ਤਰਕਸ਼ੀਲਾਂ ਨੇ ਪ੍ਰਿੰਸੀਪਲ ਸੰਦੀਪ ਜੀ ਨੂੰ ਚਾਰਲਸ ਡਾਰਵਿਨ ਦੇ ਜੀਵ ਵਿਕਾਸ ਸਿਧਾਂਤ ਨਾਲ ਸੰਬੰਧਤ ਸਾਹਿਤ ਦੇ ਕੇ ਸਨਮਾਨਿਤ ਕੀਤਾ

ਮਾਸਟਰ ਪਰਮਵੇਦ (ਸਮਾਜ ਵੀਕਲੀ): ਅੱਜ ਵਿਗਿਆਨਕ ਵਿਚਾਰ ਅਪਨਾਉਣ ਦਾ ਸੁਨੇਹਾ ਲੈ ਕੇ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੇ ਆਗੂ ਮਾਸਟਰ ਪਰਮਵੇਦ ਤੇ ਚਰਨ ਕਮਲ ਸਿੰਘ ਐਸ ਯੂ ਐੱਸ ਸਕੂਲ ਮਹਿਲਾਂ ਪਹੁੰਚੇ।ਸਕੂਲ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਸੋਚਣ ਢੰਗ ਵਿਗਿਆਨਕ ਬਣਾਉਣ ਦਾ ਸੱਦਾ ਲੈ ਕੇ ਆਉਣ ਲਈ ਸਕੂਲ ਪ੍ਰਿੰਸੀਪਲ ਸ੍ਰੀ ਸੰਦੀਪ ਜੀ ਨੇ ਤਰਕਸ਼ੀਲ ਆਗੂਆਂ ਦਾ ਸਵਾਗਤ ਕੀਤਾ।ਮਾਸਟਰ ਪਰਮਵੇਦ ਤੇ ਚਰਨ ਕਮਲ ਸਿੰਘ ਨੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਨੂੰ ਆਪਣੀ ਸੋਚ ਨੂੰ ਵੀ ਵਿਗਿਆਨਕ ਲੀਹ ‘ਤੇ ਤੋਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਦੁਨੀਆਂ ਵਿੱਚ ਚਮਤਕਾਰ ਨਾ ਹੋ ਕੇ ਘਟਨਾਵਾਂ ਵਾਪਰਦੀਆਂ ਹਨ, ਉਨ੍ਹਾਂ ਦੇ ਕਾਰਨ ਜਾਨਣਾ ਹੀ ਤਰਕਸ਼ੀਲਤਾ ਹੈ।

ਉਨ੍ਹਾਂ ਕਿਹਾ ਕਿ ਅਖੌਤੀ ਸਿਆਣਿਆਂ ਦੇ ਫੈਲਾਏ ਭਰਮ ਜਾਲ ਤੋਂ ਬਚਣ ਲਈ ਵਿਗਿਆਨਕ ਵਿਚਾਰਾਂ ਨੂੰ ਅਪਨਾਉਣਾ ਲਾਜ਼ਮੀ ਹੈ ਤਾਂ ਜੋ ਅਸੀਂ ਉਨਾਂ ਵਲੋਂ ਕੀਤੀ ਜਾਂਦੀ ਮਾਨਸਿਕ,ਸਰੀਰਕ ਤੇ ਆਰਥਿਕ ਲੁੱਟ ਤੋਂ ਬਚ ਸਕੀਏ। ਇਸ ਸਮੇਂ ਤਰਕਸ਼ੀਲ ਆਗੂਆਂ ਸਮੂਚੇ ਸੂਬੇ ਵਿਚ ਚਾਰਲਸ ਡਾਰਵਿਨ ਦੇ ਜੀਵ ਵਿਕਾਸ ਸਿਧਾਂਤ ਨੂੰ ਸਮੱਰਪਿਤ ਕਰਵਾਈ ਜਾ ਰਹੀ ਚੇਤਨਾ ਪ੍ਰੀਖਿਆ ਲਈ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਕੀਤੀ ਤੇ ਪ੍ਰਿੰਸੀਪਲ ਸ੍ਰੀ ਸੰਦੀਪ ਤੇ ਅਧਿਆਪਕ ਸਾਹਿਬਾਨ ਨੂੰ ਚਾਰਲਸ ਡਾਰਵਿਨ ਦੇ ਜੀਵ ਵਿਕਾਸ ਸਿਧਾਂਤ ਨਾਲ ਸੰਬੰਧਤ ਤੇ ਵਿਗਿਆਨਕ ਵਿਚਾਰ ਅਪਨਾਉਣ ਦੀ ਸੇਧ ਦਿੰਦੇ ਸਾਹਿਤ ਸਮੇਤ ਸਿਲੇਬਸ ਪੁਸਤਕਾਂ ਭੇਂਟ ਕੀਤੀਆਂ। ਵਿਦਿਆਰਥੀਆਂ ਵੱਲੋਂ ਆਏ ਬਹੁਤ ਸਾਰੇ ਭੂਤ ,ਪ੍ਰੇਤਾਂ,ਹੱਥ ਦੀ ਸਫਾਈ ਦੀਆਂ ਖੋਡਾਂ, ਪੁਨਰਜਨਮ ਤੇ ਮਾਨਸਿਕ ਸਿਹਤ ਸੰਬੰਧੀ ਸ਼ੰਕਿਆਂ ਦੀ ਨਵਿਰਤੀ ਕੀਤੀ।

ਤਰਕਸ਼ੀਲ ਆਗੂਆਂ ਨੇ ਤਰਕਸ਼ੀਲ ਸੁਸਾਇਟੀ ਦੀਆਂ 23 ਸ਼ਰਤਾਂ ਵਾਲੀ ਚਣੌਤੀ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਤੇ ਕਿਹਾ ਕਿ ਇੱਕ ਵੀ ਸ਼ਰਤ ਪੂਰੀ ਕਰਕੇ ਕੋਈ ਵੀ ਅਖੌਤੀ ਸਿਆਣਾ ਪੰਜ ਲੱਖ ਰੁਪਏ ਦਾ ਨਕਦ ਇਨਾਮ ਜਿੱਤ ਸਕਦਾ ਹੈ। ਲਿਫ਼ਾਫ਼ਾ ਬੰਦ ਕਰੰਸੀ ਨੋਟ ਦਾ ਨੰਬਰ ਪੜ੍ਹਨਾ ਵੀ ਇਕ ਸ਼ਰਤ ਹੈ।ਉਨ੍ਹਾਂ ਹਾਜ਼ਰੀਨ ਨੂੰ ਕਿਹਾ ਕਿ ਚੇਤਨਾ ਪਰਖ ਪ੍ਰੀਖਿਆ ਕਰਵਾਉਣ ਦਾ ਮਕਸਦ ਵਿਦਿਆਰਥੀਆਂ ਨੂੰ ਅੰਧਵਿਸ਼ਵਾਸਾਂ ਚੋਂ ਕੱਢ ਕੇ ਵਿਗਿਆਨਕ ਸੋਚ ਦੇ ਧਾਰਨੀ ਬਣਾ ਕੇ ਇੱਕ ਜਾਗਰੂਕ ਨਾਗਰਿਕ ਬਣਾਉਣਾ ਹੈ।ਇਸ ਪ੍ਰੋਗਰਾਮ ਦੇ ਸਵਾਲ ਜਵਾਬ ਸੈਸ਼ਨ ਵਿੱਚ ਅਧਿਆਪਕ ਸਰਵਪਾਲ ਸਿੰਘ,ਲਖਵੀਰ ਸਿੰਘ,ਪਰਦੀਪ ਕੌਰ, ਸਰਬਜੀਤ ਕੌਰ,ਨਿਰਮਲਾ ਬਾਂਸਲ, ਕੋਮਲ ਗਰਗ ਮਲਕੀਤ ਕੌਰ,ਕਰਮਜੀਤ ਕੌਰ,ਸੋਨੀਆਭਾਟੀਆ, ਪੁਨੀਤ ਕੌਰ ਅਰਸ਼ਦੀਪ ਕੌਰ,ਸ੍ਰੀ ਸਤਿਗੁਰ ਸਿੰਘ ਦਿੱਵਿਆ, ਚੈਰੀ ਰਾਣੀ ਨੇ ਭਾਗ ਲਿਆ
ਸਟੇਜ ਸੰਚਾਲਨ ਲਖਵੀਰ ਸਿੰਘ ਜੀ ਨੇ ਬਾਖੂਬੀ ਕੀਤਾ ਤੇ ਤਰਕਸ਼ੀਲ ਟੀਮ ਦਾ ਧੰਨਵਾਦ ਸਰਵਪਾਲ ਸਿੰਘ ਨੇ ਕੀਤਾ। ਪ੍ਰੋਗਰਾਮ ਵਿਗਿਆਨਕ ਵਿਚਾਰਾਂ ਦੀ ਛਾਪ ਛੱਡਣ ਵਿੱਚ ਸਫਲ ਰਿਹਾ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੁਲਿਸ ਅਫਸਰ ਭਾਵ ਜਨਤਾ ਦਾ ਸੇਵਕ
Next articleਜ਼ਿੰਦਗੀ