(ਸਮਾਜ ਵੀਕਲੀ) ਦੋਸਤੋ! ਸੈਨੇਟ ਭੰਗ ਕਰਨ ਦੇ ਫੈਸਲੇ ਨੂੰ ਵਾਪਿਸ ਕਰਵਾ ਕੇ ਤੁਸੀਂ ਇੱਕ ਇਤਿਹਾਸਕ ਕੰਮ ਕੀਤਾ ਹੈ। ਇਹ ਯਾਦ ਰੱਖਿਆ ਜਾਵੇਗਾ ਕਿ ਜਦੋਂ ਦੂਜੇ ਪਾਸੇ ਕੇਂਦਰ ਸਰਕਾਰ ਤੇ ਯੂਨੀਵਰਸਿਟੀ ਦੀ ਪੂਰੀ ਪੰਜਾਬ-ਵਿਰੋਧੀ ਲਾਬੀ ਸੀ; ਪੰਜਾਬ ਦਾ ਮੁੱਖਮੰਤਰੀ ਤਰਨ ਤਾਰਨ ਚੋਣ ਲਈ ਚੁਟਕਲੇ ਘੜਨ ਵਿੱਚ ਵਿਅਸਤ ਸੀ ਤੇ ਸਾਰੀ ਪੰਜਾਬ ਸਿਆਸਤ ਫੋਕੇ ਬਿਆਨ ਦਾਗ ਰਹੀ ਸੀ, ਇਹ ਤੁਸੀਂ ਸੀ ਜਿਨ੍ਹਾਂ ਨੇ ਪੰਜਾਬ ਦੇ ਇੱਕ ਵੱਡੇ ਹੱਕ ਲਈ ਲੜਾਈ ਲੜੀ ਤੇ ਜਿੱਤ ਪ੍ਰਾਪਤ ਕੀਤੀ। ਪਰ ਅੱਜ ਦੇ ਵਿਰੋਧ ਪ੍ਰਦਰਸ਼ਨ ਲਈ ਤੁਹਾਨੂੰ ਬਹੁਤ ਗੰਭੀਰਤਾ ਨਾਲ ਕੰਮ ਕਰਨ ਦੀ ਲੋੜ ਹੈ। ਅੱਜ ਯੂਨੀਵਰਸਿਟੀ ਪ੍ਰਸ਼ਾਸਨ ਦੇ ਲਈ ਨਹੀਂ, ਤੁਹਾਡੇ ਲਈ ਪ੍ਰੀਖਿਆ ਦੀ ਘੜੀ ਹੈ। ਅੱਜ ਨਾ ਤੁਸੀਂ ਸਿਰਫ਼ ਸ਼ਾਂਤ ਰਹਿਣਾ ਹੈ ਸਗੋਂ ਇਸ ਗੱਲ ਦੀ ਵੀ ਪੂਰੀ ਚੌਕਸੀ ਰੱਖਣੀ ਹੈ ਕਿ ਕੋਈ ਸ਼ਰਾਰਤ ਨਾ ਹੋ ਜਾਵੇ। ਪੱਥਰਬਾਜ਼ੀ ਜਾਂ ਧੱਕਾ-ਮੁੱਕੀ ਤਾਂ ਦੂਰ ਦੀ ਗੱਲ, ਅੱਜ ਤੁਹਾਨੂੰ ਕਿਸੇ ਯੂਨੀਵਰਸਿਟੀ ਅਧਿਕਾਰੀ ਜਾਂ ਪੁਲਿਸ ਵਾਲੇ ਨਾਲ ਬਹਿਸ ਵਿੱਚ ਵੀ ਪੈਣ ਤੋਂ ਗੁਰੇਜ ਕਰਨਾ ਚਾਹੀਦਾ ਹੈ। ਇਹ ਅਤੀਤ ਦੇ ਅਨੁਭਵ ਹਨ, ਸੰਘਰਸ਼ਸ਼ੀਲ ਵਿਦਿਆਰਥੀਆਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਲਈ ਅਨੇਕ ਵਾਰ ਉਨ੍ਹਾਂ ਨੂੰ ਭੜਕਾਇਆ ਅਤੇ ਉਕਸਾਇਆ ਜਾਂਦਾ ਹੈ। ਤੁਸੀਂ ਜੇਤੂ ਹੋ ਤੇ ਜੇਤੂਆਂ ਦੀ ਪਛਾਣ ਉਨ੍ਹਾਂ ਦਾ ਸਲੀਕਾ ਅਤੇ ਨਿਮਰਤਾ ਹੁੰਦੀ ਹੈ। ਤੁਸੀਂ ਸਾਡੇ ਭਵਿੱਖ ਦੇ ਆਗੂ ਹੋ ਤੇ ਕੱਲ ਤੁਸੀਂ ਇਹ ਸਾਬਿਤ ਕਰਨਾ ਹੈ, ਤੁਸੀਂ ਕੋਈ ਹੁੱਲੜਬਾਜ਼ ਨਹੀਂ। ਸਗੋਂ ਪੰਜਾਬ ਦੇ ਮਸਲਿਆਂ ਨੂੰ ਸਮਝ ਕੇ ਉਨ੍ਹਾਂ ਬਾਰੇ ਠੋਸ ਨੀਤੀਆਂ ਬਣਾ ਕੇ ਅੱਗੇ ਵਧਣ ਵਾਲੇ ਨੌਜਵਾਨ ਹੋ। ਜੋਸ਼ ਦਾ ਪ੍ਰਮਾਣ ਤਾਂ ਤੁਸੀਂ ਦੇ ਚੁੱਕੇ ਹੋ। ਅੱਜ ਤੁਸੀਂ ਬੇਮਿਸਾਲ ਹੋਸ਼ ਦਾ ਪ੍ਰਮਾਣ ਦੇਣਾ ਹੈ। ਬਿਨਾ ਸ਼ੱਕ ਯੂਨੀਵਰਸਿਟੀ ਪ੍ਰਸ਼ਾਸਨ ਨੇ ਗੇਟ ਅਤੇ ਐਂਟਰੀਆਂ ਬੰਦ ਕਰ ਕੇ ਵੱਡੀ ਗਲਤੀ ਕੀਤੀ ਹੈ ਪਰ ਤੁਸੀਂ ਜਵਾਬੀ ਗਲਤੀ ਨਾ ਹੀ ਕਰੋ ਤਾਂ ਚੰਗਾ ਹੈ। ਸਮਝੋ, ਯੂਨੀਵਰਸਿਟੀ ਦੇ ਪ੍ਰਸ਼ਾਸਨ ਵਿੱਚ ਬਹੁਤੇ ਸਿਫਾਰਸ਼ੀ ਤੇ ਜੀ-ਹਜ਼ੂਰੀਏ ਲੋਕ ਹਨ, ਜਿਨ੍ਹਾਂ ਨੂੰ ਅਜਿਹੇ ਅੰਦੋਲਨ ਸੰਭਾਲਣ ਦੀ ਕੋਈ ਸਮਝ ਨਹੀਂ। ਉਹ ਘਬਰਾਏ ਹੋਏ ਹਨ ਤੇ ਘਬਰਾਇਆ ਹੋਈ ਵਿਰੋਧੀ ਸਦਾ ਗਲਤ ਫੈਸਲੇ ਲੈਂਦਾ ਹੈ। ਉਹ ਇਹੀ ਕਰ ਰਹੇ ਹਨ।
ਇਹ ਵੀ ਯਾਦ ਰੱਖਣਾ ਕਿ ਯੂਨੀਵਰਸਿਟੀ ਦੇ ਬਹੁਤੇ ਅਹੁਦਿਆਂ ਉੱਤੇ ਨਾਰੀ-ਅਧਿਆਪਕ ਹਨ। ਸ਼ਾਇਦ ਉਹੀ ਤੁਹਾਨੂੰ ਗੇਟਾਂ ਜਾਂ ਹੋਰ ਦਫਤਰਾਂ ਦੇ ਬਾਹਰ ਮਿਲਣ। ਤੁਹਾਡੀ ਉਨ੍ਹਾਂ ਪ੍ਰਤੀ ਜਰਾ ਜਿੰਨੀ ਵੀ ਗਲਤ ਭਾਸ਼ਾ ਵੱਡੀਆਂ ਖਬਰਾਂ ਬਣੇਗਾ, ਜੋ ਇਸ ਸੰਘਰਸ਼ ਲਈ ਬਿਲਕੁਲ ਵੀ ਠੀਕ ਨਹੀਂ ਹੋਣਾ। ਸੋ ਇੱਕ ਪਲ ਲਈ ਵੀ ਉਨ੍ਹਾਂ ਦਾ ਸਤਿਕਾਰ ਨਾ ਛੱਡਣਾ। ਜੇ ਤੁਸੀਂ ਮੰਨਦੇ ਹੋ ਕਿ ਇਹ ਯੂਨੀਵਰਸਿਟੀ ਤੁਹਾਡੀ ਹੈ ਤਾਂ ਫਿਰ ਇਸ ਦੇ ਮਹੌਲ ਨੂੰ ਸ਼ਾਂਤ ਰੱਖਣਾ ਵੀ ਤੁਹਾਡੀ ਜਿੰਮੇਵਾਰੀ ਹੈ।
ਅੱਜ ਤੁਹਾਡਾ ਸਭ ਤੋਂ ਵੱਡਾ ਪੈਂਤੜਾ ਇਹ ਹੋਣਾ ਚਾਹੀਦਾ ਹੈ ਕਿ ਘੱਟੋ-ਘੱਟ ਤੁਹਾਡੇ 30 ਸਾਥੀਆਂ ਦੀ ਟੀਮ ਸਿਰਫ਼ ਕੱਲ ਦੇ ਸਾਰੇ ਪ੍ਰਦਰਸ਼ਨ ਦੀ ਵੀਡੀਓਗ੍ਰਾਫੀ ਕਰੇ। ਅੱਜ ਤੱਕ ਕੋਈ ਨਹੀਂ ਜਾਣਦਾ ਕਿ ਪ੍ਰੋ. ਅਰੁਣ ਗਰੋਵਰ ਦੇ ਸਮੇਂ ਹੋਈ ਪੱਥਰਬਾਜ਼ੀ ਵਿੱਚ ਪਹਿਲੇ ਪੱਥਰ ਕਿਸ ਨੇ ਮਾਰੇ ਪਰ ਅੱਜ ਤੱਕ ਅਨੇਕ ਪੜ੍ਹਨ-ਲਿਖਣ ਵਾਲੇ ਵਿਦਿਆਰਥੀ ਕੋਰਟਾਂ ਦੇ ਚੱਕਰ ਕੱਟ ਰਹੇ ਹਨ। ਖਾਸ ਤੌਰ ਤੇ ਪਿਆਰੇ ਅਸ਼ਮੀਤ, ਅਮਨ ਅਤੇ ਹੋਰ ਬੋਲਣ ਵਾਲੇ ਵਿਦਿਆਰਥੀ ਆਗੂਓ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਨੋਟੀਫਿਕੇਸ਼ਨ ਰੱਦ ਹੋਣ ਤੋਂ ਬੁਖਲਾਇਆ ਯੂਨੀਵਰਸਿਟੀ ਦਾ ਪੰਜਾਬ-ਵਿਰੋਧੀ ਲਾਣਾ ਜਰੂਰ ਤੁਹਾਡੇ ਤੋਂ ਸਤਿਆ ਬੈਠਾ ਹੋਵੇਗਾ। ਉਹ ਜਰੂਰ ਕੋਈ ਸਾਜਿਸ਼ ਕਰਨਾ ਚਾਹੇਗਾ। ਇਸ ਲਈ ਆਪ ਸੰਭਲ ਕੇ ਰਹਿਣਾ ਤੇ ਪੂਰੇ ਸੰਘਰਸ਼ ਨੂੰ ਸੰਭਾਲ ਕੇ ਰੱਖਣਾ। ਪੰਜਾਬ ਤੋਂ ਸੰਘਰਸ਼ ਲਈ ਜਾਣ ਵਾਲੇ ਸਾਥੀਆਂ ਨੂੰ ਵੀ ਅਪੀਲ ਹੈ, ਉਹ ਵੀ ਉਸੇ ਤਹੰਮਲ ਤੋਂ ਕੰਮ ਲੈਣ, ਜਿਸ ਨਾਲ ਅਸੀਂ ਦਿੱਲੀ ਦਾ ਅੰਦੋਲਨ ਜਿੱਤਿਆ। ਉਨ੍ਹਾਂ ਦਾ ਜਰਾ ਜਿੰਨਾ ਤੱਤਾ ਪ੍ਰਤੀਕਰਮ ਇਨ੍ਹਾਂ ਵਿਦਿਆਰਥੀਆਂ ਲਈ ਵੱਡੇ ਸੰਕਟ ਖੜੇ ਕਰ ਸਕਦਾ ਹੈ।



