ਨਵਾਂਸ਼ਹਿਰ /ਕਾਠਗੜ੍ਹ, (ਸਮਾਜ ਵੀਕਲੀ) (ਜਤਿੰਦਰਪਾਲ ਸਿੰਘ ਕਲੇਰ) : ਵਿਦੇਸ਼ ਭੇਜਣ ਦੇ ਨਾਂ ‘ਤੇ ਭੋਲੇ-ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣ ਵਾਲੇ ਫਰਜ਼ੀ ਟ੍ਰੈਵਲ ਏਜੰਟਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਹੁਣ ਉਹ ਪੁਲਿਸ ਮੁਲਾਜ਼ਮਾਂ ਨੂੰ ਵੀ ਆਪਣੀ ਠੱਗੀ ਦਾ ਸ਼ਿਕਾਰ ਬਣਾਉਣ ਤੋਂ ਗੁਰੇਜ਼ ਨਹੀਂ ਕਰ ਰਹੇ। ਅਜਿਹਾ ਹੀ ਇੱਕ ਮਾਮਲਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਥਾਣਾ ਕਾਠਗੜ੍ਹ ਵਿਖੇ ਸਾਹਮਣੇ ਆਇਆ ਹੈ,ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਕਾਠਗੜ੍ਹ ਦੇ ਐਸਐਚਓ ਅਭਿਸ਼ੇਕ ਸ਼ਰਮਾ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਨਾਲ ਉਸ ਦੇ ਲੜਕੇ ਨੂੰ ਅਮਰੀਕਾ ਭੇਜਣ ਦੇ ਨਾਂ ‘ਤੇ 22 ਲੱਖ ਰੁਪਏ ਦੀ ਵੱਡੀ ਠੱਗੀ ਮਾਰੀ ਗਈ। ਪੁਲਿਸ ਦੇ ਉੱਚ ਅਧਿਕਾਰੀਆਂ ਦੀ ਜਾਂਚ ਤੋਂ ਬਾਅਦ ਤਿੰਨ ਮੁਲਜ਼ਮਾਂ ਖ਼ਿਲਾਫ਼ ਭਾਰਤੀ ਨਿਆ ਸੰਹਿਤਾ ਦੀ ਧਾਰਾ 318(4) ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।- ਲਿਫਟ ਲੈਣ ਦੌਰਾਨ ਹੋਈ ਸੀ ਮੁਲਜ਼ਮ ਨਾਲ ਮੁਲਾਕਾਤ ਪੀੜਤ ਕਮਲਦੇਵ ਪੁੱਤਰ ਮੇਹਰ ਚੰਦ (ਵਾਸੀ ਭੱਠਲਾਨ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ), ਜੋ ਕਿ ਪੰਜਾਬ ਪੁਲਿਸ ਵਿੱਚ ਮੁਲਾਜ਼ਮ ਹੈ ਅਤੇ ਚੰਡੀਗੜ੍ਹ ਵਿਖੇ ਡਿਊਟੀ ‘ਤੇ ਤਾਇਨਾਤ ਹੈ, ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਮਈ-ਜੂਨ 2024 ਦੌਰਾਨ ਚੰਡੀਗੜ੍ਹ ਆਉਣ-ਜਾਣ ਵੇਲੇ ਕਾਠਗੜ੍ਹ ਟੋਲ ਪਲਾਜ਼ਾ ਕੋਲ ਬੱਸ ਲੇਟ ਹੋਣ ਕਾਰਨ ਉਸ ਨੇ ਇੱਕ ਗੱਡੀ ਤੋਂ ਲਿਫਟ ਲਈ ਸੀ। ਗੱਡੀ ਚਲਾ ਰਹੇ ਵਿਅਕਤੀ ਦੀ ਪਛਾਣ ਗੁਰਦੇਵ ਸਿੰਘ ਪੁੱਤਰ ਦਰਸ਼ਨ ਸਿੰਘ (ਵਾਸੀ ਖਟਕੜ ਕਲਾਂ) ਵਜੋਂ ਹੋਈ। ਇਸ ਸਫ਼ਰ ਦੌਰਾਨ ਦੋਵਾਂ ਵਿਚਾਲੇ ਜਾਣ-ਪਛਾਣ ਹੋ ਗਈ ਅਤੇ ਗੁਰਦੇਵ ਸਿੰਘ ਨੇ ਕਮਲਦੇਵ ਨੂੰ ਕਈ ਵਾਰ ਚੰਡੀਗੜ੍ਹ ਤੱਕ ਲਿਫਟ ਦਿੱਤੀ। – ਅਮਰੀਕਾ ਦਾ ਝਾਂਸਾ ਦੇ ਕੇ ਬੁਣਿਆ ਠੱਗੀ ਦਾ ਜਾਲ ਗੁਰਦੇਵ ਸਿੰਘ ਨੇ ਗੱਲਾਂ-ਗੱਲਾਂ ਵਿੱਚ ਕਮਲਦੇਵ ਨੂੰ ਆਪਣੇ ਇੱਕ ਸਾਥੀ ਸੁਖਦੇਵ ਸਿੰਘ ਪੁੱਤਰ ਹਰੀ ਸਿੰਘ (ਵਾਸੀ ਨਿਊ ਜਵਾਹਰ ਨਗਰ, ਆਦਮਪੁਰ, ਜਲੰਧਰ) ਬਾਰੇ ਦੱਸਿਆ ਕਿ ਉਹ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ। ਗੁਰਦੇਵ ਸਿੰਘ ਨੇ ਸੁਖਦੇਵ ਸਿੰਘ ਨਾਲ ਕਮਲਦੇਵ ਦੀ ਗੱਲਬਾਤ ਕਰਵਾਈ। ਸੁਖਦੇਵ ਸਿੰਘ ਨੇ ਕਮਲਦੇਵ ਦੇ ਲੜਕੇ ਜਸਪ੍ਰੀਤ ਮਹਾਨ ਨੂੰ 27 ਲੱਖ ਰੁਪਏ ਵਿੱਚ ਅਮਰੀਕਾ ਭੇਜਣ ਦਾ ਸੌਦਾ ਤੈਅ ਕੀਤਾ ਅਤੇ ਦਾਅਵਾ ਕੀਤਾ ਕਿ ਉਹ ਪਹਿਲਾਂ ਲੜਕੇ ਨੂੰ ਓਮਾਨ (ਮਸਕਟ) ਭੇਜੇਗਾ, ਜਿੱਥੇ ਉਸ ਦਾ ਵਰਕ ਪਰਮਿਟ ਲਗਵਾ ਕੇ ਅੱਗੇ ਅਮਰੀਕਾ ਰਵਾਨਾ ਕੀਤਾ ਜਾਵੇਗਾ। – ਤੀਜੇ ਸਾਥੀ ਦੀ ਐਂਟਰੀ ਅਤੇ ਬੈਂਕ ਖਾਤਿਆਂ ਵਿੱਚ ਲੱਖਾਂ ਦੀ ਟ੍ਰਾਂਸਫਰ ਸੁਖਦੇਵ ਸਿੰਘ ਦੇ ਕਹਿਣ ‘ਤੇ ਕਮਲਦੇਵ ਨੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਨੌਕਰੀ ਕਰਦੇ ਸਤਨਾਮ ਸਿੰਘ ਪੁੱਤਰ ਅਜੀਤ ਸਿੰਘ (ਵਾਸੀ ਸੈਕਟਰ 22, ਚੰਡੀਗੜ੍ਹ / ਮੋਹਾਲੀ) ਨਾਲ ਮੁਲਾਕਾਤ ਕੀਤੀ, ਜਿਸ ਨੇ ਲੜਕੇ ਦੇ ਦਸਤਾਵੇਜ਼ ਅਤੇ ਪਾਸਪੋਰਟ ਲਏ। ਇਸ ਤੋਂ ਬਾਅਦ ਯੋਜਨਾਬੱਧ ਤਰੀਕੇ ਨਾਲ ਕਮਲਦੇਵ ਕੋਲੋਂ 26 ਸਤੰਬਰ 2024 ਨੂੰ ਐਚਡੀਐਫਸੀ ਬੈਂਕ ਖਾਤੇ ਰਾਹੀਂ ਸੁਖਦੇਵ ਸਿੰਘ ਦੇ ਐਕਸਿਸ ਬੈਂਕ ਖਾਤੇ (ਲੁਧਿਆਣਾ) ਵਿੱਚ 2 ਲੱਖ ਰੁਪਏ, 7 ਅਕਤੂਬਰ 2024 ਨੂੰ ਉਸੇ ਖਾਤੇ ਵਿੱਚ 3 ਲੱਖ ਰੁਪਏ ਹੋਰ ਭੇਜੇ, 28 ਅਕਤੂਬਰ 2024 ਨੂੰ 5 ਲੱਖ ਰੁਪਏ ਦੀ ਹੋਰ ਰਕਮ ਤੇ 4 ਫਰਵਰੀ 2025 ਨੂੰ 4 ਲੱਖ ਰੁਪਏ ਹੋਰ ਭੇਜੇ ਗਏ। ਇਸ ਤੋਂ ਇਲਾਵਾ ਓਮਾਨ ਦੀ ਟਿਕਟ, ਫੋਰੈਕਸ ਕਾਰਡ ਵਿੱਚ ਪੈਸੇ ਪਾਉਣ ਅਤੇ ਯੂ.ਐੱਸ. ਡਾਲਰਾਂ ਦੇ ਰੂਪ ਵਿੱਚ ਕੁੱਲ ਮਿਲਾ ਕੇ 22 ਲੱਖ ਰੁਪਏ ਦੀ ਰਕਮ ਏਜੰਟਾਂ ਨੇ ਵੱਖ-ਵੱਖ ਤਰੀਕਿਆਂ ਨਾਲ ਹਾਸਲ ਕਰ ਲਈ।- ਅਮਰੀਕਾ ਦੀ ਬਜਾਏ ਓਮਾਨ ਵਿੱਚ ਫਸਿਆ ਰਿਹਾ ਲੜਕਾ ਸ਼ਿਕਾਇਤਕਰਤਾ ਦਾ ਲੜਕਾ 1 ਦਸੰਬਰ 2024 ਨੂੰ ਸਤਨਾਮ ਸਿੰਘ ਨਾਲ ਓਮਾਨ ਪਹੁੰਚਿਆ। ਉੱਥੇ ਸੁਖਦੇਵ ਸਿੰਘ ਨੇ ਉਸ ਨੂੰ ਵਰਕ ਪਰਮਿਟ ਦਿਵਾਉਣ ਦੇ ਨਾਂ ‘ਤੇ ਦੁਬਈ (ਕੰਟਰੀ ਆਊਟ) ਵੀ ਭੇਜਿਆ। ਲੜਕਾ ਕਰੀਬ 9 ਮਹੀਨੇ ਓਮਾਨ ਵਿੱਚ ਰਿਹਾ, ਪਰ ਮੁਲਜ਼ਮਾਂ ਨੇ ਉਸ ਨੂੰ ਅੱਗੇ ਅਮਰੀਕਾ ਨਹੀਂ ਭੇਜਿਆ। ਜਦੋਂ ਪੀੜਤ ਪਰਿਵਾਰ ਨੂੰ ਪਤਾ ਲੱਗਿਆ ਕਿ ਉਨ੍ਹਾਂ ਨਾਲ ਠੱਗੀ ਹੋਈ ਹੈ, ਤਾਂ ਲੜਕਾ ਜੁਲਾਈ 2025 ਵਿੱਚ ਵਾਪਸ ਭਾਰਤ ਪਰਤ ਆਇਆ। – ਪੈਸੇ ਮੰਗਣ ‘ਤੇ ਮਿਲੀ ਸਿਰਫ਼ ਅਧੂਰੀ ਰਕਮ, ਪੁਲਿਸ ਵੱਲੋਂ ਮਾਮਲਾ ਦਰਜ ਜਦੋਂ ਕਮਲਦੇਵ ਨੇ ਮੁਲਜ਼ਮਾਂ ਕੋਲੋਂ ਆਪਣੇ 22 ਲੱਖ ਰੁਪਏ ਵਾਪਸ ਮੰਗੇ, ਤਾਂ ਮੁਲਜ਼ਮ ਟਾਲ-ਮਟੋਲ ਕਰਨ ਲੱਗੇ। ਵਾਰ-ਵਾਰ ਕਹਿਣ ‘ਤੇ ਸੁਖਦੇਵ ਸਿੰਘ ਨੇ ਕੁੱਲ ਰਕਮ ਵਿੱਚੋਂ ਸਿਰਫ਼ 2,06,000 ਰੁਪਏ ਹੀ ਵਾਪਸ ਕੀਤੇ ਅਤੇ ਬਾਕੀ ਦੇ 19,94,000 ਰੁਪਏ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ।
ਪੀੜਤ ਵੱਲੋਂ ਦਿੱਤੀ ਸ਼ਿਕਾਇਤ ਦੀ ਮੁਢਲੀ ਜਾਂਚ ਉਪ-ਕਪਤਾਨ ਪੁਲਿਸ (ਡੀ.ਐੱਸ.ਪੀ. ਐੱਨ.ਡੀ.ਪੀ.ਐੱਸ.-ਕਮ-ਨਾਰਕੋਟਿਕਸ, ਸ਼ਹੀਦ ਭਗਤ ਸਿੰਘ ਨਗਰ) ਵੱਲੋਂ ਕੀਤੀ ਗਈ। ਜਾਂਚ ਵਿੱਚ ਗੁਰਦੇਵ ਸਿੰਘ, ਸੁਖਦੇਵ ਸਿੰਘ ਅਤੇ ਸਤਨਾਮ ਸਿੰਘ ਦੀ ਆਪਸੀ ਮਿਲੀਭੁਗਤ ਅਤੇ ਠੱਗੀ ਦੀ ਪੁਸ਼ਟੀ ਹੋਣ ਤੋਂ ਬਾਅਦ, ਸੀਨੀਅਰ ਕਪਤਾਨ ਪੁਲਿਸ ਦੇ ਹੁਕਮਾਂ ‘ਤੇ ਥਾਣਾ ਕਾਠਗੜ੍ਹ ਵਿਖੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly

