HOME ਮਾਂ ਦੇ ਦੁੱਧ ਵਿੱਚ ਕੀਟਨਾਸ਼ਕਾਂ ਦੇ ਤੱਤ ਸਾਹਮਣੇ ਆਉਣਾ ਗੰਭੀਰ ਚਿੰਤਾ ਦਾ...

ਮਾਂ ਦੇ ਦੁੱਧ ਵਿੱਚ ਕੀਟਨਾਸ਼ਕਾਂ ਦੇ ਤੱਤ ਸਾਹਮਣੇ ਆਉਣਾ ਗੰਭੀਰ ਚਿੰਤਾ ਦਾ ਵਿਸ਼ਾ

2
ਫੋਟੋ - ਮਿਲਾਵਟਖੋਰੀ ਵਿਰੁੱਧ ਸੰਸਥਾ ਦੀ ਹੋਈ ਸੂਬਾ ਪੱਧਰੀ ਮੀਟਿੰਗ ਦੌਰਾਨ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਜੋਰਾ ਸਿੰਘ ਸਾਬਕਾ ਜਸਟਿਸ, ਮਨੋਜ ਖੋਸਲਾ ਸਾਬਕਾ ਸੰਯੁਕਤ ਕਮਿਸ਼ਨਰ ਤੇ ਹੋਰ ਸ਼ਖਸੀਅਤਾਂ
*ਮਿਲਾਵਟਖੋਰੀ ਵਿਰੁੱਧ ਜਨਤਕ ਲਹਿਰ ਪੈਦਾ ਕਰਨਾ ਸਮੇਂ ਦੀ ਮੁੱਖ ਲੋੜ – ਸਾਬਕਾ ਜਸਟਿਸ ਜੋਰਾ ਸਿੰਘ 
ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ‘ਮਨੁੱਖ ਦੁਆਰਾ ਕੀਤੀਆਂ ਜਾ ਰਹੀਆਂ ਮਨਮਾਨੀਆਂ ਤੇ ਲਾਲਚਵੱਸ ਹੋਣਾ, ਕੇਵਲ ਮਨੁੱਖੀ ਪ੍ਰਾਣੀ ਲਈ ਹੀ ਨਹੀਂ ਬਲਕਿ ਸਮੁੱਚੀ ਪ੍ਰਕਿਰਤੀ ਲਈ ਹੀ ਨੁਕਸਾਨਦਾਇਕ ਸਿੱਧ ਹੋ ਰਿਹਾ ਹੈ।’ ਇਹ ਵਿਚਾਰ ਜੋਰਾ ਸਿੰਘ ਸਾਬਕਾ ਜਸਟਿਸ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ  ਚੰਡੀਗੜ੍ਹ ਨੇ ਸਮਾਜ ਸੇਵੀ ਸੰਸਥਾ ਪਬਲਿਕ ਅਗੇਂਸਟ ਅਡਲਟਰੇਸ਼ਨ ਵੈਲਫੇਅਰ ਐਸੋਸੀਏਸ਼ਨ ਦੀ ਸਾਲਾਨਾ ਆਮ ਇਕਾਈ ਦੀ ਲੁਧਿਆਣਾ ਵਿੱਚ ਹੋਈ ਮੀਟਿੰਗ ਦੌਰਾਨ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਪੈਸੇ ਦੀ ਹੋੜ ਵਿੱਚ ਦੌੜ ਰਿਹਾ ਮਨੁੱਖ ਅੱਜ  ਹਵਾ, ਪਾਣੀ ਅਤੇ ਧਰਤੀ ਨੂੰ ਗੰਧਲਾ ਕਰ ਰਿਹਾ ਹੈ, ਜਦ ਕਿ ਗੁਰੂ ਨਾਨਕ ਸਾਹਿਬ ਜੀ ਨੇ ਕ੍ਰਮਵਾਰ ਇਨ੍ਹਾਂ ਨੂੰ ਗੁਰੂ, ਪਿਤਾ ਅਤੇ ਮਾਂ ਦਾ ਰੁਤਬਾ ਦਿੱਤਾ ਸੀ। ਜਿਉਂਦੇ ਰਹਿਣ ਲਈ ਜਿਸ ਭੋਜਨ ਦੀ ਪ੍ਰਾਪਤੀ ਲਈ ਮਨੁੱਖ ਦਿਨ- ਰਾਤ ਭੱਜਿਆ ਫਿਰਦਾ ਹੈ, ਦੇ ਵਿੱਚ ਹੀ ਮਿਲਾਵਟ ਹੋ ਰਹੀ। ਇੱਥੇ ਖਾਣ-ਪੀਣ ਵਾਲੀਆਂ ਵਸਤੂਆਂ ਵਿੱਚ ਲਾਲਚਵੱਸ ਵਪਾਰੀ ਤੇ ਕਾਰੋਬਾਰੀ ਮਿਲਾਵਟ ਕਰੀ ਜਾ ਰਹੇ ਹਨ, ਜਿਸ ਕਰਕੇ ਮਨੁੱਖ ਤਰ੍ਹਾਂ- ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਦੀ ਲਪੇਟ ਵਿੱਚ ਆ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿੱਡੇ ਸਿਤਮ ਦੀ ਗੱਲ ਹੈ ਕਿ ਮਾਂ ਦੇ ਦੁੱਧ ਵਿਚ ਵੀ ਜ਼ਹਿਰੀਲੇ ਰਸਾਇਣਾਂ ਦੇ ਤੱਤ ਸਾਹਮਣੇ ਆਏ ਹਨ, ਜੋ ਸਾਡੇ ਲਈ ਬਹੁਤ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਸਰਕਾਰ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਮਿਲਾਵਟਖੋਰੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਅਜਿਹੇ ਕਾਨੂੰਨ ਹੋਂਦ ਵਿੱਚ ਲਿਆਂਦੇ ਜਾਣ, ਜਿਸ ਵਿੱਚ ਮਿਲਾਵਟਖੋਰਾਂ ਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾ ਸਕੇ। ਇਸ ਮੌਕੇ ਉਨ੍ਹਾਂ ਸਮਾਜ ਦੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਿਲਾਵਟਖੋਰੀ ਵਿਰੁੱਧ ਇੱਕ ਮੁੱਠ ਹੋ ਕੇ ਅਵਾਜ਼ ਬੁਲੰਦ ਕਰਨ। ਉਨ੍ਹਾਂ ਕਿਹਾ ਕਿ ਇਸ ਕੁਰੀਤੀ ਵਿਰੁੱਧ ਜਨਤਕ ਲਹਿਰ ਪੈਦਾ ਕਰਨਾ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਅਸੀਂ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਕਰ ਸਕੀਏ। ਇਸ ਮੌਕੇ ਕੁਲਵੰਤ ਸਿੰਘ ਨੇ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਮਿਲਾਵਟ ਖੋਰੀ ਵਿਰੁੱਧ ਸਮਾਜ ਵਿੱਚ ਜਾਗਰੂਕਤਾ ਮੁਹਿੰਮ ਪੈਦਾ ਕਰਨਾ , ਸਰਕਾਰੀ ਸਹਿਯੋਗ ਅਤੇ ਕਾਨੂੰਨੀ ਵਕਾਲਤ ਰਾਹੀਂ ਜਨਤਕ ਸਿਹਤ ਅਤੇ ਖਪਤਕਾਰ ਅਧਿਕਾਰਾਂ ਦੀ ਰੱਖਿਆ ਕਰਨਾ ਹੈ। ਇਸ ਮੌਕੇ ਉਨ੍ਹਾਂ ਸੰਸਥਾ ਦੀਆਂ ਸਾਲ ਭਰ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਐਡਵੋਕੇਟ ਅਮਰਜੀਤ ਸਿੰਘ ਨੇ ਸੰਸਥਾ ਦੀ ਕਾਰਗ਼ੁਜ਼ਾਰੀ ਸੰਬੰਧੀ ਰਿਪੋਰਟ ਪੇਸ਼ ਕਰਦਿਆਂ ਕਿਹਾ ਕਿ ਸਾਲ ਦੌਰਾਨ, ਸੰਸਥਾ ਨੇ ਪੰਜਾਬ ਅਤੇ ਹਰਿਆਣਾ ਦੇ ਫੂਡ ਸੇਫਟੀ ਕਮਿਸ਼ਨਰਾਂ ਨਾਲ ਮੀਟਿੰਗਾਂ ਕੀਤੀਆਂ ਅਤੇ ਭੋਜਨ ਸੁਰੱਖਿਆ ਢਾਂਚੇ ਨੂੰ ਮਜ਼ਬੂਤ ​​ਕਰਨ ਲਈ ਕਈ ਪ੍ਰਸਤਾਵ ਪੇਸ਼ ਕੀਤੇ। ਸੰਸਥਾ ਨੇ ਭਾਰਤ ਦੇ ਪ੍ਰਧਾਨ ਮੰਤਰੀ, ਸਿਹਤ ਮੰਤਰਾਲਾ ਅਤੇ ਵੱਖ-ਵੱਖ ਰਾਜ ਸਰਕਾਰਾਂ ਨੂੰ ਉੱਤਰ ਪ੍ਰਦੇਸ਼ ਮਾਡਲ ਅਪਣਾਉਣ ਦੀ ਵੀ ਸਿਫਾਰਸ਼ ਕੀਤੀ ਜਿਸ ਤਹਿਤ ਦੋਸ਼ੀ ਠਹਿਰਾਏ ਗਏ ਅਪਰਾਧੀਆਂ ਦੇ ਨਾਮ ਅਤੇ ਤਸਵੀਰਾਂ ਜਨਤਕ ਕੀਤੀਆਂ ਜਾਂਦੀਆਂ ਹਨ। ਮਾਂ ਦੇ ਦੁੱਧ ਵਿੱਚ ਕੀਟਨਾਸ਼ਕਾਂ ਦੇ ਨਿਸ਼ਾਨ ਪਾਏ ਜਾਣ ਦੀਆਂ ਰਿਪੋਰਟਾਂ ‘ਤੇ ਗੰਭੀਰ ਚਿੰਤਾ ਪ੍ਰਗਟਾਉਂਦਿਆਂ ਉਹਨਾਂ ਸੰਸਥਾ ਵੱਲੋਂ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ, ਐਫ ਐੱਸ ਐੱਸ ਏ ਆਈ  ਅਤੇ ਸਿਹਤ ਮੰਤਰਾਲਿਆਂ ਨੂੰ ਤੁਰੰਤ ਕਾਰਵਾਈ ਕਰਨ ਦੀ ਅਪੀਲ ਕਰਦਿਆਂ ਅਨਾਜ ਦੀ ਲਾਜ਼ਮੀ ਰਸਾਇਣਕ ਜਾਂਚ, ਮੁਫਤ ਜਨਤਕ ਜਾਂਚ ਪ੍ਰਯੋਗਸ਼ਾਲਾਵਾਂ ਦੀ ਸਥਾਪਨਾ ਅਤੇ ਅਪਰਾਧੀਆਂ ਲਈ ਸਖ਼ਤ ਸਜ਼ਾਵਾਂ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਸੰਸਥਾ ਨੂੰ ਭਾਰਤ ਵਿੱਚ ਭੋਜਨ ਮਿਲਾਵਟ ਵਿਰੁੱਧ ਕੰਮ ਕਰਨ ਵਾਲੀਆਂ ਕੌਮੀ ਪੱਧਰ ਦੀਆਂ ਸੰਸਥਾਵਾਂ ਵਿੱਚੋਂ ਤੀਜਾ ਸਥਾਨ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਸੰਸਥਾ ਵੱਲੋਂ ਵਿੱਦਿਅਕ ਅਦਾਰਿਆਂ ਵਿੱਚ ਮਿਲਾਵਟਖੋਰੀ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਕਰਵਾਉਣ ਲਈ ਵਿਉਂਤਬੰਦੀ ਕੀਤੀ ਗਈ ਹੈ ਅਤੇ ਇਸ ਦੇ ਨਾਲ ਹੀ ਹੜ੍ਹ ਪੀੜਤਾਂ ਦੀ ਮਦਦ ਲਈ ਵੀ ਉੱਦਮ ਕੀਤਾ ਜਾ ਰਿਹਾ ਹੈ। ਇਸ ਮੌਕੇ ਜਨਰਲ ਸਕੱਤਰ ਸੁਰਜੀਤ ਸਿੰਘ ਭਟੋਆ ਨੇ ਮਿਲਾਵਟੀ ਭੋਜਨ ਦਾ ਪਤਾ ਲਗਾਉਣ ਲਈ ਲਾਈਵ ਸੋਸ਼ਲ ਮੀਡੀਆ ਪ੍ਰੋਗਰਾਮਾਂ ਰਾਹੀਂ ਲੋਕਾਂ ਨੂੰ ਸਰਲ ਤਰੀਕਿਆਂ ਨਾਲ ਜਾਗਰੂਕ ਕੀਤਾ। ਇਸ ਮੌਕੇ ਪ੍ਰਧਾਨ ਐਡਵੋਕੇਟ ਅਮਰਜੀਤ ਸਿੰਘ ਅਤੇ ਡਾ: ਲਖਵੀਰ ਸਿੰਘ ਡੀਐਚਓ (ਆਰ) ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ, ਡਾ: ਵਿਜੇ ਕੁਮਾਰ (ਗੁਰਦਾਸਪੁਰ) , ਸਲਾਹਕਾਰ  ਮਨੋਜ ਕੁਮਾਰ ਖੋਸਲਾ ਸਾਬਕਾ ਸੰਯੁਕਤ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ, ਪੰਜਾਬ, ਪ੍ਰਧਾਨ  ਅਮਰਜੀਤ ਸਿੰਘ  ਐਡਵੋਕੇਟ, ਐਡਵੋਕੇਟ ਯਾਦਬਿੰਦਰਪਾਲ ਸਿੰਘ, ਕਾਨੂੰਨੀ ਸਲਾਹਕਾਰ ਅਤੇ ਚੰਡੀਗੜ੍ਹ ਤੋਂ ਕਾਰਜਕਾਰੀ ਕਮੇਟੀ ਦੇ ਨਾਲ-ਨਾਲ ਪਰਮਵੀਰ ਕੌਰ ਮੀਡੀਆ ਸਲਾਹਕਾਰ ਅਤੇ ਡਾ: ਸਵਰਨਜੀਤ ਕੌਰ ਗਰੇਵਾਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਪੰਜਾਬ ਦੀਆਂ ਵੱਖ-ਵੱਖ ਜ਼ਿਲ੍ਹਾ ਇਕਾਈਆਂ ਦੇ ਮੈਂਬਰ, ਪਟਿਆਲਾ, ਫਤਿਹਗੜ੍ਹ, ਜਲੰਧਰ, ਅੰਮ੍ਰਿਤਸਰ, ਗੁਰਦਾਸਪੁਰ, ਸੰਗਰੂਰ, ਤਰਨਤਾਰਨ, ਲੁਧਿਆਣਾ, ਪੰਚਕੂਲਾ ਆਦਿ ਦੀ ਨੁਮਾਇੰਦਗੀ ਕਰਦੇ , ਜ਼ਿਲ੍ਹਾ ਪ੍ਰਧਾਨਾਂ, ਸਕੱਤਰਾਂ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ। ਇਸ ਮੌਕੇ ਪ੍ਰਮੁੱਖ ਅਹੁਦੇਦਾਰਾਂ ਨੇ ਦੱਸਿਆ ਕਿ ਸੰਸਥਾ ਵੱਲੋਂ ਪੰਜਾਬ ਤੋਂ ਇਲਾਵਾ ਹਰਿਆਣਾ ਵਿੱਚ ਵੀ ਇਕਾਈਆਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਹੌਲੀ-ਹੌਲੀ ਮਿਲਾਵਟਖੋਰੀ ਵਿਰੁੱਧ ਦੇਸ਼ਵਿਆਪੀ ਮੁਹਿੰਮ ਅਰੰਭੀ ਜਾ ਸਕੇ। ਇਸ ਮੌਕੇ ਚੰਗੀ ਕਾਰਗੁਜ਼ਾਰੀ ਵਿਖਾਉਣ ਵਾਲੀਆਂ ਇਕਾਈਆਂ ਦੇ ਅਹੁਦੇਦਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਜਦ ਕਿ ਸਟੇਟੀ ਅਵਾਰਡੀ ਸੁਖਦੇਵ ਸਲੇਮਪੁਰੀ ਨੂੰ ਸੰਸਥਾ ਵੱਲੋਂ ਉਚੇਚੇ ‘ਤੇ ਸਨਮਾਨਿਤ ਕੀਤਾ ਗਿਆ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਆਪ, ਅਕਾਲੀ, ਭਾਜਪਾ ਦਾ ਗੁੰਮਰਾਹਕੁੰਨ ਪ੍ਰਚਾਰ ਤਰਨਤਾਰਨ ਦੇ ਲੋਕਾਂ ਦੇ ਕਾਂਗਰਸ ਪਾਰਟੀ ਪ੍ਰਤੀ ਬਣੇ ਮਜ਼ਬੂਤ ਇਰਾਦੇ ਨੂੰ ਹਿਲਾ ਨਹੀਂ ਸਕਦਾ- ਬਾਵਾ
Next articleਆਟੋ ਅਤੇ ਟਰੈਕਟਰ ਟਰਾਲੀ ਦੀ ਟੱਕਰ ‘ਚ’ ਆਟੋ ਚਾਲਕ ਗੰਭੀਰ ਆਟੋ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਿਆ