ਜ਼ਰੂਰਤ ਦੀਆਂ ਵਸਤਾਂ ਸਿੱਧੀਆਂ ਕਿਸਾਨਾਂ ਕੋਲੋਂ ਖਰੀਦਣ ਲੋਕ : ਸਾਈਨਾਥ

 

  • ਕਿਸਾਨਾਂ ਨੂੰ ਆਮ ਲੋਕਾਂ ਦੀ ਲੋੜ ਅਨੁਸਾਰ ਪੈਦਾਵਾਰ ਕਰਨ ’ਤੇ ਦਿੱਤਾ ਜ਼ੋਰ
  • ‘ਕਾਰਪੋਰੇਟ ਮੁਕਾਬਲੇ ਨਵਾਂ ਬਦਲ ਕਾਇਮ ਕਰਨ ਦੀ ਲੋੜ’

ਖੰਨਾ (ਸਮਾਜ ਵੀਕਲੀ): ਉੱਘੇ ਚਿੰਤਕ, ਲੇਖਕ ਅਤੇ ਪੱਤਰਕਾਰ ਪੀ.ਸਾਈਨਾਥ ਨੇ ਕਿਹਾ ਕਿ ਖੇਤੀ, ਕਿਸਾਨੀ ਨੂੁੰ ਬਚਾਉਣ ਅਤੇ ਭੁੱਖਮਰੀ ਤੋਂ ਖਹਿੜਾ ਛੁਡਾਉਣ ਲਈ ਮੱਧ ਵਰਗੀ ਲੋਕਾਂ ਨੂੰ ਵੱਡੇ ਕਾਰਪੋਰੇਟ ਸਟੋਰਾਂ ਤੋਂ ਵਸਤਾਂ ਦੀ ਖਰੀਦ ਬੰਦ ਕਰਨੀ ਚਾਹੀਦੀ ਹੈ। ਇਸ ਸਬੰਧੀ ਮੱਧ ਵਰਗ ਕਿਸਾਨਾਂ ਨਾਲ ਮਿਲ ਕੇ ਵਿਉਂਤਵੰਦੀ ਕਰ ਸਕਦਾ ਹੈ ਕਿ ਉਨ੍ਹਾਂ ਨੂੰ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ। ਕਿਸਾਨ ਵੀ ਇਸ ਲੋੜ ਅਨੁਸਾਰ ਫਸਲਾਂ ਦਾ ਉਤਪਾਦਨ ਕਰਕੇ ਕਾਰਪੋਰੇਟ ਦੇ ਮੁਕਾਬਲੇ ਇੱਕ ਬਦਲ ਖੜ੍ਹਾ ਕਰ ਸਕਦੇ ਹਨ। ਇਸ ਲਈ ਆਮ ਲੋਕਾਂ ਨੂੰ ਜ਼ਰੂਰਤ ਦੀਆਂ ਵਸਤਾਂ ਸਿੱਧੀਆਂ ਕਿਸਾਨਾਂ ਕੋਲੋਂ ਖਰੀਦਣ ਵੱਲ ਵਧਣਾ ਚਾਹੀਦਾ ਹੈ।

ਪੀ.ਸਾਈਨਾਥ ਖੰਨਾ ਦੇ ਏ.ਐਸ. ਕਾਲਜ ਫਾਰ ਵਿਮੈਨ ਵਿਚ ਸਿੱਖਿਆ ਸ਼ਾਸਤਰੀ ਮਰਹੂਮ ਪ੍ਰੋ. ਤਰਸੇਮ ਬਾਹੀਆ ਯਾਦਗਾਰੀ ਭਾਸ਼ਣ ਦੌਰਾਨ ਪੇਂਡੂ ਅਰਥਚਾਰੇ ਦਾ ਸੰਕਟ ਅਤੇ ਕਿਸਾਨ ਅੰਦੋਲਨ ਵਿਸ਼ੇ ਉੱਤੇ ਇਲਾਕੇ ਦੇ ਬੁੱਧੀਜੀਵੀਆਂ, ਵਿਦਿਆਰਥੀਆਂ ਅਤੇ ਸਮਾਜਿਕ ਕਾਰਕੁਨਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਮੋਦੀ ਸਰਕਾਰ ਦੇ ਗੈਰ ਸੰਵਿਧਾਨਕ ਅਤੇ ਕਾਰਪੋਰੇਟ ਕਬਜ਼ੇ ਵਾਲੇ ਖੇਤੀ ਮਾਡਲ ਨਾਲ ਮੁਕਾਬਲਾ ਕਰ ਰਿਹਾ ਹੈ। ਜੇਕਰ ਕਿਸਾਨੀ ਅਤੇ ਖੇਤੀ ਮਰਦੀ ਹੈ ਤਾਂ ਇਸ ਨਾਲ ਕਿਰਤੀ, ਛੋਟੇ ਵਪਾਰੀ ਅਤੇ ਸਮੁੱਚੇ ਢਾਂਚੇ ਦੀ ਬਰਬਾਦੀ ਹੋਣੀ ਤੈਅ ਹੈ। ਉਨ੍ਹਾਂ ਕਿਹਾ ਕਿ ਖੇਤੀ ਖੇਤਰ ਲਈ ਸੂਬਾਈ ਸਰਕਾਰੀ ਮੰਡੀਆਂ ਦੀ ਭੂਮਿਕਾ ਸਰਕਾਰੀ ਹਸਪਤਾਲਾਂ ਅਤੇ ਸਰਕਾਰੀ ਸਕੂਲਾਂ ਵਾਂਗ ਹੈ। ਇਨ੍ਹਾਂ ਕਮਜ਼ੋਰੀਆਂ ਦੇ ਬਾਵਜੂਦ ਆਬਾਦੀ ਦੇ ਵੱਡੇ ਹਿੱਸੇ ਦੀ ਨਿਰਭਰਤਾ ਇਨ੍ਹਾਂ ਸਰਕਾਰੀ ਸੰਸਥਾਵਾਂ ਉੱਤੇ ਹੈ।

ਇਸ ਲਈ ਇਨ੍ਹਾਂ ਵਿੱਚ ਸੁਧਾਰ ਦੀ ਲੋੜ ਹੈ ਨਾ ਕਿ ਬਦਲ ਵਜੋਂ ਕਾਰਪੋਰੇਟਾਂ ਨੂੰ ਕਾਬਜ਼ ਹੋਣ ਦਿੱਤਾ ਜਾਵੇ। ਸਮਾਗਮ ਦੀ ਪ੍ਰਧਾਨਗੀ ਜਮਹੂਰੀ ਅਧਿਕਾਰ ਸਭਾ ਦੇ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਨ ਸਿੰਘ ਨੇ ਕੀਤੀ। ਸਮਾਗਮ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਸੁਰਜੀਤ ਸਿੰਘ, ਐਡਵੋਕੇਟ ਪਰਮਜੀਤ ਸਿੰਘ, ਬਲਵਿੰਦਰ ਗਰੇਵਾਲ, ਹਰਪਿੰਦਰ ਸ਼ਾਹੀ, ਗੁਰਪ੍ਰੀਤ ਸਿੰਘ, ਜਸਪਾਲ ਜੱਸੀ, ਦਲਮੇਘ ਸਿੰਘ ਖੱਟੜਾ ਸਮੇਤ ਵੱਡੀ ਗਿਣਤੀ ਪਤਵੰਤੇ ਹਾਜ਼ਰ ਸਨ। ਸਮਾਗਮ ਉਪਰੰਤ ਭਾਜਪਾ ਆਗੂ ਵਿਜੈ ਡਾਇਮੰਡ ਨੇ ਕਿਹਾ ਕਿ ਇਸ ਸੈਮੀਨਾਰ ਵਿਚ ਜਿਹੜੇ ਬੁਲਾਰਿਆਂ ਨੇ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਹੈ, ਉਹ ਰਾਜਨੀਤੀ ਤੋਂ ਪ੍ਰੇਰਿਤ ਸਨ। ਉਨ੍ਹਾਂ ਕਾਲਜ ਮੈਨੇਜਮੈਂਟ ਕਮੇਟੀ ਦਾ ਵੀ ਤਿੱਖਾ ਵਿਰੋਧ ਕਰਦਿਆਂ ਕਿਹਾ ਕਿ ਵਿੱਦਿਅਕ ਅਦਾਰਿਆਂ ਨੂੰ ਇਹੋ ਜਿਹੇ ਰਾਜਨੀਤਕ ਸੈਮੀਨਾਰ ਨਹੀਂ ਕਰਵਾਉਣੇ ਚਾਹੀਦੇ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਧਾਨ ਸਭਾ ਵਿੱਚ ਰੱਦ ਕਰਾਂਗੇ ਖੇਤੀ ਕਾਨੂੰਨ ਤੇ ਬਿਜਲੀ ਸਮਝੌਤੇ: ਸਿੱਧੂ
Next articleਸੁਮੇਧ ਸੈਣੀ ਦੀ ਜ਼ਮਾਨਤ ਅਰਜ਼ੀ ’ਤੇ ਫ਼ੈਸਲਾ ਰਾਖਵਾਂ