(ਸਮਾਜ ਵੀਕਲੀ)
ਮਾਂ ਦੀ ਪੂਜਾ
————–
ਕਰੀਏ ਮਿਹਨਤਾਂ ਮਿਹਨਤ ਨੂੰ ਫਲ਼ ਲਗਦਾ ,
ਸੁੱਚੀ ਕਿਰਤ ਹੀ ਬੰਦੇ ਦੀ ਪੂਜਾ ਹੁੰਦੀ ।
ਜਾਣ ਲੈਂਦੇ ਸਲੀਕਾ ਜੋ ਜ਼ਿੰਦਗੀ ਦਾ ,
ਜ਼ਿੰਦਗੀ ਉਨ੍ਹਾਂ ਲਈ ਮਿਸ਼ਰੀ ਦਾ ਕੂਜਾ ਹੁੰਦੀ ।
ਢਾਈ ਅੱਖਰ ਜੋ ਪ੍ਰੇਮ ਦੇ ਸਮਝ ਲੈਂਦੇ ,
ਜਿੰਦ ਉਹਨਾਂ ਦੀ ਮਿੱਠਾ ਖ਼ਰਬੂਜ਼ਾ ਹੁੰਦੀ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਮਾਂ ਦੀ ਪੂਜਾ ਹੀ ਰੱਬ ਦੀ ਪੂਜਾ ਹੁੰਦੀ ।
ਔਲੇ਼ ਦਾ ਖਾਧਾ
—————–
ਦੋਵੇਂ ਦਿਲਾਂ ਵਿੱਚ ਹੋਵੇ ਜੇ ਪਿਆਰ ਸੱਚਾ ,
ਨਹਿਰ ਸ਼ੀਰੀ ਲਈ ਕੱਢ ਫ਼ਰਿਹਾਦ ਦਿੰਦੈ ।
ਸਾਰੀ ਉਮਰ ਉਹ ਚੇਲੇ ਨਾ ਖਾਣ ਧੋਖਾ ,
ਚੰਡ ਜਿਹਨਾਂ ਨੂੰ ਸਹੀ ਉਸਤਾਦ ਦਿੰਦੈ ।
ਆਖਾ ਮੰਨਣ ਜੋ ਵੱਡੇ ਵਡੇਰਿਆਂ ਦਾ ,
ਸੁਆਦ ਦਿੰਦੈ ਪਰ ਸਮੇਂ ਤੋਂ ਬਾਅਦ ਦਿੰਦੈ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਖਾਧਾ ਔਲੇ਼ ਦਾ ਮਗਰੋਂ ਸੁਆਦ ਦਿੰਦੈ ।
ਖਾਲੀ ਹੱਥ ਮੂੰਹ ਨੂੰ
——————–
ਬੱਚੇ ਤਰਸਦੇ ਵੇਖ ਕੇ ਗੁਆਂਢੀਆਂ ਦੇ ,
ਠੱਗ ਚੋਰ ਜਦ ਚੰਗਾ ਕੁੱਝ ਖਾਂਵਦਾ ਏ ।
ਵੇਖੀ ਜਾਂਦੀ ਨਾ ਹਾਲਤ ਹੈ ਓਸ ਵੇਲ਼ੇ ,
ਜਦੋਂ ਹੱਥ ਪੁਲੀਸ ਦੇ ਆਂਵਦਾ ਏ ।
ਪੈਸੇ ਬਾਝ ਨਾ ਫਾਈਲ ਨੂੰ ਲੱਗਣ ਪਹੀਏ ,
ਪੈਸਾ ਅੜੇ ਹੋਏ ਗੱਡੇ ਕਢਾਂਵਦਾ ਏ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਖਾਲੀ ਹੱਥ ਨਾ ਮੂੰਹ ਵੱਲ ਜਾਂਵਦਾ ਏ ।
( ਕਾਵਿ ਸੰਗ੍ਰਹਿ ” ਪੱਥਰ ‘ਤੇ ਲਕੀਰਾਂ ” ਵਿੱਚੋਂ )
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ
9914836037