ਪਟਿਆਲਾ (ਸਮਾਜ ਵੀਕਲੀ) : ਪ੍ਰਸਿੱਧ ਚਿੰਤਕ, ਪੱਤਰਕਾਰ ਅਤੇ ਰੈਮਨ ਮੈਗਸੇਸੇ ਪੁਰਸਕਾਰ ਜੇਤੂ ਪੀ. ਸਾਈਨਾਥ ਨੇ ਕਿਹਾ ਹੈ ਕਿ ਪੰਜਾਬ ਦੇ ਕਿਸਾਨਾਂ ਵੱਲੋਂ ਸ਼ੁਰੂ ਕੀਤਾ ਗਿਆ ਅੰਦੋਲਨ ਦੁਨੀਆ ਭਰ ਦੇ ਲੋਕਾਂ ਲਈ ਇੱਕ ਅਹਿਮ ਘਟਨਾ ਹੈ ਜਿਸ ਤੋਂ ਭਵਿੱਖ ਲਈ ਨਵੀਂ ਸੇਧ ਮਿਲੇਗੀ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵੱਲੋਂ ‘ਜਨਤਕ ਸਰੋਕਾਰਾਂ ਤੋਂ ਸੱਖਣਾ ਜਨਤਕ ਮੀਡੀਆ’ ਵਿਸ਼ੇ ਉੱਤੇ ਕਰਵਾਏ ਗਏ ਚੌਥੇ ਡਾ. ਰਵਿੰਦਰ ਸਿੰਘ ਰਵੀ ਯਾਦਗਾਰੀ ਭਾਸ਼ਣ ਸਮਾਰੋਹ ’ਚ ਮੁੱਖ ਵਕਤਾ ਵਜੋਂ ਸੰਬੋਧਨ ਦੌਰਾਨ ਉਨ੍ਹਾਂ ਚਿੰਤਾ ਪ੍ਰਗਟਾਈ ਕਿ ਕਾਰਪੋਰੇਟ ਪੱਖੀ ਮੀਡੀਆ ਨੇ ਪਵਿੱਤਰ ਕਿਸਾਨ ਸੰਘਰਸ਼ ਦੀ ਆਵਾਜ਼ ਬਣਨ ਦੀ ਬਜਾਏ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਮੀਡੀਆ ਦਾ ਵੱਡਾ ਹਿੱਸਾ ਬਿਨਾਂ ਤੱਥਾਂ ਤੋਂ ਕਿਸਾਨ ਅੰਦੋਲਨ ਨੂੰ ਅਜੇ ਵੀ ਗਲਤ ਤਰੀਕੇ ਨਾਲ ਪੇਸ਼ ਕਰ ਰਿਹਾ ਹੈ ਜਦਕਿ ਹਕੀਕਤ ਇਹ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਸੰਘਰਸ਼, ਜੋ ਮਹਾਮਾਰੀ ਦੌਰਾਨ ਵੀ ਜਾਰੀ ਹੈ, ਨੂੰ ਕੋਈ ਵੀ ਅਣਖ ਵਾਲਾ ਮੀਡੀਆ ਨਜ਼ਰਅੰਦਾਜ਼ ਨਹੀਂ ਕਰ ਸਕਦਾ ਹੈ।
ਉਨ੍ਹਾਂ ਅੰਕੜਿਆਂ ਦੇ ਆਧਾਰ ’ਤੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਦੀ ਮਲਕੀਅਤ ਵਾਲੇ ਮੀਡੀਆ ਵੱਲੋਂ ਪੰਜਾਬ ਦੇ ਕਿਸਾਨ ਨੂੰ ਅਮੀਰ ਕਿਸਾਨ ਕਹਿ ਕੇ ਭੰਡਣ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਸਰਾਸਰ ਗਲਤ ਹੈ। ਉਨ੍ਹਾਂ ਦੱਸਿਆ ਕਿ ਅੰਕੜਿਆਂ ਅਨੁਸਾਰ ਕਿਸਾਨੀ ਪਰਿਵਾਰਾਂ ਦੀ ਪ੍ਰਤੀ ਵਿਅਕਤੀ ਆਮਦਨ ਕਿਸੇ ਆਮ ਸਰਕਾਰੀ ਕਰਮਚਾਰੀ ਦੀ ਆਮਦਨ ਦੇ ਨੇੜੇ-ਤੇੜੇ ਵੀ ਨਹੀਂ ਹੈ। ਸਾਈਨਾਥ ਨੇ ਕਿਹਾ,‘‘ਕਾਰਪੋਰੇਟ ਦੀ ਮਲਕੀਅਤ ਵਾਲੇ ਮੀਡੀਆ ਤੋਂ ਕਿਸਾਨੀ ਸੰਘਰਸ਼ ਦੀ ਚੰਗੀ ਕਵਰੇਜ ਦੀ ਆਸ ਕਦੇ ਵੀ ਨਹੀਂ ਰੱਖੀ ਜਾ ਸਕਦੀ ਹੈ ਕਿਉਂਕਿ ਉਨ੍ਹਾਂ ਦੇ ਮਾਲਕਾਂ ਨੂੰ ਕਿਸਾਨਾਂ ਦੇ ਨੁਕਸਾਨ ਵਿਚੋਂ ਹੀ ਫਾਇਦਾ ਮਿਲਣਾ ਹੈ।’’ ਭਾਰਤੀ ਮੀਡੀਆ ਦੇ ਇਤਿਹਾਸ ਉਪਰ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਇਸ ਦੀ ਸ਼ੁਰੂਆਤ ਲੋਕ ਆਵਾਜ਼ ਨੂੰ ਉੱਚਾ ਚੁੱਕਣ ਵਾਲੀ ਰਹੀ ਹੈ।
ਉਨ੍ਹਾਂ ਕਿਹਾ ਕਿ ਸ਼ਰਮਨਾਕ ਗੱਲ ਇਹ ਹੈ ਕਿ ਅੱਜ ਦੇ ਦੌਰ ’ਚ ਮੀਡੀਆ ਦਾ ਇਕ ਵਰਗ ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਬਣਨ ਦੀ ਥਾਂ ’ਤੇ ਤਾਕਤਵਰ ਲੋਕਾਂ ਦੀ ਆਵਾਜ਼ ਨੂੰ ਹੋਰ ਉੱਚਾ ਚੁੱਕਣ ਦੀ ਭੂਮਿਕਾ ਨਿਭਾ ਰਿਹਾ ਹੈ। ਪੱਤਰਕਾਰੀ ਵਿਚ ਕਾਰਪੋਰੇਟ ਸੈਕਟਰ ਦੀ ਦਖ਼ਲਅੰਦਾਜ਼ੀ ਦੇ ਮਸਲਿਆਂ ਨੂੰ ਉਭਾਰਦਿਆਂ ਉਨ੍ਹਾਂ ਆਖਿਆ ਕਿ ਮੀਡੀਆ ਅਤੇ ਪੱਤਰਕਾਰੀ ਵੱਖੋ ਵੱਖਰੇ ਵਰਤਾਰੇ ਹਨ। ਮੀਡੀਆ ਅਤੇ ਕਾਰਪੋਰੇਟ ਘਰਾਣਿਆਂ ਵਿੱਚ ਡੂੰਘੀ ਰਿਸ਼ਤੇਦਾਰੀ ਹੈ, ਇਸ ਲਈ ਅਜੋਕਾ ਮੀਡੀਆ ਰਾਜਨੀਤਕ ਤੌਰ ’ਤੇ ਆਜ਼ਾਦ ਪਰ ਮੁਨਾਫ਼ੇ ਦਾ ਗ਼ੁਲਾਮ ਬਣ ਚੁੱਕਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬਹੁਤ ਸਾਰੇ ਪੱਤਰਕਾਰ ਚੰਗਾ ਕੰਮ ਕਰ ਰਹੇ ਹਨ ਅਤੇ ਮੁਲਕ ਦੀਆਂ ਜ਼ਮੀਨੀ ਹਕੀਕਤਾਂ ਵਿਚ ਲੋਕਾਂ ਦੇ ਸੰਘਰਸ਼ ਨੂੰ ਸਾਹਮਣੇ ਲਿਆ ਰਹੇ ਹਨ ਪਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਸੱਤਾ ਹਰ ਹੱਥਕੰਡਾ ਵਰਤ ਰਹੀ ਹੈ। ‘ਮੌਜੂਦਾ ਪੱਤਰਕਾਰੀ ਦਾ ਸਰੂਪ ਸਟੈਨੋਗ੍ਰਾਫ਼ਰ ਦੇ ਪੱਧਰ ਦਾ ਬਣਦਾ ਜਾ ਰਿਹਾ ਹੈ ਜੋ ਸੱਤਾ ਦੇ ਤਰਜਮਾਨ ਦੀ ਭੂਮਿਕਾ ਨਿਭਾ ਰਿਹਾ ਹੈ।’
ਕਾਰਪੋਰੇਟ ਜਗਤ ਦੀ ਮਤਲਬੀ ਫਿਤਰਤ ਉਪਰ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਮਹਾਮਾਰੀ ਦੇ ਦੌਰ ਵਿਚ ਜਦੋਂ ਜ਼ਮੀਨੀ ਪੱਧਰ ਦੇ ਅੰਕੜਿਆਂ ਨੂੰ ਅੱਗੇ ਲਿਆਉਣ ਵਿਚ ਪੱਤਰਕਾਰ ਭਾਈਚਾਰੇ ਦੀ ਭੂਮਿਕਾ ਦੀ ਬਹੁਤ ਵੱਡੀ ਲੋੜ ਸੀ ਤਾਂ ਉਸ ਸਮੇਂ ਕਈ ਪੱਤਰਕਾਰਾਂ ਨੂੰ ਕਾਰਪੋਰੇਟਾਂ ਵੱਲੋਂ ਇਸ ਔਖੇ ਸਮੇਂ ਦੌਰਾਨ ਨੌਕਰੀ ਤੋਂ ਹੀ ਕੱਢ ਦਿੱਤਾ ਗਿਆ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਵੀਸੀ ਪ੍ਰੋਫ਼ੈਸਰ ਅਰਵਿੰਦ ਨੇ ਕਿਹਾ ਕਿ ਡਾ. ਰਵਿੰਦਰ ਸਿੰਘ ਰਵੀ ਵਰਗੀ ਸ਼ਖਸੀਅਤ ਨੂੰ ਯਾਦ ਕਰਦਿਆਂ ਪੀ. ਸਾਈਨਾਥ ਵਰਗੇ ਚਿੰਤਕ ਦਾ ਯੂਨੀਵਰਸਿਟੀ ਦੇ ਵਿਹੜੇ ’ਚ ਆਉਣਾ ਬਹੁਤ ਸ਼ੁੱਭ ਸੰਕੇਤ ਹੈ। ਪੰਜਾਬੀ ਵਿਭਾਗ ਦੇ ਮੁਖੀ ਡਾ. ਸੁਰਜੀਤ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਮੰਚ ਸੰਚਾਲਨ ਡਾ. ਗੁਰਮੁਖ ਸਿੰਘ ਨੇ ਕੀਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly