ਵੋਟ ਦੇ ਅਧਿਕਾਰ ਦੀ ਖਾਤਰ ਮਹਾਨ ਦੇਸ਼ ਭਗਤਾਂ ਭਗਤ ਸਿੰਘ, ਲਾਲਾ ਲਾਜਪਤ ਰਾਏ, ਕਰਤਾਰ ਸਿੰਘ ਸਰਾਭਾ ਵੱਲੋਂ ਦਿੱਤੀ ਕੁਰਬਾਨੀ ਨੂੰ ਯਾਦ ਰੱਖਣ ਦੀ ਲੋੜ
ਬਾਜਵਾ ਵੱਲੋਂ ਪੇਸ਼ ਕੀਤਾ ਕਾਂਗਰਸ ਪਾਰਟੀ ਦਾ 2027 ਪ੍ਰਤੀ ਦ੍ਰਿਸ਼ਟੀਕੋਣ ਸ਼ਲਾਘਾਯੋਗ- ਬਾਵਾ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.)– ਹਲਕਾ ਤਰਨਤਾਰਨ ਦੀ ਜਿਮਣੀ ਚੋਣ ਵਿੱਚ ਕਾਂਗਰਸ ਪਾਰਟੀ ਦਾ ਪਲੜਾ ਭਾਰੀ ਦੇਖਦੇ ਹੋਏ ਆਪ, ਅਕਾਲੀ, ਭਾਜਪਾ ਸਰਕਾਰ ਦਾ ਗੁੰਮਰਾਹਕੁੰਨ ਪ੍ਰਚਾਰ ਤਰਨਤਾਰਨ ਹਲਕੇ ਦੇ ਸੂਝਵਾਨ, ਦੂਰਅੰਦੇਸ਼ ਸੋਚ ਦੇ ਵੋਟਰਾਂ ਦਾ ਇਰਾਦਾ ਬਦਲ ਨਹੀਂ ਸਕਦਾ। ਇਹ ਸ਼ਬਦ ਅੱਜ ਤਰਨਤਾਰਨ ਹਲਕੇ ਵਿੱਚ ਜਨਸੰਪਰਕ ਤੋਂ ਬਾਅਦ ਇੱਕ ਪ੍ਰੈੱਸ ਮਿਲਣੀ ਦੌਰਾਨ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ (ਓ.ਬੀ.ਸੀ) ਇੰਚਾਰਜ ਹਿਮਾਚਲ ਪ੍ਰਦੇਸ਼ ਨੇ ਕਹੇ। ਸ਼੍ਰੀ ਬਾਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਹੀ ਹੈ ਜੋ ਸਭ ਧਰਮਾਂ, ਜਾਤੀਆਂ, ਭਾਸ਼ਾਵਾਂ ਦਾ ਬਰਾਬਰ ਸਤਿਕਾਰ ਕਰਦੀ ਹੈ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਪੱਛੜੀਆਂ ਸ਼੍ਰੇਣੀਆਂ ਲਈ ਸਿਆਸੀ ਸੱਤਾ ਵਿੱਚ ਹਿੱਸੇ ਦੀ ਵਕਾਲਤ ਕਰਨਾ, ਉਨ੍ਹਾਂ ਦਾ ਭਾਰਤ ਦੇ ਪੱਛੜੇ ਵਰਗ ਪ੍ਰਤੀ ਸਨੇਹ, ਹਮਦਰਦੀ ਅਤੇ ਪਿਆਰ ਦੀ ਨਿਸ਼ਾਨੀ ਹੈ। ਬਾਵਾ ਨੇ ਕਿਹਾ ਕਿ ‘ਆਪ’ ਪਾਰਟੀ ਗਪੌੜਸ਼ੰਖ ਸਾਬਤ ਹੋਈ ਹੈ। ਜੋ ਪਾਰਟੀ 1000 ਰੁਪਏ ਦੇਣ ਦੇ ਨਾਂ ‘ਤੇ ਭੈਣਾਂ, ਬੇਟੀਆਂ ਅਤੇ ਮਾਵਾਂ ਨਾਲ ਚਾਰ ਸਾਲਾਂ ਤੋਂ ਕੋਝਾ ਮਜਾਕ ਕਰ ਰਹੀ ਹੈ। ਹੁਣ ਪੰਜਾਬ ਦੇ ਲੋਕ ਸਮਝ ਗਏ ਹਨ ਕਿ ਇਹ ਸਿਰਫ ਵੋਟਾਂ ਬਟੋਰਨ ਵਾਲਿਆਂ ਦਾ ਟੋਲਾ ਹੈ। ਬਾਵਾ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਵੱਲੋਂ ਇੰਟਰਵਿਊ ਦੌਰਾਨ ਕਾਂਗਰਸ ਪਾਰਟੀ ਦਾ 2027 ਪੰਜਾਬ ਪ੍ਰਤੀ ਪੇਸ਼ ਕੀਤਾ ਦ੍ਰਿਸ਼ਟੀਕੋਣ ਦੱਸਦਾ ਹੈ ਕਿ ਕਾਂਗਰਸ ਪਾਰਟੀ ਹੀ ਪੰਜਾਬ ਦਾ ਭਵਿੱਖ ਸਵਾਰਨ ਦੀ ਸੋਚ ਅਤੇ ਸੂਝ-ਬੂਝ ਰੱਖਦੀ ਹੈ। ਉਨ੍ਹਾਂ ਪੰਜਾਬ ਯੂਨੀਵਰਸਿਟੀ ਬਾਰੇ ਭਾਰਤ ਸਰਕਾਰ ਦੇ ਫੈਸਲੇ ‘ਤੇ ਵੀ ਪੁਰਜ਼ੋਰ ਨਿੰਦਾ ਕੀਤੀ ਅਤੇ ਇਸ ਨੂੰ ਪੰਜਾਬ ਦੇ ਹੱਕਾਂ ‘ਤੇ ਡਾਕਾ ਦੱਸਿਆ।



