(ਸਮਾਜ ਵੀਕਲੀ)
ਰੇਲਵੇ ਦੇ ਨਿੱਜੀਕਰਨ ਦੀਆਂ ਖਬਰਾਂ ਆ ਰਹੀਆਂ ਹਨ। ਭਾਰਤੀ ਰੇਲ, ਦੇਸ਼ ਹੀ ਨਹੀਂ – ਦੁਨੀਆਂ ਵਿਚ ਸਭ ਤੋਂ ਜ਼ਿਆਦਾ ਰੋਜ਼ਗਾਰ ਦੇਣ ਵਾਲਾ ਖੇਤਰ ਮੰਨਿਆ ਜਾਂਦਾ ਹੈ। ਸਿਰਫ ST, SC, OBC ਦੀਆਂ ਰਿਜ਼ਰਵ ਨੌਕਰੀਆਂ ਹੀ ਲੱਖਾਂ ਵਿਚ ਹਨ।
OBC, SC, ST ਨੂੰ ਉਨ੍ਹਾਂ ਦੀ 85% ਆਬਾਦੀ ਦੇ ਹਿਸਾਬ ਨਾਲ ਸ਼ਾਸਨ-ਪ੍ਰਸ਼ਾਸਨ ਵਿਚ ਹਿੱਸਾ ਮਿਲ ਸਕੇ, ਇਸ ਦੀ ਸ਼ੁਰੂਆਤ ਛਤ੍ਰਪਤਿ ਸ਼ਾਹੂ ਜੀ ਮਹਾਰਾਜ ਨੇ 26 ਜੁਲਾਈ, 1902 ਨੂੰ ਆਪਣੀ ਰਿਆਸਤ, ਕੋਲ੍ਹਾਪੁਰ ਵਿਖੇ ਕੀਤੀ ਸੀ। ਉਹ ਜਾਣਦੇ ਸਨ ਕਿ ਬ੍ਰਾਹਮਣ ਅਧਿਕਾਰੀ, ਉਨ੍ਹਾਂ ਵਲੋਂ ਮਰਾਠਾ, ਜਿਮੀਦਾਰ, ਤਰਖਾਣ, ਸੈਣੀ, ਧਨਗਰ(ਚਰਵਾਹੇ), ਮਹਾਰ, ਮਾਂਗ, ਚਮਾਰ ਅਤੇ ਹੋਰ ਦੂਜਿਆਂ ਪੱਛੜੀਆਂ-ਦਲਿਤ ਜਾਤਾਂ ਦੇ ਭਲੇ ਦੀਆਂ ਕੋਸ਼ਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ।
ਬਾਬਾ ਸਾਹਿਬ ਅੰਬੇਡਕਰ ਨੇ ਸੰਵਿਧਾਨ ਵਿਚ ਪ੍ਰਬੰਧ ਕੀਤਾ ਤਾਕਿ ਬਹੁਜਨ ਸਮਾਜ ਨੂੰ ਇਸ ਦਾ ਫ਼ਾਇਦਾ ਸਿਰਫ ਕੋਲ੍ਹਾਪੁਰ ਵਿਚ ਨਹੀਂ – ਸਗੋਂ ਪੂਰੇ ਦੇਸ਼ ਵਿਚ ਮਿਲ ਸਕੇ। ਉਹ ਇਹ ਸਹੂਲਤ SC-ST ਨੂੰ ਤਾਂ ਦਿਲਾ ਸਕੇ, ਪਰ OBC ਜਾਤਾਂ ਨੇ ਉਨ੍ਹਾਂ ਦੀ ਅਗਵਾਈ ਨਹੀਂ ਕਬੂਲੀ ‘ਤੇ ਇਸ ਦਾ ਫਾਇਦਾ ਚੁੱਕਣ ਤੋਂ ਰਹਿ ਗਈਆਂ।
1980 ਦੇ ਦਹਾਕੇ ਵਿਚ ਬਾਬਾ ਸਾਹਿਬ ਦੇ ਅਧੂਰੇ ਕਾਰਵਾਂ ਦੀ ਜਿੰਮੇਵਾਰੀ ਸਾਹਿਬ ਕਾਂਸ਼ੀ ਰਾਮ ਨੇ ਆਪਣੇ ਮੋਢਿਆਂ ਤੇ ਲਈ। ਉਨ੍ਹਾਂ ਨੇ OBC ਰਿਜ਼ਰਵੇਸ਼ਨ ਨੂੰ ਲੈਕੇ ਵੱਡੀ ਲਹਿਰ ਛੇੜ ਦਿੱਤੀ। ਵੀ.ਪੀ.ਸਿੰਘ ਸਰਕਾਰ ਨੂੰ ਮੰਡਲ ਕਮਿਸ਼ਨ ਮੁੱਦੇ ਤੇ, “ਚੁਨਾਵੀ ਵਾਦਾ ਪੂਰਾ ਕਰੋ, ਵਰਨਾ ਕੁਰਸੀ ਖਾਲੀ ਕਰੋ” ਦੇ ਨਾਰੇ ‘ਤੇ ਘੇਰਿਆਂ, ਜਿਸ ਤੋਂ ਘਬਰਾਕੇ ਉਸਨੂੰ ਰਿਪੋਰਟ ਲਾਗੂ ਕਰਨੀ ਪਈ।
ਪਰ ਸਰਵਜਨਾਂ ਨੇ ਇਸ ਨੂੰ ਕਦੇ ਵੀ ਠੀਕ ਢੰਗ ਨਾਲ ਲਾਗੂ ਹੀ ਨਹੀਂ ਹੋਣ ਦਿੱਤਾ। OBC ਨੂੰ 52% ਆਬਾਦੀ ਦੇ ਹਿਸਾਬ ਨਾਲ ਰਿਜ਼ਰਵੇਸ਼ਨ ਤਾਂ ਨਹੀਂ ਦਿੱਤੀ; ਜੋ 27% ਮਿਲੀ, ਉਸ ਵਿਚ ਕ੍ਰੀਮੀ ਲੇਯਰ ਲਗਾਕੇ ਨਕਾਰਾ ਕਰ ਦਿੱਤੀ ਗਈ।
ਹੁਣ ਜਿਸ ਤਰ੍ਹਾਂ RSS-BJP ਦੀ ਕੇਂਦਰ ਸਰਕਾਰ, ਸੰਸਥਾਵਾਂ ਨੂੰ ਵੇਚਣ ਵਿਚ ਲੱਗੀ ਹੈ ਤਾਂ ਉਨ੍ਹਾਂ ਲੱਖਾਂ ਨੌਕਰੀਆਂ ਦਾ ਕਿ ਬਣੇਗਾ, ਜੋ OBC, SC, ST ਦੇ ਹਿੱਸੇ ਵਿਚ ਆਉਂਦੀਆਂ ਹਨ? ਕੀ ਪ੍ਰਾਈਵੇਟ ਕੰਪਨੀਆਂ ਦੇ ਸਵਰਨ ਮਾਲਕ, 85% ਆਬਾਦੀ ਵਾਲੇ ਬਹੁਜਨ ਸਮਾਜ ਨੂੰ ਉਨ੍ਹਾਂ ਦਾ ਬਣਦਾ ਹਿੱਸਾ ਦੇਣਗੇ? ਯਾ ਫਿਰ ਮੈਰਿਟ ਅਤੇ ਦੂਜੇ ਬਹਾਨੇ ਬਣਾਕੇ 10-15% ਸਵਰਨਾਂ ਨੂੰ 100% ਰਿਜ਼ਰਵੇਸ਼ਨ ਦਿੱਤੀ ਜਾਵੇਗੀ।
ਜੇਕਰ ਰੇਲਵੇ ਵਿਚ ਆਦਿਵਾਸੀਆਂ ਦੀ 1 ਲੱਖ, ਦਲਿਤਾਂ ਦੀ 2 ਲੱਖ ਅਤੇ ਪੱਛੜੀਆਂ ਦੀ 3 ਲੱਖ ਨੌਕਰੀਆਂ ਹਨ ਤਾਂ ਇਹ 6 ਲੱਖ ਹੋ ਜਾਂਦੀਆਂ ਹਨ। ਨਿੱਜੀਕਰਨ ਦੇ ਕਾਰਨ ਇਹ ਉਨ੍ਹਾਂ ਨੂੰ ਨਹੀਂ ਮਿਲਣਗੀਆਂ ਤਾਂ ਫਿਰ ਉਨ੍ਹਾਂ 6 ਲੱਖ ਪਰਿਵਾਰਾਂ ਦਾ ਕੀ ਹੋਵੇਗਾ, ਜਿਨ੍ਹਾਂ ਕੋਲੋਂ ਰੋਜ਼ਗਾਰ ਦਾ ਮੌਕਾ ਖੋਹ ਲਿਆ ਗਿਆ? ਜੇਕਰ ਸਾਰੇ ਛੋਟੇ-ਵੱਢੇ ਪੋਸਟਾਂ ਦੀ ਤਨਖਾਹ ਅਸੀਂ ਔਸਤਨ 30,000 ਮਹੀਨਾ ਹੀ ਮੰਨ ਲਈਏ ਤਾਂ 6 ਲੱਖ ਨੌਕਰੀਆਂ ਦਾ Rs.18,00,00,00,000 ਭਾਵ 18 ਅਰਬ ਰੁਪਏ ਸਿਰਫ ਇਕ ਮਹੀਨੇ ਦਾ ਬਣਦਾ ਹੈ।
6743 ਜਾਤਾਂ ਵਿਚ ਵੰਡੇ OBC, SC, ST ਨੂੰ ਸਿਰਫ ਰੇਲਵੇ ਦੇ ਨਿੱਜੀਕਰਨ ਤੋਂ ਇਕ ਮਹੀਨੇ ਦਾ ਇਹ ਨੁਕਸਾਨ ਹੋ ਸਕਦਾ ਹੈ। ਹੁਣ ਤਕ ਵੇਚੇ ਗਏ ਦੂਜੇ ਸਰਕਾਰੀ ਅਦਾਰਿਆਂ ਅਤੇ ਭਵਿੱਖ ਵਿਚ ਕੀਤੇ ਜਾਨ ਵਾਲੇ ਨਿੱਜੀਕਰਨ ਦਾ ਹਿਸਾਬ ਲਗਾਇਆ ਜਾਏ ਤਾਂ ਕਿਹੋ ਜਿਹੀ ਖ਼ਤਰਨਾਕ ਤਸਵੀਰ ਉਭਰੇਗੀ, ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਪਛੜੀਆਂ-ਜਿਮੀਦਾਰਾਂ ਦੀ ਖੇਤੀ ਬਰਬਾਦ ਕਰਨ ਅਤੇ ਆਦਿਵਾਸੀਆਂ ਦੇ ਜੰਗਲਾਂ ਨੂੰ ਖੋਹਣ ਦਾ ਮਾਮਲਾ ਤਾ ਅਲੱਗ ਹੈ, ਜੋ ਕਿ ਆਪਣਾ-ਆਪ ਵਿਚ ਇੱਕ ਪੂਰੀ ਦਾਸਤਾਨ ਹੈ।
ਹੈਰਾਨੀ ਦੀ ਗੱਲ ਹੈ ਕਿ ਇਹ ਇੱਕ ਐਸੇ ਪ੍ਰਧਾਨ ਮੰਤਰੀ ਦੇ ਰਹਿੰਦਿਆਂ ਹੋ ਰਿਹਾ ਹੈ, ਜੋ ਆਪਣੇ-ਆਪ ਨੂੰ ਪੱਛੜੀ ਜਾਤ ਦਾ ਦੱਸਦੇ ਹਨ। RSS ਆਪਣਾ ਬ੍ਰਾਹਮਣਵਾਦੀ ਅਜੇਂਡਾ ਪੂਰੇ ਜ਼ੋਰਾਂ-ਸ਼ੋਰਾਂ ਨਾਲ ਲਾਗੂ ਕਰਨ ਵਿੱਚ ਲੱਗੀ ਹੋਈ ਹੈ ਅਤੇ ਸਾਡੇ ਪੱਛੜੀ ਜਾਤ ਦੇ ਪ੍ਰਧਾਨ ਮੰਤਰੀ, ਆਪਣੇ ਹੀ ਸਮਾਜ ਦੀਆਂ ਲੱਖਾਂ ਨੌਕਰੀਆਂ ਸਵਰਨਾਂ ਦੇ ਹਵਾਲੇ ਕਰ ਰਹੇ ਹਨ।
ਕਾਰੋਬਾਰ ਦੇ ਖੇਤਰ ਵਿਚ ਤਾਂ OBC, SC, ST ਜਾਤਾਂ ਅੱਗੇ ਵੱਧ ਨਹੀਂ ਸਕੀਆਂ; ਖੇਤੀ, ਰਿਜ਼ਰਵੇਸ਼ਨ ਅਤੇ ਜੰਗਲ ਵਰਗੇ ਜੋ ਵੀ ਆਰਥਿਕ ਸਰੋਤ ਸਨ, ਉਨ੍ਹਾਂ ਤੇ ਬ੍ਰਾਹਮਣਵਾਦੀ ਹਮਲੇ ਲਗਾਤਾਰ ਜਾਰੀ ਹਨ।
ਹੁਣ ਦਿੱਕਤ ਇਹ ਹੈ ਕਿ ਇਸ ਦੇ ਖਿਲਾਫ ਆਵਾਜ਼ ਕੌਣ ਚੁੱਕੇ ?
ਬਹੁਜਨ ਸਮਾਜ ਦੇ ਵੱਢੇ-ਵੱਢੇ ਆਗੂ ਤਾਂ ਹੁਣ ਆਪਣੀਆਂ ਸੁੱਖ-ਸੁਵਿਧਾਵਾਂ ਵਿਚ ਲੀਨ ਹਨ। ਕਿਸੇ ਨੂੰ ਆਪਣੀ ਸਰਕਾਰ ਵਿਚ ਕੀਤੇ ਘੋਟਾਲਿਆਂ ਦਾ ਡਰ ਹੈ ਤਾਂ ਕਿਸੇ ਨੂੰ CBI ਦੀ ਅਗਲੀ ਰੇਡ ਹੋਣ ਦਾ। ਕੋਈ RSS-BJP ਦੇ ਸਾਮਣੇ ਨਤਮਸਤਕ ਹੈ ਤਾਂ ਕੋਈ ਸੰਘਰਸ਼ ਦੇ ਜੋਖਮ ਭਰੇ ਕੰਮ ਵਿਚ ਪੈਣਾ ਨਹੀਂ ਚਾਹੁੰਦਾ। ਉਹ ਹੁਣ ਆਲੀਸ਼ਾਨ ਮਹਿਲਾਂ ਵਿਚ ਰਹਿੰਦੇ ਹਨ, ਉਨ੍ਹਾਂ ਦੇ ਪਰਿਵਾਰਾਂ ਨੂੰ ਅਗਲੀਆਂ ਕਈ ਪੁਸ਼ਤਾਂ ਤੱਕ ਕੋਈ ਮੁਸ਼ਕਿਲ ਨਹੀਂ ਹੋਣ ਵਾਲੀ, ਉਹ ਇਸ ਝਮੇਲੇ ਵਿਚ ਭਲਾ ਕਿਉਂ ਪੈਣ ?
ਵਾਕਈ ਜਿਸ ਸਮਾਜ ਦੇ ਕੋਲ ਸੱਚੇ ਅਤੇ ਇਮਾਨਦਾਰ ਆਗੂ ਨ ਹੋਣ, ਉਸਦੀ ਹਾਲਤ ਇੱਕ ਯਤੀਮ ਬੱਚੇ ਵਰਗੀ ਹੁੰਦੀ ਹੈ, ਜੋ ਚਾਹੇ ਉਸਨੂੰ ਲੁੱਟ ਲਵੇ। ਸਾਹਿਬ ਕਾਂਸ਼ੀ ਰਾਮ ਦੇ ਬਾਅਦ, “ਬਹੁਜਨ ਸਮਾਜ” ਦੇ ਨਾਲ ਇਹੀ ਵਾਪਰਿਆ।
OBC, SC, ST ਅਤੇ ਉਨ੍ਹਾਂ ਦੇ ਆਗੂ ਯਾ ਤਾਂ ਸੰਘਰਸ਼ ਦਾ ਰਸਤਾ ਚੁਣਨ ਯਾ ਫਿਰ ਬ੍ਰਾਹਮਣ-ਬਾਣੀਏ-ਖੱਤਰੀ ਦੀ ਪੂਰੀ ਗ਼ੁਲਾਮੀ ਕਰਨ ਲਈ ਤਿਆਰ ਰਹਿਣ, ਵਿਚਕਾਰਲਾ ਕੋਈ ਰਾਹ ਹੁਣ ਬਚਿਆ ਨਹੀਂ ਹੈ।