ਪ੍ਰਧਾਨ ਮੰਤਰੀ ਪੰਜਾਬ ਨੂੰ ਦੇਣਗੇ ਚੋਣ ਤੋਹਫ਼ਾ

ਚੰਡੀਗੜ੍ਹ (ਸਮਾਜ ਵੀਕਲੀ):  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਪੰਜਾਬ ਲਈ ਵਿਕਾਸ ਪ੍ਰਾਜੈਕਟਾਂ ਦਾ ਪਟਾਰਾ ਖੋਲ੍ਹ ਕੇ ਕਰੀਬ 42 ਹਜ਼ਾਰ ਕਰੋੜ ਦਾ ਚੁਣਾਵੀ ਤੋਹਫ਼ਾ ਦੇਣਗੇ। ਪ੍ਰਧਾਨ ਮੰਤਰੀ ਮੋਦੀ 5 ਜਨਵਰੀ ਨੂੰ ਕਰੀਬ 42,750 ਕਰੋੜ ਦੀ ਲਾਗਤ ਵਾਲੇ ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖਣਗੇ ਜਿਨ੍ਹਾਂ ਵਿੱਚ ਦੋ ਵੱਡੇ ਸੜਕੀ ਗਲਿਆਰੇ ਵੀ ਸ਼ਾਮਿਲ ਹਨ। ਪ੍ਰਧਾਨ ਮੰਤਰੀ ਦੀ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲੇ ਅੰਦੋਲਨ ਮਗਰੋਂ ਇਹ ਪਹਿਲੀ ਪੰਜਾਬ ਫੇਰੀ ਹੋਵੇਗੀ, ਜਿਸ ਨੂੰ ਉਹ ਚੋਣ ਲਾਹੇ ਲਈ ਵੀ ਵਰਤਣਗੇ। ਪੰਜਾਬ ਦੀਆਂ ਨਜ਼ਰਾਂ ਇਸ ਵੇਲੇ ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ’ਤੇ ਹਨ। ਪੰਜਾਬ ਦਾ ਸਿੱਖ ਭਾਈਚਾਰਾ ਵੀ ਆਸਵੰਦ ਹੈ ਅਤੇ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਦੇ ਐਲਾਨ ਦੀਆਂ ਉਮੀਦਾਂ ਹਨ। ਹਾਲਾਂਕਿ ਕੇਂਦਰ ਸਰਕਾਰ ਨੇ ਇਸ ਬਾਰੇ ਆਪਣੇ ਪੱਤੇ ਹਾਲੇ ਨਹੀਂ ਖੋਲ੍ਹੇ ਹਨ।

ਪ੍ਰਧਾਨ ਮੰਤਰੀ ਆਪਣੇ ਫ਼ਿਰੋਜ਼ਪੁਰ ਦੌਰੇ ਦੌਰਾਨ ਪੰਜਾਬੀਆਂ ਦੇ ਮਨਾਂ ਵਿਚ ਪਿਛਲੇ ਸਮੇਂ ਦੌਰਾਨ ਭਾਜਪਾ ਪ੍ਰਤੀ ਬਣੀ ਕੁੜੱਤਣ ’ਤੇ ਠੰਢਾ ਛਿੜਕਣ ਦਾ ਯਤਨ ਕਰਨਗੇ। ਵਿਕਾਸ ਪ੍ਰਾਜੈਕਟਾਂ ਤੋਂ ਬਿਨਾਂ ਵੱਖਰੇ ਤੌਰ ’ਤੇ ਪੰਜਾਬ ਨੂੰ ਕੋਈ ਪੈਕੇਜ ਦਿੱਤੇ ਜਾਣ ਦੀ ਤਿਆਰੀ ਵੀ ਚੱਲ ਰਹੀ ਹੈ, ਜਿਸ ਦਾ ਭੇਤ ਹਾਲੇ ਖੁੱਲ੍ਹਾ ਨਹੀਂ ਹੈ। ਇਸ ਸੰਭਾਵੀ ਪੈਕੇਜ ਨੂੰ ਲੈ ਕੇ ਸਿਆਸੀ ਹਲਕੇ ਅਲੱਗ-ਅਲੱਗ ਕਿਆਫੇ ਲਾ ਰਹੇ ਹਨ। ਅੱਜ ਕੇਂਦਰ ਸਰਕਾਰ ਵੱਲੋਂ ਜਾਰੀ ਬਿਆਨ ’ਚ ਦੱਸਿਆ ਗਿਆ ਹੈ ਕਿ ਪ੍ਰਧਾਨ ਮੰਤਰੀ 5 ਜਨਵਰੀ ਨੂੰ ਫ਼ਿਰੋਜ਼ਪੁਰ ਦੇ ਦੌਰੇ ਦੌਰਾਨ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸਵੇਅ ਦਾ ਨੀਂਹ ਪੱਥਰ ਰੱਖਣਗੇ। ਇਸ 669 ਕਿਲੋਮੀਟਰ ਲੰਬੇ ਪ੍ਰਾਜੈਕਟ ਨੂੰ 39,500 ਕਰੋੜ ਦੀ ਲਾਗਤ ਨਾਲ ਮੁਕੰਮਲ ਕੀਤਾ ਜਾਣਾ ਹੈ। ਇਹ ਐਕਸਪ੍ਰੈੱਸਵੇਅ ਮੁੱਖ ਧਾਰਮਿਕ ਸ਼ਹਿਰਾਂ ਨੂੰ ਆਪਸ ਵਿਚ ਜੋੜੇਗਾ।

ਪ੍ਰਧਾਨ ਮੰਤਰੀ ਅੰਮ੍ਰਿਤਸਰ-ਊਨਾ ਸੈਕਸ਼ਨ ਨੂੰ ਚਹੁੰ ਮਾਰਗੀ ਕਰਨ ਦਾ ਨੀਂਹ ਪੱਥਰ ਵੀ ਰੱਖਣਗੇ, ਜਿਸ ’ਤੇ ਕਰੀਬ 1700 ਕਰੋੜ ਦੀ ਲਾਗਤ ਆਵੇਗੀ। ਇਸੇ ਤਰ੍ਹਾਂ ਹੀ ਮੁਕੇਰੀਆਂ ਅਤੇ ਤਲਵਾੜਾ ਵਿਚਕਾਰ 27 ਕਿਲੋਮੀਟਰ ਲੰਮੀ ਨਵੀਂ ਬਰਾਡ ਗੇਜ ਰੇਲਵੇ ਲਾਈਨ ਦਾ ਨੀਂਹ ਪੱਥਰ ਵੀ ਰੱਖਣਗੇ। ਫ਼ਿਰੋਜ਼ਪੁਰ ਵਿਚ 100 ਬੈੱਡ ਵਾਲੇ ਪੀ.ਜੀ.ਆਈ. ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਿਆ ਜਾਣਾ ਹੈ ਜਿਸ ’ਤੇ 490 ਕਰੋੜ ਰੁਪਏ ਖ਼ਰਚੇ ਜਾਣੇ ਹਨ। ਕਪੂਰਥਲਾ ਅਤੇ ਹੁਸ਼ਿਆਰਪੁਰ ਵਿੱਚ 325 ਕਰੋੜ ਦੀ ਲਾਗਤ ਨਾਲ ਦੋ ਮੈਡੀਕਲ ਕਾਲਜ ਵੀ ਵਿਕਸਿਤ ਕੀਤੇ ਜਾਣੇ ਹਨ, ਜਿਨ੍ਹਾਂ ਦੀ ਸਮਰੱਥਾ 100 ਸੀਟਾਂ ਦੀ ਹੋਵੇਗੀ। ਕੇਂਦਰੀ ਸਪਾਂਸਰ ਸਕੀਮ ਤਹਿਤ ਤਿੰਨ ਮੈਡੀਕਲ ਕਾਲਜ ਪ੍ਰਵਾਨ ਕੀਤੇ ਗਏ ਹਨ।

ਰੈਲੀ ਦੀ ਤਿਆਰੀ ’ਚ ਮੁਸ਼ਕਲਾਂ

ਭਾਜਪਾ ਦੀ ਪੰਜਾਬ ਇਕਾਈ ਪ੍ਰਧਾਨ ਮੰਤਰੀ ਦੀ ਫ਼ਿਰੋਜ਼ਪੁਰ ਰੈਲੀ ਵਿੱਚ ਵੱਡਾ ਇਕੱਠ ਲਈ ਹਰ ਹੀਲਾ ਵਰਤ ਰਹੀ ਹੈ। ਪੰਜਾਬ ਤੋਂ ਬਿਨਾਂ ਹਰਿਆਣਾ ’ਚੋਂ ਵੀ ਬੱਸਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਕਰੀਬ 2 ਹਜ਼ਾਰ ਬੱਸਾਂ ਰੈਲੀ ਦੇ ਇਕੱਠ ਕਰਨ ਵਾਸਤੇ ਲਈਆਂ ਜਾ ਰਹੀਆਂ ਹਨ। ਕਈ ਪਿੰਡਾਂ ਵਿਚ ਭਾਜਪਾ ਨੂੰ ਹਾਲੇ ਵੀ ਰੈਲੀ ਦੀ ਤਿਆਰੀ ਲਈ ਦਿੱਕਤਾਂ ਆ ਰਹੀਆਂ ਹਨ ਕਿਉਂਕਿ ਕਿਸਾਨ ਘੋਲ ਦੌਰਾਨ ਸ਼ਹੀਦ ਹੋਏ 750 ਕਿਸਾਨਾਂ ਮਜ਼ਦੂਰਾਂ ਨੂੰ ਲੈ ਕੇ ਲੋਕ ਰੋਹ ਹਾਲੇ ਠੰਢਾ ਨਹੀਂ ਹੋਇਆ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿੱਧੂ ਵੱਲੋਂ ਮਹਿਲਾਵਾਂ ਲਈ ਵਾਅਦਿਆਂ ਦੀ ਝੜੀ
Next articleਆਪਣੇ ਧਰਮ ਦੀ ਪਾਲਣਾ ਕਰੋ ਪਰ ਨਫ਼ਰਤੀ ਭਾਸ਼ਣਾਂ ’ਚ ਨਾ ਉਲਝੋ: ਨਾਇਡੂ