ਪੰਜਾਬ ਸਰਕਾਰ ਭਾਰਤੀ ਹਾਕੀ ਦੇ ਜੇਤੂ ਖਿਡਾਰੀਆਂ ਨੂੰ 10 ਕਰੋਡ਼ ਰੁਪਏ ਅਤੇ ਗਜ਼ਟਿਡ ਰੈਂਕ ਦੀ ਨੌਕਰੀ ਦੇਵੇ —ਜਰਖੜ

ਲੁਧਿਆਣਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)(ਸਮਾਜ ਵੀਕਲੀ) : ਭਾਰਤੀ ਹਾਕੀ ਟੀਮ ਨੇ ਟੋਕੀਓ ਓਲੰਪਿਕ ਖੇਡਾਂ 2021 ਵਿੱਚ ਕਾਂਸੀ ਤਮਗਾ ਜਿੱਤ ਕੇ ਨਵਾਂ ਇਤਿਹਾਸ ਸਿਰਜਿਆ ਹੈ ਅੱਜ ਭਾਰਤ ਨੂੰ 1972 ਮਿਊਨਖ ਓਲੰਪਿਕ ਤੋਂ ਬਾਅਦ ਕਾਂਸੀ ਦਾ ਤਗ਼ਮਾ ਅਤੇ ਮਾਸਕੋ ਓਲੰਪਿਕ 1980 ਤੋਂ ਬਾਅਦ ਕੋਈ ਤਮਗਾ ਹਾਸਲ ਹੋਇਆ ਹੈ । ਭਾਰਤੀ ਹਾਕੀ ਦੀ ਤਰੱਕੀ ਵਿਚ ਇਹ ਤਮਗਾ ਇਕ ਨਵਾਂ ਮੋੜ ਲਿਆਏਗਾ ,ਉਕਤ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਹਾਕੀ ਪ੍ਰਮੋਟਰ ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਕਰਦਿਆਂ ਆਖਿਆ ਜੇਤੂ ਭਾਰਤੀ ਹਾਕੀ ਟੀਮ ਵਿੱਚ ਪੰਜਾਬ ਦੇ 11 ਖਿਡਾਰੀਆਂ ਨੇ ਭਾਰਤੀ ਟੀਮ ਦੀ ਪ੍ਰਤੀਨਿਧਤਾ ਕੀਤੀ ਹੈ ਪੰਜਾਬ ਸਰਕਾਰ ਜੇਕਰ ਪੰਜਾਬ ਹਾਕੀ ਨੂੰ ਕੋਈ ਮਾਣ ਸਤਿਕਾਰ ਦੇਣਾ ਚਾਹੁੰਦੀ ਹੈ ਤਾਂ ਸਾਰੇ ਜੇਤੂ ਪ੍ਰਤੀ ਖਿਡਾਰੀ 10-10 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਅਤੇ ਸਾਰੇ ਖਿਡਾਰੀਆਂ ਨੂੰ ਗਜ਼ਟਿਡ ਰੈਂਕ ਦੀਆਂ ਨੌਕਰੀਆਂ ਦੇਵੇ।

ਜਗਰੂਪ ਸਿੰਘ ਜਰਖੜ ਨੇ ਆਖਿਆ ਕਿ ਭਾਰਤੀ ਟੀਮ ਦੀ ਪ੍ਰਤੀਨਿਧਤਾ ਕਰਨ ਵਾਲੇ 11 ਖਿਡਾਰੀਆਂ ਵਿੱਚੋਂ 9 ਦੇ ਕਰੀਬ ਖਿਡਾਰੀ ਬਾਹਰਲੇ ਸੂਬਿਆਂ ਵਿੱਚ ਨੌਕਰੀਆਂ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ । ਪੰਜਾਬ ਸਰਕਾਰ ਉਨ੍ਹਾਂ ਸਾਰੇ ਖਿਡਾਰੀਆਂ ਨੂੰ ਪੰਜਾਬ ਦੇ ਵਿੱਚ ਵੱਖ ਵੱਖ ਵਿਭਾਗਾਂ ਦੇ ਵਿੱਚ ਵੱਡੇ ਰੈਂਕ ਦੀਆਂ ਨੌਕਰੀਆਂ ਦੇਵੇ । ਉਨ੍ਹਾਂ ਆਖਿਆ ਕਿ ਜਰਖੜ ਹਾਕੀ ਅਕੈਡਮੀ ਜੇਤੂ ਭਾਰਤੀ ਹਾਕੀ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕਰੇਗੀ ।

ਪੇਂਡੂ ਖੇਤਰਾਂ ਦੇ ਵਿੱਚ ਵੱਧ ਤੋਂ ਵੱਧ ਐਸਟ੍ਰੋਟਰਫਾ ਦਾ ਨਿਰਮਾਣ ਹੋਵੇ- ਓਲੰਪੀਅਨ ਹਰਦੀਪ ਸਿੰਘ

ਇਸ ਮੌਕੇ ਓਲੰਪੀਅਨ ਹਰਦੀਪ ਸਿੰਘ ਗਰੇਵਾਲ ਨੇ ਆਖਿਆ ਕਿ ਭਾਰਤੀ ਹਾਕੀ ਟੀਮ ਦੀ ਟੋਕੀਓ ਓਲੰਪਿਕ ਵਿੱਚ ਜਿੱਤ ਪੰਜਾਬ ਦੀ ਹਾਕੀ ਲਈ ਇਕ ਵੱਡਾ ਸ਼ੁਭ ਸ਼ਗਨ ਹੈ । ਉਨ੍ਹਾਂ ਆਖਿਆ ਜੇਕਰ ਪੰਜਾਬ ਦੇ ਵਿੱਚ ਹਾਕੀ ਨੂੰ ਬੜਾਵਾ ਦੇਣਾ ਹੈ ਤਾਂ ਪੇਂਡੂ ਖੇਤਰਾਂ ਦੇ ਵਿੱਚ ਵੱਧ ਤੋਂ ਵੱਧ ਅਸਟਰੋਟਰਫ਼ ਗਰਾਊਂਡਾਂ ਦਾ ਨਿਰਮਾਣ ਕੀਤਾ ਜਾਵੇ ।

ਖਿਡਾਰੀਆਂ ਨੂੰ ਖੇਡ ਸਹੂਲਤਾਂ ਅਤੇ ਆਧੁਨਿਕ ਕੋਚਿੰਗ ਪ੍ਰਦਾਨ ਹੋਵੇ– ਗੁਰਸਤਿੰਦਰ ਪ੍ਰਗਟ
ਪੰਜਾਬ ਖੇਡ ਵਿਭਾਗ ਦੇ ਕੋਚ ਅਤੇ ਜਰਖੜ ਹਾਕੀ ਅਕੈਡਮੀ ਦੇ ਮੁੱਖ ਪ੍ਰਬੰਧਕ ਗੁਰਸਤਿੰਦਰ ਸਿੰਘ ਪਰਗਟ ਨੇ ਆਖਿਆ ਕਿ ਖਿਡਾਰੀਆਂ ਨੂੰ ਵੱਡੇ ਪੱਧਰ ਤੇ ਖੇਡ ਸਹੂਲਤਾਂ ਪ੍ਰਦਾਨ ਹੋਣੀਆਂ ਚਾਹੀਦੀਆਂ ਹਨ ਇਸ ਤੋਂ ਇਲਾਵਾ ਹਾਕੀ ਦੇ ਆਧੁਨਿਕ ਕੋਚਿੰਗ ਸਿਸਟਮ ਦੀ ਕੋਚਾਂ ਨੂੰ ਟਰੇਨਿੰਗ ਦਿੱਤੀ ਜਾਵੇ, ਕੋਚਾਂ ਦੇ ਵੱਧ ਤੋਂ ਵੱਧ ਕਲੀਨਿਕ ਲਾਏ ਜਾਣ ਅਤੇ ਪਿੰਡਾਂ ਦੇ ਵਿੱਚ ਸਿਕਸ ਏ ਸਾਈਡ ਐਸਟਰੋਟਰਫਾਂ ਦਾ ਵੱਡੇ ਪੱਧਰ ਤੇ ਨਿਰਮਾਣ ਹੋਵੇ ।

ਬੰਦ ਪਈਆਂ ਜ਼ਿਲ੍ਹਾ ਅਤੇ ਸਟੇਟ ਹਾਕੀ ਚੈਂਪੀਅਨਸ਼ਿਪ ਸ਼ੁਰੂ ਹੋਣ –ਹੁਕਮ ਸਿੰਘ
ਸਾਬਕਾ ਕੌਮੀ ਹਾਕੀ ਖਿਡਾਰੀ ਅਤੇ ਗੁਰੂ ਗੋਬਿੰਦ ਸਿੰਘ ਗੋਲਡ ਕੱਪ ਹਾਕੀ ਟੂਰਨਾਮੈਂਟ ਦੇ ਸਕੱਤਰ ਹੁਕਮ ਸਿੰਘ ਹੁੱਕੀ ਨੇ ਆਖਿਆ ਕਿ ਭਾਰਤੀ ਹਾਕੀ ਟੀਮ ਦੀ ਜਿੱਤ ਪੰਜਾਬ ਹਾਕੀ ਨੂੰ ਇਕ ਵੱਡਾ ਹੁਲਾਰਾ ਦੇਵੇਗੀ ਉਨ੍ਹਾਂ ਨੇ ਆਖਿਆ ਕਿ ਪੰਜਾਬ ਦੇ ਵਿੱਚ ਬੰਦ ਪਈਆਂ ਜ਼ਿਲ੍ਹਾ ਹਾਕੀ ਚੈਂਪੀਅਨਸ਼ਿਪ ਅਤੇ ਅਤੇ ਰਾਜ ਪੱਧਰੀ ਹਾਕੀ ਚੈਂਪੀਅਨਸ਼ਿਪ ਮੁਡ਼ ਤੋਂ ਸ਼ੁਰੂ ਹੋਣੀਅਾਂ ਚਾਹੀਦੀਅਾਂ ਹਨ । ਹੁਕਮ ਸਿੰਘ ਹੁੱਕੀ ਨੇ ਆਖਿਆ ਕਿ ਸਾਰੇ ਸਰਕਾਰੀ ਵਿਭਾਗਾਂ ਦੇ ਜੋ ਸਪੋਰਟਸ ਸੈੱਲ ਬੰਦ ਹੋ ਗਏ ਹਨ ਉਨ੍ਹਾਂ ਨੂੰ ਮੁੜ ਸ਼ੁਰੂ ਕੀਤਾ ਜਾਵੇ ਅਤੇ ਵੱਖ ਵੱਖ ਵਿਭਾਗਾਂ ਦੇ ਵਿੱਚ ਹਾਕੀ ਟੀਮਾਂ ਤਿਆਰ ਤਿਆਰ ਕੀਤੀਆਂ ਜਾਣ ।ਇਸ ਦੇ ਨਾਲ ਹੀ ਪੰਜਾਬ ਹਾਕੀ ਅਤੇ ਭਾਰਤੀ ਹਾਕੀ ਨੂੰ ਮੁੜ ਵੱਡਾ ਹੁਲਾਰਾ ਮਿਲੇਗਾ।

ਖਿਡਾਰੀਆਂ ਦੇ ਹਿੱਤ ਲਈ ਠੋਸ ਖੇਡ ਨੀਤੀ ਬਣੇ –ਕੋਚ ਬਲਦੇਵ ਸਿੰਘ
ਭਾਰਤੀ ਹਾਕੀ ਟੀਮ ਦੇ ਦਰੋਣਾਚਾਰੀਆ ਐਵਾਰਡੀ ਕੋਚ ਅਤੇ ਭਾਰਤੀ ਮਹਿਲਾ ਹਾਕੀ ਟੀਮ ਨੂੰ 9 ਕਪਤਾਨ ਹਾਕੀ ਖਿਡਾਰਨਾਂ ਦੇ ਰੂਪ ਵਿੱਚ ਦੇਣ ਵਾਲੇ ਕੋਚ ਬਲਦੇਵ ਸਿੰਘ ਨੇ ਆਖਿਆ ਕਿ ਭਾਰਤੀ ਹਾਕੀ ਟੀਮ ਦੀ ਜਿੱਤ ਪੰਜਾਬੀਆਂ ਲਈ ਇੱਕ ਵੱਡਾ ਮਾਣ ਹੈ। ਉਨ੍ਹਾਂ ਆਖਿਆ ਜੇਕਰ ਪੰਜਾਬ ਦੀ ਹਾਕੀ ਨੂੰ ਸੁਨਹਿਰੀ ਯੁੱਗ ਦੇ ਵਿੱਚ ਲੈ ਕੇ ਜਾਣਾ ਹੈ ਤਾਂ ਖਿਡਾਰੀਆਂ ਦੇ ਹਿੱਤ ਲਈ ਇੱਕ ਠੋਸ ਖੇਡ ਨੀਤੀ ਬਣੇ ਅਤੇ ਖਿਡਾਰੀਆਂ ਨੂੰ ਉਨ੍ਹਾਂ ਦੀ ਮਿਹਨਤ ਦਾ ਹੱਕ ੳਨ੍ਹਾਂ ਦੇ ਪਸੀਨਾ ਸੁੱਕਣ ਤੋਂ ਪਹਿਲਾਂ ਮਿਲੇ । ਹਾਕੀ ਨੂੰ ਸਕੂਲ ਦੇ ਵਿਚ ਇਕ ਲਾਜ਼ਮੀ ਵਿਸ਼ੇ ਵਜੋਂ ਲਿਆ ਜਾਵੇ। ਫਿਰ ਹੀ ਪੰਜਾਬ ਦੀ ਹਾਕੀ ਦੇ ਭਲੇ ਦਿਨ ਵਾਪਸ ਆ ਸਕਦੇ ਹਨ ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜ਼ਿੰਦਗੀ
Next articleਗਾਇਕਾ ਗੋਰੀ ਸਹੋਤਾ ਦੇ ਪਲੇਠੇ ਗੀਤ “ਹਿਚਕੀ” ਨੇ ਮਚਾਈ ਧੂਮ