‘ ਪ੍ਰਾਧੀਨਤਾ ਹੈ ਪਾਪ ‘

ਮੇਜਰ ਸਿੰਘ ‘ਬੁਢਲਾਡਾ’

(ਸਮਾਜ ਵੀਕਲੀ)

ਇਨਸਾਨੀਅਤ ਵਿਰੋਧੀ ਚਤਰ ਚਲਾਕਾਂ ਵੱਲੋਂ,
ਵੰਡ ਇਨਸਾਨ ਬਣਾਏ ‘ਵਰਣ’ ਚਾਰ ਜੀ।
ਮਿਹਨਤਕਸ਼ ਨਿਤਾਣਿਆਂ ਨੂੰ ‘ਸ਼ੂਦਰ’ ਬਣਾਕੇ,
ਧੋਖੇ ਨਾਲ ਲ‌ਏ ਇਹਨਾਂ ਸਾਰੇ ਹੱਕ ਮਾਰ ਜੀ।
ਚੌਧਰ ਕਾਇਮ ਰੱਖਣ ਲਈ ‘ਸ਼ੂਦਰ’ ਵੀ ਐਸੇ ਵੰਡੇ,
ਮੁੜ ਹੋਏ ਨਾ ਇਕੱਠੇ ਐਸੇ ਪਾ ਦਿੱਤੇ ਪਾੜ ਜੀ।
ਪਸ਼ੂਆਂ ਤੋਂ ਭੈੜੀ ਜਿੰਦਗੀ ਜਿਉਣ ਲਈ ਮਜਬੂਰ ਕੀਤੇ,
ਕੀਤਾ ‘ਧਰਮ ਗ੍ਰੰਥਾਂ’ ਰਾਹੀਂ ਐਸਾ ਪ੍ਰਚਾਰ ਜੀ।
ਅਖੌਤੀ ‘ਸ਼ੂਦਰਾਂ’ ਦੇ ਨਾਲ ਹੁੰਦਾ ਵੇਖ ‘ਅਨਿਆ’ ,
ਗੁਰੂ ‘ਰਵਿਦਾਸ’ ਜੀ ਤੋਂ ਹੋਇਆ ਨਾ ਸਹਾਰ ਜੀ।
ਲਾਈਆਂ ਗਈਆਂ ਬੰਦਸ਼ਾ ਤੋੜ ‘ਰਵਿਦਾਸ’ ਜੀ ਨੇ,
‘ਮਨੂੰਵਾਦ’ ਵਿਰੁੱਧ ਵਿੱਢ ਦਿੱਤਾ ਪ੍ਰਚਾਰ ਜੀ।
ਰੋਕਿਆ ਨਾ ਰੁਕੇ ਕੀਤੇ ਯਤਨ ਵਧੇਰੇ,
‘ਬਾਣੀ’ ਸੱਚ ਦੀ ਉਚਾਰੀ ਲੋਕਾਂ ਵਿਚਕਾਰ ਜੀ।
‘ਚਹੁ ਵਰਨਾਂ’ ਦਾ ਕੀਤਾ ਸੀ ਖੰਡਨ ਫਿਰ ,
ਤਰਕ ਨਾਲ ਦੱਸੇ ਆਪਣੇ ਵਿਚਾਰ ਜੀ।
ਕਹਿੰਦਾ “ਬਾਮਣ,ਖੱਤਰੀ,ਵੈਸ਼,ਸ਼ੂਦ ਸਾਰੇ,
ਇਕ ਮਿੱਟੀ ਦੇ, ਘੜੇ ਇਕੋ ਘੁਮਿਆਰ ਜੀ।
*ਬਾਮਣ ਹੈ ਸੋਈ ਕਾਮ, ਕ੍ਰੋਧ, ਲੋਭ, ਮੋਹ, ਛੱਡ,
ਕਰਦਾ ਹੈ ਜਿਹੜਾ ਧਰਮ ਦੀ ਕਾਰ ਜੀ।
*ਉਹ ਨਰ ਸੂਰਮੇ ਨੂੰ ਜਾਣੋ ਸਾਚਾ ਸ਼ੱਤਰੀ ,
ਦੀਨ ਦੁਖੀ ਹੇਤ ਜੋ ਪ੍ਰਾਣ ਦੇਵੇ ਵਾਰ ਜੀ।
*ਵੈਸ਼ ਸੋਈ ਜਾਣੋ ਜਿਹੜਾ ਤੋਲੇ ਸੱਚੀ ਤੱਕੜੀ,
ਸੱਚੀ ਹੱਟੀ ਬੈਠ ਸੱਚਾ ਕਰਦਾ ਵਿਹਾਰ ਜੀ।
*ਸ਼ੂਦਰ ਹੈ ਸੋਈ ਕਰਦਾ ਕੁਕਰਮ ਜਿਹੜਾ,
ਮੂਰਖ ਕਰੇ ਵਰਨ ਅਵਰਨ ਦਾ ਵਿਚਾਰ ਜੀ।
ਮੱਤ ਪੂਜੋ ਤੁਸੀਂ ਗੁਣਹੀਣ ਬਾਹਮਣਾ ਨੂੰ,
ਪੂਜੀਏ ਚੰਡਾਲ ਜੇ ਹੋਵੇ ਗੁਣਕਾਰ ਜੀ।
ਪ੍ਰਾਧੀਨਤਾ ਹੈ ਪਾਪ ਤੁਸੀਂ ਜਾਣ ਲਵੋ ਮੀਤ,
ਪ੍ਰਾਧੀਨ ਨੂੰ ਨਾ ਕੋਈ ਕਰਦਾ ਪਿਆਰ ਜੀ।”
ਗੁਰੂ ਰਵਿਦਾਸ ਸੱਚ ਦੇ ਪੁਜਾਰੀ ਅੱਗੇ,
‘ਬਿੱਪਰ’ ਕਰਨ ਡੰਡਾਉਤਾਂ ਸ਼ਰੇ ਬਾਜ਼ਾਰ ਜੀ।
ਮੇਜਰ ਸਦਾ ਪ੍ਰਣਾਮ ਗੁਰੂ ਰਵਿਦਾਸ ਜੀ ਨੂੰ,
ਹੱਕ ਸੱਚ ਲਈ ਸੰਘਰਸ਼ ਕੀਤਾ ਜੋਰਦਾਰ ਜੀ।

ਲੇਖਕ – ਮੇਜਰ ਸਿੰਘ ‘ਬੁਢਲਾਡਾ’
94176 42327

 

Previous article” ਸਰਕਾਰੀ ਛੁੱਟੀਆਂ “
Next articleਏਕਮ ਪਬਲਿਕ ਸਕੂਲ ਮਹਿਤਪੁਰ ਦੇ ਐਥਲੀਟ ਨੈਸ਼ਨਲ ਲੈਵਲ ਤੇ ਦਿਖਾਉਣਗੇ ਆਪਣੇ ਜੌਹਰ