ਚਿੱਚੜਾਂ ਨੇ ਪੰਜਾਬ ਮਾਰਿਆ

(ਸਮਾਜ ਵੀਕਲੀ)

ਪੰਜਾਬ ਦੀ ਖੁਸ਼ਕਿਸਮਤੀ ਇਹ ਕਿ ਪੰਜਾਬ ਦੀ ਧਰਤੀ ਤੇ ਪੰਜ ਦਰਿਆ ਵਗਦੇ ਹਨ। ਦਰਿਆ ਵੀ ਓਹ ਜਿੰਨਾਂ ਦਾ ਪਾਣੀ ਸ਼ਰਬਤ ਵਰਗਾ ਪਾਕਿ-ਪਵਿੱਤਰ ਸੀ। ਅਫ਼ਸੋਸ ! ਹੁਣ ਇਸਦੇ ਨਲਾਇਕ ਪੁੱਤਰਾਂ ਨੇ ਇਸ ਵਿੱਚ ਗੰਦ ਪਾਇਆ ਹੈ।ਇਸਦੇ ਪਾਣੀ ਹੀ ਇਸਦਾ ਭਾਗ ਸਿਰਜਦੇ ਹਨ। ਇਹ ਇਸਦੇ ਜਾਇਆਂ ਦੀ ਬਦਕਿਸਮਤੀ ਹੈ ਕਿ ਜਿਹਨਾਂ ਦੇ ਹੱਥ ਪੰਜਾਬੀਆਂ ਨੇ ਹਿੱਕ ਥਾਪੜ ਕੇ , ਆਪਣੇ ਸੀਸ ਦੇ ਕੇ ਸੱਤਾ ਦੀ ਸ਼ਕਤੀ ਦਿੱਤੀ , ਉਹਨਾਂ ਹੀ ਲੋਕਾਂ ਦੀ ਪਿੱਠ ਪਿੱਛੇ ਛੁਰਾ ਇਸਦੇ ਹੁਕਮਰਾਨਾਂ ਨੇ ਮਾਰਿਆ। ਪੰਜਾਬ ਦੇ ਪਾਣੀ ਨਾ ਸੰਭਾਲ਼ੇ, ਨਾ ਪੰਜਾਬ ਦੀ ਜਵਾਨੀ, ਨਾ ਜਵਾਨੀ ਦਾ ਵੇਗ਼ ਸੰਭਾਲਿਆ। ਪੰਜਾਬ ਦੇ ਦਰਿਆਵਾਂ ਦੀ ਕੁਦਰਤੀ ਅਮਾਨੵਤ ਪੰਜਾਬ ਨਾਲ਼ ਸਾੜਾ ਕਰਨ ਵਾਲਿਆਂ ਦੀ ਉਂਗਲ ‘ਤੇ ਵਾਰੋ-ਵਾਰ ਗੁਆ ਬੈਠੇ।

ਧਰਤੀ ਨੂੰ ਜਰਖੇਜ਼ ਬਣਾਉਣ ਵਾਲੇ ਪੰਜਾਬ ਦੇ ਮਿਹਨਤੀ, ਸਿਰੜੀ ਕਿਰਤੀ-ਕਿਸਾਨ ਹਨ। ਸਾਡੇ ਵੱਡੇ-ਵਡੇਰਿਆਂ ਨੇ ਇਸ ਧਰਤੀ ਨੂੰ ਵਾਹੀ ਯੋਗ ਬਣਾਉਣ ਲਈ ਆਪਣੀਆਂ ਚੜੵਦੀਆਂ ਜਵਾਨੀਆਂ ਪੰਜਾਬ ਦੀ ਇਸ ਮਿੱਟੀ ਦੇ ਲੇਖੇ ਲਾ ਦਿੱਤੀਆਂ। ਕੰਡੇਦਾਰ ਝਾੜੀਆਂ, ਦੱਭਾਂ-ਕਾਹੀਆਂ, ਅੱਕ-ਧਤੂਰਿਆਂ, ਮਲ਼ਿਆਂ, ਤੇ ਜੰਗਲ਼ੀ ਵੇਲਾਂ, ਜੜੀ-ਬੂਟੀਆਂ ਨਾਲ਼ ਵੀਰਾਨ ਧਰਤੀ ਨੂੰ ਆਪਣਿਆਂ ਮੁੜਕਿਆਂ ਨਾਲ਼ ਸਿੰਜ , ਖੂਹਾਂ ਦੇ ਪਾਣੀ ਲਾ ਹਰਿਆ ਭਰਿਆ ਕੀਤਾ। ਹੱਥਾਂ ਦੇ ਅੱਟਣ, ਪੈਰਾਂ ਦੀਆਂ ਫਟੀਆਂ ਬਿਆਈਆਂ, ਹਲ਼ ਵਾਹੁੰਦਿਆਂ ਭਮੇ ਗਿੱਟੇ ਪੰਜਾਬ ਦੀ ਅਰਥ-ਵਿਵਸਥਾ ਦੇ ਥੰਮ ਰਹੇ ਹਨ। ਰਾਤਾਂ ਦੇ ਉਨੀਂਦਰਾਪਣ, ਸਿਆੜਾਂ ‘ਚ ਕੱਟੀਆਂ ਭੁੱਖਾਂ-ਤ੍ਰੇਹਾਂ ਨੇ ਪੰਜਾਬ ਦੀ ਧਰਤੀ ਨੂੰ ਜੰਨਤ ਬਣਾਇਆ। ਅੱਜ ਜੋ ਵੀ ਪੰਜਾਬ ਹੈ, ਇਹ ਸਾਡਿਆਂ ਪੁਰਖਿਆਂ ਦੀ ਮਿਹਨਤ ਤੇ ਸਿਰੜ ਦੀ ਬਦੌਲਤ ਹੈ।ਸਾਨੂੰ ਇਸ ਤੇ ਫ਼ਕਰ ਹੈ ਅਤੇ ਰਹੇਗਾ।

ਪੰਜਾਬ ਦੇ ਮਿਹਨਤੀ ਅਤੇ ਸੰਘਰਸ਼ੀ ਲੋਕਾਂ ਦੀ ਵਜ੍ਹਾ ਨਾਲ਼ ਜਿਹਨਾਂ ਘਰਾਣਿਆਂ ਨੇ ਇਹਨਾਂ ਦੇ ਹੀ ਪੁੱਤਰਾਂ ਦੀਆਂ ਲਾਸ਼ਾਂ ‘ਤੇ ਆਪਣੀਆਂ ਸਲਤਨਤਾਂ ਕਾਇਮ ਕੀਤੀਆਂ, ਹਕੂਮਤਾਂ ਕੀਤੀਆਂ, ਉਹਨਾਂ ਪੰਜਾਬੀਆਂ ਨੂੰ ਹੀ ਇਹਨਾਂ ਗੱਦਾਰ ਹਾਕਮਾਂ ਨੇ ਦਰੜਿਆ। ਰਿਆਸਤਾਂ ਦੇ ਰਾਜਿਆਂ ਨੇ ਜਾਗੀਰਦਾਰਾਂ ਦੇ ਰਾਹੀਂ ਕਿਰਤੀ ਲੋਕਾਂ ਦਾ ਆਰਥਿਕ , ਸਮਾਜਿਕ, ਮਾਨਸਿਕ ਅਤੇ ਧਾਰਮਿਕ ਸ਼ੋਸਣ ਕਰਨ ਤੋਂ ਬਾਅਦ ਰਾਜਨੀਤਿਕ ਸ਼ੋਸਣ ਵੀ ਕਰਿਆ। ਰਿਆਸਤਾਂ ਦੇ ਰਾਜੇ, ਵੵਜ਼ੀਰ, ਜਗੀਰਦਾਰ, ਰਿਆਸਤਾਂ ਖਤਮ ਹੋਣ ਤੋਂ ਬਾਅਦ ਪਾਸਾ ਪਲਟਦੇ ਹੀ ਚੋਣ ਪ੍ਕਿਰਿਆ ਰਾਂਹੀ ਫਿਰ ਦੇਸ਼ ਦੇ ਹੁਕਮਰਾਨ ਬਣ ਬੈਠੇ। ਧਨਾਡ ਲੋਕਾਂ ਨੇ ਆਮ ਕਿਰਤੀ ਕਿਸਾਨਾਂ ਭੋਲੇ ਲੋਕਾਂ ਨੂੰ ਆਪਣੀਆਂ ਨੀਤੀਆਂ ਨਾਲ਼ ਗੁਲਾਮ ਬਣਾਈ ਰੱਖਿਆ ਹੈ। ਇਹਨਾਂ ਦੇ ਚੁੰਗਲ ਵਿੱਚੋਂ ਆਮ ਲੋਕ ਬਾਹਰ ਨਹੀਂ ਨਿਕਲ ਸਕੇ।

ਚੋਣਾਂ ਵਿੱਚ ਗਰੀਬ ਆਦਮੀ ਆਪਣੇ ਬਲਬੂਤੇ ਚੋਣ ਲੜ ਹੀ ਨਹੀਂ ਸਕਦਾ। ਕਰੋੜਾਂਪਤੀ ਇਸ ਸ਼ਤਰੰਜੀ ਖੇਡ ਨੂੰ ਖੇਡਦੇ ਹਨ। ਕਰੋੜਾਂਪਤੀ ਲੋਕ ਕਾਨੂੰਨ ਵੀ ਆਪਣੇ ਕਰੋੜਾਂਪਤੀਆਂ ਦੇ ਹੱਕ ਵਿੱਚ ਭੁਗਤਣ ਵਾਲੇ ਲੋਕਾ ਲਈ ਬਣਾਉਣਗੇ ਜਾਂ ਬਣੇ ਕਾਨੂੰਨਾਂ ਨੂੰ ਸੋਧ ਦੇ ਨਾਂਅ ਤੇ ਤੋੜ-ਮਰੋੜ ਕਰਨਗੇ। ਰਾਜ ਦਾ ਤੰਤਰ , ਦੇਸ਼ ਦਾ ਤੰਤਰ ਇਹਨਾਂ ਦੇ ਇਸ਼ਾਰਿਆਂ ਦੀ ਕਠਪੁਤਲੀ ਬਣਿਆ ਹੋਇਆ ਹੈ। ਅਫ਼ਸਰਸ਼ਾਹੀ, ਖਾਕੀ ਫੀਤਾਸ਼ਾਹੀ ਇਹਨਾਂ ਹੁਕਮਰਾਨਾਂ ਦੀ ਰਖੇਲ਼ ਬਣੀ ਹੋਈ ਹੈ। ਆਮ ਜਨਤਾ ਲਈ ਖੂਨ ਪੀਣੀ ਡੈਣ।
ਇਹ ਮਿਲੀਭੁਗਤ ਪੰਜਾਬ ਦਾ ਬੇੜਾ ਗ਼ਰਕ ਕਰ ਗਈ ।

ਦੇਸ਼ ਦੇ ਅਤੇ ਰਾਜਾਂ ਦੇ ਖ਼ਜ਼ਾਨੇ ਦੀ ਦੁਰਵਰਤੋਂ ਇਹਨਾਂ ਰੱਤ ਪੀਣੀਆਂ ਜੋਕਾਂ ਦੀ ਲਾਲਸਾਵਾਂ ਦੀ ਪੂਰਤੀ ਲਈ ਕੀਤੀ ਜਾਂਦੀ ਹੈ। ਰਾਜਾਂ ਦੇ ਕੁਦਰਤੀ ਸਾਧਨਾਂ ਤੇ ਇਹਨਾਂ ਦੀ ਅੱਖ ਨਿਰੰਤਰ ਰਹੀ। ਖਜ਼ਾਨੇ ਵਿੱਚ ਆਇਆ ਧਨ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਤੋਂ ਵਸੂਲੇ ਗਏ ਟੈਕਸ ਹਨ। ਗਰੀਬ ਕਿਰਤੀ ਲੋਕਾਂ ਤੇ ਟੈਕਸ ਦਰ ਟੈਕਸ ਲਾ ਕੇ ਭਰੇ ਗਏ ਖਜ਼ਾਨਿਆਂ ਨੂੰ ਹੁਕਮਰਾਨਾਂ ਦੀ ਐਸ਼ਪ੍ਸਤੀ ਲਈ ਵਰਤ ਕੇ “ਖਜ਼ਾਨਾ ਖਾਲੀ ਹੈ” ਦੀ ਦੁਹਾਈ ਵਿੱਤ ਵਿਭਾਗ ਦੁਆਰਾ ਨਿੱਤ ਦਿਨ ਦਿੱਤੀ ਜਾਂਦੀ ਹੈ। ਪੰਜਾਬ ਦੀ ਵਿਧਾਨ ਸਭਾ ਦੇ ਮੈਂਬਰਾਂ ਤੇ ਮੰਤਰੀਆਂ ਦੇ ਖਰਚਿਆਂ, ਭਾੱਤਿਆਂ , ਤਨਖਾਹਾਂ ਅਤੇ ਪੈਨਸ਼ਨਾਂ ਰਾਹੀਂ ਜੋ ਲੁੱਟ ਮਚਾਈ ਜਾ ਰਹੀ ਹੈ ਉਹ ਪੰਜਾਬ ਦੀ ਤਰਾਸਦੀ ਬਣ ਚੁੱਕੀ ਹੈ। ਪੰਜਾਬ ਦੇ ਕਿਰਤੀ ਲੋਕਾਂ ਦਾ ਖੂਨ ਪਹਿਲਾਂ ਰਿਆਸਤਾਂ ਦੀ ਅਜਾਰੇਦਾਰੀਆਂ ਨੇ ਬੇ-ਹਿਸਾਬ ਪੀਤਾ ।

ਹੁਣ ਜੋ ਸਿਆਸਤ ਦੇ ਚਿੱਕੜ ਚੋਂ ਚਿੱਚੜ ਮੇਰੇ ਇਸ ਪੰਜਾਬ ਨੂੰ ਚਿੰਬੜੇ ਹਨ, ਇਹਨਾਂ ਨੂੰ ਕਿਵੇਂ ਲਾਹਿਆ ਜਾਵੇ। ਕਿਵੇਂ ਖਤਮ ਕਰਿਆ ਜਾਵੇ ਇਹ ਸਮੇਂ ਦਾ ਚਿੰਤਨ ਹੋਣਾ ਚਾਹੀਂਦਾ ਹੈ। ਜੇ ਰੱਤ ਪੀਣੇ ਚਿੱਚੜਾਂ ਤੋਂ ਪੰਜਾਬ ਮੁਕਤ ਨਾ ਹੋਇਆ ਤਾਂ ਇਹ ਪੰਜਾਬ, ਪੰਜਾਬੀ, ਪੰਜਾਬੀਅਤ ਦੀ ਹੋਣੀ ਨਹੀਂ ਅਣਹੋਣੀ ਹੋਵੇਗੀ। ਆਓ ਪੰਜਾਬ ਲਈ ਦੁਆਵਾਂ ਕਰੀਏ।

ਬਾਲੀ ਰੇਤਗੜੵ

+919465129168

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleNavy being equipped with latest ships to protect maritime borders: Rajnath
Next articleਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਚੱਲ ਰਹੇ ਵਾਲੀਵਾਲ ਟੂਰਨਾਮੈਂਟ ‘ਚ ਲੜਕੀਆਂ ਦਰਮਿਆਨ ਮੁਕਾਬਲੇ