(ਸਮਾਜ ਵੀਕਲੀ): ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਜ਼ਿਲ੍ਹਾ ਇਕਾਈ ਸੰਗਰੂਰ ਨੇ ਜੂਨ 1975 ਵਿੱਚ ਲਗਾਈ ਗਈ ਐਮਰਜੈਂਸੀ ਦੀ ਵਰੇਗੰਢ ਮੌਕੇ ਦੇਸ਼ ਦੇ ਹਾਕਮਾਂ ਵਲੋਂ ਲਗਾਈ ਅਣ ਐਲਾਨੀ ਐਮਰਜੈਂਸੀ ਦੇ ਵਿਰੋਧ ਵਿਚ 26ਜੂਨ ਨੂੰ ਸੰਗਰੂਰ ਵਿਖੇ ਕਨਵੈਨਸ਼ਨ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਅੱਜ ਸਥਾਨਕ ਗ਼ਦਰ ਮੈਮੋਰੀਅਲ ਭਵਨ ਵਿਖੇ ਜ਼ਿਲ੍ਹਾ ਪ੍ਰਧਾਨ ਸਵਰਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਕੀਤਾ ਗਿਆ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦੇ ਹੋਏ ਜ਼ਿਲ੍ਹਾ ਸਕੱਤਰ ਕੁਲਦੀਪ ਸਿੰਘ ਨੇ ਕਿਹਾ ਕਿ 1975 ਵਿੱਚ ਲੋਕਾਂ ਦੇ ਮੁਢਲੇ ਮਸਲੇ ਹੱਲ ਕਰਨ ਵਿਚ ਅਸਫਲ ਰਹਿਣ ਅਤੇ ਬੇਚੈਨੀ ਨੂੰ ਹੱਲ ਨਾ ਕਰਨ ਕਰਕੇ ਲੋਕਾਂ ਨੂੰ ਜਮਹੂਰੀ ਹੱਕਾਂ ਤੋਂ ਵਾਂਝਾ ਕੀਤਾ ਗਿਆ ਸੀ । ਹੁਣ ਮੌਜੂਦਾ ਦੌਰ ਵਿੱਚ ਦੇਸ਼ ਦੇ ਕੁਦਰਤੀ ਖਜਾਨਿਆ,ਜਿਉਣ ਦੇ ਵਸੀਲਿਆਂ, ਜਲ ,ਜੰਗਲ ,ਜਮੀਨ ,ਖਣਿਜ ਪਦਾਰਥਾਂ, ਕਿਰਤ ਆਦਿ ਦੀ ਸੰਸਾਰੀਕਰਨ, ਨਿਜੀਕਰਨ ਉਦਾਰੀਕਰਨ ਦੀਆ ਨੀਤੀਆਂ ਨਾਲ ਤਿੱਖੇ ਰੂਪ ਵਿਚ ਲੁੱਟ ਕੀਤੀ ਜਾ ਰਹੀ ਹੈ।
2014 ਤੋਂ ਸੱਤਾ ਵਿੱਚ ਆਈ ਮੋਦੀ ਦੀ ਅਗਵਾਈ ਹੇਠਲੀ ਭਾਜਪਾ ਹਕੂਮਤ ਨੇ ਦੇਸ਼ ਨੂੰ ਫਿਰਕੂ ਫਾਸ਼ੀਵਾਦ ਦੇ ਭਗਵੇਂ ਹਮਲੇ ਹੇਠ ਲਿਆਂਦਾ ਹੈ ਜਿਸ ਵਿੱਚ ਮਨੁੱਖੀ ਤੇ ਜਮਹੂਰੀ ਅਧਿਕਾਰਾਂ ਦੇ ਕਾਰਕੁਨਾਂ, ਜਮਹੂਰੀ ਲਹਿਰਾਂ, ਘੱਟ ਗਿਣਤੀਆਂ ਵਿਸ਼ੇਸ਼ ਕਰਕੇ ਮੁਸਲਮਾਨਾਂ, ਇਸਾਈਆਂ, ਦਲਿਤਾਂ, ਔਰਤਾਂ ਕਸ਼ਮੀਰੀਆਂ, ਆਦਿਵਾਸੀਆਂ ਉਪਰ ਜਬਰ ਕੀਤਾ ਜਾ ਰਿਹਾ ਹੈ। ਮਨੀਪੁਰ ਵਿਚ ਘੱਟ ਗਿਣਤੀ ਕਬਾਈਲੀਆਂ ਨੂੰ ਫਿਰਕੂ ਹਿੰਸਾ ਸ਼ਿਕਾਰ ਬਣਾਇਆ ਜਾ ਰਿਹਾ ਹੈ । ਰਾਜਸੀ ਵਿਰੋਧੀਆਂ ਉਪਰ ਇਨਕਮ ਟੈਕਸ, ਈਡੀ, ਸੀਬੀਆਈ ਅਤੇ ਐਨ ਆਈ ਰਾਹੀ ਛਾਪੇ ਮਾਰਕ ਕੇ ਵਿਰੋਧ ਮੁਕਤ ਭਾਰਤ ਸਿਰਜਣ ਦੀ ਨੀਤੀ ਆਪਣਾਈ ਹੋਈ ਹੈ। ਜਾਬਰ ਕਾਲੇ ਕਾਨੂੰਨਾਂ ਦੀ ਖੁੱਲੀ ਵਰਤੋਂ ਕੀਤੀ ਜਾ ਰਹੀ ਹੈ।ਪੰਜਾਬ ਦੀ ਭਾਈਚਾਰਕ ਏਕਤਾ ਨੂੰ ਸੰਨ ਲਾਉਣ ਦੀਆ ਵੱਖ ਵੱਖ ਚਾਲਾਂ ਚੱਲੀਆਂ ਜਾ ਰਹੀਆਂ ਹਨ ਜਿਹੜੀ ਮੋੜਵੇਂ ਰੂਪ ਵਿੱਚ ਉਸ ਦੀ ਦੇਸ਼ ਅੰਦਰ ਫਿਰਕੂ ਪਾਲਾ ਬੰਦੀ ਨੂੰ ਸਹਾਈ ਹਨ ।ਇਓਂ ਹਿੰਦੂ ਰਾਸ਼ਟਰ ਦੇ ਫਾਸ਼ੀ ਏਜੰਡੇ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਪ੍ਰੈਸ ਅਤੇ ਆਪਾ ਪ੍ਰਗਟਾਵੇ ਦੀ ਅਜਾਦੀ ਵਿਸ਼ੇਸ ਮਾਰ ਹੇਠ ਹੇਠ ਹਨ।
ਮੀਟਿੰਗ ਵਿਚ ਪਾਸ ਮਤਿਆਂ ਵਿਚ ਬੀਤੇ ਦਿਨੀਂ ਨਮੋਲ ਅਤੇ ਬਿਗੜਵਾਲ ਵਿੱਚ ਦਲਿਤ ਭਾਈਚਾਰੇ ਵੱਲੋਂ ਆਪਣੇ ਹਿਸੇ ਦੀ ਜ਼ਮੀਨ ਵਿਚ ਸਾਂਝੀ ਖੇਤੀ ਕਰਨ, ਰੂੜੀਆਂ ਪਥਵਾੜਿਆਂ ਅਤੇ ਰਹਿਣ ਲਈ ਪਲਾਟਾਂ ਦੀ ਕੀਤੀ ਜਾ ਰਹੀ ਹੱਕ ਜਤਾਈ ਵਿਰੁੱਧ ਕੁੱਝ ਜ਼ਾਤ ਹੰਕਾਰੀ ਲੋਕਾਂ ਵਲੋਂ ਜਾਤ ਆਧਾਰਿਤ ਧਰੁਵੀਕਰਨ ਕਰਕੇ ਕੀਤੇ ਗਏ ਜ਼ਬਰ ਦੀ ਨਿਖੇਧੀ ਕੀਤੀ ਗਈ। ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹਨਾਂ ਮਸਲਿਆਂ ਨੂੰ ਪੀੜਤ ਧਿਰ ਦੇ ਹੱਕ ਵਿੱਚ ਖੜ੍ਹ ਕੇ ਦੋਸ਼ੀਆਂ ਖਿਲਾਫ ਤੁਰੰਤ ਕਾਰਵਾਈ ਕਰਨ ਦੀ ਥਾਂ ਮਾਮਲਿਆਂ ਨੂੰ ਲਮਕਾ ਕੇ ਦੋਸ਼ੀਆਂ ਦੇ ਹੱਕ ਵਿੱਚ ਭੁਗਤਣ ਅਤੇ ਉਨ੍ਹਾਂ ਨੂੰ ਹੱਲਾਸ਼ੇਰੀ ਦੇਣ ਦੀ ਨਿਖੇਧੀ ਕੀਤੀ ਗਈ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਤੇ ਪੀੜਤਾਂ ਨੂੰ ਇਨਸਾਫ ਦੇਣ ਦੀ ਮੰਗ ਕੀਤੀ। ਸੁਨਾਮ ਵਿਖੇ ਪ੍ਰਸ਼ਾਸ਼ਨ ਵੱਲੋਂ ਟਿੱਬੀ ਬਸਤੀ ਦੇ ਲੋਕਾਂ ਦਾ ਉਜਾੜਾ ਕਰਨ ਦੀ ਨਿਖੇਧੀ ਕਰਦਿਆਂ ਲੋਕਾਂ ਨੂੰ ਘਰਾਂ ਦੇ ਮਾਲਕੀ ਹੱਕ ਦੇਣ ਅਤੇ ਜ਼ਬਰ ਦੀ ਨੀਤੀ ਬੰਦ ਕਰਨ ਦੀ ਮੰਗ ਕੀਤੀ ਗਈ।
ਹਰਿਆਣਾ ਵਿੱਚ ਸੂਰਜ ਮੁਖੀ ਦੀ ਘੱਟ ਘੱਟ ਕੀਮਤ ਉਪਰ ਖਰੀਦ ਦੀ ਮੰਗ ਕਰਦੇ ਕਿਸਾਨਾਂ ਉਪਰ ਲਾਠੀਚਾਰਜ ਅਤੇ ਗ੍ਰਿਫ਼ਤਾਰੀਆਂ ਦੀ ਨਿਖੇਦੀ ਕੀਤੀ ਅਤੇ ਇਸ ਲਈ ਜੁੰਮੇਵਾਰ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਅਤੇ ਗ੍ਰਿਫ਼ਤਾਰ ਲੋਕਾਂ ਨੂੰ ਰਿਹਾ ਕਰਨ ਦੀ ਮੰਗ ਕੀਤੀ। ਮੀਟਿੰਗ ਵਿੱਚ ਸੂਬਾ ਆਗੂ ਨਾਮਦੇਵ ਭੁਟਾਲ, ਵਿਸ਼ਵ ਕਾਂਤ ਅਤੇ ਜ਼ਿਲ੍ਹਾ ਆਗੂ ਵਿਸਾਖਾ ਸਿੰਘ ਧੂਰੀ, ਹਰਗੋਬਿੰਦ ਸਿੰਘ ਸ਼ੇਰਪੁਰ, ਭਜਨ ਸਿੰਘ ਰੰਗੀਆਂ, ਕੁਲਵਿੰਦਰ ਸਿੰਘ ਬੰਟੀ, ਦਾਤਾ ਸਿੰਘ ਨਮੋਲ ਅਤੇ ਲਾਲ ਚੰਦ ਸੰਗਰੂਰ ਸ਼ਾਮਲ ਸਨ।
ਜਾਰੀ ਕਰਤਾ: ਸਵਰਨਜੀਤ ਸਿੰਘ 9417666166
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly