ਕਵਿਤਾਵਾਂ

ਮੂਲ ਚੰਦ ਸ਼ਰਮਾ
ਬੇੜਾ ਪਾਪ ਦਾ 
—————-
ਚੋਰ ਖਾਂਦੇ ਨੂੰ ਵੇਖ ਕੇ ਤਰਸੀਏ ਨਾ ,
ਪੈਂਦੀ ਵੇਖੀਏ ਪੁਲਸ ਦੀ ਮਾਰ ਮੀਆਂ ।
ਦੁੱਧ ਚੁੰਘ ਕੇ ਪਾਣੀ ਨਾ ਪੁੱਛਦੇ ਨੇ  ,
ਲੈਂਦੇ ਪੁੱਤ ਨਾ ਮਾਵਾਂ ਦੀ ਸਾਰ ਮੀਆਂ ।
ਗੂੜ੍ਹੀ ਨੀਂਦ ਆਰਾਮ ਦੀ ਉਹ ਸੌਂਦੇ  ,
ਦਸਾਂ ਨਹੁੰਆਂ ਦੀ ਕਰਨ ਜੋ ਕਾਰ ਮੀਆਂ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਬੇੜਾ ਪਾਪ ਦਾ ਲੱਗੇ ਨਾ ਪਾਰ ਮੀਆਂ  ।
ਅਮਲਾਂ ਬਾਝ ਨਬੇੜੇ 
———————-
ਅੰਬ ਖਾਣ ਨੂੰ ਉਹਨਾਂ ਨੂੰ ਮਿਲ਼ਣ ਕਿੱਥੋਂ ,
ਬੀਜ ਕਿੱਕਰਾਂ ਦੇ ਜਿਹੜੇ ਬੋਣ ਬੀਬਾ  ।
ਬੰਦੇ  ਹਿੰਮਤੀ  ਮੰਜ਼ਿਲਾਂ  ਪਾ  ਲੈਂਦੇ  ,
ਬੈਠੇ ਆਲਸੀ ਕਰਮਾਂ ਨੂੰ ਰੋਣ ਮੀਆਂ  ।
ਪੁੱਤ ਮਰੇ ਜੇ ਬੁੱਢਿਆਂ ਮਾਪਿਆਂ ਦਾ  ,
ਹੰਝੂ  ਖ਼ੂਨ  ਦੇ  ਨੈਣਾਂ  ‘ਚੋਂ  ਚੋਣ  ਮੀਆਂ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ  ,
ਅਮਲਾਂ ਬਾਝ ਨਬੇੜੇ ਨਾ ਹੋਣ ਮੀਆਂ  ।
ਬੱਕਰੇ ਦੀ ਮਾਂ 
—————
ਬਿਨਾਂ ਬੀਜਿਆਂ ਖੇਤਾਂ ਵਿੱਚ ਉੱਗ ਪੈਂਦਾ ,
ਰਾਖੀ  ਕੌਣ  ਕਰੇਂਦਾ  ਹੈ  ਭੱਖੜੇ  ਦੀ ।
ਬਿਨਾਂ ਫੈਟ ਤੋਂ  ਸਾਰੇ  ਗੁਣ  ਦੁੱਧ ਵਾਲ਼ੇ  ,
ਲੱਸੀ  ਪੀਣ  ਨੂੰ  ਮਿਲੇ  ਜੇ  ਝੱਕਰੇ  ਦੀ ।
ਵਖ਼ਤ ਮਾੜੇ  ਨੂੰ  ਵੇਖ  ਕੇ  ਕੱਢ ਲਈਏ ,
ਰੀਸ ਕਰੀਏ ਨਾ ਆਪ ਤੋਂ ਤੱਕੜੇ ਦੀ  ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ  ,
ਕਦੋਂ ਤੱਕ ਖ਼ੈਰ ਮਨਾਊ ਮਾਂ ਬੱਕਰੇ ਦੀ  ।
( ਕਾਵਿ ਸੰਗ੍ਰਹਿ ” ਪੱਥਰ ‘ਤੇ ਲਕੀਰਾਂ ” ਵਿੱਚੋਂ )
 ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
 9914836037
Previous article**ਕੀ ਬਣਾਂ????
Next articleਗਾਇਕ ਗਾਮਾ ਫ਼ਕੀਰ ਤੇ ਨੀਲੋਂ ਬੇਗਮ, ਮੁਰਲੀ ਦੀ ਤਾਨ ਤੇ ਮੌਲਾ ਦੀਆਂ ਰਹਿਮਤਾਂ ਦੀ ਕਾਮਯਾਬੀ ਤੋਂ ਬਾਅਦ ਲੈ ਕੇ ਆਏ‌ ਹਨ ਬਹੁਤ ਖੁਬਸੂਰਤ ਦੋ ਗਾਣਾ।