ਕਵਿਤਾਵਾਂ

ਦੀਪ ਸੰਧੂ

(ਸਮਾਜ ਵੀਕਲੀ)

ਕਿਵੇਂ ਕਹਾਂ ਤੂੰ ਮੈਥੋਂ ਡਰਿਆ ਨਾ ਕਰ

ਕਦੀ ਕਦੀ ਮੈਨੂੰ ਵੀ ਮੇਰੇ ਤੋਂ ਡਰ ਲੱਗਦਾ
ਮੈਂ ਸੁਣਿਆ ਚੰਨ ਨਾਲ ਤੇਰੀ ਡੂੰਘੀ ਆੜੀ ਆ
ਇਹ ਕਾਇਰ ਤਾਂ ਨਹੀਂ ਇਹਨੂੰ ਸਵੇਰੇ ਤੋਂ ਡਰ ਲੱਗਦਾ
ਬੱਸ ਤੂੰ ਢੱਕਿਆ ਰਹਿਣ ਦੇ ਐਵੇਂ ਉਲਝ ਜਾਵੇਗਾ
ਮੁਰੰਮਤ ਨਹੀਂ ਹੋਣੀ ਸਾਨੂੰ ਖਲੇਰੇ ਤੋਂ ਡਰ ਲੱਗਦਾ
ਕੀ ਕਹਿਨਾ ਲੈ ਜਾਵੇਂਗਾ ਅਸਮਾਨਾਂ ਤੀਕਰ
ਤੂੰ ਓਹੀ ਏ ਨਾ ਜਿਹਨੂੰ ਬਨੇਰੇ ਤੋਂ ਡਰ ਲੱਗਦਾ
ਚੱਲਣ ਦੇ ਪਾਣੀ ਇਹ ਖੜ ਕੇ ਮੁਸ਼ਕ ਜਾਵਣ ਗੇ
ਫੱਕਰ ਨੂੰ ਜੰਜੀਰ ਨਾ ਪਾ ਬਸੇਰੇ ਤੋਂ ਡਰ ਲੱਗਦਾ
ਜੇ ਮਿਲਣਾ ਤਾਂ ਮਿਲ ਖੁੱਲੀਆਂ ਫਿਜ਼ਾਵਾਂ ‘ਚ
ਸਾਹ ਨਹੀਂ ਆਉਂਦਾ ਮੈਨੂੰ ਘੇਰੇ ਤੋਂ ਡਰ ਲੱਗਦਾ
ਜਾਂ ਤਾਂ ਦੋਨੋਂ ਹੀ ਸੱਚੇ ਹਾਂ, ਜਾਂ ਫ਼ਿਰ ਦੋਨੋਂ ਝੂਠੇ ਹਾਂ
ਤਾਹੀਂ ਤਾਂ ਤੈਨੂੰ ਮੇਰੇ, ਮੈਨੂੰ ਤੇਰੇ ਤੋਂ ਡਰ ਲੱਗਦਾ
ਦੀਪ ਸੰਧੂ
+61 459 966 392
ਜਾਹ ਤੈਨੂੰ ਦੇ ਛੱਡਿਆ ਦਰਜਾ
ਮਜ਼ਾਜੀ ਖੁਦਾ ਕਹਿ ਦਿੱਤਾ
ਖੁਦਾ ਤਾਂ ਖੁਦਾ ਈ ਹੁੰਦਾ ਏ
ਉਹ ਤੈਥੋਂ ਬਣਿਆ ਨਹੀਂ ਜਾਣਾ!
ਕਿਤੇ ਤੀਰਾਂ ਦਾ ਹੈ ਰੌਲ਼ਾ
ਕਿਤੇ ਘੜ੍ਹਿਆਂ ਤੇ ਤਰਨੇ ਦਾ
ਮਾਰੂਥਲ ਭੁਨ ਸੁੱਟਦਾ ਏ
ਤੈਥੋਂ ਕੋਲੋਂ ਰੜ੍ਹਿਆ ਨਹੀਂ ਜਾਣਾ
ਮੈਂ ਘੁੰਗਰੂ ਬੰਨ ਕੇ ਨੱਚਾਂ
ਸਰੇ ਬਜ਼ਾਰ ਮੈਂ ਕਰਸਾਂ
ਤੇਰਾ ਬੁੱਤ ਨੀਖਣ ਹੋ ਜਾਣਾ
ਤੈਥੋਂ ਖੜ੍ਹਿਆ ਨਹੀਂ ਜਾਣਾ
ਮੁਹੱਬਤ ਜੇ ਇਬਾਦਤ ਹੈ
ਮੈਂ ਆਪਾ ਵਾਰ ਸੁੱਟਾਂਗਾ
ਤੂੰ ਆਪਣਾ ਸੋਚ ਲੈ ਮੁਰਸ਼ਦ
ਤੇਰੇ ਕੋਲ ਅੜ੍ਹਿਆ ਨਹੀਂ ਜਾਣਾ!
ਇਸ਼ਕ ਤਾਂ ਮਸਤ ਮੌਲਾ ਏ
ਇਸ਼ਕ ਪਾਕੀਜ਼ ਹੁੰਦਾ ਏ
ਤੂੰ ਅੱਲਾ ਹੋ ਕੇ ਗੁਜ਼ਰੇਂਗਾ
ਇਹ ਤੈਥੋਂ ਕਰਿਆ ਨਹੀਂ ਜਾਣਾ
ਜਾਹ ਤੈਨੂੰ ਦੇ ਛੱਡਿਆ ਦਰਜਾ
ਮਜ਼ਾਜੀ ਖੁਦਾ ਕਹਿ ਦਿੱਤਾ
ਖੁਦਾ ਤਾਂ ਖੁਦਾ ਈ ਹੁੰਦਾ ਏ
ਉਹ ਤੈਥੋਂ ਬਣਿਆ ਨਹੀਂ ਜਾਣਾ!
ਰੱਬ ਜੀ
ਇੱਕ ਗੱਲ ਪੁੱਛਾਂ?
ਆਹ ਸਾਰੀ ਉਮਰ..
ਤੇਰੇ ਠੇਕੇਦਾਰਾਂ ਦੀ ਦੱਸੀ ਲੀਹ ਤੇ ਚੱਲਣ ਬਾਅਦ ਵੀ
ਮੈਨੂੰ ਇਹ ਕਿਉਂ ਕਿਹਾ ਜਾਂਦਾ
ਕਿ, ਤੂੰ
ਮੇਰੇ ਨਾਲ ਰੁੱਸਿਆ ਹੋਇਆਂ ਏ ?
ਨਾਲੇ, ਹਰ ਨਿੱਕੀ ਨਿੱਕੀ ਗੱਲ ਤੇ ਤੂੰ
ਰੁੱਸ ਕਿਉਂ ਜਾਂਨਾਂ ?
ਤੇ ਨਾਲੇ ਕੱਲਾ ਰੁਸਦਾ ਹੀ ਨਹੀਂ..
ਬਾਹਰ ਕੱਢ ਦਿੰਦਾ ਏ ਮੈਨੂੰ
ਧਰਮ ਕਰਮ ਵਾਲੀ ਸੂਚੀ ਵਿੱਚੋਂ?
ਤੇ ਸਵਰਗ ਵਾਲੀ ਲਾਇਨ ਵਿੱਚੋਂ?
ਕੀ ਇਹ ਸਵਰਗਾਂ ਦਾ ਰਸਤਾ
ਨਰਕਾਂ ਵਿਚ ਦੀ ਹੋ ਕੇ ਜਾਂਦਾ ਹੈ !
ਕੀ ਉੱਥੇ ਦੀਆਂ ਸਜ਼ਾਵਾਂ
ਇੱਥੇ ਨਾਲੋਂ ਜਿਆਦਾ ਦਿਲ ਕੰਬਾਊ ਨੇ?
ਤੇ ਇਕ ਗੱਲ ਹੋਰ
ਇਹ ਮੈਨੂੰ
ਅੱਖਾਂ
ਕੰਨ
ਨੱਕ
ਮੂੰਹ
ਬੰਦ ਕਰਨ ਨੂੰ ਕਹਿੰਦੇ ਨੇ?
ਤੇ ਆਪ
ਆਪ ਬੈਕੁੰਠ ਚੜ੍ਹ ਬੈਠੇ ਨੇ
ਰੱਬ ਜੀ
ਮੈਨੂੰ ਚਾਂਦੀ ਦੇ ਆਸਣ ਤੇ ਸੁਨਹਿਰੀ ਪਲੰਘ ਨਹੀਂ ਚਾਹੀਦੇ
ਬਗੀਚੇ ਦੇ ਫੁੱਲ ਮੈਂ ਆਪ ਲਾ ਲੈਣੇ ਨੇ
ਆਪੇ ਲਿਪ ਲੈਣਾ ਕੋਠਾ ਤੇ ਧੋ ਸੁਆਰ ਲੈਣਾ ਵਿਹੜਾ
ਮੈਨੂੰ ਅਪੱਸਰਾਂਵਾਂ ਵੀ ਨਹੀਂ ਚਾਹੀਦੀਆਂ
ਮੈਨੂੰ ਤਾਂ ਬੱਸ ਇਹ ਦੱਸੋ
ਮੈਂ ਕਿਵੇਂ
ਇਹਨਾਂ ਮੋਮਨ, ਦੇਵ ਪੁਰਖਾਂ ਦੀ ਚੁੰਗਲ਼ ਚੋਂ ਬਾਹਰ ਨਿੱਕਲਾ?
ਕਿਹੜੇ ਸ਼ੁਭ ਕਰਮ ਕਰਾਂ
ਕਿਹੜਾ ਦਾਨ ਕਰਾਂ
ਜੋ ਇਹਨਾਂ ਬਹਿਸ਼ਤ ਦੇ ਬਸ਼ਿੰਦਿਆਂ ਦੀ ਦਹਿਸ਼ਤ ਤੋਂ ਮੇਰਾ ਖਹਿੜਾ ਛੁਟੇ?
ਦੀਪ ਸੰਧੂ
+61 459 966 392

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਪਏ ਨੇ
Next articleਨਹਿਰ ਤਾਂ ਸੁੱਕੀ ਪਈ ਆ / ਮਿੰਨੀ ਕਹਾਣੀ