- ਵਾਂਗ ਨਾਲ ਮੁਲਾਕਾਤ ਦੌਰਾਨ ਚੀਨ ਦੇ ਪਾਕਿ ਵੱਲ ਝੁਕਾਅ ਬਾਰੇ ਵੀ ਕੀਤੀ ਚਰਚਾ
- ਖ਼ਿੱਤੇ ’ਚ ਹਾਲਾਤ ਆਮ ਵਾਂਗ ਨਾ ਹੋਣ ਦਾ ਦਾਅਵਾ ਕੀਤਾ
ਨਵੀਂ ਦਿੱਲੀ (ਸਮਾਜ ਵੀਕਲੀ): ਭਾਰਤ ਨੇ ਅੱਜ ਚੀਨ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਦੋਵੇਂ ਮੁਲਕਾਂ ਵਿਚਕਾਰ ਸੁਖਾਵੇਂ ਸਬੰਧ ਬਹਾਲ ਕਰਨ ਲਈ ਸਰਹੱਦੀ ਇਲਾਕਿਆਂ ’ਚ ਹਾਲਾਤ ਠੀਕ ਹੋਣੇ ਚਾਹੀਦੇ ਹਨ। ਭਾਰਤ ਨੇ ਦਾਅਵਾ ਕੀਤਾ ਕਿ ਖ਼ਿੱਤੇ ’ਚ ਹਾਲਾਤ ਆਮ ਵਾਂਗ ਨਹੀਂ ਹਨ ਅਤੇ ਪੂਰਬੀ ਲੱਦਾਖ ਦੇ ਟਕਰਾਅ ਵਾਲੇ ਇਲਾਕਿਆਂ ’ਚੋਂ ਚੀਨੀ ਫ਼ੌਜ ਦੀ ਮੁਕੰਮਲ ਵਾਪਸੀ ਦੇ ਅਮਲ ਨੂੰ ਫੌਰੀ ਯਕੀਨੀ ਬਣਾਉਣਾ ਚਾਹੀਦਾ ਹੈ। ਕਰੀਬ ਤਿੰਨ ਘੰਟਿਆਂ ਤੱਕ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੀ ਆਪਣੇ ਚੀਨੀ ਹਮਰੁਤਬਾ ਵਾਂਗ ਯੀ ਨਾਲ ਹੋਈ ਗੱਲਬਾਤ ਦੌਰਾਨ ਸਰਹੱਦੀ ਹਾਲਾਤ ਤੋਂ ਇਲਾਵਾ ਪੇਈਚਿੰਗ ਦੇ ਪਾਕਿਸਤਾਨ ਵੱਲ ਝੁਕਾਅ ਬਾਰੇ ਵੀ ਚਰਚਾ ਹੋਈ। ਸ੍ਰੀ ਜੈਸ਼ੰਕਰ ਨੇ ਸਪੱਸ਼ਟ ਤੌਰ ’ਤੇ ਆਖਿਆ ਕਿ ਜੇਕਰ ਚੀਨ ਸੁਖਾਵੇਂ ਸਬੰਧ ਚਾਹੁੰਦਾ ਹੈ ਤਾਂ ਉਸ ਨੂੰ ਸਰਹੱਦੀ ਇਲਾਕਿਆਂ ’ਚ ਸ਼ਾਂਤੀ ਬਹਾਲ ਕਰਨੀ ਪਵੇਗੀ। ਵਾਰਤਾ ਮਗਰੋਂ ਮੀਡੀਆ ਨਾਲ ਗੱਲ ਕਰਦਿਆਂ ਜੈਸ਼ੰਕਰ ਨੇ ਕਿਹਾ,‘‘ਜੇਕਰ ਅਸੀਂ ਦੋਵੇਂ ਸਬੰਧਾਂ ’ਚ ਸੁਧਾਰ ਪ੍ਰਤੀ ਵਚਨਬੱਧ ਹਾਂ ਤਾਂ ਫਿਰ ਇਹ ਵਚਨਬੱੱਧਤਾ ਫ਼ੌਜਾਂ ਦੀ ਵਾਪਸੀ ਬਾਰੇ ਚੱਲ ਰਹੀ ਗੱਲਬਾਤ ’ਚ ਵੀ ਪੂਰੀ ਤਰ੍ਹਾਂ ਨਾਲ ਝਲਕਣੀ ਚਾਹੀਦੀ ਹੈ।’’ ਮੌਜੂਦਾ ਹਾਲਾਤ ਨੂੰ ‘ਕੰਮ ਪ੍ਰਗਤੀ ’ਤੇ’ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਅਪਰੈਲ 2020 ’ਚ ਚੀਨੀ ਕਾਰਵਾਈ ਦੇ ਨਤੀਜੇ ਵਜੋਂ ਭਾਰਤ ਅਤੇ ਚੀਨ ਵਿਚਕਾਰ ਸਬੰਧ ਵਿਗੜ ਗਏ ਹਨ। ਦੋਵੇਂ ਮੁਲਕਾਂ ਵਿਚਾਲੇ ਫ਼ੌਜੀ ਅਤੇ ਕੂਟਨੀਤਕ ਪੱਧਰ ’ਤੇ ਹੋਈਆਂ ਮੀਟਿੰਗਾਂ ਦਾ ਹਵਾਲਾ ਦਿੰਦਿਆਂ ਵਿਦੇਸ਼ ਮੰਤਰੀ ਨੇ ਕਿਹਾ ਕਿ ਟਕਰਾਅ ਵਾਲੇ ਕਈ ਸਥਾਨਾਂ ਤੋਂ ਫ਼ੌਜਾਂ ਪਿੱਛੇ ਹਟਾ ਲਈਆਂ ਗਈਆਂ ਹਨ ਪਰ ਇਸ ਅਮਲ ਨੂੰ ਅੱਗੇ ਵੀ ਜਾਰੀ ਰੱਖਣ ਦੀ ਲੋੜ ਹੈ।
‘ਮੈਂ ਵਿਦੇਸ਼ ਮੰਤਰੀ ਵਾਂਗ ਯੀ ਨਾਲ ਅੱਜ ਮੀਟਿੰਗ ’ਚ ਇਹੋ ਗੱਲ ਆਖੀ ਕਿ ਸਰਹੱਦ ’ਤੇ ਕੰਮ ਆਸ ਨਾਲੋਂ ਹੌਲੀ ਰਫ਼ਤਾਰ ਨਾਲ ਚੱਲ ਰਿਹਾ ਹੈ ਅਤੇ ਇਸ ’ਚ ਤੇਜ਼ੀ ਲਿਆਉਣ ਦੀ ਲੋੜ ਹੈ।’ ਜੈਸ਼ੰਕਰ ਨੇ ਵਾਂਗ ਨੂੰ ਦੱਸਿਆ ਕਿ ਇਸਲਾਮਾਬਾਦ ’ਚ ਓਆਈਸੀ ਦੀ ਮੰਤਰੀ ਪੱਧਰ ਦੀ ਮੀਟਿੰਗ ’ਚ ਕਸ਼ਮੀਰ ਬਾਰੇ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਇਤਰਾਜ਼ਯੋਗ ਹਨ। ਉਨ੍ਹਾਂ ਆਸ ਜਤਾਈ ਕਿ ਚੀਨ, ਭਾਰਤ ਪ੍ਰਤੀ ਆਪਣੀ ਨਿਰਪੱਖ ਵਿਦੇਸ਼ ਨੀਤੀ ਦਾ ਪਾਲਣ ਕਰੇਗਾ ਅਤੇ ਕਿਸੇ ਹੋਰ ਮੁਲਕ ਨੂੰ ਇਸ ਨੀਤੀ ਨੂੰ ਪ੍ਰਭਾਵਿਤ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ। ਇਸ ਦੌਰਾਨ ਦਹਿਸ਼ਤਗਰਦੀ ਦੇ ਮੁੱਦੇ ’ਤੇ ਵੀ ਗੱਲਬਾਤ ਹੋਈ। ਇਕ ਸਵਾਲ ਦੇ ਜਵਾਬ ’ਚ ਜੈਸ਼ੰਕਰ ਨੇ ਕਿਹਾ,‘‘ਜੇਕਰ ਤੁਸੀਂ ਮੈਨੂੰ ਭਾਰਤ ਅਤੇ ਚੀਨ ਦੇ ਰਿਸ਼ਤੇ ਅੱਜ ਸੁਖਾਵੇਂ ਹੋਣ ਬਾਰੇ ਪੁੱਛੋ ਤਾਂ ਮੇਰਾ ਜਵਾਬ ‘ਨਾਂਹ’ ਹੋਵੇਗਾ। ਸਰਹੱਦੀ ਇਲਾਕਿਆਂ ’ਚ ਹਾਲਾਤ ਠੀਕ ਨਾ ਹੋਣ ਤੱਕ ਇਹ ਸਬੰਧ ਸੁਖਾਵੇਂ ਨਹੀਂ ਹੋ ਸਕਦੇ।’’ ਉਨ੍ਹਾਂ ਚੀਨ ’ਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਦੀ ਮਾੜੀ ਹਾਲਤ ਦਾ ਮਾਮਲਾ ਵੀ ਉਠਾਇਆ ਜਿਨ੍ਹਾਂ ਨੂੰ ਕੋਵਿਡ ਪਾਬੰਦੀਆਂ ਦਾ ਹਵਾਲਾ ਦੇ ਕੇ ਮੁਲਕ ਨਹੀਂ ਪਰਤਣ ਦਿੱਤਾ ਜਾ ਰਿਹਾ ਹੈ। ਇਸ ਬਾਰੇ ਵਾਂਗ ਨੇ ਕਿਹਾ ਕਿ ਉਹ ਸਬੰਧਤ ਅਧਿਕਾਰੀਆਂ ਨਾਲ ਗੱਲ ਕਰਕੇ ਭਾਰਤੀ ਵਿਦਿਆਰਥੀਆਂ ਦੀ ਵਤਨ ਵਾਪਸੀ ਦਾ ਪ੍ਰਬੰਧ ਕਰਨਗੇ। ਯੂਕਰੇਨ ਦੇ ਮੁੱਦੇ ’ਤੇ ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਚੀਨੀ ਮੰਤਰੀ ਨਾਲ ਉਥੇ ਤੁਰੰਤ ਗੋਲੀਬੰਦੀ ’ਤੇ ਸਹਿਮਤੀ ਜਤਾਈ ਅਤੇ ਰੂਸ ਤੇ ਯੂਕਰੇਨ ਨੂੰ ਕੂਟਨੀਤਕ ਤੇ ਗੱਲਬਾਤ ਰਾਹੀਂ ਮਸਲਾ ਸੁਲਝਾਉਣ ਦੀ ਬੇਨਤੀ ਕੀਤੀ ਹੈ। ਉਧਰ ਵਾਂਗ ਨੇ ਇਕ ਬਿਆਨ ’ਚ ਕਿਹਾ ਕਿ ਚੀਨ ਅਤੇ ਭਾਰਤ ਨੂੰ ਦੁਵੱਲੇ ਸਬੰਧਾਂ ’ਚ ਸਰਹੱਦੀ ਮਸਲੇ ਬਾਰੇ ਮਤਭੇਦਾਂ ਨੂੰ ਢੁੱਕਵੀਂ ਤਰਜੀਹ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਚੀਨ ਇਕਪਾਸੜ ਏਸ਼ੀਆ ਦੀ ਪਹੁੰਚ ਨਹੀਂ ਰਖਦਾ ਹੈ ਅਤੇ ਖ਼ਿੱਤੇ ’ਚ ਭਾਰਤ ਦੀ ਭੂਮਿਕਾ ਦਾ ਸਨਮਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਭਾਰਤ ਅਤੇ ਚੀਨ ਰਲ ਕੇ ਕੰਮ ਕਰਨਗੇ ਤਾਂ ਪੂਰੀ ਦੁਨੀਆ ਇਸ ਨੂੰ ਗਹੁ ਨਾਲ ਦੇਖੇਗੀ।
ਮਸਲੇ ਸੁਲਝਣ ਮਗਰੋਂ ਹੀ ਚੀਨ ਦਾ ਕਰਾਂਗਾ ਦੌਰਾ: ਡੋਵਾਲ
ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨਾਲ ਮੁਲਾਕਾਤ ਦੌਰਾਨ ਪੂਰਬੀ ਲੱਦਾਖ ’ਚ ਟਕਰਾਅ ਵਾਲੇ ਸਥਾਨਾਂ ਤੋਂ ਫ਼ੌਜਾਂ ਦੀ ਫੌਰੀ ਮੁਕੰਮਲ ਵਾਪਸੀ ਦਾ ਮੁੱਦਾ ਉਠਾਇਆ। ਡੋਵਾਲ ਨੇ ਕਿਹਾ ਕਿ ਸਰਹੱਦਾਂ ’ਤੇ ਸ਼ਾਂਤੀ ਦੋਵੇਂ ਮੁਲਕਾਂ ਦੇ ਹਿੱਤ ’ਚ ਹੈ। ਵਾਂਗ ਨੇ ਜਦੋਂ ਡੋਵਾਲ ਨੂੰ ਚੀਨ ਆਉਣ ਦਾ ਸੱਦਾ ਦਿੱਤਾ ਤਾਂ ਡੋਵਾਲ ਨੇ ਸਾਫ਼ ਸ਼ਬਦਾਂ ’ਚ ਕਿਹਾ ਕਿ ਸਰਹੱਦੀ ਮੁੱਦਿਆਂ ਸਮੇਤ ਹੋਰ ਮਸਲਿਆਂ ਦੇ ਫੌਰੀ ਹੱਲ ਮਗਰੋਂ ਹੀ ਉਹ ਚੀਨ ਦੇ ਦੌਰੇ ’ਤੇ ਆਉਣਗੇ। ਡੋਵਾਲ ਅਤੇ ਵਾਂਗ ਦੋਵੇਂ ਮੁਲਕਾਂ ਵਿਚਕਾਰ ਸਰਹੱਦੀ ਵਾਰਤਾ ਲਈ ਵਿਸ਼ੇਸ਼ ਨੁਮਾਇੰਦੇ ਵਜੋਂ ਕੰਮ ਕਰ ਰਹੇ ਹਨ।