HOME ਲਾਠੀਚਾਰਜ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਡਿਸਮਿਸ ਕਰਨ ਅਤੇ FIR ਦਰਜ ਕਰਨ...

ਲਾਠੀਚਾਰਜ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਡਿਸਮਿਸ ਕਰਨ ਅਤੇ FIR ਦਰਜ ਕਰਨ ਤੋਂ ਘੱਟ ਕੋਈ ਕਾਰਵਾਈ ਮਨਜ਼ੂਰ ਨਹੀਂ- ਚੰਨੀ

1
— ਮਾਨ ਸਰਕਾਰ ਨੇ ਲੋਕਾਂ ਨੂੰ ਕੁੱਟਣ ਤੇ ਪੰਜਾਬ ਨੂੰ ਲੁੱਟਣ ਤੋਂ ਸਿਵਾਏ ਕੁਝ ਕੀਤਾ ਹੀ ਨਹੀਂ- ਪ੍ਰਤਾਪ ਸਿੰਘ ਬਾਜਵਾ 
– ਸਰਕਾਰ ਬਣਨ ‘ਤੇ ਜ਼ੁਲਮਾਂ ਦਾ ਹਿਸਾਬ ਕਿਤਾਬ ਬਰਾਬਰ ਕਰਾਂਗੇ- ਸੁਖਜਿੰਦਰ ਸਿੰਘ ਰੰਧਾਵਾ 
– ਲਾਠੀਚਾਰਜ ਵਿੱਚ ਜ਼ਖਮੀ ਹੋਏ ਕਰਮਚਾਰੀਆਂ ਨੂੰ ਮੁਆਵਜ਼ਾ ਦੇਵੇ ਸਰਕਾਰ-ਵਿਧਾਇਕ ਕਾਲਾ ਢਿੱਲੋਂ 
ਬਰਨਾਲਾ   (ਸਮਾਜ ਵੀਕਲੀ)   (ਚੰਡਿਹੋਕ) ਪਿਛਲੇ ਦਿਨੀਂ ਬਰਨਾਲਾ ਵਿਖੇ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਪੁਲਿਸ ਦੀ ਨਿਗਰਾਨੀ ਹੇਠ ਕੂੜੇ ਦੇ ਢੇਰ ਚੁੱਕੇ ਜਾਣ ਦੌਰਾਨ ਹੜ੍ਹਤਾਲ ‘ਤੇ ਬੈਠੇ ਸਫ਼ਾਈ ਕਰਮਚਾਰੀਆਂ ਉੱਪਰ ਸਥਾਨਕ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਤੋਂ ਬਾਅਦ ਇਹ ਮੁੱਦਾ ਪੰਜਾਬ ਤੋਂ ਬਾਹਰ ਦੇਸ਼ ਵਿਦੇਸ਼ ਤੱਕ ਭੱਖ ਚੁੱਕਿਆ ਹੈ। ਵੱਖ-ਵੱਖ ਰਾਜਨੀਤਿਕ ਪਾਰਟੀਆਂ ਤੇ ਜਨਤਕ ਜਥੇਬੰਦੀਆਂ ਨੇ ਸਫ਼ਾਈ ਕਰਮਚਾਰੀਆਂ ਦੀ ਜਥੇਬੰਦੀ ਦੀ ਹਮਾਇਤ ‘ਤੇ ਆ ਕੇ ਇਸ ਮੁੱਦੇ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਹੈ ਅਤੇ ਇਸ ਦੇ ਅੰਜਾਮ ਤੱਕ ਸਫ਼ਾਈ ਕਰਮਚਾਰੀਆਂ ਦੀ ਹਮਾਇਤ ਦਾ ਭਰੋਸਾ ਦਿੱਤਾ ਹੈ। ਇਸ ਦੌਰਾਨ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਮੰਤਰੀ ਤੇ ਵਿਧਾਇਕ ਰਾਣਾ ਗੁਰਜੀਤ ਸਿੰਘ, ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਨਗਰ ਨਿਗਮ ਦੇ ਵਿਹੜੇ ਸਫ਼ਾਈ ਕਰਮਚਾਰੀਆਂ ਦੇ ਧਰਨੇ ਵਿੱਚ ਸ਼ਮੂਲੀਅਤ ਕੀਤੀ ਅਤੇ ਸਿਵਲ ਹਸਪਤਾਲ ਵਿੱਚ ਲਾਠੀਚਾਰਜ ਦੌਰਾਨ ਜ਼ਖਮੀ ਹੋਏ ਸਫਾਈ ਕਾਮਿਆ ਦਾ ਹਾਲ ਚਾਲ ਜਾਣਿਆ। ਇਸ ਮੌਕੇ ਵਿਧਾਇਕ ਕਾਲਾ ਢਿੱਲੋਂ ਦੀ ਰਿਹਾਇਸ਼ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਮੁੱਖ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਪੁਲਿਸ ਵੱਲੋਂ ਸਫ਼ਾਈ ਕਰਮਚਾਰੀਆਂ ‘ਤੇ ਕੀਤੇ ਲਾਠੀਚਾਰਜ ਦੀ ਘਟਨਾ ਨੂੰ ਮੰਦਭਾਗੀ ਦੱਸਦੇ ਹੋਏ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਚਿਤਾਵਨੀ ਤੱਕ ਦੇ ਦਿੱਤੀ ਕਿ ਸਮਾਂ ਆਉਣ ‘ਤੇ ਇਹਨਾਂ ਜ਼ੁਲਮਾਂ ਦਾ ਹਿਸਾਬ ਕਿਤਾਬ ਬਰਾਬਰ ਕੀਤਾ ਜਾਵੇਗਾ। ਸਰਦਾਰ ਚੰਨੀ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਵੱਲੋਂ ਮਹਿਲਾ ਸਫ਼ਾਈ ਕਰਮਚਾਰੀਆਂ ‘ਤੇ ਕੀਤੇ ਤਸ਼ੱਦਦ ਦੀਆਂ ਵੀਡੀਓ ਕਲਿੱਪ ਅਤੇ ਤਸਵੀਰਾਂ ਹਰ ਮਨੁੱਖ ਦਾ ਹਿਰਦਾ ਵਲੂੰਧਰ ਵਾਲੀਆਂ ਹਨ ਅਤੇ ਅਜਿਹੇ ਪੁਲਿਸ ਅਧਿਕਾਰੀਆਂ ਨੂੰ ਕਿਸੇ ਵੀ ਹਾਲਤ ਵਿੱਚ ਮਾਫ਼ ਨਹੀਂ ਕੀਤਾ ਜਾ ਸਕਦਾ। ਸਰਦਾਰ ਚੰਨੀ ਨੇ ਕਿਹਾ ਕਿ ਜਿਹੜੇ ਬੁਲੰਦ ਹੌਸਲੇ ਨਾਲ ਬਰਨਾਲਾ ਦੇ ਡੀਐਸਪੀ ਨੇ ਨਿਹੱਥੇ ਸਫਾਈ ਕਰਮਚਾਰੀਆਂ ‘ਤੇ ਡਾਂਗਾਂ ਨਾਲ ਹਮਲਾ ਕੀਤਾ, ਔਰਤਾਂ ਦੇ ਸਿਰ ਤੱਕ ਪਾੜ ਦਿੱਤੇ, ਬਾਹਾਂ ਤੋੜ ਦਿੱਤੀਆਂ, ਅਜਿਹਾ ਜ਼ੁਲਮ ਕੋਈ ਪੁਲਿਸ ਅਧਿਕਾਰੀ ਸਰਕਾਰ ਦੀ ਸ਼ਹਿ ਤੋਂ ਬਿਨਾਂ ਕਰ ਨਹੀਂ ਸਕਦਾ ਇਸ ਲਈ ਪੰਜਾਬ ਦੇ ਗ੍ਰਹਿ ਤੇ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਮਾਨ ਨੂੰ ਬਰਨਾਲੇ ਆ ਕੇ ਸਫ਼ਾਈ ਕਰਮਚਾਰੀਆਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। ਸਰਦਾਰ ਚੰਨੀ ਨੇ ਕਿਹਾ ਕਿ ਪੰਜਾਬ ‘ਚ ਅਗਲੀ ਸਰਕਾਰ ਕਾਂਗਰਸ ਦੀ ਬਣਨ ਤੋਂ ਬਾਅਦ ਸਾਰੇ ਕੱਚੇ ਸਫ਼ਾਈ ਕਾਮਿਆਂ ਨੂੰ ਪੱਕੇ ਕੀਤਾ ਜਾਵੇਗਾ ਅਤੇ ਅੱਗੇ ਤੋਂ ਸਫ਼ਾਈ ਕਰਮਚਾਰੀਆਂ ਦੀ ਭਰਤੀ ਪੱਕੇ ਕਰਮਚਾਰੀ ਦੇ ਤੌਰ ‘ਤੇ ਹੀ ਕੀਤੀ ਜਾਵੇਗੀ। ‌ ਚੰਨੀ ਨੇ ਕਿਹਾ ਕਿ ਪੁਲਿਸ ਵੱਲੋਂ ਕੀਤੇ ਲਾਠੀਚਾਰਜ ‘ਚ ਜ਼ਖ਼ਮੀ ਹੋਏ ਸਫਾਈ ਕਰਮਚਾਰੀਆਂ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਡਿਸਮਿਸ ਕਰਨ ਅਤੇ ਉਹਨਾਂ ‘ਤੇ ਐਫਆਈਆਰ ਦਰਜ ਕਰਨ ਤੋਂ ਘੱਟ ਕੋਈ ਵੀ ਕਾਰਵਾਈ ਮਨਜ਼ੂਰ ਨਹੀਂ ਹੋਵੇਗੀ। ਇਸ ਮੌਕੇ ਗੱਲਬਾਤ ਕਰਦਿਆਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਕਾਂਗਰਸ ਸਫਾਈ ਕਰਮਚਾਰੀਆਂ ਦੇ ਅੰਦੋਲਨ ਦੀ ਪੂਰੀ ਹਮਾਇਤ ਕਰਦੀ ਹੈ ਅਤੇ ਇਸ ਦੀ ਪੂਰਤੀ ਲਈ ਅਤੇ ਬਰਨਾਲਾ ਲਾਠੀਚਾਰਜ ਦੋਸ਼ੀਆਂ ਨੂੰ ਬਣਦੀ ਕਾਨੂੰਨੀ ਸਜ਼ਾ ਦੇਣ ਤੱਕ ਸਫਾਈ ਕਰਮਚਾਰੀਆਂ ਦੇ ਹਰ ਸੰਘਰਸ਼ ਦਾ ਪੰਜਾਬ ਕਾਂਗਰਸ ਸਾਥ ਦੇਵੇਗੀ। ਸਰਦਾਰ ਬਾਜਵਾ ਨੇ ਕਿਹਾ ਕਿ ਲਾਠੀਚਾਰਜ ਕਰਨ ਵਾਲੇ ਡੀਐਸਪੀ ਨੂੰ ਮੁਅੱਤਲ ਕਰਕੇ ਸਰਕਾਰ ਨੇ ਮਗਰਮੱਛ ਦੇ ਹੰਝੂ ਬਹਾਏ ਹਨ ਜਦਕਿ ਅਜਿਹੇ ਪੁਲਿਸ ਅਧਿਕਾਰੀ ਨੂੰ ਤੁਰੰਤ ਡਿਸਮਿਸ ਕਰਨਾ ਚਾਹੀਦਾ ਹੈ ਅਤੇ ਉਸ ਉੱਪਰ ਮੁਕੱਦਮਾ ਵੀ ਦਰਜ ਕਰਨਾ ਚਾਹੀਦਾ ਹੈ। ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਵਿਦਿਆਰਥੀਆਂ ਨੂੰ ਕੁੱਟਣ ਤੋਂ ਅਤੇ ਪੰਜਾਬ ਨੂੰ ਲੁੱਟਣ ਤੋਂ ਸਿਵਾਏ ਕੁਝ ਕੀਤਾ ਹੀ ਨਹੀਂ ਹੈ। ‌ ਸਰਦਾਰ ਬਾਜਵਾ ਨੇ ਪ੍ਰਤਾਪ ਸਿੰਘ ਕੈਰੋ ਸਮੇਤ ਪੰਜਾਬ ਦੇ ਕੁਝ ਸਫਲ ਮੁੱਖ ਮੰਤਰੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਹੁਣ ਤੱਕ ਦਾ ਸਭ ਤੋਂ ਫੇਲ ਅਤੇ ਨਾਲਾਇਕ ਮੁੱਖ ਮੰਤਰੀ ਨਿਕਲਿਆ ਹੈ ਜਿਸ ਨੇ ਪੰਜਾਬ ਨੂੰ ਆਪ ਦੀ ਦਿੱਲੀ ਹਾਈਕਮਾਂਡ ਕੋਲ ਗਿਰਵੀ ਰੱਖ ਦਿੱਤਾ ਹੈ।ਸਰਦਾਰ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਅੱਗੇ ਇਸੇ ਸ਼ਰਤ ‘ਤੇ ਗੋਡੇ ਟੇਕ ਦਿੱਤੇ ਹਨ ਕਿ ਉਸ ਨੂੰ ਮੁੱਖ ਮੰਤਰੀ ਰੱਖਿਆ ਜਾਵੇ ਅਤੇ ਪੰਜਾਬ ਨੂੰ ਭਾਵੇਂ ਦੋਵੇਂ ਹੱਥਾਂ ਨਾਲ ਲੁੱਟ ਲਿਆ ਜਾਵੇ। ‌ ਇਸ ਮੌਕੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਅਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਸਫਾਈ ਕਰਮਚਾਰੀਆਂ ‘ਤੇ ਹੋਏ ਤਸ਼ੱਸਦ ਦੀ ਜ਼ੋਰਦਾਰ ਨਿਖਧੀ ਕਰਦੇ ਹੋਏ ਕਿਹਾ ਕਿ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਡਿਸਮਿਸ ਕਰਕੇ ਉਹਨਾਂ ‘ਤੇ ਐਫਆਈਆਰ ਦਰਜ ਕਰਨ ਤੱਕ ਸਫਾਈ ਕਰਮਚਾਰੀਆਂ ਵੱਲੋਂ ਕੀਤੇ ਹਰ ਸੰਘਰਸ਼ ਦਾ ਪੰਜਾਬ ਕਾਂਗਰਸ ਵੱਲੋਂ ਡੱਟ ਕੇ ਸਮਰਥਨ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਉਹ ਦਿਨ ਰਾਤ ਇਸ ਮਾਮਲੇ ‘ਚ ਸਫਾਈ ਕਰਮਚਾਰੀਆਂ ਦੇ ਸੰਪਰਕ ਵਿੱਚ ਹਨ ਅਤੇ ਉਹ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਬਣਦੀ ਕਾਨੂੰਨੀ ਸਜ਼ਾ ਮਿਲਣ ਤੱਕ ਟਿਕ ਕੇ ਨਹੀਂ ਬੈਠਣਗੇ। ਵਿਧਾਇਕ ਢਿੱਲੋਂ ਨੇ ਮੰਗ ਕੀਤੀ ਕਿ ਜ਼ਖਮੀ ਸਫਾਈ ਕਰਮਚਾਰੀਆਂ ਦਾ ਸਾਰਾ ਇਲਾਜ ਸਰਕਾਰ ਚੁੱਕੇ ਅਤੇ ਜ਼ਖਮੀ ਸਫਾਈ ਕਰਮਚਾਰੀਆਂ ਨੂੰ ਬਣਦਾ ਮੁਆਵਜ਼ਾ ਵੀ ਦਿੱਤਾ ਜਾਵੇ। ਇਸ ਮੌਕੇ ਪੰਜਾਬ ਕਾਂਗਰਸ ਦੇ ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ,ਸਾਬਕਾ ਵਿਧਾਇਕ ਮਦਨਲਾਲ ਜਲਾਲਪੁਰ, ਕਾਂਗਰਸ ਤੇ ਸੀਨੀਅਰ ਆਗੂ ਹਰਿੰਦਰਪਾਲ ਸਿੰਘ ਹੈਰੀਮਾਨ, ਸੁਮਿਤ ਸਿੰਘ,ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।  ਬਾਕਸ ਨਿਊਜ਼  ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਜਿੱਥੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਦੌਰਾਨ ਪੰਜਾਬ ਸਿਰ ਚੜੇ ਕਰਜ਼ੇ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਉਥੇ ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਲੈ ਕੇ ਮੰਤਰੀਆਂ ਤੇ ਵਿਧਾਇਕਾਂ ਤੱਕ ਦੇ ਕੁਰੱਪਸ਼ਨ ਦਾ ਵੀ ਜ਼ਿਕਰ ਕਰਦੇ ਹੋਏ ਕਿਹਾ ਕਿ 2022 ਦੀਆਂ ਚੋਣਾਂ ਤੱਕ ਆਮ ਘਰਾਂ ਦੇ ਕਾਕੇ ਅਖਵਾਉਣ ਵਾਲੇ ਵਿਧਾਇਕ ਪੰਡੋਰੀ ਵਰਗਿਆਂ ਨੇ ਵੀ ਹੋਟਲ ਖੋਲ ਲਏ ਹਨ। ਪੰਜਾਬ ਕਾਂਗਰਸ ਦੇ ਇੱਕ ਸੀਨੀਅਰ ਆਗੂ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਬਰਨਾਲਾ ਜ਼ਿਲ੍ਹੇ ਦੇ ਮਹਿਲ ਕਲਾਂ ਤੋਂ ਵਿਧਾਇਕ ਪੰਡੋਰੀ ਦੇ ਕਿਸੇ ਹੋਟਲ ਦਾ ਜ਼ਿਕਰ ਕੀਤੇ ਜਾਣ ਤੋਂ ਬਾਅਦ ਬਰਨਾਲਾ ਦੀ ਰਾਜਨੀਤੀ ‘ਚ ਨਵੀਂ ਚਰਚਾ ਛਿੜ ਗਈ ਹੈ ਕਿ ਕਿਵੇਂ ਆਮ ਘਰਾਂ ਦੇ ਕਾਕਿਆਂ ਨੇ ਚਾਰ ਕੁ ਸਾਲਾਂ ਵਿੱਚ ਹੀ ਖਾਸ ਘਰਾਂ ਦੇ ਕਾਕਿਆਂ ਦਾ ਦਰਜਾ ਪ੍ਰਾਪਤ ਕਰ ਲਿਆ ਹੈ। ‌ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਡੋਰੀ ਦੇ ਕਿਸੇ ਹੋਟਲ ਦਾ ਜ਼ਿਕਰ ਕੀਤੇ ਜਾਣ ਤੋਂ ਬਾਅਦ ਹੁਣ ਜ਼ਿਲ੍ਹੇ ਦੀ ਰਾਜਨੀਤੀ ਵਿੱਚ ਇਹ ਵੀ ਚਰਚਾ ਸ਼ੁਰੂ ਹੋ ਗਈ ਹੈ ਕਿ ਆਖਰ ਇਹ ਹੋਟਲ ਹੈ ਕਿੱਥੇ ?
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਟਰੱਕ ਅਤੇ ਬੇਸਹਾਰਾ ਪੂਸ਼ ਦੀ ਟੱਕਰ ‘ਚ ਟਰੱਕ ਡਿਵਾਈਡਰ ਦੇ ਨਾਲ ਟਕਰਾ ਕੇ ਪਲਟਿਆ, ਬੇਸਹਾਰਾ ਪਸ਼ੂ ਦੀ ਮੌਤ ਜਾਨੀ ਨੁਕਸਾਨ ਦਾ ਬਚਾਅ