ਮੀਂਹ ਕਾਰਨ ਸਮੱਸਿਆਵਾਂ ’ਚ ਘਿਰੇ ਚੰਡੀਗੜ੍ਹੀਏ

ਚੰਡੀਗੜ੍ਹ (ਸਮਾਜ ਵੀਕਲੀ) : ਸ਼ਹਿਰ ਵਿਚ ਮੌਨਸੂਨ ਦੇ ਪੈ ਰਹੇ ਭਰਵੇਂ ਮੀਂਹ ਨਾਲ ਜਿੱਥੇ ਤਾਪਮਾਨ ਵਿੱਚ ਗਿਰਾਵਟ ਆਉਣ ਤੋਂ ਬਾਅਦ ਮੌਸਮ ਸੁਹਾਣਾ ਹੋ ਗਿਆ ਹੈ ਉੱਥੇ ਹੀ ਨਿਕਾਸੀ ਦੇ ਪ੍ਰਬੰਧ ਨਾ ਹੋਣ ਕਾਰਨ ਮੀਂਹ ਦਾ ਪਾਣੀ ਸ਼ਹਿਰ ਵਾਸੀਆਂ ਲਈ ਮੁਸ਼ਕਿਲਾਂ ਦਾ ਸਬੱਬ ਵੀ ਬਣਿਆ ਹੋਇਆ ਹੈ। ਸ਼ਹਿਰ ਵਿਚ ਥੋੜਾ ਜਿਹਾ ਤੇਜ਼ ਮੀਂਹ ਪੈਣ ਨਾਲ ਹੀ ਸੈਕਟਰਾਂ ਸਮੇਤ ਪਿੰਡਾਂ ਤੇ ਕਲੋਨੀਆਂ ਵਿੱਚ ਕਈ-ਕਈ ਫੁੱਟ ਪਾਣੀ ਖੜ੍ਹਾ ਹੋ ਜਾਂਦਾ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲਾਂਕਿ ਹਰ ਸਾਲ ਨਗਰ ਨਿਗਮ ਵੱਲੋਂ ਮੌਨਸੂਨ ਤੋਂ ਪਹਿਲਾਂ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਬਾਰੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਹਰ ਸਾਲ ਸੜਕਾਂ ਅਤੇ ਹੋਰ ਜਨਤਕ ਥਾਵਾਂ ’ਤੇ ਇਕੱਠਾ ਹੁੰਦਾ ਮੀਂਹ ਦਾ ਪਾਣੀ ਨਿਗਮ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੰਦਾ ਹੈ।

ਅੱਜ ਬਾਅਦ ਦੁਪਹਿਰ ਕਰੀਬ 12 ਵਜੇ ਸ਼ਹਿਰ ਦੇ ਕੁੱਝ ਇਲਾਕਿਆਂ ਵਿੱਚ ਪਏ ਭਰਵੇਂ ਮੀਂਹ ਨੇ ਜਿੱਥੇ ਇਕ ਵਾਰ ਫਿਰ ਤੋਂ ਸ਼ਹਿਰ ਦੀ ਰਫ਼ਤਾਰ ਰੋਕ ਦਿੱਤੀ ਉੱਥੇ ਹੀ ਸ਼ਹਿਰ ਦੇ ਪਿੰਡਾਂ ਦੀਆਂ ਗਲੀਆਂ ਵੀ ਟੋਭਿਆਂ ਦਾ ਰੂਪ ਧਾਰਨ ਕਰ ਗਈਆਂ। ਇੱਥੋਂ ਦੇ ਪਿੰਡ ਪਲਸੋਰਾ ਦੀਆਂ ਗਲੀਆਂ ਵਿੱਚ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਰ ਕੇ ਗਲੀਆਂ ਵਿਚ ਪਾਣੀ ਖੜ੍ਹਾ ਹੋ ਗਿਆ ਅਤੇ ਕਈ ਥਾਵਾਂ ’ਤੇ ਮੀਂਹ ਦਾ ਪਾਣੀ ਪਿੰਡ ਦੇ ਘਰਾਂ ਤੇ ਦੁਕਾਨਾਂ ਵਿੱਚ ਵੀ ਵੜ ਗਿਆ। ਪਿੰਡ ਵਾਸੀ ਦਲਜੀਤ ਸਿੰਘ ਨੰਬਰਦਾਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਪਹਿਲਾਂ ਹੀ ਸੀਵਰੇਜ ਆਦਿ ਪਾਉਣ ਲਈ ਗਲੀਆਂ ਪੁੱਟੀਆਂ ਹੋਈਆਂ ਸਨ ਅਤੇ ਹੁਣ ਮੀਂਹ ਪੈਣ ਕਾਰਨ ਗਲੀਆਂ ਵਿੱਚ ਚਿੱਕੜ ਹੀ ਚਿੱਕੜ ਹੋ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਅੱਜ ਦੁਪਹਿਰ ਵੇਲੇ ਪਏ ਤੇਜ਼ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਰ ਕੇ ਪਿੰਡ ਦੀਆਂ ਗਲੀਆਂ ਸੂਏ ਦਾ ਰੂਪ ਧਾਰਨ ਕਰ ਗਈਆਂ ਅਤੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸੇ ਤਰ੍ਹਾਂ ਪਿੰਡ ਮੌਲੀ ਜਗਰਾਂ ਦੇ ਵਸਨੀਕ ਜਨਕ ਰਾਜ ਨੇ ਦੱਸਿਆ ਕਿ ਪਿੰਡ ਦੇ ਪਿਛਲੇ ਪਾਸੇ ਬਰਸਾਤੀ ਨਾਲੇ ਕਾਰਨ ਮੀਂਹ ਦਾ ਪਾਣੀ ਓਵਰਫਲੋਅ ਹੋ ਕੇ ਨਾਲੇ ਦੇ ਨਾਲ ਲੱਗਦੇ ਘਰਾਂ ਵਿੱਚ ਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਲੱਖਾਂ ਰੁਪਏ ਖਰਚ ਕੇ ਬਣਾਏ ਗਏ ਮਕਾਨਾਂ ਵਿੱਚ ਬਰਸਾਤੀ ਪਾਣੀ ਨੂੰ ਅੰਦਰ ਵੜਨ ਤੋਂ ਰੋਕਣ ਲਈ ਉਨ੍ਹਾਂ ਨੇ ਘਰ ਦੇ ਦਰਵਾਜ਼ਿਆਂ ਤੇ ਡੇਢ ਡੇਢ ਫੁੱਟ ਉੱਚੀਆਂ ਕੰਧਾਂ ਬਣਾਈਆਂ ਹੋਈਆਂ ਹਨ ਤਾਂ ਜੋ ਬਰਸਾਤੀ ਪਾਣੀ ਘਰ ਦੇ ਅੰਦਰ ਨਾ ਵੜੇ।

ਉੱਧਰ, ਸੈਕਟਰ 45 ਦੇ ਪਿੰਡ ਬੁੜੈਲ ਦੀ ਨਿਊ ਏਕਤਾ ਮਾਰਕੀਟ ਸ਼ਾਪਕੀਪਰਜ਼ ਐਸੋਸੀਏਸ਼ਨ ਦੇ ਪ੍ਰਧਾਨ ਭਾਰਤ ਭੂਸ਼ਨ ਕਪਿਲ ਨੇ ਕਿਹਾ ਕਿ ਮੀਂਹ ਪੈਣ ’ਤੇ ਪਿੰਡ ਬੁੜੈਲ ਦੀ ਫਿਰਨੀ ਅਤੇ ਸੈਕਟਰ 45 ਸੀ ਦੀ ਸਰਕੁਲਰ ਰੋਡ ਨਹਿਰ ਦਾ ਰੂਪ ਧਾਰ ਲੈਂਦੀ ਹੈ। ਇਲਾਕੇ ਦੀਆਂ ਬੰਦ ਪਈਆਂ ਰੋਡ ਗਲੀਆਂ ਕਾਰਨ ਮੀਂਹ ਦਾ ਪਾਣੀ ਕਈ-ਕਈ ਘੰਟੇ ਸੜਕਾਂ ’ਤੇ ਹੀ ਖੜ੍ਹਾ ਰਹਿੰਦਾ ਹੈ। ਉੱਧਰ, ਨਗਰ ਨਿਗਮ ਦੇ ਸੁਪਰਟੈਂਡਿੰਗ ਇੰਜਨੀਅਰ ਸੈਲੇਂਦਰ ਸਿੰਘ ਨੇ ਕਿਹਾ ਕਿ ਕਿ ਸ਼ਹਿਰ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਨੂੰ ਲੈ ਕੇ ਪੁਖਤਾ ਪ੍ਰਬੰਧ ਕੀਤੇ ਜਾਂਦੇ ਹਨ। ਪਾਣੀ ਦੀ ਨਿਕਾਸੀ ਨੂੰ ਲੈ ਕੇ ਆਉਣ ਵਾਲੀ ਪ੍ਰੇਸ਼ਾਨੀ ਦੇ ਹੱਲ ਲਈ ਨਗਰ ਨਿਗਮ ਨੇ ਵਿਸ਼ੇਸ਼ ਟੀਮਾਂ ਬਣਾ ਕੇ 24 ਘੰਟੇ ਲਈ ਤਾਇਨਾਤ ਕੀਤੀਆਂ ਹੋਈਆਂ ਹਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੁਨੀਆ ਨੂੰ ਨਵੀਂ ਸੇਧ ਦੇਵੇਗਾ ਕਿਸਾਨ ਅੰਦੋਲਨ: ਸਾਈਨਾਥ
Next articleਕੈਬਨਿਟ ਵਜ਼ੀਰਾਂ ਵੱਲੋਂ ਮੁਤਵਾਜ਼ੀ ਜਥੇਦਾਰ ਅੱਗੇ ਪੇਸ਼ ਹੋਣ ਤੋਂ ਇਨਕਾਰ