਕੀ ਦੇ ਬਹੁਤ ਸਾਰੇ ਸ਼ਬਦਾਂ ਵਾਂਗ ਸੰਸਕ੍ਰਿਤ ਭਾਸ਼ਾ ਨਾਲ਼ ਹੀ ਜੁੜਿਆ ਹੋਇਆ ਹੈ। ਇਹ ਸੰਸਕ੍ਰਿਤ ਦੇ “ਕ੍ਰੀ” (क्री) ਧਾਤੂ ਤੋਂ ਬਣਿਆ ਹੈ ਜਿਸ ਦੇ ਅਰਥ ਹਨ: “ਖ਼ਰੀਦਣਾ”। ਇਸੇ ਤੋਂ ਬਣੇ ਕ੍ਰਿਯ “ਕ੍ਰਯ” (क्रय=ਖ਼ਰੀਦਣਾ) ਸ਼ਬਦ ਤੋਂ ਹੀ ਸੰਸਕ੍ਰਿਤ ਦਾ “ਕ੍ਰਯਣਮ੍” (क्रयणम्) ਸ਼ਬਦ ਬਣਿਆ ਹੈ ਜਿਸ ਦੇ ਅਰਥ ਹਨ- ਖ਼ਰੀਦਣਾ ਜਾਂ ਮੁੱਲ ਲੈਣਾ ਆਦਿ ਅਰਥਾਤ ਉਹ ਥਾਂ ਜਾਂ ਦੁਕਾਨ ਜਿੱਥੋਂ ਅਸੀਂ ਆਪਣੀ ਰੋਜ਼ਮੱਰਾ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਖਾਣ-ਪੀਣ ਵਾਲ਼ੀਆਂ ਚੀਜ਼ਾਂ ਖ਼ਰੀਦਦੇ ਜਾਂ ਮੁੱਲ ਲੈਂਦੇ ਹਾਂ, ਜਿਵੇਂ: ਆਟਾ, ਲੂਣ, ਤੇਲ, ਦਾਲ਼ਾਂ, ਮਿਰਚ, ਮਸਾਲੇ ਆਦਿ। “ਸੰਸਕ੍ਰਿਤ ਦੇ “ਕ੍ਰਯਣਮ੍” ਸ਼ਬਦ ਤੋਂ ਹੀ ਇਹ ਸ਼ਬਦ ਹਿੰਦੀ ਵਿੱਚ ਕਿਰਾਨਾ (किराना) ਅਤੇ ਪੰਜਾਬੀ ਭਾਸ਼ਾ ਵਿੱਚ “ਕਰਿਆਨਾ” ਦਾ ਰੂਪ ਧਾਰ ਗਿਆ ਹੈ। ਇਸ ਪ੍ਰਕਾਰ ਇਹ ਦੋਵੇਂ ਸ਼ਬਦ ਸੰਸਕ੍ਰਿਤ ਮੂਲ ਦੇ “ਕ੍ਰਯਣਮ੍” ਤੋਂ ਬਣੇ ਤਦਭਵ ਸ਼ਬਦ ਹਨ।
ਇਸ ਦੇ ਨਾਲ਼-ਨਾਲ਼ ਕਰਿਆਨਾ ਇੱਕ ਦੋ-ਅਰਥੀ ਸ਼ਬਦ ਵੀ ਹੈ ਜਿਸ ਦੇ ਦੂਜੇ ਅਰਥ ਹਨ: ਭਾਨ, ਪ੍ਰਚੂਨ ਜਾਂ ਰੇਜ਼ਗਾਰੀ ਆਦਿ ਅਰਥਾਤ ਟੁੱਟੇ ਪੈਸੇ। ਇਸ ਦੇ ਇਹ ਅਰਥ ਵੀ ਇਸ ਵਿਚਲੇ “ਕ੍ਰੀ” ਧਾਤੂ ਤੋਂ ਹੀ ਬਣੇ ਹਨ ਜਿਸ ਦੇ ਅਰਥ ਇੱਥੇ ਕਰਿਆਨਾ ਵਿਚਲੇ ਕ੍ਰੀ ਜਾਂ ਕ੍ਰਯ ਧਾਤੂ ਤੋਂ ਰਤਾ ਕੁ ਭਿੰਨ ਹਨ ਜਿਸ ਕਾਰਨ ਇਸ ਤੋਂ ਬਣੇ ਇਸ ਦੋ-ਅਰਥੀ ਸ਼ਬਦ ਨੇ ਦੋ ਵੱਖ-ਵੱਖ ਅਰਥ ਧਾਰਨ ਕਰ ਲਏ ਹਨ। ਇਹ ਚਮਤਕਾਰ ਧੁਨੀਆਂ ਦੇ ਇੱਕ ਤੋਂ ਵੱਧ ਅਰਥਾਂ ਕਾਰਨ ਹੀ ਸੰਭਵ ਹੋ ਸਕਿਆ ਹੈ। ਮਿਸਾਲ ਦੇ ਤੌਰ ‘ਤੇ ਧੁਨੀਆਂ ਦੇ ਇਹਨਾਂ ਵੱਖ-ਵੱਖ ਅਰਥਾਂ ਕਾਰਨ ਹੀ ਹਰਖ (हर्ष ), ਨਿਰਮਾਣ (निर्माण) ਅਤੇ ਵਾਰ ਆਦਿ ਅਨੇਕਾਂ ਹੋਰ ਦੋ-ਅਰਥੀ ਜਾਂ ਬਹੁਅਰਥੀ ਸ਼ਬਦਾਂ ਦੇ ਦੋ ਜਾਂ ਦੋ ਤੋਂ ਵੱਧ ਅਰਥ ਸੰਭਵ ਹੋ ਸਕੇ ਹਨ।
ਸੰਸਕ੍ਰਿਤ ਦੇ “क्रय” ਸ਼ਬਦ ਤੋਂ ਹੀ ਇਸ ਭਾਸ਼ਾ ਦਾ “विक्रय:” ਸ਼ਬਦ ਵੀ ਬਣਿਆ ਹੈ ਜਿਸ ਦੇ ਅਰਥ ਹਨ: ਵੇਚਣਾ। ਇਸ ਵਿੱਚ “ਵਿ'” ਧੁਨੀ ਦੇ ਅਰਥ ਹਨ- ਕਿਸੇ ਦੁਜੇ ਵਿਅਕਤੀ ਨੂੰ ਭਾਵ ਕਿਸੇ ਇੱਕ ਧਿਰ ਵੱਲੋਂ ਵੇਚੇ ਗਏ ਸਮਾਨ ਦਾ ਕਿਸੇ ਦੂਜੀ ਧਿਰ ਜਾਂ ਵਿਅਕਤੀ ਦੁਆਰਾ ਖ਼ਰੀਦ ਲਿਆ ਜਾਣਾ। ਇਸੇ ਕਾਰਨ ਹੀ “ਕ੍ਰਯ” (ਖ਼ਰੀਦਣਾ) ਅਤੇ ਵਿਕ੍ਰਯ (ਵੇਚਣਾ) ਦੋਂਹਾਂ ਸ਼ਬਦਾਂ ਵਿੱਚ “ਕ੍ਰਯ” ਸ਼ਬਦ ਸਾਂਝਾ ਹੈ। ਸੰਖੇਪ ਵਿੱਚ ਇਹ ਗੱਲ ਇੰਞ ਵੀ ਆਖੀ ਜਾ ਸਕਦੀ ਹੈ ਕਿ ਕਿਸੇ ਇੱਕ ਵਿਅਕਤੀ ਦਾ ਜਿਹੜਾ “ਖ਼ਰੀਦ ਮੁੱਲ” ਹੈ, ਉਹੀ ਦੂਜੇ ਵਿਅਕਤੀ ਦਾ “ਵੇਚ ਮੁੱਲ” ਹੁੰਦਾ ਹੈ। ਇਹੋ ਹੀ ਕਾਰਨ ਹੈ ਕਿ ਪੰਜਾਬੀ ਵਿੱਚ “ਕ੍ਰਯ” ਨੂੰ ਖ਼ਰੀਦ ਮੁੱਲ ਅਤੇ ਵਿਕ੍ਰਯ (विक्रय:) ਨੂੰ ਵਿਕਰੀ ਜਾਂ ਵੇਚ-ਮੁੱਲ ਆਖਿਆ ਜਾਂਦਾ ਹੈ। ਸੰਸਕ੍ਰਿਤ ਭਾਸ਼ਾਵਾਂ ਦੇ “क्रय-विक्रय” ਸ਼ਬਦਾਂ ਨੂੰ ਉਰਦੂ/ਫ਼ਾਰਸੀ ਭਾਸ਼ਾਵਾਂ ਵਿੱਚ ਖ਼ਰੀਦੋ-ਫ਼ਰੋਖ਼ਤ (خرید و فروخت) ਆਖਿਆ ਜਾਂਦਾ ਹੈ। ਸੰਸਕ੍ਰਿਤ ਦਾ “ਵਿਕ੍ਰਯ” ਸ਼ਬਦ ਪੰਜਾਬੀ ਵਿੱਚ ਆ ਕੇ “ਵਿਕਰੀ” ਸ਼ਬਦ ਦਾ ਰੂਪ ਧਾਰਨ ਕਰ ਗਿਆ ਹੈ ਅਤੇ ਹਿੰਦੀ ਵਿੱਚ ਬਿਕ੍ਰੀ (बिक्री) ਦਾ। ਹਿੰਦੀ ਭਾਸ਼ਾ ਵਿੱਚ ਇਸੇ ਤੋਂ “ਬੇਚ” (बेच) ਜਾਂ ਬੇਚਨਾ (बेचना) ਆਦਿ ਸ਼ਬਦ ਬਣੇ ਹਨ।
“ਖ਼ਰੀਦ” ਸ਼ਬਦ ਫ਼ਾਰਸੀ ਭਾਸ਼ਾ ਨਾਲ਼ ਸੰਬੰਧਿਤ ਹੈ ਜਦਕਿ ਸੰਸਕ੍ਰਿਤ ਵਿੱਚ ਖ਼ਰੀਦ ਲਈ “ਕ੍ਰੀਤ” (क्रीत= ਕ੍ਰਿਯ/क्रय ਤੋਂ ਬਣਿਆ) ਸ਼ਬਦ ਨਿਰਧਾਰਿਤ ਕੀਤਾ ਗਿਆ ਹੈ। ਇਹਨਾਂ ਦੋਂਹਾਂ ਸ਼ਬਦਾਂ (ਕ੍ਰੀਤ ਅਤੇ ਖ਼ਰੀਦ) ਦੇ ਰੂਪ ਅਤੇ ਅਰਥਾਂ ਦੇ ਆਪਸ ਵਿੱਚ ਮਿਲ਼ਦੇ-ਜੁਲ਼ਦੇ ਹੋਣ ਦਾ ਕਾਰਨ ਇਹਨਾਂ ਭਾਸ਼ਾਵਾਂ ਦੇ ਇੱਕ ਹੀ ਭਾਸ਼ਾ-ਪਰਿਵਾਰ ਅਰਥਾਤ ਮੁਢਲੀ ਆਰੀਆਈ ਭਾਸ਼ਾ ਨਾਲ਼ ਸੰਬੰਧਿਤ ਹੋਣਾ ਹੈ।
ਸੰਸਕ੍ਰਿਤ ਦੇ ਕ੍ਰਯ (क्रय) ਸ਼ਬਦ ਤੋਂ ਹੀ ਇਸ ਭਾਸ਼ਾ ਦਾ ਕ੍ਰਯਿਕ: (क्रयिक:) ਸ਼ਬਦ ਵੀ ਬਣਿਆ ਹੈ। ਸੰਸਕ੍ਰਿਤ ਦੇ ਸ਼ਬਦ-ਕੋਸ਼ਾਂ ਅਨੁਸਾਰ ਇਸ ਦੇ ਅਰਥ ਹਨ: ਵਪਾਰੀ, ਸੁਦਾਗਰ, ਦੁਕਾਨਦਾਰ; ਖ਼ਰੀਦਾਰ ਜਾਂ ਗਾਹਕ ਆਦਿ। ਇੱਥੇ ਧਿਆਨ ਦੇਣ ਵਾਲ਼ੀ ਗੱਲ ਇਹ ਹੈ ਕਿ ਸੰਸਕ੍ਰਿਤ ਦੇ ਕ੍ਰਯਿਕ: (क्रयिक:) ਸ਼ਬਦ ਵਿੱਚ “ਕ੍ਰਯ” ਸ਼ਬਦ ਦੇ ਅਰਥ ਤਾਂ ਉਪਰੋਕਤ ਅਨੁਸਾਰ ਖ਼ਰੀਦਣਾ ਜਾਂ ਖ਼ਰੀਦਾਰ ਵਾਲ਼ੇ ਹੀ ਹਨ ਪਰ ਇਸ ਦੇ ਪਿੱਛੇ ਕਿਉਂਕਿ “ਕ” ਪਿਛੇਤਰ ਜੁੜ ਗਿਆ ਹੈ ਜਿਸ ਦੇ ਇੱਥੇ ਅਰਥ ਹਨ “ਵਾਲ਼ਾ”, ਜਿਵੇਂ: ਲੇਖਕ (ਲਿਖ+ਕ)=ਲਿਖਣ ਵਾਲ਼ਾ, ਅਧਿਆਪਕ= ਅਧਿਆਪਨ ਕਰਨ ਵਾਲ਼ਾ (ਅਧਿਆਪਨ+ਕ), ਚਾਲਕ=ਚਲਾਉਣ ਵਾਲ਼ਾ (ਚਾਲ+ਕ) ਆਦਿ। ਇਸ ਲਈ ਇੱਥੇ ਕ੍ਰਯਿਕ: (क्रयिक:) ਸ਼ਬਦ ਦੇ ਕਰਤਰੀ ਰੂਪ ਧਾਰਨ ਕਰ ਲੈਣ ਨਾਲ਼ ਇਸ ਦੇ ਅਰਥ ਹੋ ਗਏ ਹਨ: ੧. ਵਪਾਰੀ, ਸੁਦਾਗਰ ੨. ਖ਼ਰੀਦਣ ਵਾਲ਼ਾ ਜਾਂ ਗਾਹਕ ਆਦਿ। ਇਸ ਦੇ ਪਿੱਛੇ ਉਪਰੋਕਤ ਧਾਰਨਾ ਹੀ ਕੰਮ ਕਰ ਰਹੀ ਹੈ ਕਿ ਕਿਸੇ ਵਿਅਕਤੀ (ਖ਼ਰੀਦਣ ਵਾਲ਼ੇ) ਦਾ ਖ਼ਰੀਦ ਮੁੱਲ ਹੀ ਦੂਜੇ ਵਿਅਕਤੀ (ਵੇਚਣ ਵਾਲ਼ੇ) ਦਾ ਵੇਚ ਮੁੱਲ ਹੁੰਦਾ ਹੈ। ਇਸੇ ਕਾਰਨ ਹੀ ਇੱਕ ਪਾਸੇ ਤਾਂ “ਕ੍ਰਯਿਕ” ਸ਼ਬਦ ਦੇ ਅਰਥ ਵਪਾਰੀ, ਦੁਕਾਨਦਾਰ ਜਾਂ ਸੁਦਾਗਰ ਆਦਿ ਹਨ ਅਤੇ ਦੂਜੇ ਪਾਸੇ ਇਸ ਤੋਂ ਉਲਟ ਖ਼ਰੀਦਾਰ ਅਤੇ ਗਾਹਕ ਵੀ।
ਪੰਜਾਬੀ ਦਾ “ਗਾਹਕ” ਸ਼ਬਦ ਸੰਸਕ੍ਰਿਤ ਦੇ ਗ੍ਰਾਹਕ (ग्राहक) ਸ਼ਬਦ ਦਾ ਹੀ ਤਦਭਵ ਰੂਪ ਹੈ। ਹਿੰਦੀ ਵਿੱਚ ਇਸ ਦੇ ਤਤਸਮ ਰੂਪ “ਗ੍ਰਾਹਕ” ਦੀ ਹੀ ਵਰਤੋਂ ਕੀਤੀ ਜਾਂਦੀ ਹੈ। ਸੰਸਕ੍ਰਿਤ ਭਾਸ਼ਾ ਦੇ ਇਹ ਦੋਵੇਂ ਸ਼ਬਦ (ਕ੍ਰਾਯਕ: ਅਤੇ ਗ੍ਰਾਹਕ) ਦੋ ਸਮਾਨਾਰਥੀ ਸ਼ਬਦ ਹਨ ਕਿਉਂਕਿ ਇਹਨਾਂ ਦੋਂਹਾਂ ਸ਼ਬਦਾਂ ਦੇ ਇੱਕ ਹੀ ਅਰਥ ਹਨ: ਖ਼ਰੀਦਾਰ ਜਾਂ ਖਪਤਕਾਰ।
ਦਰਅਸਲ ਗ੍ਰਾਹਕ ਸ਼ਬਦ ਦੀ ਵਿਉਤਪਤੀ “ਗ੍ਰਸ” ਸ਼ਬਦ ਤੋਂ ਹੋਈ ਹੈ ਜਿਸ ਦੇ ਅਰਥ ਹਨ ਗ੍ਰਸ ਲੈਣਾ ਅਰਥਾਤ ਕਿਸੇ ਤੋਂ ਕਿਸੇ ਚੀਜ਼ ਦਾ ਕੁਝ ਭਾਗ ਲੈ ਲੈਣਾ ਜਾਂ ਪ੍ਰਾਪਤ ਕਰ ਲੈਣਾ। ਇਸ ਪ੍ਰਕਾਰ ਗ੍ਰਾਹਕ (ਹਿੰਦੀ) ਸ਼ਬਦ ਦੁਕਾਨਦਾਰ ਕੋਲ਼ੋਂ ਕੋਈ ਚੀਜ਼ ਗ੍ਰਹਿਣ ਕਰ ਲੈਣ /ਪ੍ਰਾਪਤ ਕਰ ਲੈਣ ਤੋਂ ਹੀ ਬਣਿਆ ਹੋਇਆ ਹੈ। ਫ਼ਰਕ ਕੇਵਲ ਏਨਾ ਹੈ ਕਿ ਸੰਸਕ੍ਰਿਤ ਦੇ ਕ੍ਰਯਿਕ: ਸ਼ਬਦ ਵਿੱਚ ਦੁਕਾਨਦਾਰ ਵੱਲੋਂ ਕੋਈ ਚੀਜ਼ ਵੇਚਣ ਅਤੇ ਖ਼ਰੀਦਣ ਵਾਲ਼ੇ ਦੋਵੇਂ ਹੀ ਅਰਥ ਛੁਪੇ ਹੋਏ ਹਨ ਪਰ ਗ੍ਰਸ ਲੈਣ (ਗ੍ਰਹਿਣ ਕਰ ਲੈਣ) ਸ਼ਬਦ ਵਿੱਚ ਇਹ ਅਰਥ ਗ੍ਰਾਹਕ ਸ਼ਬਦ ਦੇ ਅਰਥਾਂ ਵਾਂਗ ਜ਼ਾਹਰਾ ਤੌਰ ‘ਤੇ ਸਪਸ਼ਟ ਨਹੀਂ ਹਨ ਸਗੋਂ ਗ੍ਰਾਹਕ ਸ਼ਬਦ ਦੇ ਅੰਦਰ ਹੀ ਸਮਾਏ ਹੋਏ ਹਨ ਜਿਨ੍ਹਾਂ ਦੀ ਨਿਸ਼ਾਨਦੇਹੀ ਉਪਰੋਕਤ ਤੱਥਾਂ ਅਨੁਸਾਰ ਸਹਿਜੇ ਹੀ ਕੀਤੀ ਜਾ ਸਕਦੀ ਹੈ। ਕਹਿਣ ਦਾ ਭਾਵ ਇਹ ਹੈ ਕਿ ਗ੍ਰਾਹਕ ਸ਼ਬਦ ਵਿਚਲੀ “ਗ੍ਰਸ” ਧਾਤੂ ਵਿੱਚ ਕਿਸੇ ਚੀਜ਼ ਨੂੰ ਖ਼ਰੀਦਣ ਜਾਂ ਵੇਚਣ ਵਾਲ਼ੀ ਗੱਲ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੁੰਦੀ ਜਦਕਿ ਸੰਸਕ੍ਰਿਤ ਦੇ ਕ੍ਰਯਿਕ: (ਕ੍ਰਯ ਤੋਂ ਬਣੇ) ਸ਼ਬਦ ਵਿੱਚ ਇਹ ਦੋਵੇਂ ਕਿਰਿਆਵਾਂ ਸਪਸ਼ਟ ਰੂਪ ਵਿੱਚ ਦ੍ਰਿਸ਼ਟੀਗੋਚਰ ਹੁੰਦੀਆਂ ਹਨ। ਸੰਸਕ੍ਰਿਤ-ਕੋਸ਼ਾਂ ਵਿੱਚ ਇਹਨਾਂ ਦੋਂਹਾਂ ਸ਼ਬਦਾਂ ਦਾ ਇੰਦਰਾਜ ਵੀ ਦੋ ਵੱਖੋ-ਵੱਖਰੇ ਰੂਪਾਂ ਵਿੱਚ ਹੀ ਮੌਜੂਦ ਹੈ।
ਸੂਰਜ-ਗ੍ਰਹਿਣ ਸ਼ਬਦ ਵੀ ਉਪਰੋਕਤ “ਗ੍ਰਸ” ਸ਼ਬਦ ਤੋਂ ਹੀ ਬਣਿਆ ਹੋਇਆ ਹੈ ਜਿਸ ਦਾ ਅਰਥ ਹੈ: ਉਹ ਕਿਰਿਆ ਜਦੋਂ ਚੰਦਰਮਾ, ਧਰਤੀ ਅਤੇ ਸੂਰਜ ਦੇ ਵਿਚਕਾਰ ਆ ਕੇ ਥੋੜ੍ਹੇ ਸਮੇਂ ਲਈ ਸੂਰਜ ਦਾ ਕੁਝ ਭਾਗ ਗ੍ਰਸ ਲੈਂਦਾ/ਢਕ ਲੈਂਦਾ ਜਾਂ ਅਧਿਗ੍ਰਹਿਣ ਕਰ ਲੈਂਦਾ ਹੈ, ਉਸ ਨੂੰ ਸੂਰਜ-ਗ੍ਰਹਿਣ ਕਿਹਾ ਜਾਂਦਾ ਹੈ।
ਗਰਾਹੀ= ਇੱਕ ਵਾਰ ਗ੍ਰਸ ਲੈਣ ਜੋਗੀ ਰੋਟੀ ਦਾ ਇੱਕ ਛੋਟਾ ਟੁਕੜਾ ਅਰਥਾਤ ਰੋਟੀ ਦੀ ਇੱਕ ਬੁਰਕੀ। ਇਸ ਪ੍ਰਕਾਰ ਇਹ ਗਰਾਹੀ ਸ਼ਬਦ ਵੀ ਉਪਰੋਕਤ ਗ੍ਰਸ ਸ਼ਬਦ ਤੋਂ ਹੀ ਬਣਿਆ ਹੋਇਆ ਹੈ। ਸੰਖੇਪ ਸ਼ਬਦਾਂ ਵਿੱਚ “ਗ੍ਰਸ ਲੈਣਾ” ਕਿਸੇ ਸਹਿਜ ਰੂਪ ਵਿੱਚ ਹੋ ਰਹੀ ਪ੍ਰਕਿਰਿਆ ਜਾਪਦੀ ਹੈ ਜਦਕਿ ਖ਼ਰੀਦ/ਵੇਚ (ਕ੍ਰਯ/ਵਿਕ੍ਰਯ) ਆਦਿ ਸ਼ਬਦਾਂ ਵਿੱਚ ਪੈਸੇ ਦੇ ਲੈਣ-ਦੇਣ (ਖ਼ਰੀਦ/ਵੇਚ) ਆਦਿ ਦਾ ਭਾਵ ਦਿਖਾਈ ਦਿੰਦਾ ਹੈ। ਮੂਲ ਰੂਪ ਵਿੱਚ ਭਾਵੇਂ ਦੋਂਹਾਂ ਸ਼ਬਦਾਂ ਦੇ ਅਰਥ ਲਗ-ਪਗ ਇੱਕਸਮਾਨ ਹੀ ਹਨ ਪਰ ਇਹਨਾਂ ਸ਼ਬਦਾਂ ਵਿਚਲੇ ਉਪਰੋਕਤ ਦਰਜ ਮਹੀਨ ਜਿਹੇ ਅੰਤਰ ਨੂੰ ਸਮਝਣ ਦੀ ਲੋੜ ਹੈ।
………………….
ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਫ਼ੋਨ ਨੰ. 98884-03052.
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj