ਕੁਦਰਤ ਨਾਲ ਖਿਲਵਾੜ, ਠੀਕਰਾ ਭੰਨਿਆ ਕੁਦਰਤ  ਸਿਰ     

ਪ੍ਰਭਜੋਤ ਕੌਰ ਢਿੱਲੋਂ
 (ਸਮਾਜ ਵੀਕਲੀ)   ਪੰਜਾਬ ਵਿੱਚ ਮੀਂਹ ਨੇ ਸਥਿਤੀ ਬੇਹੱਦ ਖਰਾਬ ਕਰ ਦਿੱਤੀ। ਕੁਦਰਤ ਨੇ ਮਨੁੱਖ ਨੂੰ ਤੇਜ਼ ਦਿਮਾਗ਼ ਦੇਕੇ ਭੇਜਿਆ।ਪਰ ਮੁਆਫ਼ ਕਰਨਾ ਅਸੀਂ ਉਸ ਕੁਦਰਤ ਦੇ ਖਿਲਾਫ਼ ਸੀ ਕੰਮ ਕਰਨ ਲੱਗ ਪਏ ਅਤੇ ਛੇੜਛਾੜ ਕਰਨ ਲੱਗ ਗਏ।ਕੁਦਰਤ ਬਹੁਤ ਸੰਕੇਤ ਦਿੰਦੀ ਹੈ ਕਿ ਗਲਤ ਕੰਮ ਕਰਨ ਤੋਂ ਹੱਟ ਜਾਉ।ਪਰ ਪੈਸੇ ਦੀ ਅੰਨ੍ਹੀ ਦੌੜ ਨੇ ਦਿਮਾਗ਼ ਹੀ ਖਰਾਬ ਕੀਤੇ ਹੋਏ ਹਨ।ਸਹੀ ਕੰਮ ਕਰਨ ਵਾਲਿਆਂ ਦੀ ਕੋਈ ਸੁਣਦਾ ਹੀ ਨਹੀਂ। ਵਿਕਾਸ ਦੇ ਨਾਮ ਤੇ ਰੁੱਖਾਂ ਨੂੰ ਵੱਢਣ ਲੱਗਿਆਂ ਅੱਗਾ ਪਿੱਛਾ ਨਹੀਂ ਵੇਖਿਆ।ਕਬਜ਼ੇ ਕਰਨ ਵਿੱਚ ਮਾਹਿਰ ਹੋ ਗਏ।ਰਿਸ਼ਵਤ ਲੈਕੇ ਕੰਮ ਕਰਨ ਵਿੱਚ ਆਪਣੀ ਸ਼ਾਨ ਸਮਝਣ ਲੱਗ ਗਏ। ਇਵੇਂ ਹੀ ਰਿਸ਼ਵਤ ਦੇਕੇ ਕੰਮ ਕਰਾਉਣਾ ਵੀ ਵੱਡੇ ਹੋਣ ਦਾ ਸਬੂਤ ਹੋ ਗਿਆ।ਕੁੱਝ ਪਿੰਡਾਂ ਦੇ ਛੱਪੜਾਂ ਦੀ ਸਫ਼ਾਈ ਹੋਈ ਹੋਏਗੀ ਹਕੀਕਤ ਵਿੱਚ। ਬਾਕੀਆਂ ਦਾ ਕੰਮ ਕਾਗਜ਼ਾ  ਵਿੱਚ ਹੀ ਹੋਇਆ ਹੈ।ਪਿੰਡਾਂ ਦੇ ਛੱਪੜ ਵੀ ਕਈ ਗਾਇਬ ਹੋ ਗਏ।ਜੇਕਰ ਪੰਚਾਇਤ ਪੈਸੇ ਖਾਂਦੀ ਹੈ ਤਾਂ ਲੋਕਾਂ ਨੂੰ ਇਕੱਠੇ ਹੋਕੇ ਪੰਚਾਇਤ ਦੇ ਖਿਲਾਫ਼ ਖੜ੍ਹੇ ਹੋਣਾ ਚਾਹੀਦਾ ਹੈ।ਪੈਸੇ ਤੇ ਹਰ ਪਿੰਡ ਦੇ ਵਾਸੀ ਦਾ ਹੱਕ ਹੈ।ਇੰਜ ਹੀ ਜੇਕਰ ਸ਼ਹਿਰਾਂ ਦੀ ਗੱਲ ਕਰੀਏ ਤਾਂ ਪਾਣੀ ਦੇ ਕੁਦਰਤੀ ਵਹਾਅ ਸਾਰੇ ਬਿਲਡਰਾਂ ਨੇ ਬੰਦ ਕਰ ਦਿੱਤੇ। ਵੱਡੀਆਂ ਵੱਡੀਆਂ ਕਲੋਨੀਆਂ ਬਣ ਗਈਆਂ।ਉੱਚੇ ਉੱਚੇ ਫਲੈਟ ਬਣ ਗਏ।ਸਰਕਾਰੀ ਰਸਤਿਆਂ ਅਤੇ ਚੋਇਆ ਨਾਲਿਆਂ ਤੇ ਕਬਜ਼ਿਆਂ ਦਾ ਨਤੀਜਾ ਹੈ ਕਿ ਅੱਜ ਪਾਣੀ ਗਰਾਊਂਡ ਫਲੋਰ ਦੀ ਛੱਤ ਨੂੰ ਜਾ ਲੱਗਿਆ।ਕਾਗਜ਼ਾ ਵਿੱਚ ਸਫਾਈਆਂ ਹੁੰਦੀਆਂ ਰਹੀਆਂ ਹਨ।ਨੈਸ਼ਨਲ ਹਾਈਵੇ ਦੇ ਨਾਲ ਬਣਿਆ ਪੱਕਾ ਨਾਲਾ ਬਰਸਾਤੀ ਪਾਣੀ ਲਈ ਹੈ।ਪਰ ਬਿਲਡਰਾਂ ਵੱਲੋਂ ਬਿੰਨਾਂ ਟਰੀਟਮੈਂਟ ਕੀਤੇ ਸੀਵਰੇਜ਼ ਉਸ ਵਿੱਚ ਸੁੱਟਿਆ ਜਾ ਰਿਹਾ ਹੈ।ਕੋਈ ਵਿਰਲਾ ਬਿਲਡਰ ਹੀ ਸ਼ਰਤਾਂ ਮੁਤਾਬਿਕ ਸੀਵਰੇਜ਼ ਟਰੀਟਮੈਂਟ ਲਗਾਉਂਦਾ ਹੈ।ਸੰਬੰਧਿਤ ਵਿਭਾਗ ਉਸ ਤੇ ਅੱਖ ਹੀ ਨਹੀਂ ਰੱਖਦੇ।ਖਾਨਾਪੂਰਤੀ ਹੁੰਦੀ ਹੈ ਅਤੇ ਲੈ ਦੇਕੇ ਕੰਮ ਚਲਾ ਲਿਆ ਜਾਂਦਾ ਹੈ।ਜਦੋਂ ਨਕਸ਼ੇ ਪਾਸ ਕੀਤੇ ਜਾਂਦੇ ਹਨ ਤਾਂ ਪਾਣੀ ਦੇ ਵਹਾਅ ਤੇ ਕੁੱਝ ਬਣਾਉਣ ਦੀ ਇਜਾਜ਼ਤ ਦੇਣਾ ਵੀ ਗਲਤ ਹੈ।ਲੋਕਾਂ ਦੀ ਜ਼ਿੰਦਗੀ ਭਰਦੀ ਕਮਾਈ ਬਰਬਾਦ ਹੋ ਜਾਂਦੀ ਹੈ।ਬਿਲਡਰ ਪੈਸੇ ਵੱਟ ਕੇ ਚਲਾ ਜਾਂਦਾ ਹੈ ਅਤੇ ਲੋਕ ਹੱਥ ਮਿਲਦੇ ਰਹਿ ਜਾਂਦੇ ਹਨ।ਦਫਤਰਾਂ ਵਿੱਚ ਧੱਕੇ ਖਾਂਦੇ ਨੇ ਪੈਸੇ ਲਗਾਕੇ।ਇੰਨਾਂ ਹਾਲਾਤਾਂ ਵਿੱਚੋਂ ਹੀ ਸਬਕ ਸਿਖ ਲਿਆ ਜਾਵੇ ਤਾਂ ਬਿਹਤਰ ਹੈ।ਜਿਹੜਾ ਪ੍ਰਸ਼ਾਸ਼ਨ ਹੁਣ ਸੜਕਾਂ ਤੇ  ਹੈ,ਪਹਿਲਾਂ ਹੀ ਗਲਤ ਕੰਮ ਕਰਨ ਵਾਲਿਆਂ ਨੂੰ ਧਕੇਲ ਪਾਵੇ।ਲੋਕਾਂ ਨੂੰ ਵੀ ਜਿੱਥੇ ਗਲਤ ਹੁੰਦਾ ਹੈ,ਉਸਦੀ ਆਵਾਜ਼ ਜ਼ਰੂਰ ਚੁੱਕਣੀ ਚਾਹੀਦੀ ਹੈ।ਜਿੱਥੇ ਵੀ ਚੋਈਆਂ,ਨਾਲਿਆਂ ਤੇ ਬਿਲਡਰਾਂ ਨੇ ਕਬਜ਼ੇ ਕੀਤੇ ਹਨ ਛਡਵਾਏ ਜਾਣ।ਨਾਲੇ,ਛੱਪੜ ਅਤੇ ਹੋਰ ਪਾਣੀ ਦੇ ਸਰੋਤਾਂ ਨੂੰ ਸਾਫ ਕਰਵਾਇਆ ਜਾਵੇ ਤਾਂ ਕਿ ਪਾਣੀ ਆਪਣੀ ਰਫਤਾਰ ਨਾਲ ਨਿਕਲ ਜਾਵੇ।ਲੋਕਾਂ ਦੇ ਹੋਏ ਨੁਕਸਾਨ ਦਾ ਜ਼ਿੰਮੇਵਾਰ ਕੌਣ ਹੈ?ਕੁਦਰਤ ਅੱਗੇ ਤਾਂ ਜ਼ੋਰ ਨਹੀਂ,ਪਰ ਜਿਹੜੇ ਗਲਤ ਕਰਦੇ ਹਨ ਉਨ੍ਹਾਂ ਨੂੰ ਨੱਥ ਤਾਂ ਪਾਈ ਜਾ ਸਕਦੀ ਹੈ।
ਪ੍ਰਭਜੋਤ ਕੌਰ ਢਿੱਲੋਂ
ਮੁਹਾਲੀ
ਮੋਬਾਈਲ ਨੰਬਰ  9815030221

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article    ਏਹੁ ਹਮਾਰਾ ਜੀਵਣਾ ਹੈ -362
Next articleਏਦਾਂ ਦਾ ਵੀ