ਮਹਿਲ ਕਲਾਂ (ਸਮਾਜ ਵੀਕਲੀ) (ਚੰਡਿਹੋਕ) ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੀ ਇਕਾਈ ਬਰਨਾਲਾ ਵੱਲੋਂ ਉੱਘੇ ਤਰਕਸ਼ੀਲ ਆਗੂ ਸੁਰਜੀਤ ਤਲਵਾਰ ਨਾਲ ਸਰਕਾਰੀ ਹਾਈ ਸਕੂਲ ਸਹੌਰ ਵਿਖੇ ਰੂ-ਬਰੂ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਕੂਲ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗੀਤਾਂ ਨਾਲ ਹੋਈ। ਸਮਾਗਮ ਦੇ ਆਰੰਭ ਵਿਚ ਅਧਿਆਪਕ ਮਨਪ੍ਰੀਤ ਸਿੰਘ ਕਹਿਲ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਕੂਲ ਵਿਚ ਹੁੰਦੀਆਂ ਸਾਹਿਤਕ ਅਤੇ ਸੱਭਿਆਚਾਰਕ ਬਾਰੇ ਜਾਣਕਾਰੀ ਦਿੱਤੀ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਕਿ ਸੰਘ ਵਲੋਂ ‘ਪਿੰਡੋ-ਪਿੰਡੀ ਸਾਹਿਤ’ ਦੀ ਲੜੀ ਇਸ ਕਰਕੇ ਸ਼ੁਰੂ ਕੀਤੀ ਗਈ ਹੈ ਤਾਂ ਕਿ ਲੇਖਕ, ਪਾਠਕਾਂ ਦੇ ਅਤੇ ਪਾਠਕ, ਲੇਖਕਾਂ ਦੇ ਰੂ-ਬਰੂ ਹੋ ਸਕਣ। ਇਹ ਸਮਾਗਮ ਲੇਖਕਾਂ ਅਤੇ ਆਮ ਲੋਕਾਂ ਵਿਚ ਪਈ ਵਿਥ ਨੂੰ ਘਟਾਉਣ ਵਿਚ ਸਹਾਈ ਹੋਣਗੇ। ਸੁਰਜੀਤ ਤਲਵਾਰ ਨੇ ਕਿਹਾ ਕਿ ਮੈਂ ਬਚਪਨ ਤੋਂ ਹੀ ਵਿਗਿਆਨਕ ਸੋਚ ਦਾ ਧਾਰਨੀ ਰਿਹਾ ਹਾਂ। ਇਸੇ ਵਿਚਾਰਧਾਰਾ ਨੂੰ ਆਮ ਲੋਕਾਂ ਦੀ ਸੋਚ ਦਾ ਹਿੱਸਾ ਬਣਾਉਣ ਲਈ ਤਰਕਸ਼ੀਲ ਸਾਹਿਤ ਦੀ ਸਿਰਜਣਾ ਕੀਤੀ ਹੈ। ਮੈਂ ਬਿਨਾਂ ਕਿਸੇ ਸੁਆਰਥ ਤੋਂ ਪਿੰਡ ਪਿੰਡ ਜਾ ਕੇ ਪਰਿਵਾਰਾਂ ਦੀ ਮੁਸ਼ਕਲਾਂ ਹੱਲ ਕਰਨ ਦਾ ਯਤਨ ਕਰਦਾ ਰਿਹਾ ਹਾਂ। ਰਜਿੰਦਰ ਭਦੌੜ ਨੇ ਆਪਣੇ ਜੀਵਨ ਦੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਕੁਝ ਚਾਲਾਕ ਕਿਸਮ ਦੇ ਲੋਕ ਅੱਜ ਵੀ ਸਾਡੇ ਆਮ ਲੋਕਾਂ ਨੂੰ ਵਹਿਮਾਂ ਭਰਮਾਂ ਦੇ ਚੱਕਰ ਵਿਚ ਪਾ ਕੇ ਲੁੱਟ ਰਹੇ ਹਨ। ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਵੱਲੋਂ ਆਰੰਭੀ ਗਈ ਇਹ ਮੁਹਿੰਮ ਸਹੀ ਅਰਥਾਂ ਵਿਚ ਸਾਹਿਤ ਦੇ ਮਕਸਦ ਨੂੰ ਇਕ ਲਹਿਰ ਬਣਾਉਣ ਵਿਚ ਸਹਾਈ ਸਿੱਧ ਹੋਵੇਗੀ। ਮੇਘ ਰਾਜ ਮਿੱਤਰ ਅਤੇ ਰਾਮ ਸਰੂਪ ਸ਼ਰਮਾ ਨੇ ਸਾਂਝੇ ਤੌਰ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸੰਘ ਵੱਲੋਂ ਕਿਸੇ ਲੇਖਕ ਦਾ ਉਸ ਦੇ ਪਿੰਡ ਜਾ ਕੇ ਸਨਮਾਨ ਕਰਨਾ ਇਕ ਚੰਗੀ ਪਿਰਤ ਹੈ। ਇਸ ਮੌਕੇ ਪ੍ਰਧਾਨਗੀ ਮੰਡਲ ਤੋਂ ਬਿਨਾਂ ਡਾ. ਹਰਿਭਗਵਾਨ, ਭੋਲਾ ਸਿੰਘ ਸੰਘੇੜਾ, ਮੇਜਰ ਸਿੰਘ ਗਿੱਲ, ਜਗਤਾਰ ਜਜ਼ੀਰਾ, ਹੀਰਾ ਲਾਲ, ਸਰਪੰਚ ਲਖਵੀਰ ਸਿੰਘ, ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸੱਤਪਾਲ ਸਿੰਘ ਅਤੇ ਮੁੱਖ ਅਧਿਆਪਕ ਵੱਲੋਂ ਸੁਰਜੀਤ ਤਲਵਾਰ ਨੂੰ ਸਨਮਾਨ ਕਰਨ ਦੀ ਰਸਮ ਵੀ ਨਿਭਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



