ਦੇਸ਼ ਦੇ ਅਰਥਚਾਰੇ ਵਿਚ ਅਜੇ ਕਈ ਕਾਲੇ ਧੱਬੇ: ਰਘੂਰਾਮ ਰਾਜਨ

ਨਵੀਂ ਦਿੱਲੀ (ਸਮਾਜ ਵੀਕਲੀ):  ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਕਿਹਾ ਹੈ ਕਿ ਭਾਰਤੀ ਅਰਥਚਾਰੇ ’ਚ ਕੁਝ ਚਮਕਦਾਰ ਸਥਾਨਾਂ ਦੇ ਨਾਲ ਨਾਲ ਕੁਝ ਕਾਲੇ ਧੱਬੇ ਵੀ ਹਨ ਅਤੇ ਸਰਕਾਰ ਨੂੰ ਆਪਣੇ ਖ਼ਰਚ ਸਾਵਧਾਨੀ ਨਾਲ ਕਰਨ ਦੀ ਲੋੜ ਹੈ ਤਾਂ ਜੋ ਵਿੱਤੀ ਘਾਟੇ ਨੂੰ ਹੋਰ ਉਪਰ ਜਾਣ ਤੋਂ ਰੋਕਿਆ ਜਾ ਸਕੇ। ਆਪਣੇ ਖੁੱਲ੍ਹੇ ਵਿਚਾਰਾਂ ਲਈ ਜਾਣੇ ਜਾਂਦੇ ਰਾਜਨ ਨੇ ਕਿਹਾ ਕਿ ਸਰਕਾਰ ਨੂੰ ਕਰੋਨਾਵਾਇਰਸ ਮਹਾਮਾਰੀ ਨਾਲ ਝੰਬੇ ਅਰਥਚਾਰੇ ਦੀ ‘ਕੇ’ ਆਕਾਰ ਰਿਕਵਰੀ ਨੂੰ ਰੋਕਣ ਲਈ ਹੋਰ ਉਪਰਾਲੇ ਕਰਨ ਦੀ ਲੋੜ ਹੈ। ਆਮ ਤੌਰ ’ਤੇ ਕੇ-ਆਕਾਰ ਦੀ ਰਿਕਵਰੀ ’ਚ ਤਕਨਾਲੋਜੀ ਅਤੇ ਵੱਡੀਆਂ ਪੂੰਜੀਗਤ ਕੰਪਨੀਆਂ ਦੀ ਹਾਲਤ ਮਹਾਮਾਰੀ ਤੋਂ ਵਧੇਰੇ ਪ੍ਰਭਾਵਿਤ ਛੋਟੇ ਕਾਰੋਬਾਰਾਂ ਅਤੇ ਸਨਅਤਾਂ ਦੇ ਮੁਕਾਬਲੇ ’ਚ ਤੇਜ਼ੀ ਨਾਲ ਸੁਧਰਦੀ ਹੈ।

ਖ਼ਬਰ ਏਜੰਸੀ ਨੂੰ ਈ-ਮੇਲ ਰਾਹੀਂ ਦਿੱਤੀ ਇੰਟਰਵਿਊ ’ਚ ਰਾਜਨ ਨੇ ਕਿਹਾ,‘‘ਅਰਥਚਾਰੇ ਬਾਰੇ ਮੇਰੀ ਸਭ ਤੋਂ ਵੱਧ ਚਿੰਤਾ ਮੱਧ ਵਰਗ, ਛੋਟੇ ਅਤੇ ਦਰਮਿਆਨੇ ਖੇਤਰ ਤੇ ਸਾਡੇ ਬੱਚਿਆਂ ਦੀ ਜ਼ਹਿਨੀਅਤ ’ਤੇ ਪੈਣ ਵਾਲੇ ਮਾੜੇ ਅਸਰ ਨੂੰ ਲੈ ਕੇ ਹੈ, ਜੋ ਦਬੀ ਹੋਈ ਮੰਗ ’ਚ ਮੁੱਢਲੇ ਤੌਰ ’ਤੇ ਸੁਧਾਰ ਆਉਣ ਤੋਂ ਬਾਅਦ ਨਜ਼ਰ ਆਵੇਗਾ। ਇਸਦਾ ਇੱਕ ਲੱਛਣ ਕਮਜ਼ੋਰ ਖਪਤ ਦਰ ਦੇ ਰੂਪ ’ਚ ਸਾਹਮਣੇ ਆਵੇਗਾ, ਖ਼ਾਸ ਕਰ ਕੇ ਵੱਡੇ ਪੱਧਰ ’ਤੇ ਖਪਤ ਹੋਣ ਵਸਤਾਂ ਵਿੱਚ।’’ਰਾਜਨ ਇਸ ਸਮੇਂ ਸ਼ਿਕਾਗੋ ਯੂਨੀਵਰਸਿਟੀ ਦੇ ਬੂਥ ਸਕੂਲ ਆਫ਼ ਬਿਜ਼ਨਸ ’ਚ ਪ੍ਰੋਫੈਸਰਹਨ। ਉਨ੍ਹਾਂ ਕਿਹਾ ਕਿ ਜੇਕਰ ਚਮਕਦਾਰ ਖੇਤਰਾਂ ਦੀ ਗੱਲ ਕੀਤੀ ਜਾਵੇ ਤਾਂ ਇਸ ’ਚ ਸਿਹਤ ਨਾਲ ਜੁੜੀਆਂ ਵੱਡੀਆਂ ਕੰਪਨੀਆਂ ਆਉਂਦੀਆਂ ਹਨ। ਇਨ੍ਹਾਂ ਤੋਂ ਇਲਾਵਾ ਸੂਚਨਾ ਤਕਨਾਲੋਜੀ (ਆਈਟੀ) ਅਤੇ ਉਸ ਨਾਲ ਜੁੜੇ ਸੈਕਟਰ ਜ਼ੋਰਦਾਰ ਕਾਰੋਬਾਰ ਕਰ ਰਹੇ ਹਨ। ਵਿੱਤੀ ਸੈਕਟਰ ਦੇ ਕੁਝ ਹਿੱਸੇ ਮਜ਼ਬੂਤ ਹੋਏ ਹਨ।

ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਨੇ ਕਿਹਾ,‘‘ਕਾਲੇ ਧੱਬਿਆਂ ਦੀ ਗੱਲ ਕੀਤੀ ਜਾਵੇ ਤਾਂ ਬੇਰੁਜ਼ਗਾਰੀ, ਘੱਟ ਖ਼ਰੀਦਦਾਰੀ (ਖਾਸ ਕਰਕੇ ਹੇਠਲੇ ਮੱਧ ਵਰਗ ’ਚ), ਛੋਟੇ ਅਤੇ ਦਰਮਿਆਨੇ ਆਕਾਰ ਦੀਆਂ ਕੰਪਨੀਆਂ ਦਾ ਵਿੱਤੀ ਦਬਾਅ ਇਸ ’ਚ ਆਉਂਦਾ ਹੈ।’’ ਇਸ ਤੋਂ ਇਲਾਵਾ ਕਾਲੇ ਧੱਬਿਆਂ ’ਚ ਕਰਜ਼ੇ ਦੀ ਸੁਸਤ ਰਫ਼ਤਾਰ ਅਤੇ ਸਾਡੇ ਸਕੂਲਾਂ ਦੀ ਮਾੜੀ ਹਾਲਤ ਵੀ ਆਉਂਦੀ ਹੈ। ਰਾਜਨ ਨੇ ਕਿਹਾ ਕਿ ਕਰੋਨਾਵਾਇਰਸ ਦੇ ਨਵੇਂ ਸਰੂਪ ਓਮੀਕਰੋਨ ਨੇ ਮੈਡੀਕਲੀ ਅਤੇ ਆਰਥਿਕ ਸਰਗਰਮੀਆਂ ਦੋਹਾਂ ਨੂੰ ਝਟਕਾ ਦਿੱਤਾ ਹੈ। ਮੌਜੂਦਾ ਵਿੱਤੀ ਵਰ੍ਹੇ ’ਚ ਜੀਡੀਪੀ 9 ਫ਼ੀਸਦ ਰਹਿਣ ਦਾ ਅਨੁਮਾਨ ਹੈ। ਬੀਤੇ ਵਿੱਤੀ ਵਰ੍ਹੇ ’ਚ ਭਾਰਤੀ ਅਰਥਚਾਰੇ ’ਚ 7.3 ਫ਼ੀਸਦ ਦੀ ਗਿਰਾਵਟ ਆਈ ਸੀ। ਵਿੱਤੀ ਵਰ੍ਹੇ 2022-23 ਦਾ ਆਮ ਬਜਟ ਪਹਿਲੀ ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ। ਬਜਟ ਤੋਂ ਪਹਿਲਾਂ ਰਾਜਨ ਨੇ ਕਿਹਾ ਕਿ ਬਜਟ ਦਸਤਾਵੇਜ਼ ਇਕ ‘ਨਜ਼ਰੀਆ’ ਹੁੰਦਾ ਹੈ।

ਉਨ੍ਹਾਂ ਕਿਹਾ,‘‘ਮੈਂ ਭਾਰਤ ਲਈ ਪੰਜ ਜਾਂ 10 ਸਾਲ ਦਾ ਨਜ਼ਰੀਆ ਜਾਂ ਸੋਚ ਦੇਖਣਾ ਚਾਹੁੰਦਾ ਹਾਂ।’’ ਇਹ ਪੁੱਛੇ ਜਾਣ ’ਤੇ ਕਿ ਕੀ ਸਰਕਾਰ ਨੂੰ ਖ਼ਜ਼ਾਨੇ ਦੀ ਮਜ਼ਬੂਤੀ ਲਈ ਕਦਮ ਉਠਾਉਣੇ ਚਾਹੀਦੇ ਹਨ ਜਾਂ ਪੈਕੇਜ ਦੇਣੇ ਜਾਰੀ ਰੱਖਣੇ ਚਾਹੀਦੇ ਹਨ, ਤਾਂ ਰਾਜਨ ਨੇ ਕਿਹਾ ਕਿ ਮਹਾਮਾਰੀ ਦੇ ਆਉਣ ਤੱਕ ਵੀ ਭਾਰਤ ਦੀ ਵਿੱਤੀ ਹਾਲਤ ਵਧੀਆ ਨਹੀਂ ਸੀ। ‘ਇਹੋ ਵਜ੍ਹਾ ਹੈ ਕਿ ਵਿੱਤ ਮੰਤਰੀ ਹੁਣ ਖੁੱਲ੍ਹੇ ਹੱਥ ਨਾਲ ਖ਼ਰਚ ਨਹੀਂ ਕਰ ਸਕਦੇ ਹਨ।’ ਉਨ੍ਹਾਂ ਕਿਹਾ ਕਿ ਜਿਥੇ ਲੋੜ ਹੈ, ਉਥੇ ਸਰਕਾਰ ਖ਼ਰਚ ਕਰੇ ਪਰ ਖ਼ਰਚੇ ਸਾਵਧਾਨੀ ਨਾਲ ਕਰਨ ਦੀ ਲੋੜ ਹੈ ਤਾਂ ਜੋ ਵਿੱਤੀ ਘਾਟਾ ਨਾ ਵਧੇ। ਮਹਿੰਗਾਈ ਬਾਰੇ ਰਾਜਨ ਨੇ ਕਿਹਾ ਕਿ ਅੱਜ ਦੁਨੀਆ ਦੇ ਸਾਰੇ ਮੁਲਕਾਂ ਲਈ ਮਹਿੰਗਾਈ ਚਿੰਤਾ ਦਾ ਵਿਸ਼ਾ ਹੈ ਅਤੇ ਭਾਰਤ ਇਸ ਤੋਂ ਵੱਖ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਰਣਨੀਤੀ ਬਣਾ ਕੇ ਸਾਮਾਨ ਵੇਚਣ ਦੀ ਲੋੜ ਹੈ ਜਿਸ ਨਾਲ ਅਰਥਚਾਰੇ ’ਚ ਸੁਧਾਰ ਹੋਵੇਗਾ। ਆਉਂਦੇ ਬਜਟ ਬਾਰੇ ਰਾਜਨ ਨੇ ਕਿਹਾ ਕਿ ਉਹ ਟੈਕਸਾਂ ’ਚ ਵਧੇਰੇ ਕਟੌਤੀ ਅਤੇ ਕੁਝ ਹੀ ਟੈਕਸਾਂ ’ਚ ਵਾਧਾ ਦੇਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਖਾਸ ਸਨਅਤਾਂ ਨੂੰ ਹੁਣ ਮਾਮੂਲੀ ਸਬਸਿਡੀਆਂ ਜਾਂ ਰਾਹਤਾਂ ਦੇਣੀਆਂ ਚਾਹੀਦੀਆਂ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleMahima Nambiar, Nandita Swetha, Remya Nambeesan to star in ‘Ratham’
Next article‘ਆਪ’ ਨੂੰ ਘੇਰਨ ਦੀ ਤਿਆਰੀ ਕਰ ਰਹੀ ਕੇਂਦਰ ਸਰਕਾਰ: ਜੈਨ