ਨਵੀਂ ਦਿੱਲੀ (ਸਮਾਜ ਵੀਕਲੀ): ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਈਡੀ ਦੀ ਦੁਰਵਰਤੋਂ ਕੀਤੇ ਜਾਣ ਦਾ ਖਦਸ਼ਾ ਪ੍ਰਗਟਾਇਆ ਹੈ। ‘ਆਪ’ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਡਿਜੀਟਲ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਪੰਜਾਬ ਚੋਣਾਂ ਤੋਂ ਪਹਿਲਾਂ ਈਡੀ ਵੱਲੋਂ ‘ਆਪ’ ਦੇ ਸੀਨੀਅਰ ਆਗੂ ਤੇ ਕੈਬਨਿਟ ਮੰਤਰੀ ਸਤੇਂਦਰ ਜੈਨ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਵੀ ਭਾਜਪਾ ਨੂੰ ਪਤਾ ਲੱਗਦਾ ਹੈ ਕਿ ਉਹ ਹਾਰ ਰਹੀ ਹੈ ਤਾਂ ਉਹ ਸਾਰੀਆਂ ਕੇਂਦਰੀ ਏਜੰਸੀਆਂ ਨੂੰ ਆਪਣੇ ਵਿਰੋਧੀਆਂ ਖ਼ਿਲਾਫ਼ ਕੰਮ ’ਤੇ ਲਗਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੇ ਜੈਨ ’ਤੇ ਪਹਿਲਾਂ ਵੀ ਦੋ ਵਾਰ ਛਾਪੇ ਮਰਵਾਏ ਹਨ ਪਰ ਕੁਝ ਨਹੀਂ ਮਿਲਿਆ। ਕੇਜਰੀਵਾਲ ਨੇ ਕਿਹਾ, ‘‘ਈਡੀ ਤੋਂ ਇਲਾਵਾ ਭਾਜਪਾ ਦੀ ਕੇਂਦਰ ਸਰਕਾਰ ਸੀਬੀਆਈ, ਇਨਕਮ ਟੈਕਸ ਤੇ ਦਿੱਲੀ ਪੁਲੀਸ ਸਮੇਤ ਸਾਰੀਆਂ ਏਜੰਸੀਆਂ ਨੂੰ ਵੀ ਭੇਜ ਸਕਦੀ ਹੈ। ਅਸੀਂ ਨਾ ਜੇਲ੍ਹ ਜਾਣ ਤੋਂ ਡਰਦੇ ਹਾਂ ਤੇ ਨਾ ਹੀ ਛਾਪਿਆਂ ਤੋਂ। ਅਸੀਂ ਚੰਨੀ ਵਾਂਗ ਰੋਵਾਂਗੇ ਨਹੀਂ। ਚੰਨੀ ਨੇ ਗਲਤ ਕੰਮ ਕੀਤੇ ਹਨ ਤੇ ਉਨ੍ਹਾਂ ਦੀਆਂ ਗ਼ਲਤੀਆਂ ਫੜੀਆਂ ਗਈਆਂ ਹਨ। ਅਸੀਂ ਕੋਈ ਗਲਤ ਕੰਮ ਨਹੀਂ ਕੀਤਾ, ਇਸ ਲਈ ਸਾਨੂੰ ਕੋਈ ਡਰ ਨਹੀਂ ਹੈ।
ਸਚਾਈ ਦੇ ਰਾਹ ’ਤੇ ਅਜਿਹੀਆਂ ਰੁਕਾਵਟਾਂ ਆਉਂਦੀਆਂ ਹੀ ਹਨ।’’ ਉਨ੍ਹਾਂ ਭਾਜਪਾ ਤੇ ਕੇਂਦਰ ਸਰਕਾਰ ਨੂੰ ਕਿਹਾ, ‘‘ਤੁਸੀਂ ਆਪਣੀਆਂ ਸਾਰੀਆਂ ਏਜੰਸੀਆਂ ਭੇਜੋ, ਅਸੀਂ ਤਿਆਰ ਹਾਂ।’’ ਉਨ੍ਹਾਂ ਕਿਹਾ ਕਿ ਜਦੋਂ ਈਡੀ ਦੇ ਅਧਿਕਾਰੀ ਨੋਟਾਂ ਦੇ ਮੋਟੇ ਬੰਡਲ ਗਿਣ ਰਹੇ ਸਨ ਤਾਂ ਲੋਕ ਦੇਖ ਰਹੇ ਸਨ। ਪੰਜਾਬ ਦੇ ਲੋਕ ਹੈਰਾਨ ਸਨ ਕਿ ਉਨ੍ਹਾਂ ਨੇ 111 ਦਿਨਾਂ ਦੇ ਅੰਦਰ ਕੀ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮਨੀਸ਼ ਸਿਸੋਦੀਆ ’ਤੇ ਵੀ ਛਾਪਾ ਮਾਰਿਆ ਗਿਆ ਹੈ। 21 ਵਿਧਾਇਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਅਦਾਲਤ ਨੇ ਸਾਰੇ ਕੇਸ ਰੱਦ ਕਰ ਦਿੱਤੇ ਹਨ। ਜੈਨ ਦੇ ਮਾਮਲੇ ’ਚ ਵੀ ਇਵੇਂ ਹੀ ਹੋਵੇਗਾ। ਉਹ ਉਸ ਨੂੰ ਗ੍ਰਿਫ਼ਤਾਰ ਕਰ ਲੈਣਗੇ ਅਤੇ 5-10 ਦਿਨਾਂ ਵਿੱਚ ਉਸ ਨੂੰ ਜ਼ਮਾਨਤ ਮਿਲ ਜਾਵੇਗੀ।
‘ਕੇਂਦਰੀ ਏਜੰਸੀਆਂ ਦਾ ਹੱਸ ਕੇ ਸਵਾਗਤ ਕਰਾਂਗੇ’
ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਕੋਈ ਗਲਤ ਕੰਮ ਨਹੀਂ ਕੀਤਾ। ਉਨ੍ਹਾਂ ’ਤੇ ਪਹਿਲਾਂ ਵੀ ਕਈ ਵਾਰ ਛਾਪੇ ਮਾਰੇ ਜਾ ਚੁੱਕੇ ਹਨ। ਉਨ੍ਹਾਂ ਨੂੰ ਕੋਈ ਡਰ ਨਹੀਂ ਹੈ। ਉਨ੍ਹਾਂ ਕਿਹਾ, ‘‘ਸਿਰਫ ਜੈਨ ਹੀ ਕਿਉਂ ਹੋਰਨਾਂ ਕੋਲ ਵੀ ਕੇਂਦਰੀ ਏਜੰਸੀਆਂ ਭੇਜੋ। ਮਨੀਸ਼ ਸਿਸੋਦੀਆ ਤੇ ਭਗਵੰਤ ਮਾਨ ਕੋਲ ਵੀ ਭੇਜੋ। ਜਿਸ ਨੂੰ ਗ੍ਰਿਫ਼ਤਾਰ ਕਰਨਾ ਹੈ ਕਰ ਲਓ। ਜਦੋਂ ਏਜੰਸੀਆਂ ਆਉਣਗੀਆਂ ਅਸੀਂ ਉਨ੍ਹਾਂ ਦਾ ਹੱਸ ਕੇ ਸਵਾਗਤ ਕਰਾਂਗੇ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly