ਪੰਜਾਬ ਪੰਜਾਬੀ ਅਤੇ ਪੰਜਾਬੀਅਤ 

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ) 
ਸਾਨੂੰ ਤਪਸ਼ ਮਿਲੀ ਏ ਸੂਰਜ ਤੋਂ ਅਸੀਂ ਚੰਦਰਮਾ ਤੋਂ ਠੰਢ ਲਈ।
ਨਾਲ਼ੇ ਪਵਨ ਗੁਰੂ ਤੋਂ ਤੇਜੀ ਲੈ ਪਾਣੀ ਤੋਂ ਰਵਾਨੀ ਮੰਗ ਲਈ ।
ਤਾਂਈਓਂ ਦੁੱਖਾਂ ਵਿੱਚ ਵੀ ਰਖਦੇ ਹਾਂ ਸਦਾ ਬੁੱਲ੍ਹਾਂ ‘ਤੇ ਮੁਸਕਾਨ ਕੁੜੇ।
ਅਸੀਂ ਮੰਗਵੇਂ ਖੰਭਾਂ ਤੋਂ ਕੀ ਲੈਣਾ ਸਾਡੇ ਹੌਂਸਲੇ ਵਿੱਚ ਉਡਾਨ ਕੁੜੇ।
 ਅਸੀਂ ਧਰਤੀ ਮਾਂ ਤੋਂ ਸਿੱਖਿਆ ਏ ਹਰ ਇੱਕ ਦੀ ਗੱਲ ਨੂੰ ਸਹਿ ਲੈਣਾ।
ਨਿੱਤ ਉੱਠ ਪਹਿਰ ਦੇ ਤੜਕੇ ਹੀ ਮੰਜ਼ਿਲ ਦੇ ਰਸਤੇ ਪੈ ਲੈਣਾ ।
ਅਸੀਂ ਕੁਦਰਤ ਰਾਣੀ ਦੇ ਕੋਲ਼ੋਂ ਨਿੱਤ ਸਿਖਦੇ ਨਵਾਂ ਗਿਆਨ ਕੁੜੇ ।
 ਅਸੀਂ ਬਾਬਿਆਂ ਵਰਗੇ ਰੁੱਖਾਂ ਤੋਂ ਦੇਣਾ ਹੀ ਦੇਣਾ ਸਿੱਖਿਆ ਹੈ ।
ਅਸੀਂ ਜਿਹੜੀ ਕੌਮ ਦੇ ਜਾਏ ਹਾਂ ਉਹਦੀ ਸਭ ਤੋਂ ਵੱਖਰੀ ਵਿੱਥਿਆ ਹੈ।
ਅਸੀਂ ਪੁੱਤ ਹਾਂ ਧਰਤ ਪੰਜਾਬਣ ਦੇ ਸਾਡੀ ਵੱਖਰੀ ਹੈ ਪਹਿਚਾਣ ਕੁੜੇ।
 ਅਸੀਂ ਵਿਰਸੇ ਕੋਲ਼ੋਂ ਸਿਖਦੇ ਹਾਂ ਕਦੇ ਢੇਰੀ ਢਾਹ ਕੇ ਬਹਿਣਾ ਨਈਂ।
ਹੱਥ ਕਿਸੇ ਅੱਗੇ ਵੀ ਅੱਡਣਾ ਨਈਂ ਮਿਹਨਤ ਬਾਝੋਂ ਕੁੱਝ ਲੈਣਾ ਨਈਂ।
ਅਸੀਂ ਜੋ ਚਾਹੀਏ ਕਰ ਸਕਦੇ ਹਾਂ ਸਾਡੀ ਸੋਚ ਦੇ ਵਿੱਚ ਤੂਫ਼ਾਨ ਕੁੜੇ।
 ਅਸੀਂ ਮਾਂ ਬੋਲੀ ਤੋਂ ਸਿੱਖੀ ਹੈ ਇੱਕ ਮਾਖਿਓਂ ਮਿੱਠੀ ਭਾਸ਼ਾ ਨੀ ।
ਜਿਹੜਾ ਸਾਡੇ ਦਰ ‘ਤੇ ਆ ਜਾਵੇ ਕਦੇ ਮੁੜਿਆ ਨਹੀਂ ਨਿਰਾਸ਼ਾ ਨੀ।
ਸਾਨੂੰ ਪਲ ਪਲ ਸੇਧ ਬਖ਼ਸ਼ਦੇ ਨੇ ਗੀਤਾ ਤੇ ਗ੍ਰੰਥ ਕੁਰਾਨ ਕੁੜੇ ।
ਅਸੀਂ ਪਿੰਡ ਰੰਚਣਾਂ ਵਾਲ਼ੇ ਤੋਂ ਸਿੱਖੀ ਹੈ ਚੜ੍ਹਦੀ ਕਲਾ ਕੁੜੇ ।
ਨਿੱਤ ਅੰਮ੍ਰਿਤ ਵੇਲ਼ੇ ਮੰਗਦੇ ਹਾਂ ਸਾਰੀ ਦੁਨੀਆਂ ਦਾ ਭਲਾ ਕੁੜੇ।
ਜਿਹੜੇ ਅਣਖ਼ ਦੀ ਖ਼ਾਤਰ ਮਰ ਮਿਟ ‘ਗੇ ਅਸੀਂ ਉਨ੍ਹਾਂ ਦੀ ਸੰਤਾਨ ਕੁੜੇ।                                                                   
 ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
                       9914836037 
Previous articleਸਾਡੇ ਪਿੰਡਾਂ ਦੀਆਂ ਤੁਰੀਆਂ ਫਿਰਦੀਆਂ ਰੌਣਕਾਂ ਬੋਘੜ੍ਹ –
Next articleਭੁੱਲੀਆਂ-ਵਿਸਰੀਆਂ ਵਸਤਾਂ ਤੇ ਕਾਰਜ