ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਵਿਦਿਆਰਥੀਆਂ ਨੂੰ ਚਾਈਨਾ ਡੋਰ ਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਕੀਤਾ ਜਾਗਰੂਕ

ਸਕੂਲਾਂ ’ਚ ਲਗਾਏ ਜਾ ਰਹੇ ਹਨ ਜਾਗਰੂਕਤਾ ਸੈਮੀਨਾਰ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਹੁਸ਼ਿਆਰਪੁਰ ਵੱਲੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਨਿਰਦੇਸ਼ਾਂ ਤਹਿਤ ਵਾਤਾਵਰਨ ਦੀ ਸੁਰੱਖਿਆ ਪ੍ਰਤੀ ਜਾਗਰੂਕਤਾ ਵਧਾਉਣ ਲਈ ਇਨਵਾਇਰਮੈਂਟ ਐਕਟ (5), 1986 ਤਹਿਤ ਜ਼ਿਲ੍ਹੇ ਵਿਚ ਵਿਸ਼ੇਸ਼ ਸੈਮੀਨਾਰਾਂ ਦਾ ਆਯੋਜਨ ਕੀਤਾ ਗਿਆ। ਇਸ ਜਾਗਰੂਕਤਾ ਮੁਹਿੰਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਚਾਈਨਾ ਡੋਰ ਅਤੇ ਸਿੰਗਲ ਯੂਜ਼ ਪਲਾਸਟਿਕ ਦੇ ਖ਼ਤਰਿਆਂ ਤੋਂ ਜਾਣੂ ਕਰਵਾਉਣਾ ਅਤੇ ਇਸ ਦੀ ਵਰਤੋਂ ਨੂੰ ਰੋਕਣ ਲਈ ਪ੍ਰੇਰਿਤ ਕਰਨਾ ਸੀ। ਇਸ ਸਬੰਧ ਵਿਚ ਦੁਆਬਾ ਪਬਲਿਕ ਸਕੂਲ, ਮਾਹਿਲਪੁਰ ਅਤੇ ਦਿੱਲੀ ਇੰਟਰਨੈਸ਼ਨਲ ਸਕੂਲ, ਚੱਬੇਵਾਲ ਵਿਚ ਸੈਮੀਨਾਰ ਆਯੋਜਿਤ ਕੀਤੇ ਗਏ। ਇਨ੍ਹਾਂ ਸੈਮੀਨਾਰਾਂ ਦਾ ਆਯੋਜਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਹੁਸ਼ਿਆਰਪੁਰ ਦੇ ਅਧਿਕਾਰੀਆਂ ਵੱਲੋਂ ਕੀਤਾ ਗਿਆ, ਜਿਸ ਦੌਰਾਨ ਐਸ.ਡੀ.ਓ ਵੀਰੇਸ਼ ਓਹਰੀ ਅਤੇ ਜੇ.ਈ  ਸੁਖਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਮਹੱਤਵਪੂਰਨ ਜਾਣਕਾਰੀ ਦਿੱਤੀ।
ਐਸ.ਡੀ.ਓ ਵੀਰੇਸ਼ ਓਹਰੀ ਨੇ ਵਿਦਿਆਰਥੀਆਂ ਨੂੰ ਚਾਈਨਾ ਡੋਰ ਦੇ ਖ਼ਤਰਿਆਂ ਬਾਰੇ ਵਿਸਥਾਰ ਵਿਚ ਦੱਸਿਆ, ਜੋ ਨਾ ਕੇਵਲ ਵਾਤਾਵਰਨ ਲਈ ਹਾਨੀਕਾਰਕ ਹੈ, ਬਲਕਿ ਮਨੁੱਖੀ ਜੀਵਨ ਅਤੇ ਜੰਗਲੀ ਜੀਵਾਂ ਲਈ ਵੀ ਖ਼ਤਰਨਾਕ ਸਾਬਿਤ ਹੁੰਦੀ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਚਾਈਨਾ ਡੋਰ ਦੀ ਵਰਤੋਂ ਨਾ ਕੇਵਲ ਗੈਰ ਕਾਨੂੰਨੀ ਹੈ, ਬਲਕਿ ਇਹ ਕਈ ਦੁਰਘਟਨਾਵਾਂ ਦਾ ਕਾਰਨ ਵੀ ਬਣਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰ ਅਤੇ ਭਾਈਚਾਰੇ ਵਿਚ ਇਸ ਬਾਰੇ ਜਾਗਰੂਕਤਾ ਫੈਲਾਉਣ ਅਤੇ ਚਾਈਨਾ ਡੋਰ ਦੀ ਵਰਤੋਂ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰਨ ਲਈ ਕਦਮ ਚੁੱਕਣ।
ਜੇ.ਈ ਸੁਖਪ੍ਰੀਤ ਸਿੰਘ ਨੇ ਸਿੰਗਲ ਯੂਜ਼ ਪਲਾਸਟਿਕ ਦੇ ਪ੍ਰਭਾਵਾਂ ’ਤੇ ਚਰਚਾ ਕੀਤੀ ਅਤੇ ਦੱਸਿਆ ਕਿ ਪਲਾਸਟਿਕ ਸਾਡੇ ਵਾਤਾਵਰਨ ਲਈ ਇਕ ਗੰਭੀਰ ਖ਼ਤਰਾ ਹੈ। ਸਿੰਗਲ ਯੂਜ਼ ਪਲਾਸਟਿਕ ਨਸ਼ਟ ਨਹੀਂ ਹੁੰਦਾ ਅਤੇ ਇਸ ਲਾਲ ਭੂਮੀ ਅਤੇ ਜਲ ਦੋਵੇਂ ਪ੍ਰਦੂਸ਼ਿਤ ਹੁੰਦੇ ਹਨ। ਉਨ੍ਹਾ ਕਿਹਾ ਕਿ ਸਾਨੂੰ ਪਲਾਸਟਿਕ ਦੇ ਬਦਲ ਲੱਭਣੇ ਚਾਹੀਦੇ ਹਨ ਅਤੇ ਵਾਤਾਵਰਨ ਨੂੰ ਬਚਾਉਣ ਲਈ ਆਪਣੀ ਜੀਵਨਸ਼ੈਲੀ ਵਿਚ ਬਦਲਾਅ ਲਿਆਉਣਾ ਚਾਹੀਦਾ ਹੈ। ਪ੍ਰਿੰਸੀਪਲ ਅਜੀਤ ਗੁਪਤਾ ਅਤੇ ਪ੍ਰਿੰਸੀਪਲ ਜੀ. ਮਾਰੀਆ ਜਾਨ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨਾਲ ਵਿਦਿਆਰਥੀਆਂ ਵਿਚ ਵਾਤਾਵਰਨ ਦੇ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਵਿਕਸਿਤ ਹੁੰਦੀ ਹੈ, ਜੋ ਭਵਿੱਖ ਵਿਚ ਇਕ ਸਵੱਛ ਅਤੇ ਹਰਿਆ-ਭਰਿਆ ਸਮਾਜ ਬਣਾਉਣ ਵਿਚ ਸਹਾਈ ਹੋਵੇਗਾ। ਪ੍ਰਬੰਧਕ ਦੁਆਬਾ ਪਬਲਿਕ ਸਕੂਲ ਇਸ਼ਮੀਤ ਸਿੰਘ ਅਤੇ ਦਿੱਲੀ ਇੰਟਰਨੈਸ਼ਨਲ ਸਕਲ ਦੇ ਨਿਰਦੇਸ਼ਕ ਅਨੁਜ ਤੋਲਾ ਨੇ ਕਿਹਾ ਕਿ ਸਕੂਲ ਪ੍ਰਸ਼ਾਸਨ ਹਮੇਸ਼ਾ ਇਸ ਤਰ੍ਹਾਂ ਦੇ ਯਤਨਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲਵੇਗਾ ਅਤੇ ਵਿਦਿਆਰਥੀਆਂ ਨੂੰ ਵਾਤਾਵਰਨ ਦੇ ਪ੍ਰਤੀ ਜਾਗਰੂਕ ਬਣਾਉਣ ਵਿਚ ਸਹਿਯੋਗ ਕਰੇਗਾ। ਇਸ ਦੌਰਾਨ ਦੋਵਾਂ ਸਕੂਲਾਂ ਵਿਚ ਪੌਦੇ ਵੀ ਲਗਾਏ ਗਏ।
ਸਮਾਗਮ ਦੇ ਅੰਤ ਵਿਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਹੁਸ਼ਿਆਰਪੁਰ ਦੇ ਅਧਿਕਾਰੀਆ ਨੇ ਸਕੂਲ ਪ੍ਰਸ਼ਾਸਨ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਵਾਤਾਵਰਨ ਦੀ ਰੱਖਿਆ ਦੇ ਲਈ ਲਗਾਤਾਰ ਯਤਨਸ਼ੀਲ ਰਹਿਣ ਦੀ ਅਪੀਲ ਕੀਤੀ। ਸੈਮੀਨਾਰ ਰਾਹੀਂ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸੁਰੱਖਿਆ ਦੀ ਦਿਸ਼ਾ ਵਿਚ ਮਹੱਤਵਪੂਰਨ ਜਾਣਕਾਰੀ ਮਿਲੀ ਅਤੇ ਉਨ੍ਹਾਂ ਨੇ ਇਸ ਨੂੰ ਆਪਦੇ ਜੀਵਨ ਵਿਚ ਅਪਣਾਉਣ ਦੀ ਸਹੁੰ ਵੀ ਚੁੱਕੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਥੈਲੇਸੀਮੀਆ ਦੇ ਮਰੀਜ਼ਾਂ ਨੂੰ ਹੁਣ ਬਲੱਡ ਫਿਲਟਰ ਲਈ ਨਹੀਂ ਹੋਣਾ ਪਵੇਗਾ ਪ੍ਰੇਸ਼ਾਨ – ਡਿਪਟੀ ਕਮਿਸ਼ਨਰ
Next articleਕੇਂਦਰੀ ਸਿਟਰਸ ਖੋਜ ਕੇਂਦਰ ਨਾਗਪੁਰ ਦੀ ਉੱਚ ਪੱਧਰੀ ਟੀਮ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਦਾ ਦੌਰਾ