ਸਾਹਿਤ ਦੇ ਥਾਣੇਦਾਰ !
ਬੁੱਧ ਚਿੰਤਨ / ਬੁੱਧ ਸਿੰਘ ਨੀਲੋਂ
(ਸਮਾਜ ਵੀਕਲੀ)- ਸਾਹਿਤ ਦਾ ਸਮਾਜ ਨਾਲ ਤੇ ਸਮਾਜ ਦਾ ਸਾਹਿਤਕਾਰ ਨਾਲ ਨਹੁੰ ਮਾਸ ਦਾ ਰਿਸ਼ਤਾ ਹੁੰਦਾ ਹੈ । ਇਹ ਰਿਸ਼ਤਾ ਰੁਮਾਂਟਿਕ ਵੀ ਹੈ ਤੇ ਦੁਸ਼ਮਣੀ ਵਾਲਾ ਵੀ। ਇਹਨਾਂ ਦੇ ਵਿੱਚੋਂ ਤੁਸੀਂ ਕਿਹੜਾ ਬਣਾ ਕੇ ਜਾਂ ਬਚਾ ਕੇ ਰੱਖਣਾ ਇਹ ਤੁਹਾਡੀ ਲਿਖਤਾਂ ਨਾਲੋਂ, ਤੁਹਾਡੇ ਅਹੁਦੇ ਦੇ ਨਾਲ ਨਾਲ ਜਾਤ ਉਤੇ ਵੀ ਨਿਰਭਰ ਕਰਦਾ ਹੈ। ਪੰਜਾਬ ਦੇ ਵਿੱਚ ਗੁਰੂ ਸਾਹਿਬਾਨ ਨੇ ਜਾਤਪਾਤ ਤੇ ਊਚ ਨੀਚ ਖਤਮ ਕਰ ਦਿੱਤੀ ਸੀ । ਬਾਬਾ ਨਾਨਕ ਜੀ ਦਾ ਸਾਰੀ ਉਮਰ ਦਾ ਸਾਥੀ ਭਾਈ ਮਰਦਾਨਾ ਜੀ ਰਿਹਾ ਹੈ । ਭਾਈ ਮਰਦਾਨਾ ਜੀ ਨੀਵੀਂ ਜਾਤ ਦਾ ਸੀ । ਉਦੋਂ ਮਨੁੱਖ ਚਾਰ ਵਰਣਾਂ ਵਿੱਚ ਵੰਡੀ ਹੋਇਆ ਸੀ। ਬ੍ਰਾਹਮਣ, ਵੈਸ਼, ਖੱਤਰੀ ਤੇ ਸ਼ੂਦਰ । ਇਹ ਵਰਣ ਪ੍ਰਥਾ ਪੰਜ ਕੁ ਹਜ਼ਾਰ ਸਾਲ ਪਹਿਲਾਂ ਮਨੂੰ ਨੇ ਸ਼ੁਰੂ ਕੀਤੀ ਸੀ । ਬ੍ਰਾਹਮਣ ਨੇ ਆਪਣੇ ਆਪ ਨੂੰ ਪਹਿਲੇ ਸਥਾਨ ਉਤੇ ਆਪੇ ਰੱਖ ਲਿਆ। ਜਿਹਨਾਂ ਦੇ ਦਾਨ ਦੇ ਸਿਰ ਉਤੇ ਇਹ ਪਲਦੇ ਸੀ, ਉਨ੍ਹਾਂ ਨੂੰ ਸ਼ੂਦਰ ਬਣਾ ਦਿੱਤਾ। ਉਦੋਂ ਹੀ ਇਹ ਕਹਾਵਤ ਬਣੀ ਹੋਵੇਗੀ ” ਉਲਟੀ ਗੰਗਾ ਪਹੇਵੇ ਵੱਲ !” ਇਸ ਧਰਤੀ ਦੇ ਮਾਲਕਾਂ ਨੂੰ ਨੌਕਰ ਬਣਾਇਆ ਤੇ ਆਪ ਪੁਜਾਰੀ, ਅਧਿਕਾਰੀ, ਲਿਖਾਰੀ ਤੇ ਵਪਾਰੀ ਬਣ ਬੈਠੇ। ਹੁਣ ਵੀ ਦੇਸ਼ ਦੇ ਰਾਸ਼ਟਰਪਤੀ ਨੂੰ ਇਕ ਮੰਦਰ ਤੇ ਨਵੀਂ ਸੰਸਦ ਭਵਨ ਵਿੱਚ ਦਾਖਲ ਨਹੀਂ ਹੋਣ ਦਿੱਤਾ ਸੀ ।
ਚੌਧਵੀਂ ਸਦੀ ਵੇਲੇ ਹਾਲਤ ਕੀ ਹੋਵੇਗੀ ਜਦੋਂ ਭਾਈ ਮਰਦਾਨਾ ਜੀ ਨੂੰ ਬਾਬਾ ਨਾਨਕ ਜੀ ਨੇ ਆਪਣਾ ਸੰਗੀ ਬਣਾਇਆ ਸੀ? ਸਿਆਣੇ ਤਾਂ ਗੱਲ ਸਮਝ ਸਕਦੇ ਹਨ ਬਾਕੀ ਇਹ ਕਹਿ ਸਕਦੇ ਹਨ ਕਿ ਪੰਜਾਬ ਦੇ ਵਿੱਚ ਤਾਂ ਕੋਈ ਜਾਤ ਪਾਤ ਨਹੀਂ ਤੇ ਨਾ ਹੀ ਕੋਈ ਵਿਤਕਰਾ ਹੈ ਪਰ ਜਿਹੜੇ ਸ਼ੂਦਰ ਹਨ, ਉਨ੍ਹਾਂ ਨੂੰ ਪੁੱਛ ਕੇ ਦੇਖੋ ਹਾਲਤ ਕੀ ਐ?
ਪੰਜਾਬ ਦੇ ਵਿੱਚ ਬ੍ਰਾਹਮਣਵਾਦੀਆਂ ਦਾ ਰਾਜ ਹੈ । “ਜਿਸ ਕੀ ਲਾਠੀ ਉਸਕੀ ਬੈਸ !”
ਹੁਣ ਹੋਰ ਥਾਣੇਦਾਰੀ ਕੀ ਹੁੰਦੀ ਹੈ ? ਪੰਜਾਬੀ ਦੇ ਵਿੱਚ ਹੀ ਨਹੀਂ ਸਗੋਂ ਭਾਰਤੀ ਸਾਹਿਤ ਵਿੱਚ ਦਲਿਤ ਸਾਹਿਤ ਵੀ ਹੁੰਦਾ ਹੈ ਤੇ ਦਲਿਤ ਲੇਖਕ ਵੀ ਪਰ ਪੰਜਾਬ ਦੇ ਵਿੱਚ ਤਾਂ ਕੋਈ ਜਾਤਪਾਤ ਨਹੀਂ ਫੇਰ ਇਹ ਦਲਿਤ ਸਾਹਿਤ ਕੀ ਹੋਇਆ ? ਜੱਟ ਜਾਂ ਬ੍ਰਾਹਮਣ ਸਾਹਿਤ ਕਿਉਂ ਨਹੀਂ ? ਜਦ ਕੁੱਝ ਅਖੌਤੀ ਜਰਨਲ ਸਾਹਿਤ ਦੇ ਥਾਣੇਦਾਰ ਬਣ ਜਾਣ ਫੇਰ ਇਸ ਤਰ੍ਹਾਂ ਹੀ ਹੁੰਦਾ ਹੈ । ਜਿਵੇਂ ਕ੍ਰਿਸ਼ਨ ਜੇ ਗੋਪੀਆਂ ਨਾਲ ਅਠਖੇਲੀਆਂ ਕਰੇ ਤਾਂ ਰਾਸ ਲੀਲਾ, ਜੇ ਕੋਈ ਸ਼ੂਦਰ ਕਰੇ ਫੇਰ ਪਰਚਾ ਤੇ ਸਜ਼ਾ ਹੁੰਦੀ ਹੈ ।
ਇਕ ਗੋਸ਼ਟੀ ਦੇ ਵਿੱਚ ਦਲਿਤ ਵਿਦਿਆਰਥੀ ਨੇ ਇਕ ਥਾਣੇਦਾਰ ਨੂੰ ਸਵਾਲ ਕੀਤਾ ਕਿ ਤੁਹਾਨੂੰ ਕੀ ਅਧਿਕਾਰ ਹੈ ਇਹ ਕਹਿਣ ਦਾ ਕਿ ਇਹ ਸਾਹਿਤ ਦਲਿਤ ਹੈ, ਰੋਮਾਂਟਿਕ ਹੈ ਜਾਂ ਤੁਹਾਡੇ ਬਣਾਏ ਚੌਖਟੇ ਵਿੱਚ ਕੋਈ ਹੋਰ ਵਿਵਾਦ ਦਾ ਸਾਹਿਤ ਹੈ ? ਸਾਹਿਤ ਤਾਂ ਸਾਹਿਤ ਹੁੰਦਾ ਹੈ ? ਬਸ ਫੇਰ ਕੀ ਸਵਾਲ ਕਰਨ ਵਾਲੇ ਨੂੰ ਭੱਜ ਕੇ ਜਾਨ ਛਡਾਉਣੀ ਪਈ। ਨਹੀਂ ਪੁਲਿਸ ਮੁਕਾਬਲਾ ਵੀ ਹੋ ਸਕਦਾ ਜਿਵੇਂ ਅੱਤਵਾਦ ਵੇਲੇ ਪੁਲਿਸ ਵਾਲੇ ਅਮਨ ਸ਼ਾਂਤੀ ਬਹਾਲ ਕਰਨ ਲਈ ਕਰਦੇ ਰਹੇ । ਇਹਨਾਂ ਕੁੱਝ ਕੁ ਸਾਹਿਤ ਦੇ ਥਾਣੇਦਾਰਾਂ ਨੇ ਹਜ਼ਾਰਾਂ ਨੌਜਵਾਨਾਂ ਨੂੰ ਝੂਠੀ ਪ੍ਰਸੰਸਾ ਕਰਕੇੇ ਮਾਰਿਆ ਹੈ । ਸਾਹਿਤ ਸਭਾਵਾਂ, ਅਕਾਦਮੀਆਂ ਦੇ ਅਹੁਦੇਦਾਰ, ਕਾਲਜਾਂ ਤੇ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਤੇ ਪ੍ਰਿੰਸੀਪਲ ਇਹ ਸਭ ਥਾਣੇਦਾਰ ਹੀ ਨਹੀਂ, ਡਿਪਟੀ, ਐਸ ਪੀ, ਐਸ ਅੈਸ.ਪੀ, ਆਈ ਜੀ ਤੇ ਡੀਜੀਪੀ ਹੀ ਹੁੰਦੇ ਹਨ ਪਰ ਸਾਰੇ ਨਹੀਂ ਕਈ ਚੰਗੇ ਵੀ ਹਨ ।
ਇਹ ਜੁਗਾੜੀਏ ਆਪਣੇ ਚਹੇਤੇ ਤੇ ਚਹੇਤੀਆਂ ਨੂੰ ਫੁੱਲਾਂ ਵਾਂਗੂੰ ਪਾਲਦੇ ਤੇ ਸੰਭਾਲ ਦੇ ਹਨ । ਜੇ ਕੋਈ ਇਹਨਾਂ ਦੇ ਕਹਿਣੇ ਵਿੱਚ ਨਾ ਆਵੇ ਤਾਂ ਉਸਨੂੰ ਸੂਲੀ ਚਾੜ ਦੇਂਦੇ ਹਨ। ਸੂਲੀ ਚੜ੍ਹਿਆ ਦੇ ਵਿੱਚੋਂ ਕੋਈ ਹੀ ਬੋਲਦਾ ਹੈ, ਨਹੀਂ ਸਭ ਚੁੱਪ ਕਰਕੇ, ਘਰਾਂ ਵਿੱਚ ਹਾਰੇ ਦੀ ਪਾਥੀ ਵਾਂਗੂੰ ਧੁਖ ਧੁਖ ਸੜ ਜਾਂਦੇ ਹਨ !
ਕਿਸ ਨੂੰ ਸਨਮਾਨ, ਪੁਰਸਕਾਰ ਦੇਣਾ ਹੈ। ਸਾਹਿਤ ਸਭਾਵਾਂ ਤੇ ਅਕਾਦਮੀਆਂ ਚੋਣਾਂ ਵੇਲੇ ਅਹੁਦੇ ਵੰਡਣ ਵਾਂਗੂੰ ਆਪਸ ਵਿੱਚ ਵੰਡ ਲੈਦੇ ਹਨ । ਕਿਸ ਦੀ ਰਚਨਾ ਕਿਸ ਸਿਲੇਬਸ ਵਿੱਚ ਲਗਾਉਣੀ ਹੈ ਤੇ ਕਿਸ ਨੂੰ ਰੱਦ ਕਰਨਾ ਹੈ, ਇਹਨਾਂ ਦੇ ਆਪਣੇ ਹੀ ਕਇਦੇ ਕਾਨੂੰਨ ਹੁੰਦੇ ਹਨ । ਸਿਆਣੇ ਕਹਿੰਦੇ ਹਨ ਕਿ ਸੱਪ ਦਾ ਡੰਗਿਆਂ ਬੰਦਾ ਬਚ ਸਕਦਾ ਪਰ ਇਹਨਾਂ ਸਾਹਿਤ ਦੇ ਥਾਣੇਦਾਰਾਂ ਦਾ ਡੰਗਿਆਂ ਕੋਈ ਨਹੀਂ ਬਚਦਾ। ਇਹ ਤਾਂ ਕਈ ਬਾਰ ਜਿਵੇਂ ਸੱਪਣੀ ਆਪਣੇ ਬੱਚੇ ਖਾ ਜਾਂਦੀ ਹੈ, ਨਾਲ ਦੇ ਨੂੰ ਖਾ ਜਾਂਦੇ ਹਨ, ਜੇ ਇਹਨਾਂ ਨੂੰ ਪਤਾ ਲੱਗੇ ਕਿ ਇਹ ਸਾਹਿਤ ਦਾ ਡੀਜੀਪੀ ਬਣ ਸਕਦਾ । ਇਹਨਾਂ ਦੇ ਡੰਗੇ ਬਹੁਤ ਸਾਰੇ ਦਲਿਤ ਹੀ ਨਹੀਂ ਸਗੋਂ ਜੱਟ ਵੀ ਹਨ ਜਿਹਨਾਂ ਕੋਲ ਲਿਆਕਤ ਤਾਂ ਸੀ ਪਰ ਥਾਣੇਦਾਰਾਂ ਦੀ ਚਾਪਲੂਸੀ ਕਰਨ ਦੀ ਆਦਤ ਨਹੀਂ ਸੀ। ਸਾਹਿਤ ਦੇ ਥਾਣੇਦਾਰ ਹੋਰ ਕੀ ਕੀ ਕਰਦੇ ਹਨ ? ਕਦੇ ਫੇਰ ਸਹੀ ਤੁਸੀਂ ਆਪਣੇ ਇਲਾਕੇ ਦੇ ਥਾਣੇਦਾਰ ਪਛਾਣੋ ਤੇ ਆਪਣੇ ਬਚਾ ਲਈ ਕੋਈ ਗੁਰੀਲਾ ਗੈਂਗ ਬਣਾਵੋ। ਇਹਨਾਂ ਨੂੰ ਚੌਧਰਾਂ ਤੋਂ ਲਾਹੋ।
==
ਬੁੱਧ ਸਿੰਘ ਨੀਲੋੰ
94643 70823