HOME ਪ੍ਰਵਾਜ਼ ਪੰਜਾਬ ਵਲੋਂ ਪ੍ਰਸਿੱਧ ਚਿੱਤਰਕਾਰ ਸਰੂਪ ਸਿੰਘ ਨੂੰ ਸ਼ਰਧਾਂਜਲੀਆਂ ਭੇਂਟ

ਪ੍ਰਵਾਜ਼ ਪੰਜਾਬ ਵਲੋਂ ਪ੍ਰਸਿੱਧ ਚਿੱਤਰਕਾਰ ਸਰੂਪ ਸਿੰਘ ਨੂੰ ਸ਼ਰਧਾਂਜਲੀਆਂ ਭੇਂਟ

3

ਨਵਾਂਸ਼ਹਿਰ/ਬੰਗਾ   (ਸਮਾਜ ਵੀਕਲੀ)   (ਸਤਨਾਮ ਸਿੰਘ ਸਹੂੰਗੜਾ) ਅਦਾਰਾ ‘ਪ੍ਰਵਾਜ਼ ਪੰਜਾਬ’ ਵਲੋਂ ਮੰਗੂਵਾਲ ਵਾਸੀਆਂ ਦੇ ਸਹਿਯੋਗ ਨਾਲ ਰੰਗਾਂ ਦੇ ਜਾਦੂਗਰ ਵਜੋਂ ਮਸ਼ਹੂਰ, ਪਿੰਡ ਮੰਗੂਵਾਲ ਦੇ ਜੰਮਪਲ ਪ੍ਰਸਿੱਧ ਚਿੱਤਰਕਾਰ ਸਰੂਪ ਸਿੰਘ (ਯੂ.ਕੇ) ਦਾ ਪਿੰਡ ਮੰਗੂਵਾਲ ਦੇ ਗੁਰਦੁਆਰੇ ਸ਼ਰਧਾਂਜਲੀ ਸਮਾਗਮ ਕੀਤਾ ਗਿਆ।ਇੱਥੇ ਵਰਨਣਯੋਗ ਹੈ ਕਿ ਬੀਤੀ 8 ਮਾਰਚ ਨੂੰ ਇੰਗਲੈਂਡ ਦੇ ਸ਼ਹਿਰ ਲਿਸਟਰ ਵਿਖੇ ਸਰੂਪ ਸਿੰਘ ਦਾ ਦੇਹਾਂਤ ਹੋ ਗਿਆ ਸੀ। ਸ਼ਰਧਾਂਜਲੀ ਸਮਾਗਮ ਦੀ ਪ੍ਰਧਾਨਗੀ ਜਸਵੀਰ ਕੌਰ ਸਰਪੰਚ, ਦਰਬਾਰਾ ਸਿੰਘ, ਕਮਲਜੀਤ ਸਿੰਘ, ਸੋਹਣ ਸਿੰਘ ਅਤੇ ਸਰੂਪ ਸਿੰਘ ਹੁਰਾਂ ਦੀ ਮੂੰਹ ਬੋਲੀ ਬੇਟੀ ਅਮਰਜੀਤ ਕੌਰ ਭਾਮ ਨੇ ਕੀਤੀ।ਚਿੱਤਰਕਾਰ ਸਰੂਪ ਸਿੰਘ,ਪ੍ਰਸਿੱਧ ਕਹਾਣੀਕਾਰ ਪ੍ਰੇਮ ਪ੍ਰਕਾਸ਼, ਲੇਖਕ ਤੇ ਅਲੋਚਕ ਹਰਜਿੰਦਰ ਸਿੰਘ ਅਟਵਾਲ ਨੂੰ ਦੋ ਮਿੰਟ ਦਾ ਮੌਨ ਧਾਰਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਕ੍ਰਾਂਤੀਕਾਰੀ ਕਵੀ ਦਰਸ਼ਨ ਸਿੰਘ ਖਟਕੜ ਨੇ ਕਿਹਾ ਕਿ ਉਹ 1982 ਨੂੰ ਇੰਗਲੈਂਡ ਗਏ ਸਨ ਜਿੱਥੇ ਉਹ ਸਰੂਪ ਸਿੰਘ ਹੁਣਾਂ ਨੂੰ ਮਿਲੇ ਸਨ ।ਸਰੂਪ ਸਿੰਘ ਨੇ ਬੀਤੇ ਸਾਲਾਂ ਵਿਚ ਗੁਰੂ ਸਹਿਬਾਨ,ਸੂਫੀਆਂ , ਪੰਜਾਬੀ ਦੇ ਕਵੀਆਂ, ਵਿਦਵਾਨਾਂ, ਅਲੋਚਕਾਂ ਦੇ ਅਤੇ ਹੋਰ 150 ਦੇ ਕਰੀਬ ਪੋਰਟਰੇਟ ਬਣਾਏ।ਖਟਕੜ ਨੇ ਕਿਹਾ ਕਿ ਪੋਰਟਰੇਟ ਫੋਟੋਗ੍ਰਾਫੀ ਨਹੀਂ ਹੁੰਦਾ।ਜਦੋਂ ਪੋਰਟਰੇਟ ਬਣਾਇਆ ਜਾਂਦਾ ਹੈ ਉਦੋਂ ਚਿੱਤਰਕਾਰ ਰੰਗਾਂ ਦੀ ਵਰਤੋਂ ਰਾਹੀਂ ਚਿਹਰੇ ਦੇ ਹਾਵ ਭਾਵ ਦਰਸਾਉਂਦਾ ਹੈ।ਸੰਤੋਖ ਸਿੰਘ ਭੁੱਲਰ ਵਲੋਂ ਸਰੂਪ ਸਿੰਘ ਬਾਰੇ ਛਾਪੀ ਪੁਸਤਕ ‘ਰੰਗਾਂ ਦਾ ਜਾਦੂਗਰ ਸਰੂਪ ਸਿੰਘ’ ਵਿਚ ਸਰੂਪ ਸਿੰਘ ਅਤੇ ਉਸਦੀ ਚਿੱਤਰਕਲਾ ਬਾਰੇ ਕਲਾ ਪ੍ਰੇਮੀਆਂ ਨੂੰ ਕਾਫੀ ਜਾਣਕਾਰੀ ਦਿੱਤੀ ਹੈ। ਉਹਨਾਂ ਅੱਗੇ ਦੱਸਿਆ ਕਿ ਸਰੂਪ ਸਿੰਘ ਨੇ ਇੰਗਲੈਂਡ ਜਾਕੇ ਉਥੇ ਫਾਈਨ ਆਰਟਸ ਕਾਲਜ ਤੋਂ ਪੰਜ ਸਾਲ ਦਾ ਕੋਰਸ ਕੀਤਾ। ਉਹਨਾਂ ਦੱਸਿਆ ਕਿ ਸਰੂਪ ਸਿੰਘ ਨੇ ਮੰਗੂਵਾਲ ਰਹਿੰਦਿਆਂ ‘ਗਰੀਬ ਦੀ ਦੁਨੀਆਂ’ ਨਾਟਕ ਵੀ ਲਿਖਿਆ ਸੀ ਜੋ ਪਿੰਡ ਦੀ ਨਾਟਕ ਟੀਮ ਵਲੋਂ ਪਿੰਡ ਦੇ ਵੱਡੇ ਦਰਵਾਜੇ ਖੇਡਿਆ ਵੀ ਗਿਆ।ਦਰਸ਼ਕਾਂ ਨੇ ਇਹ ਨਾਟਕ ਕਾਫੀ ਪਸੰਦ ਕੀਤਾ। ਪ੍ਰਸਿੱਧ ਕਹਾਣੀਕਾਰ ਅਜਮੇਰ ਸਿੱਧੂ ਨੇ ਸਰੂਪ ਸਿੰਘ ਦੇ ਜੀਵਨ ਅਤੇ ਕਲਾ ਪੱਖ ਤੇ ਬੋਲਦਿਆਂ ਕਿਹਾ -ਸਰੂਪ ਸਿੰਘ ਨੇ ਛੋਟੇ ਜਿਹੇ ਪਿੰਡ ਮੰਗੂਵਾਲ ਦੀ ਧਰਤੀ ਤੇ ਸਕੈੱਚ ਅਤੇ ਜਲ ਰੰਗਾਂ ਰਾਹੀਂ ਸ਼ੁਰੂਆਤ ਕੀਤੀ ਅਤੇ ਇੰਗਲੈਂਡ ਜਾ ਕੇ ਤੇਲ ਰੰਗਾਂ ਰਾਹੀਂ ਚਿੱਤਰਕਾਰੀ ਕਰਕੇ ਵਿਸ਼ਵ ਪੱਧਰ ਦੇ ਪੰਜਾਬੀ ਭਾਈਚਾਰੇ ਵਿੱਚ ਨਾਮਣਾ ਖੱਟਿਆ। ਉਸਨੇ ਸਿੱਖ ਗੁਰੂਆਂ , ਪੰਜਾਬੀ ਸੱਭਿਆਚਾਰ, ਪ੍ਰਸਿੱਧ ਸਾਹਿਤਕਾਰਾਂ / ਰਾਜਨੀਤਕ ਆਗੂਆਂ , ਬ੍ਰਹਿਮੰਡ , ਸਮੁੰਦਰੀ ਦ੍ਰਿਸ਼ , ਪਹਾੜ , ਝੀਲਾਂ , ਘੋੜਿਆਂ , ਔਰਤਾਂ ਵਾਰ ਐਂਡ ਪੀਸ ਆਦਿ ਨੂੰ ਪੇਂਟਿੰਗਜ਼ ਰਾਹੀਂ ਜਿਉਂਦਾ ਕੀਤਾ ਅਤੇ ਵਡੇਰੇ ਅਰਥ ਪ੍ਰਦਾਨ ਕੀਤੇ। ਉਸਨੇ ਵਿਤਕਰਿਆਂ ਅਤੇ ਬੇਇਨਸਾਫੀਆਂ ਖਿਲਾਫ ਲੜਨ ਵਾਲੀਆਂ ਸੰਸਾਰ ਪ੍ਰਸਿੱਧ ਹਸਤੀਆਂ ਨੂੰ ਬੁਰਸ਼ ਅਤੇ ਰੰਗਾਂ ਰਾਹੀਂ ਅਮਰ ਕੀਤਾ ।ਉਹਨਾਂ ਕਿਹਾ ਕਿ ਡਰਬੀ (ਯੂ.ਕੇ) ਦੀ ਆਰਟ ਗੈਲਰੀ ਅਤੇ ਯੋਰਪ ਦੀਆਂ ਹੋਰ ਆਰਟ ਗੈਲਰੀਆਂ ਵਿਚ ਸਰੂਪ ਸਿੰਘ ਦੇ ਬਣਾਏ ਚਿੱਤਰ ਸੁਸ਼ੋਭਿਤ ਹਨ। ਸਰੂਪ ਸਿੰਘ ਦੀ ਮੂੰਹ ਬੋਲੀ ਬੇਟੀ ਅਮਰਜੀਤ ਕੌਰ ਭਾਮ,ਪ੍ਰਸਿੱਧ ਕਵੀ ਫਤਹਿਜੀਤ ਸਿੰਘ ਦੀ ਬੇਟੀ ਬਲਜੀਤ ਕੌਰ ਨੇ ਕਿਹਾ ਕਿ ਸਰੂਪ ਸਿੰਘ ਨੇ ਪੰਜਾਬ ਦੀਆਂ ਮਹੱਤਵਪੂਰਨ ਸ਼ਖਸੀਅਤਾਂ, ਖਾਸ ਕਰਕੇ ਸਿੱਖ ਇਤਿਹਾਸ ਦੇ ਨਾਇਕਾਂ ਅਤੇ ਸੱਭਿਆਚਾਰਕ ਪ੍ਰਤੀਕਾਂ ਦੇ ਪੋਰਟਰੇਟ ਬਣਾਏ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ਰੰਗਾਂ ਦੀ ਗਹਿਰਾਈ ਅਤੇ ਵੇਰਵਿਆਂ ‘ਤੇ ਧਿਆਨ ਦੇਣ ਦੀ ਵਿਲੱਖਣ ਸ਼ੈਲੀ ਸੀ । ਉਹਨਾਂ ਨੇ ਕਿਹਾ ਕਿ ਸਰੂਪ ਸਿੰਘ ਨੂੰ ਉਨ੍ਹਾਂ ਦੇ ਕਲਾਤਮਕ ਯੋਗਦਾਨ ਲਈ ਕਈ ਸਨਮਾਨ ਮਿਲੇ। ਉਨ੍ਹਾਂ ਦੀਆਂ ਰਚਨਾਵਾਂ ਨੂੰ ਪੰਜਾਬੀ ਸੱਭਿਆਚਾਰ ਦੀ ਇੱਕ ਅਮੁੱਲੀ ਦੇਣ ਮੰਨਿਆ ਜਾਂਦਾ ਹੈ। ਇਸ ਮੌਕੇ ਹਰੀ ਰਾਮ ਰਸੂਲਪੁਰੀ,ਅਮਰਜੀਤ ਕੌਰ ਭਾਮ, ਬਲਵੀਰ ਮੰਗੂਵਾਲ ਅਤੇ ਮਾਸਟਰ ਬਲਵੀਰ ਕੁਮਾਰ ਨੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਮੰਚ ਸੰਚਾਲਨ ‘ਪ੍ਰਵਾਜ਼ ਪੰਜਾਬ ‘ ਦੇ ਆਗੂ ਜਸਬੀਰ ਦੀਪ ਨੇ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਹਲਕਾ ਕਰਤਾਰਪੁਰ ਬਣਿਆ ਝੂਠੇ ਪਰਚਿਆਂ ਤੇ ਧੱਕੇਸ਼ਾਹੀਆਂ ਦਾ ਕੇਂਦਰ : ਬਸਪਾ ਆਗੂ ਐਡਵੋਕੇਟ ਬਲਵਿੰਦਰ ਕੁਮਾਰ
Next article14 ਅਪ੍ਰੈਲ 2025 ਬਾਬਾ ਸਾਹਿਬ ਦੇ ਜਨਮ ਦਿਵਸ ਦਾ ਇੱਕ ਮੁਲਾਂਕਣ