ਪੁਲਿਸ ਅਫਸਰ ਭਾਵ ਜਨਤਾ ਦਾ ਸੇਵਕ

ਨਿਰਮਲ ਸਿੰਘ ਨਿੰਮਾ

(ਸਮਾਜ ਵੀਕਲੀ)

ਛੋਟੇ ਹੁੰਦਿਆਂ ਕਿਸੇ ਤਰ੍ਹਾਂ ਦੀ ਸ਼ਰਾਰਤ ਕਰਨ ਤੇ ਅਕਸਰ ਬੇਬੇ ਕੋਲੋਂ ਡਰਾਵਾ ਦਿੱਤਾ ਜਾਂਦਾ ਸੀ ਕਿ ਬਾਜ਼ ਆ ਜਾ ਨਹੀਂ ਪੁਲਿਸ ਕੋਲ ਫੜਾ ਦੇਵਾਂਗੀ, ਭਾਂਵੇ ਕਿ ਇਹ ਸਿਰਫ਼ ਤੇ ਸਿਰਫ਼ ਆਪਣੇ ਬੱਚੇ ਨੂੰ ਡਰਾ ਕੇ ਸ਼ਰਾਰਤ ਬਾਜ਼ੀ ਕਰਨ ਤੋਂ ਰੋਕਣਾ ਹੁੰਦਾ ਸੀ ਪਰ ਫਿਰ ਵੀ ਇਹ ਡਰਾਵਾ ਹੋਸ਼ ਸੰਭਾਲਣ ਤੱਕ ਚੰਗੇ ਰਾਹਾਂ ਤੇ ਚੱਲਣ ਦਾ ਸੰਦੇਸ਼ ਹੁੰਦਾ ਸੀ ਅਤੇ ਬੱਚੇ ਵੀ ਮਾੜੀਆਂ ਸ਼ਰਾਰਤਾਂ ਤੋਂ ਤੋਬਾ ਕਰਦੇ ਹੋਏ ਭਵਿੱਖ ਦੇ ਚੰਗੇ ਨਾਗਰਿਕ ਬਣਨ ਵੱਲ ਨੂੰ ਪਹਿਲਾ ਕਦਮ ਰੱਖਦੇ ਸਨ। ਅੱਜ ਸ਼ਾਇਦ ਇਸ ਪਿਆਰੇ ਸੰਦੇਸ਼ ਤੋਂ ਅੱਜ ਦੇ ਬੱਚੇ ਵਾਂਝੇ ਹੋ ਗਏ ਹੋਣ ਪਰ ਕਿਤੇ ਨਾ ਕਿਤੇ ਪੁਲਿਸ ਦੀ ਕਾਰਗੁਜ਼ਾਰੀ ਬੱਚੇ ਦੀ ਜ਼ਿੰਦਗੀ ਵਿੱਚ ਬਿਨਾਂ ਕਿਸੇ ਤਰ੍ਹਾਂ ਦੀ ਦਖ਼ਲ ਦਿੱਤਿਆਂ ਬਹੁਤ ਮਹੱਤਵਪੂਰਨ ਹੁੰਦੀ ਸੀ।

ਪਿਛਲੀ ਪੀੜ੍ਹੀ ਦੇ ਬੱਚਿਆਂ ਨੂੰ ਇਸੇ ਵਿਚਾਰ ਧਾਰਾ (ਕਿ ਪੁਲਿਸ ਦਾ ਕੰਮ ਚੰਗੇ ਰਾਹਾਂ ਵੱਲ ਨੂੰ ਤੋਰਨਾ, ਗੁਨਾਹਾਂ ਤੋਂ ਤੋਬਾ ਕਰਾਉਣਾ ) ਨੂੰ ਜੇਹਨ ਵਿੱਚ ਬਿਠਾ ਕੇ ਇੱਕ ਜ਼ਿੰਮੇਵਾਰ ਨਾਗਰਿਕ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ । ਮੈਂ ਵੀ ਖ਼ੁਦ ਅਕਸਰ ਕਈ ਮਾਵਾਂ ਨੂੰ ਬੱਚਿਆਂ ਨੂੰ ਇਹ ਡਰਾਵਾ ਦਿੰਦੇ ਹੋਏ ਦੇਖਦਾ ਹੁੰਦਾ ਸੀ। ਫਿਰ ਜਿਵੇਂ ਜਿਵੇਂ ਹੋਸ਼ ਸੰਭਾਲੀ ਆਮ ਲੋਕਾਂ ਤੋਂ ਇਹ ਸੁਨਣ ਨੂੰ ਵੀ ਮਿਲਦਾ ਰਿਹਾ ਹੈ ਕਿ ਪੁਲਿਸ ਕਦੇ ਕਿਸੇ ਦੀ ਮਿੱਤਰ ਨਹੀਂ ਹੋ ਸਕਦੀ। ਇਸੇ ਧਾਰਣਾ ਨੂੰ ਕਈ ਲੋਕ ਸੱਚ ਮੰਨਦੇ ਹਨ ਪਰ ਜਿੱਥੋਂ ਤੱਕ ਪੁਲਿਸ ਜਾਂ ਇੱਕ ਪੁਲਿਸ ਅਫ਼ਸਰ ਦੀ ਗੱਲ ਕਰੀਏ ਤਾਂ ਅਸੀਂ ਲੋਕ ਇਹ ਕਦੇ ਵੀ ਨਹੀਂ ਸੋਚਦੇ ਕਿ ਪੁਲਿਸ ਅਫਸਰ ਦੇ ਆਪਣੀ ਡਿਊਟੀ ਪ੍ਰਤੀ ਹਮੇਸ਼ਾ ਹੱਥ ਬੰਨ੍ਹੇ ਹੁੰਦੇ ਹਨ।

ਇੱਕ ਪੁਲਿਸ ਅਫ਼ਸਰ ਦਿਲੋਂ ਹਮੇਸ਼ਾ ਆਪਣੀ ਵਰਦੀ ਦਾ ਸਤਿਕਾਰ ਕਰਦੇ ਹੋਏ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਂਦਾ ਹੈ, ਕਈ ਵਾਰ ਦੇਖਿਆ ਗਿਆ ਹੈ ਇੱਕ ਪੁਲਿਸ ਅਫ਼ਸਰ ਬਜ਼ੁਰਗਾਂ ਦੀ ਸਹਾਇਤਾ ਕਰਦੇ ਹੋਏ ਸੜਕ ਪਾਰ ਕਰਾਉਂਦਾ ਹੈ, ਡਿਊਟੀ ਦੌਰਾਨ ਅਜਿਹੇ ਕਈ ਮੌਕਿਆਂ ਤੇ ਆਪਣੀ ਜਾਨ ਜ਼ੋਖਿਮ ਵਿੱਚ ਪਾ ਕੇ ਇੱਕ ਪੁਲਿਸ ਅਫ਼ਸਰ ਆਪਣਾ ਫ਼ਰਜ਼ ਨਿਭਾਉਂਦਾ ਹੈ, ਅਕਸਰ ਸੁਣਨ ਵਿੱਚ ਇਹ ਵੀ ਆਉਂਦਾ ਹੈ ਕਿ ਫਲਾਣਾ ਪੁਲਿਸ ਅਫ਼ਸਰ ਰਿਸ਼ਵਤ ਲੈਣ ਵਿੱਚ ਬਹੁਤ ਮੋਹਰੀ ਹੈ ਇੱਥੇ ਮੇਰਾ ਮੰਨਣਾ ਇੱਹ ਹੈ ਕਿ ਅਜਿਹਾ ਵਿਅਕਤੀ ਪੁਲਿਸ ਅਫ਼ਸਰ ਹੋ ਹੀ ਨਹੀਂ ਸਕਦਾ ਜੋ ਆਪਣੇ ਮਹਿਕਮੇ ਦੀ ਛਵੀ ਖ਼ਰਾਬ ਕਰਦਾ ਹੈ, ਪੁਲਿਸ ਦਾ ਕੰਮ ਤਾਂ ਵਿਲੱਖਣ ਹੀ ਹੁੰਦਾ ਹੈ।

ਪੁਲਿਸ ਪ੍ਰਸ਼ਾਸਨ ਹਮੇਸ਼ਾ ਕਾਨੂੰਨ ਵਿਵਸਥਾ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਆਪਣੀ ਪੂਰੀ ਵਾਹ ਲਗਾ ਕੇ ਸਾਨੂੰ ਅਮਨ ਸ਼ਾਂਤੀ ਪ੍ਰਧਾਨ ਕਰਦਾ ਹੈ, ਇੱਕ ਸੱਚਾ ਪੁਲਿਸ ਅਫ਼ਸਰ ਤਾਂ ਹਮੇਸ਼ਾ ਹੀ ਜਨਤਾ ਦਾ ਸੇਵਕ ਹੁੰਦਾ ਹੈ। ਸਾਨੂੰ ਅਮਨ, ਸ਼ਾਂਤੀ ਅਤੇ ਕਾਨੂੰਨ ਵਿਵਸਥਾ ਵਿੱਚ ਹਮੇਸ਼ਾ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਸਾਡੇ ਆਲੇ ਦੁਆਲੇ ਦਾ ਮਾਹੌਲ ਸੁਖਾਵਾਂ ਹੋਵੇ ਤੇ ਹਰ ਪਾਸੇ ਖੁਸ਼ਹਾਲੀ ਹੋਵੇ।

ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)
ਮੋਬਾ:9914721831

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੱਭਿਆਚਾਰ ਸਾਡੇ ਦੇਸ਼
Next articleਤਰਕਸ਼ੀਲਾਂ ਨੇ ਪ੍ਰਿੰਸੀਪਲ ਸੰਦੀਪ ਜੀ ਨੂੰ ਚਾਰਲਸ ਡਾਰਵਿਨ ਦੇ ਜੀਵ ਵਿਕਾਸ ਸਿਧਾਂਤ ਨਾਲ ਸੰਬੰਧਤ ਸਾਹਿਤ ਦੇ ਕੇ ਸਨਮਾਨਿਤ ਕੀਤਾ