(ਸਮਾਜ ਵੀਕਲੀ)
ਮੇਰੇ ਫੋਨ ਦੀ ਘੰਟੀ ਕਈ ਵਾਰ ਵੱਜ ਕੇ ਹਟ ਚੁੱਕੀ ਸੀ। ਦੇਖਿਆ ਕੋਈ ਨਵਾਂ ਨੰਬਰ ਸੀ, ਮੈਂ ਕਾਲ ਕੀਤੀ ਤਾਂ ਸਾਹਮਣਿਓਂ ਕਿਸੇ ਲੜਕੀ ਦੀ ਅਵਾਜ਼ ਆਈ ਅਤੇ ਆਪਣਾ ਨਾਮ ਲੈ ਕੇ ਕਹਿਣ ਲੱਗੀ ਅਮਨ ਆਪਾਂ ਇੱਕੋ ਕਾਲਜ ਵਿੱਚ ਪੜੇ ਹਾਂ, ਮੈਂ ਫੇਸਬੁੱਕ ਤੇ ਤੁਹਾਡੀ ਸਾਰੀ ਪ੍ਰੋਫਾਇਲ ਦੇਖੀ। ਕਿਰਪਾ ਕਰਕੇ ਮੇਰੀ ਇੱਕ ਗੱਲ ਸੁਣੋਗੇ। ਮੈਂ ਕਿਹਾ ਹਾਂ ਜੀ ਮੈਂ ਪਹਿਚਾਣ ਲਿਆ ਤੁਹਾਨੂੰ, ਦੱਸੋ? ਉਸ ਨੇ ਕਿਹਾ ਕਿ ਮੇਰੀ ਛੋਟੀ ਭੈਣ ਜਿਸਦੀ ਉਮਰ 23 ਸਾਲ ਦੀ ਹੈ, ਬਹੁਤ ਸਦਮੇ ਵਿੱਚੋਂ ਗੁਜਰ ਰਹੀ ਹੈ।
ਮੈਂ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਮਹੀਨਾ ਕੁ ਪਹਿਲਾਂ ਜਦੋਂ ਇਹ ਬਜਾਰ ਵਿੱਚੋਂ ਆ ਰਹੀ ਸੀ, ਤਾਂ ਇੱਕਦਮ ਕੋਈ ਆਟੋ ਇਸ ਦੇ ਨਜਦੀਕ ਤੋਂ ਹੋ ਕੇ ਲੰਘਿਆ ਅਤੇ ਉਸ ਵਿੱਚ ਬੈਠੇ ਕਿਸੇ ਵਿਅਕਤੀ ਨੇ ਆਪਣਾ ਹੱਥ ਆਟੋ ਵਿੱਚੋਂ ਬਾਹਰ ਕੱਢ ਕੇ, ਇਸ ਦੀ ਛਾਤੀ ਨੂੰ ਦੱਬ ਕੇ ਚਲਾ ਗਿਆ। ਇਹ ਘਰ ਆ ਕੇ ਸਹਿਮੀ ਰਹੀ, ਮੈਂ ਕਾਰਨ ਪੁੱਛਿਆ ਤਾਂ ਕੁਝ ਨਾ ਬੋਲੀ। ਉਹ ਗੱਲ ਨੂੰ ਕਈ ਦਿਨ ਲੰਘ ਗਏ ਅਤੇ ਹੁਣ ਥੋੜੇ ਦਿਨ ਪਹਿਲਾਂ ਇਹ ਆਪਣੇ ਕਾਲਜ ਦੀ ਫੀਸ ਭਰ ਕੇ ਵਾਪਸ ਆ ਰਹੀ ਸੀ ਅਤੇ ਬੱਸ ਵਿੱਚ ਸੀਸੇ ਵਾਲੇ ਪਾਸੇ ਬੈਠੀ ਸੀ।
ਕੋਈ ਚਾਲੀ ਪੰਜਾਹ ਕੁ ਸਾਲ ਦਾ ਵਿਅਕਤੀ ਇਸ ਦੇ ਨਾਲ ਆ ਕੇ ਬੈਠਿਆ ਅਤੇ ਕਹਿਣ ਲੱਗਾ ਕਿ ਤੁਹਾਡਾ ਫੋਨ ਦਿਓ, ਮੈਂ ਦੋ ਮਿੰਟ ਲਈ ਗੱਲ ਕਰਨੀ ਹੈ। ਇਸ ਨੇ ਅਜਨਬੀ ਹੋਣ ਕਰਕੇ ਉਸਨੂੰ ਜਵਾਬ ਦੇ ਦਿੱਤਾ। ਪੰਜ ਕੁ ਮਿੰਟ ਲੰਘਣ ਬਾਅਦ ਉਹ ਵਿਅਕਤੀ ਕਹਿਣ ਲੱਗਾ ਕਿ ਤੁਸੀਂ ਬਹੁਤ ਸੋਹਣੇ ਹੋ, ਮੇਰੇ ਨਾਲ ਦੋਸਤੀ ਕਰੋਗੇ, ਮੇਰਾ ਵਧੀਆ ਕਾਰੋਬਾਰ ਹੈ, ਪਤਾ ਨਹੀਂ ਕੀ ਕੀ ਬੋਲ ਰਿਹਾ ਸੀ। ਜਦੋਂ ਲੜਕੀ ਨੇ ਉਸਨੂੰ ਕਿਹਾ ਕਿ ਅੰਕਲ ਜੀ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ, ਉਹ ਵਿਅਕਤੀ ਫਿਰ ਵੀ ਕੁਝ ਨਾ ਕੁਝ ਬੋਲਦਾ ਹੀ ਰਿਹਾ। ਜਦੋਂ ਲੜਕੀ ਉਸ ਜਗ੍ਹਾ ਤੋਂ ਉੁੱਠ ਕੇ ਕਿਸੇ ਹੋਰ ਸੀਟ ਤੇ ਬੈਠਣ ਲਈ ਉਸ ਵਿਅਕਤੀ ਦੇ ਅੱਗਿਓਂ ਲੰਘਣ ਲੱਗੀ ਤਾਂ ਉਸ ਵਿਅਕਤੀ ਨੇ ਪਿੱਛੇ ਤੋਂ ਲੜਕੀ ਨੂੰ ਬੜੇ ਗਲਤ ਤਰੀਕੇ ਨਾਲ ਛੂਹਿਆ। ਜਿਸ ਕਰਕੇ ਲੜਕੀ ਹੋਰ ਸਦਮੇ ਵਿੱਚ ਚਲੀ ਗਈ।
ਮੈਂ ਕੁਝ ਦਿਨ ਬਾਅਦ ਉਸ ਲੜਕੀ ਨੂੰ ਮਿਲਿਆ ਅਤੇ ਉਸ ਦੀ ਮਾਨਸਿਕ ਮਜਬੂਤੀ ਲਈ ਥੋੜਾ ਸਮਾਂ ਉਸ ਨਾਲ ਗੱਲਾਂ ਕੀਤੀਆਂ। ਉਸ ਲੜਕੀ ਨੇ ਦੋ ਦਿਨ ਬਾਅਦ ਮੈਨੂੰ ਫੋਨ ਤੇ ਕਿਹਾ ਕਿ ਵੀਰੇ ਹੁਣ ਮੇਰਾ ਮਨ ਸ਼ਾਂਤ ਹੈ। ਮੈਨੂੰ ਜਾਪਿਆ ਕਿ ਮੈਂ ਸ਼ਾਇਦ ਕੁਝ ਗਲਤ ਕਰ ਦਿੱਤਾ ਅਤੇ ਫਿਰ ਮੈਂ ਉਸਨੂੰ ਸ਼ਾਮ ਨੂੰ ਦੁਬਾਰਾ ਫੋਨ ਕਰਨ ਲਈ ਕਿਹਾ। ਸ਼ਾਮ ਨੂੰ ਉਸਦੀ ਦੁਬਾਰਾ ਕਾਲ ਆਈ, ਅਤੇ ਮੈਂ ਉਸ ਦੇ ਸਾਹਮਣੇ ਫੂਲਨ ਦੇਵੀ ਅਤੇ ਮਲਾਲਾ ਯੂਸਫ਼ਜ਼ਈ ਵਰਗੀਆਂ ਮਹਾਨ ਔਰਤਾਂ ਦੀ ਗੱਲ ਕੀਤੀ, ਜਿਨਾਂ ਦੇ ਸਾਹਸ ਨੇ ਪੂਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ। ਮੈਨੂੰ ਜਾਪ ਰਿਹਾ ਸੀ ਕਿ ਹੁਣ ਉਸ ਲੜਕੀ ਦਾ ਗੱਲ ਕਰਨ ਦਾ ਤਰੀਕਾ ਹੋਰ ਸੀ। ਉਸ ਨੇ ਕਿਹਾ ਕਿ ਵੀਰੇ ਹੁਣ ਮੈਂ ਆਪਣੀ ਰੱਖਿਆ ਖੁਦ ਕਰਨੀ ਸਿੱਖਾਂਗੀ, ਬਹੁਤ ਦੇਖ ਕੇ ਰੱਖ ਲਈ ਸ਼ਾਂਤੀ…
ਅਮਨ ਜੱਖਲਾਂ
(ਨਹਿਰੂ ਯੁਵਾ ਕੇਂਦਰ ਸੰਗਰੂਰ)
9478226980
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly