ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਪੰਜਾਬ ਦੌਰਾ ਅੱਜ

Prime Minister Narendra Modi

 

  • 80 ਹਜ਼ਾਰ ਲੋਕਾਂ ਦੇ ਬੈਠਣ ਦਾ ਪ੍ਰਬੰਧ
  • ਮੀਂਹ ਬਣ ਸਕਦਾ ਹੈ ਅੜਿੱਕਾ
  • ਪੰਜਾਬ ਲਈ ਪੈਕੇਜ ਐਲਾਨੇ ਜਾਣ ਦੀ ਸੰਭਾਵਨਾ

ਚੰਡੀਗੜ੍ਹ (ਸਮਾਜ ਵੀਕਲੀ):  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰੀਬ 14 ਮਹੀਨੇ ਦੇ ਵਕਫ਼ੇ ਮਗਰੋਂ ਭਲਕੇ ਪੰਜਾਬ ਦੌਰੇ ਲਈ ਪੁੱਜਣਗੇ। ਕੇਂਦਰੀ ਖੇਤੀ ਕਾਨੂੰਨਾਂ ਦੀ ਵਾਪਸੀ ਪਿੱਛੋਂ ਪ੍ਰਧਾਨ ਮੰਤਰੀ ਦਾ ਇਹ ਪਹਿਲਾ ਦੌਰਾ ਹੈ, ਜੋ ਕੇਂਦਰ ਸਰਕਾਰ ਦੇ ਪੰਜਾਬ ਪ੍ਰਤੀ ਨਜ਼ਰੀਏ ਨੂੰ ਸਾਫ਼ ਕਰੇਗਾ।

ਪ੍ਰਧਾਨ ਮੰਤਰੀ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਜਿੱਥੇ ਚੁਣਾਵੀ ਸੌਗਾਤ ਵਜੋਂ 42 ਹਜ਼ਾਰ ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਉੱਥੇ ਪੰਜਾਬ ਲਈ ਵਿਸ਼ੇਸ਼ ਪੈਕੇਜ ਐਲਾਨੇ ਜਾਣ ਦੀ ਵੀ ਪੂਰੀ ਸੰਭਾਵਨਾ ਹੈ। ਭਾਜਪਾ ਲੀਡਰਸ਼ਿਪ ਨੇ ਪ੍ਰਧਾਨ ਮੰਤਰੀ ਦੀ ਫ਼ਿਰੋਜ਼ਪੁਰ ਰੈਲੀ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਮੌਸਮ ਵਿਭਾਗ ਨੇ ਬੁੱਧਵਾਰ ਨੂੰ ਮੀਂਹ ਪੈਣ ਤੇ ਬੱਦਲਵਾਈ ਬਣੇ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ, ਜਿਸ ਦਾ ਅਸਰ ਫ਼ਿਰੋਜ਼ਪੁਰ ਰੈਲੀ ’ਤੇ ਵੀ ਪੈ ਸਕਦਾ ਹੈ। ਫ਼ਿਰੋਜ਼ਪੁਰ ਵਿਚ ਕਰੀਬ 25 ਏਕੜ ਰਕਬੇ ਵਿਚ ਪੰਡਾਲ ਲਾਇਆ ਗਿਆ ਹੈ ਜਿੱਥੇ ਕਰੀਬ 80 ਹਜ਼ਾਰ ਲੋਕਾਂ ਦੇ ਬੈਠਣ ਲਈ ਕੁਰਸੀਆਂ ਦਾ ਇੰਤਜ਼ਾਮ ਹੈ। ਪ੍ਰਧਾਨ ਮੰਤਰੀ ਦੀ ਰੈਲੀ ਪੰਜਾਬ ਭਾਜਪਾ ਲਈ ਵੀ ਚੋਣਾਂ ਤੋਂ ਪਹਿਲਾਂ ਸ਼ਕਤੀ ਪ੍ਰਦਰਸ਼ਨ ਕਰਨ ਦਾ ਮੌਕਾ ਹੈ।

ਭਾਜਪਾ ਲੀਡਰਸ਼ਿਪ ਰੈਲੀ ਵਿਚਲੇ ਇਕੱਠ ਤੋਂ ਪੰਜਾਬ ਦੇ ਲੋਕਾਂ ਦੇ ਰੌਂਅ ਨੂੰ ਦੇਖੇਗੀ। ਬੇਸ਼ੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਨੂੰ ਦਿੱਤੇ ਜਾਣ ਵਾਲੇ ਸੰਭਾਵੀ ਪੈਕੇਜ ਦਾ ਪੱਤਾ ਐਨ ਮੌਕੇ ’ਤੇ ਖੋਲ੍ਹਣਗੇ, ਪਰ ਭਾਜਪਾ ਦੀ ਪੰਜਾਬ ਇਕਾਈ ਅਤੇ ਕੇਂਦਰੀ ਲੀਡਰਸ਼ਿਪ ਵੱਲੋਂ ਸਾਂਝੇ ਤੌਰ ’ਤੇ ਪੈਕੇਜ ਬਾਰੇ ਜਿਹੜਾ ਖ਼ਾਕਾ ਤਿਆਰ ਕੀਤਾ ਗਿਆ ਹੈ, ਉਸ ਤੋਂ ਜਾਪਦਾ ਹੈ ਕਿ ਪੰਜਾਬ ਲਈ ਅਹਿਮ ਐਲਾਨ ਹੋਣਗੇ। ਅਹਿਮ ਸੂਤਰਾਂ ਅਨੁਸਾਰ ਭਾਜਪਾ ਦੀ ਪੰਜਾਬ ਇਕਾਈ ਵੱਲੋਂ ਕੇਂਦਰੀ ਲੀਡਰਸ਼ਿਪ ਅੱਗੇ ਮੰਗਾਂ ਦਾ ਜਿਹੜਾ ਚਾਰਟਰ ਰੱਖਿਆ ਗਿਆ ਹੈ, ਉਸ ਵਿਚ ਪੰਜਾਬ ਦੀ ਸਨਅਤ ਨੂੰ ਹੁਲਾਰਾ ਦੇਣ ਲਈ ਵਿਸ਼ੇਸ਼ ਪੈਕੇਜ, ਪੰਜ ਏਕੜ ਤੱਕ ਦੀ ਜ਼ਮੀਨ ਮਾਲਕੀ ਵਾਲੀ ਕਿਸਾਨੀ ਨੂੰ ਕਰਜ਼ਾ ਮੁਆਫ਼ੀ, ਦਲਿਤ ਭਾਈਚਾਰੇ ਲਈ ਕਿਸਾਨੀ ਤਰਜ਼ ’ਤੇ ਸਿੱਧੀ ਖਾਤੇ ’ਚ ਰਾਸ਼ੀ ਪਾਏ ਜਾਣ ਦੀ ਸਕੀਮ, ਜੇਲ੍ਹਾਂ ਵਿਚ ਬੰਦ ਸਿੱਖ ਕੈਦੀਆਂ ਦੀ ਰਿਹਾਈ, ਛੋਟੇ ਦੁਕਾਨਦਾਰਾਂ ਲਈ ਬੀਮਾ ਯੋਜਨਾ, ਪੰਜਾਬ ਦੇ ਗੁਆਂਢੀ ਸੂਬਿਆਂ ਵਿਚ ਪੰਜਾਬੀ ਭਾਸ਼ਾ ਨੂੰ ਦੂਜਾ ਦਰਜਾ ਦੇਣ ਦੀ ਮੰਗ ਵੀ ਸ਼ਾਮਲ ਕੀਤੀ ਗਈ ਹੈ। ਪ੍ਰਧਾਨ ਮੰਤਰੀ ਵਿਕਾਸ ਪ੍ਰਾਜੈਕਟਾਂ ਤਹਿਤ ਦੋ ਵੱਡੇ ਸੜਕੀ ਗਲਿਆਰਿਆਂ ਦਾ ਨੀਂਹ ਪੱਥਰ ਰੱਖਣ ਤੋਂ ਇਲਾਵਾ ਅੰਮ੍ਰਿਤਸਰ-ਊਨਾ ਸੈਕਸ਼ਨ ਨੂੰ ਚਹੁੰ-ਮਾਰਗੀ ਕਰਨ ਦਾ ਨੀਂਹ ਪੱਥਰ ਵੀ ਰੱਖਣਗੇ। ਫ਼ਿਰੋਜ਼ਪੁਰ ਵਿਚ 100 ਬੈੱਡ ਵਾਲਾ ਪੀਜੀਆਈ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਿਆ ਜਾਣਾ ਹੈ, ਜਿਸ ’ਤੇ 490 ਕਰੋੜ ਰੁਪਏ ਖ਼ਰਚੇ ਜਾਣੇ ਹਨ।

ਲੰਮੇ ਅਰਸੇ ਮਗਰੋਂ ਦਿਸਣਗੇ ਸਨੀ ਦਿਓਲ

ਗੁਰਦਾਸਪੁਰ ਤੋਂ ਸੰਸਦ ਮੈਂਬਰ ਸਨੀ ਦਿਓਲ ਵੀ ਭਲਕੇ ਪੰਜਾਬ ਪੁੱਜ ਰਹੇ ਹਨ। ਕਿਸਾਨ ਘੋਲ ਦੌਰਾਨ ਉਹ ਵੀ ਆਪਣੇ ਹਲਕੇ ’ਚੋਂ ਗ਼ੈਰਹਾਜ਼ਰ ਰਹੇ ਸਨ। ਚੋਣ ਜਿੱਤਣ ਮਗਰੋਂ ਉਹ ਕਰੀਬ ਛੇ ਮਹੀਨੇ ਆਪਣੇ ਹਲਕੇ ਵਿਚ ਨਹੀਂ ਆਏ ਸਨ। ਪ੍ਰਧਾਨ ਮੰਤਰੀ ਮੋਦੀ ਦੇ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਮੌਕੇ ਸਨੀ ਦਿਓਲ ਆਖ਼ਰੀ ਦਫ਼ਾ ਪੰਜਾਬ ਪੁੱਜੇ ਸਨ। ਪਹਿਲੀ ਦਫ਼ਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਐਨਡੀਏ ’ਚੋਂ ਬਾਹਰ ਹੋਣ ਕਰਕੇ ਬਾਦਲ ਪਰਿਵਾਰ ਪ੍ਰਧਾਨ ਮੰਤਰੀ ਦੇ ਪ੍ਰੋਗਰਾਮਾਂ ’ਚੋਂ ਗ਼ੈਰਹਾਜ਼ਰ ਹੋਵੇਗਾ। ਦੂਸਰੀ ਤਰਫ਼ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਪ੍ਰਧਾਨ ਮੰਤਰੀ ਨਾਲ ਸਟੇਜ ’ਤੇ ਨਜ਼ਰ ਆਉਣਗੇ। ਮੁੱਖ ਮੰਤਰੀ ਚਰਨਜੀਤ ਚੰਨੀ ਦੇ ਸਿਰਫ਼ ਸਰਕਾਰੀ ਪ੍ਰੋਗਰਾਮਾਂ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਹੈ।

ਮੁੱਖ ਮੰਤਰੀ ਭਲਕੇ ਫਿਰੋਜ਼ਪੁਰ ਨਹੀਂ ਜਾਣਗੇ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਭਲਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਵਿਚ ਸ਼ਮੂਲੀਅਤ ਨਹੀਂ ਕਰਨਗੇ| ਚੰਨੀ ਨੇ ਦੱਸਿਆ ਕਿ ਉਨ੍ਹਾਂ ਦੇ ਦਫ਼ਤਰ ਵਿਚ ਦੋ ਜਣੇ ਕੋਵਿਡ ਪਾਜ਼ੇਟਿਵ ਆ ਗਏ ਹਨ ਜਿਸ ਕਰਕੇ ਪ੍ਰਧਾਨ ਮੰਤਰੀ ਦੇ ਸਵਾਗਤ ਲਈ ਉਪ ਮੁੱਖ ਮੰਤਰੀ ਅਤੇ ਵਜ਼ੀਰ ਫਿਰੋਜ਼ਪੁਰ ਜਾ ਰਹੇ ਹਨ। ਉਹ ਵੀਡੀਓ ਕਾਨਫਰੰਸ ਜ਼ਰੀਏ ਜੁੜਨਗੇ। ਚੰਨੀ ਨੇ ਕਿਹਾ ਕਿ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ ਕਿ ਪੰਜਾਬ ਨੂੰ ਵਿਸ਼ੇਸ਼ ਪੈਕੇਜ ਦਿੱਤਾ ਜਾਵੇ ਜਿਸ ਵਿਚ ਚੰਡੀਗੜ੍ਹ ਪੰਜਾਬ ਨੂੰ ਦੇਣ, ਸਨਅਤੀ ਪੈਕੇਜ ਦੇਣ, ਕਿਸਾਨੀ ਕਰਜ਼ੇ ਮੁਆਫ਼ ਕਰਨ ਅਤੇ ਬੀਐੱਸਐਫ ਦਾ ਦਾਇਰਾ ਘਟਾਉਣ ਦੇ ਮਸਲੇ ਸ਼ਾਮਲ ਹਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਦਿਅਕ ਅਦਾਰੇ ਬੰਦ; 15 ਤੱਕ ਰਾਤ ਦਾ ਕਰਫਿਊ
Next articleਪੰਜਾਬ ਕੈਬਨਿਟ ਵੱਲੋਂ ਚੋਣ ਸੌਗਾਤਾਂ ਨੂੰ ਹਰੀ ਝੰਡੀ