ਪ੍ਰਾਈਜ਼ ਐਂਡ ਰੈਂਟ ਫਿਕਸੇਸ਼ਨ ਕਮੇਟੀ ਦੀ ਮੀਟਿੰਗ ਹੋਈ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪ੍ਰਾਈਜ਼ ਐਂਡ ਰੈਂਟ ਫਿਕਸੇਸ਼ਨ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਹੋਈ। ਮੀਟਿੰਗ ਵਿੱਚ ਨਗਰ ਨਿਗਮ ਦੇ ਮੇਅਰ ਸੁਰਿੰਦਰ ਕੁਮਾਰ, ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਦੇ ਚੇਅਰਮੈਨ ਹਰਮੀਤ ਸਿੰਘ ਔਲਖ, ਨਗਰ ਨਿਗਮ ਦੀ ਕਮਿਸ਼ਨਰ ਅਮਨਦੀਪ ਕੌਰ, ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਦੇ ਨੁਮਾਇੰਦੇ ਜਸਪਾਲ ਸਿੰਘ, ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਦੇ ਨੁਮਾਇੰਦੇ ਸਚਿਨ ਗੁਪਤਾ ਅਤੇ ਨਗਰ ਸੁਧਾਰ ਟਰੱਸਟ ਦੇ ਕਾਰਜਕਾਰੀ ਅਧਿਕਾਰੀ ਪਰਮਜੀਤ ਸਿੰਘ ਹਾਜ਼ਰ ਸਨ। ਇਸ ਮੀਟਿੰਗ ਦੌਰਾਨ ਟਰੱਸਟ ਦੀਆਂ ਵੱਖ-ਵੱਖ ਸਕੀਮਾਂ ਵਿੱਚ ਰਿਹਾਇਸ਼ੀ ਅਤੇ ਵਪਾਰਕ ਵੇਚਣ ਯੋਗ ਜਾਇਦਾਦਾਂ ਦੀ ਰਾਖਵੀਂ ਕੀਮਤ ਨਿਰਧਾਰਤ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਜ਼ਿਲ੍ਹਾ ਹੁਸ਼ਿਆਰਪੁਰ ਦੇ ਕਲੈਕਟਰ ਰੇਟ, ਛਾਂਟ ਰੇਟ ਅਤੇ ਬੈਂਕਾਂ ਵਲੋਂ ਦਿੱਤੇ ਗਏ ਰੇਟਾਂ ਨੂੰ ਵਿਚਾਰਨ ਤੋਂ ਬਾਅਦ, ਲੋਕਾਂ ਦੇ ਹਿਤਾਂ ਨੂੰ ਮੁੱਖ ਰੱਖਦੇ ਹੋਏ, ਕੀਮਤਾਂ ਨਿਰਧਾਰਤ ਕੀਤੀਆਂ ਗਈਆਂ। ਇਨ੍ਹਾਂ ਵਿੱਚ ਸਕੀਮ ਨੰਬਰ 2 (ਰਾਜੀਵ ਗਾਂਧੀ ਐਵਨਿਊ), ਸਕੀਮ ਨੰਬਰ 10 (ਡਾ. ਅੰਬੇਦਕਰ ਨਗਰ) ਅਤੇ ਸਕੀਮ ਨੰਬਰ 11 (ਸੰਤ ਹਰਚੰਦ ਸਿੰਘ ਲੋਕਾਂਵਾਲ) ਦੀਆਂ ਜਾਇਦਾਦਾਂ ਸ਼ਾਮਲ ਹਨ। ਇਨ੍ਹਾਂ ਕੀਮਤਾਂ ਦੇ ਨਿਰਧਾਰਨ ਨਾਲ, ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਦੀਆਂ ਵੇਚਣ ਯੋਗ ਜਾਇਦਾਦਾਂ ਦੀ ਈ-ਨੀਲਾਮੀ/ਲਾਟਰੀ ਰਾਹੀਂ ਡਰਾਅ ਕੱਢਣ ਦਾ ਸੁਨਹਿਰੀ ਮੌਕਾ ਪ੍ਰਾਪਤ ਹੋਇਆ ਹੈ। ਜਲਦੀ ਹੀ ਨਗਰ ਸੁਧਾਰ ਟਰੱਸਟ ਦਫ਼ਤਰ ਦੀ ਨਵੀਂ ਸਕੀਮ ਨੰਬਰ 2 (ਰਾਜੀਵ ਗਾਂਧੀ ਵਿਹਾਰ) ਵਿੱਚ 134 ਪਲਾਟਾਂ ਵਿੱਚੋਂ 67 ਪਲਾਟ (100 ਅਤੇ 200 ਵਰਗ ਗਜ) ਦਾ ਡਰਾਅ ਕੱਢਿਆ ਜਾਵੇਗਾ। ਬਾਕੀ 67 ਪਲਾਟਾਂ ਅਤੇ ਵਪਾਰਕ ਜਾਇਦਾਦਾਂ ਨੂੰ ਈ-ਨੀਲਾਮੀ ਰਾਹੀਂ ਵੇਚਿਆ ਜਾਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਕੈਬਨਿਟ ਮੰਤਰੀ ਜਿੰਪਾ ਨੇ ਜੇ.ਸੀ.ਟੀ ਚੌਹਾਲ ’ਚ 29 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੀ ਕੀਤੀ ਸ਼ੁਰੂਆਤ
Next articleਬੁੱਧ ਚਿੰਤਨ