ਕੁਲਦੀਪ ਸਿੰਘ ਸਾਹਿਲ
(ਸਮਾਜ ਵੀਕਲੀ) ਕਾਮਰੇਡ ਹਰਕਿਸ਼ਨ ਸਿਘ ਸੁਰਜੀਤ ਆਪਣੇ ਸਮਿਆਂ ਦੇ ਦੇਸ਼ ਦੇ ਇਕੋ ਇਕ ਅਜਿਹੇ ਆਗੂ ਹੋਏ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਸਮਕਾਲੀਨ ਰਾਜਨੀਤਕ ਆਗੂਆਂ ਅਤੇ ਹਰ ਪ੍ਰਕਾਰ ਦੇ ਮੀਡੀਆ ਨੇ ਸਿਆਸਤ ਦੇ ਰੁਸਤਮੇ ਹਿੰਦ, ਭਾਰਤੀ ਸਿਆਸਤ ਦੇ ਭਿਸਮ ਪਿਤਾਮਾ, ਵਰਤਮਾਨ ਭਾਰਤੀ ਸਿਆਸਤ ਦੇ ਚਾਣਕਿਆ, ਕਿੰਗ ਮੇਕਰ, ਸੁਪਰ ਪ੍ਰਾਇਮ ਮਨਿਸਟਰ, ਕੁਲੀਸ਼ਨ ਸਰਕਾਰਾਂ ਦੇ ਯੁੱਗ ਨਿਰਮਾਤਾ ਆਦਿ ਵਰਗੇ ਖਿਤਾਬਾਂ ਨਾਲ ਨਿਵਾਜਿਆ ਹੈ। ਸਿਰੜ, ਸਾਦਗੀ ਅਤੇ ਈਮਾਨਦਾਰੀ ਨੂੰ ਪਰਣਾਏ ਬਜ਼ੁਰਗ ਸਿਆਸਤਦਾਨ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦਾ 9 ਦਹਾਕਿਆਂ ਤੋਂ ਉਪਰ ਦਾ ਜ਼ਿੰਦਗੀ ਦਾ ਅੰਗਿਆਰ ਵਾਂਗ ਭਖਦਾ ਇਤਿਹਾਸ ਰਿਹਾ ਹੈ, ਜਿਸ ਦੀਆਂ ਬੇਮਿਸਾਲ ਗਾਥਾਵਾਂ ਵਿਚ ਮੁਸੀਬਤਾਂ ਨਾਲ ਟੱਕਰ ਲੈਣ ਦੀ ਹਿੰਮਤ ਅਤੇ ਅਨੇਕਾਂ ਘੱਲੂਘਾਰਿਆਂ ਨੂੰ ਬੁੱਕਲ ਵਿਚ ਲੈਣ ਦੇ ਦਿਲਚਸਪ ਕਾਂਡ ਸ਼ਾਮਿਲ ਹਨ। ਖੱਬੇ-ਪੱਖੀ ਰਾਜਨੀਤੀ ਦੇ ਇਸ ਘਾਗ ਸਿਆਸਤਦਾਨ ਦੇ ਸਿਧਾਂਤ ਅਤੇ ਵਿਚਾਰ ਦੇ ਮਿਲਾਪ ਦੀ ਰਾਜਨੀਤੀ ਰਾਹੀਂ ਸਿਰਫ ਨਵੇਂ ਰਾਹ ਹੀ ਸਥਾਪਿਤ ਨਹੀਂ ਕੀਤੇ ਬਲਕਿ ਗਠਜੋੜ ਦੀ ਸਿਆਸਤ ਨੂੰ ਵੀ ਨਵੇਂ ਅਰਥ ਪ੍ਰਦਾਨ ਕੀਤੇ। 23 ਮਾਰਚ 1916 ਨੂੰ ਪਿਤਾ ਸ: ਹਰਨਾਮ ਸਿੰਘ ਬੰਡਾਲਾ ਦੇ ਘਰ ਮਾਤਾ ਗੁਰਬਚਨ ਕੌਰ ਦੀ ਕੁੱਖ ਤੋਂ ਆਪਣੀ ਮਾਤਾ ਦੇ ਨਾਨਕਿਆਂ ਦੇ ਪਿੰਡ ਰੂਪੋਵਾਲ (ਜਿਲਾ ਜਲੰਧਰ) ਵਿਖੇ ਪੈਦਾ ਹੋਏ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨੇ ਕੇਵਲ 8 ਸਾਲ ਦੀ ਉਮਰ ਵਿਚ ਹੀ ਆਪਣੇ ਸੰਘਰਸ਼ ਮਈ ਜੀਵਨ ਦੀ ਸ਼ੁਰੂਆਤ ਕਰ ਦਿੱਤੀ ਸੀ। ਭਾਰਤੀ ਰਾਜਨੀਤੀ ਦੇ ਚਾਣਕਿਆ ਮੰਨੇ ਜਾਂਦੇ ਕਾਮਰੇਡ ਸੁਰਜੀਤ ਨੂੰ ਸਿਆਸੀ ਉਲਝਣਾਂ ਚੁਟਕੀਆਂ ਵਿਚ ਹੱਲ ਕਰਨ ਦੀ ਸਮਰੱਥਾ ਅਤੇ ਮੁਹਾਰਤ ਹਾਸਲ ਸੀ ਅਤੇ ਇਸੇ ਕਾਰਨ ਹੀ ਨੈਲਸਨ ਮੰਡੇਲਾ, ਯਾਸਰ ਅਰਾਫਾਤ, ਫੀਦਲ ਕਾਸਤਰੋ ਅਤੇ ਮਿਖਾਈਲ ਗੋਰਬਾਚੇਵ ਜਿਹੇ ਅਨੇਕ ਵਿਸ਼ਵ ਪੱਧਰੀ ਲੋਕ-ਨੁਮਾਇੰਦੇ ਜੀਵਨ-ਪੱਤਣਾਂ ਤੇ ਸੁਚੱਜੇ ਤਾਰੂ ਬਣਨ ਲਈ ਕਾਮਰੇਡ ਸੁਰਜੀਤ ਅੱਗੇ ਨਿਮਰ ਸਰੋਤੇ ਬਣ ਕੇ ਸੰਵਾਦ ਰਚਾਉਂਦੇ ਰਹਿੰਦੇ ਸਨ।
ਕਾਮਰੇਡ ਸੁਰਜੀਤ ਦਾ ਲੰਮਾ ਸਮਾਂ ਜੇਲਾਂ ਵਿਚ ਹੀ ਗੁਜ਼ਰਿਆ ਸੀ। ਲਗਾਤਾਰ 12 ਸਾਲ ਲਾਹੌਰ ਜੇਲ ਵਿਚ ਸਖਤ ਕੈਦ ਕੱਟਣ ਵਾਲੇ ਇਸ ਸਿਰੜੀ ਸਰਦਾਰ ਨੂੰ ਦੋ-ਦੋ ਸਾਲ, ਛੇ-ਛੇ ਮਹੀਨੇ ਕੱਟੀਆਂ ਜੇਲਾਂ ਦੀ ਗਿਣਤੀ ਵੀ ਯਾਦ ਨਹੀਂ ਸੀ। ਸਿਰਫ 15 ਸਾਲ ਦੀ ਉਮਰ ਵਿਚ ਹੀ ਕਾਮਰੇਡ ਸੁਰਜੀਤ ਨੂੰ ਸ਼ਹੀਦ ਏ ਆਜ਼ਮ ਭਗਤ ਸਿੰਘ ਜਿਹੇ ਕ੍ਰਾਂਤੀਕਾਰੀ ਦੀ ਯੋਗ ਅਗਵਾਈ ਅਤੇ ਸਾਥ ਮਿਲ ਗਿਆ ਸੀ। ਸੰਨ 1931 ਵਿਚ ਨੌਜਵਾਨ ਭਾਰਤ ਸਭਾ ਵਿਚ ਸ਼ਾਮਿਲ ਹੋਏ ਕਾਮਰੇਡ ਸੁਰਜੀਤ ਨੇ 1932 ਵਿਚ ਹੁਸ਼ਿਆਰਪੁਰ ਦੇ ਜ਼ਿਲ੍ਹਾ ਕੁਲੈਕਟਰ ਦਫਤਰ ਉਤੋਂ ਫਿਰੰਗੀਆਂ ਦਾ ਝੰਡਾ ਯੂਨੀਅਨ ਜੈਕ ਉਤਾਰ ਕੇ ਤਿਰੰਗਾ ਲਹਿਰਾ ਦਿੱਤਾ ਸੀ, ਜਿਸ ਦੇ ਦੋਸ਼ ‘ਚ ਦੋ ਸਾਲ ਕੈਦ ਦੀ ਸਜ਼ਾ ਕੱਟ ਕੇ ਉਨ੍ਹਾਂ ਨੇ ਇਨਕਲਾਬੀ ਸਫਰ ਦੀ ਸ਼ੁਰੂਆਤ ਕੀਤੀ।
ਕਾਮਰੇਡ ਸੁਰਜੀਤ ਨੇ 1992 ਤੋਂ 2005 ਤੱਕ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸੀ) ਦੇ ਜਨਰਲ ਸਕੱਤਰ ਵਜੋਂ ਸੇਵਾ ਨਿਭਾਈ। ਕਿੰਗ ਮੇਕਰ ਜਿਹੇ ਸ਼ਬਦਾਂ ਦੀ ਖੋਜ ਸਿਰਫ ਅਤੇ ਸਿਰਫ ਕਾਮਰੇਡ ਸੁਰਜੀਤ ਦੀ ਸ਼ਖ਼ਸੀਅਤ ਲਈ ਹੀ ਹੋਈ ਸੀ। ਜਦੋਂ ਵੀ ਦੇਸ਼ ਕਿਸੇ ਔਖੀ ਸਮੱਸਿਆ ਨਾਲ ਦੋ-ਚਾਰ ਹੋ ਰਿਹਾ ਹੁੰਦਾ ਤਾਂ ਹਰੇਕ ਸਿਆਸੀ ਪਾਰਟੀ ਦੀ ਮੰਜ਼ਿਲ ਕਾਮਰੇਡ ਸੁਰਜੀਤ ਦੀ ਯੋਗ ਸਲਾਹ ਹੀ ਹੁੰਦੀ ਸੀ।
ਇਕ ਵਾਰੀ ਜਦੋਂ ਸਮਾਜਵਾਦੀ ਪਾਰਟੀ ਕਿਸੇ ਡੂੰਘੇ ਸੰਕਟ ਵਿਚ ਫਸ ਗਈ ਤਾਂ ਸਮਾਜਵਾਦੀ ਪਾਰਟੀ ਦਾ ਮੁਖੀ ਮੁਲਾਇਮ ਸਿੰਘ ਯਾਦਵ ਅਤੇ ਉਸ ਦਾ ਸਾਥੀ ਅਮਰ ਸਿੰਘ ਕਾਮਰੇਡ ਸੁਰਜੀਤ ਦੀ ਰਿਹਾਇਸ਼ ‘ਤੇ ਆਏ ਅਤੇ ਆਉਂਦਿਆਂ ਹੀ ਕਾਮਰੇਡ ਨੂੰ ਕਹਿਣ ਲੱਗੇ ਕਿ ਸਾਨੂੰ ਇਸ ਸੰਕਟ ਵਿਚੋਂ ਬਾਹਰ ਕੱਢੋ ਤਾਂ ਕਾਮਰੇਡ ਨੇ ਉਨ੍ਹਾਂ ਦੀ ਗੱਲ ਸੁਣ ਕੇ ਅੱਧੇ ਘੰਟੇ ਵਿਚ ਹੀ ਉਨ੍ਹਾਂ ਦੀ ਮੁਸੀਬਤ ਦਾ ਹੱਲ ਲੱਭ ਲਿਆ। ਲਗਾਤਾਰ ਸੰਘਰਸਸ਼ੀਲ ਰਹਿਣ ਵਾਲੇ ਕਾਮਰੇਡ ਸੁਰਜੀਤ ਨੇ ਆਪਣੇ ਘਰ ਦਾ ਕੋਈ ਫਿਕਰ ਨਹੀਂ ਕੀਤਾ ਬਲਕਿ ਹਮੇਸ਼ਾ ਤਸੀਹੇ ਅਤੇ ਤਬਾਹੀ ਦੇ ਤੂਫਾਨਾਂ ਵਿਚੋਂ ਅੱਥਰੀ ਚਾਲ ਤੁਰਦਿਆਂ ਪ੍ਰਬੰਧ (ਸਿਸਟਮ) ਅਤੇ ਗੰਦੀ ਰਾਜਨੀਤੀ ਪ੍ਰਤੀ ਰੋਹ ਅਤੇ ਰੋਸ ਦੀ ਭਾਵਨਾ ਵਾਲੀ ਮਸ਼ਾਲ ਨੂੰ ਜਗਦੀ ਰੱਖਿਆ। ਕੁਰਸੀਆਂ ਦੀ ਦੌੜ ਦਾ ਹਿੱਸੇਦਾਰ ਨਾ ਬਣਨ ਵਾਲੇ ਕਾਮਰੇਡ ਸੁਰਜੀਤ ਨਾਂ ਦੇ ਇਸ ਯੋਧੇ ਕੋਲ ਸਿਆਸਤ ਵਿਚ ਬਿਨਾਂ ਚਾਬੀ ਦੇ ਜਿੰਦਾ ਖੋਲ੍ਹਣ ਦਾ ਹੁਨਰ ਸੀ। ਜਦੋਂ ਦੇਸ਼ ਵਿਚ ਦੇਵੇਗੌੜਾ ਦੀ ਅਗਵਾਈ ਵਿਚ ਤੀਜੇ ਫਰੰਟ ਦੀ ਸਰਕਾਰ ਬਣੀ ਤਾਂ ਉਸ ਵੇਲੇ ਕਾਂਗਰਸ ਪਾਰਟੀ ਦਾ ਪ੍ਰਧਾਨ ਆਪਣੀ ਪਾਰਟੀ ਦੀ ਸਰਕਾਰ ਨੂੰ ਹਮਾਇਤ ਬਾਰੇ ਚਿੱਠੀ ਰਾਸ਼ਟਰਪਤੀ ਨੂੰ ਦੇਣ ਤੋਂ ਟਾਲ-ਮਟੋਲ ਕਰ ਰਿਹਾ ਸੀ ਤਾਂ ਚਿੰਤਾ ਵਿਚ ਡੁੱਬੇ ਸਰਕਾਰ ਵਿਚ ਸ਼ਾਮਿਲ ਆਗੂ ਕਾਮਰੇਡ ਦੀ ਰਿਹਾਇਸ਼ ‘ਤੇ ਗਏ। ਉਨ੍ਹਾਂ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਤਾਂ ਕਾਮਰੇਡ ਸੁਰਜੀਤ ਨੇ ਪਤਾ ਨਹੀਂ ਕਾਂਗਰਸ ਪਾਰਟੀ ਦੀ ਕਿਹੜੀ ਦੁਖਦੀ ਰਗ ਫੜੀ ਕਿ ਕਾਂਗਰਸ ਦਾ ਪ੍ਰਧਾਨ 2 ਘੰਟਿਆਂ ਵਿਚ ਹੀ ਸਰਕਾਰ ਨੂੰ ਹਮਾਇਤ ਦੇਣ ਦੀ ਚਿੱਠੀ ਲੈਕੇ ਰਾਸ਼ਟਰਪਤੀ ਕੋਲ ਪਹੁੰਚ ਗਿਆ। ਨਰਸਿਮਾ ਰਾਓ ਸਰਕਾਰ ਸਮੇਂ ਜਦ ਅਮਰੀਕਨ ਸਾਮਰਾਜਵਾਦ ਦੇ ਦਬਾਅ ਹੇਠ ਭਾਰਤ ਸਰਕਾਰ ਨੇ ਸਮਾਜਵਾਦੀ ਦੇਸ਼ ਕਿਊਬਾ ਨੂੰ 10 ਹਜ਼ਾਰ ਟਨ ਕਣਕ ਵੇਚਣ ਦਾ ਕੀਤਾ ਹੋਇਆ ਸੌਦਾ ਰੱਦ ਕਰ ਦਿਤਾ ਤਾਂ ਕਾਮਰੇਡ ਸੁਰਜੀਤ ਦੀ ਅਗਵਾਈ ਹੇਠ ਸੀ.ਪੀ.ਆਈ.(ਐਮ) ਨੇ 10 ਹਜ਼ਾਰ ਟਨ ਕਣਕ ਭਾਰਤ ਦੇ ਲੋਕਾਂ ਵਲੋਂ ਇਕੱਠੀ ਕਰਕੇ ਭਰਾਤਰੀ ਸਹਾਇਤਾ ਵਜੋਂ ਮੁਫਤ ਸਮੇਤ ਵੱਡੀ ਮਾਤਰਾ ਵਿਚ ਦਵਾਈਆਂ, ਕਪੜੇ, ਕਾਪੀਆਂ ਅਤੇ ਹੋਰ ਸਮੱਗਰੀ ਦੇ ਭੇਜਣ ਦਾ ਫੈਸਲਾ ਕੀਤਾ। ਇਹ ਸਮੂਹ ਸਮੱਗਰੀ ਲੈਕੇ ਜਦੋਂ ਇਕ ਪੂਰਾ ਸਮੁੰਦਰੀ ਜਹਾਜ ਕਿਊਬਾ ਪੁੱਜਾ ਤਾਂ ਰਾਸ਼ਟਰਪਤੀ ਫਿਦਲ ਕਾਸਤਰੋ ਇਸਦਾ ਸੁਆਗਤ ਕਰਨ ਲਈ ਖੁੱਦ ਬੰਦਰਗਾਹ ਤੇ ਆਏ। 1 ਅਗਸਤ 2008, ਨੂੰ ਗਰੀਬਾਂ, ਅਤੇ ਮਜ਼ਦੂਰਾਂ ਵਾਸਤੇ ਸੰਘਰਸ਼ ਕਰਨ ਵਾਲਾ ਰਾਜਨੀਤੀ ਦਾ ਕਿੰਗ ਮੇਕਰ ਹਰਕਿਸ਼ਨ ਸਿੰਘ ਸੁਰਜੀਤ 92 ਸਾਲ ਦੀ ਉਮਰ ਵਿੱਚ ਇਸ ਦੁਨੀਆਂ ਤੋਂ ਸਦਾ ਲਈ ਵਿਦਾ ਹੋ ਗਿਆ। ਅੱਜ ਉਨ੍ਹਾਂ ਦੀ ਬਰਸੀ ਮੌਕੇ ਉਨ੍ਹਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਪਛੜੀ ਅਤੇ ਮਜ਼ਦੂਰ ਜਮਾਤ ਦੇ ਹਮਾਇਤੀ ਅਤੇ ਪਹਿਰੇਦਾਰ ਕਾਮਰੇਡ ਸੁਰਜੀਤ ਦਾ ਨਾਂ ਭਾਰਤੀ ਸਿਆਸਤ ਦੇ ਇਤਿਹਾਸ ਵਿਚ ਹਮੇਸ਼ਾ ਸੂਰਜ ਵਾਂਗ ਚਮਕਦਾ ਰਹੇਗਾ। ਸੱਚ ਮੁੱਚ ਹੀ ਉਹ ਕੰਮੀਆਂ ਦੇ ਵਿਹੜੇ ਦਾ ਮੱਘਦਾ ਸੂਰਜ ਸੀ ਜੋ ਮਰਦੇ ਦਮ ਤੱਕ ਦੇਸ਼ ਦੀ ਗਰੀਬੀ ਦੀ ਜ਼ਿਮੇਵਾਰ ਸਰਮਾਏਦਾਰੀ ਅਤੇ ਗੰਦੀ ਰਾਜਨੀਤੀ ਦੇ ਵਿਰੁੱਧ ਲੜਦਾ ਰਿਹਾ।
ਕੁਲਦੀਪ ਸਿੰਘ ਸਾਹਿਲ
9417990040
ਸਿਰਨਾਵਾਂ:- # 16, ਏ ਫੋਕਲ ਪੁਆਇੰਟ ਰਾਜਪੁਰਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly