HOME ਪੀ.ਏ.ਯੂ.-ਖੇਤੀਬਾੜੀ ਕਾਲਜ, ਬੱਲੋਂਵਾਲ ਸੌਂਖੜੀ ਵਿਖੇ ਪਹਿਲੀ ਐਲੂਮਨੀ ਇਕੱਤਰਤਾ ਅਤੇ ਸਲਾਨਾ ਸਮਾਗਮ ਆਯੋਜਿਤ

ਪੀ.ਏ.ਯੂ.-ਖੇਤੀਬਾੜੀ ਕਾਲਜ, ਬੱਲੋਂਵਾਲ ਸੌਂਖੜੀ ਵਿਖੇ ਪਹਿਲੀ ਐਲੂਮਨੀ ਇਕੱਤਰਤਾ ਅਤੇ ਸਲਾਨਾ ਸਮਾਗਮ ਆਯੋਜਿਤ

5
ਬਲਾਚੌਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਪੀ.ਏ.ਯੂ. ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ ਵਿਖੇ ਪਹਿਲੀ ਐਲੂਮਨੀ ਮੀਟ ਅਤੇ ਸਲਾਨਾ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ, ਪੀ.ਏ.ਯੂ.. ਲੁਧਿਆਣਾ ਨੇ ਆਪਣੇ ਭਾਸ਼ਣ ਵਿੱਚ ਇਸ ਕਾਲਜ ਦੇ ਪਹਿਲੀ ਅਲੂਮਨੀ ਇਕੱਤਰਤਾ ਅਤੇ ਸਲਾਨਾ ਸਮਾਗਮ ਤੇ ਬਹੁਤ-ਬਹੁਤ ਵਧਾਈ ਦਿੱਤੀ। ਉਹਨਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹਮੇਸ਼ਾ ਤੋਂ ਹੀ ਪੰਜਾਬ ਦੇ ਹਰ ਇਲਾਕੇ ਦੇ ਕਿਸਾਨਾਂ ਲਈ ਮਾਰਗ ਦਰਸ਼ਕ ਰਹੀ ਹੈ। ਪੰਜਾਬ ਦਾ ਇਹ ਕੰਢੀ ਦਾ ਇਲਾਕਾ ਆਰਥਿਕ ਤੇ ਸਮਾਜਿਕ ਤੌਰ ਤੇ ਪਛੜਿਆ ਹੋਇਆ ਹੋਣ ਕਰਕੇ ਇਸ ਇਲਾਕੇ ਦੇ ਬਹੁਤ ਘੱਟ ਵਿਦਿਆਰਥੀ ਯੂਨੀਵਰਸਿਟੀ ਵਿਖੇ ਦਾਖਲਾ ਲੈ ਸਕਦੇ ਸਨ। ਇਸ ਨੂੰ ਮਹਿਸੂਸ ਕਰਕੇ ਯੂਨੀਵਰਸਿਟੀ ਵੱਲੋਂ ਇੱਥੇ 2021 ਵਿੱਚ ਇਹ ਕਾਲਜ ਸ਼ੁਰੂ ਕੀਤਾ ਗਿਆ। ਮੈਨੂੰ ਬਹੁਤ ਖੁਸ਼ੀ ਹੈ ਕਿ ਇਸ ਕਾਲਜ ਦੇ ਪਹਿਲੇ ਬੈਚ ਨੇ ਇੱਥੇ ਰਹਿ ਕੇ ਡਿਗਰੀ ਪੂਰੀ ਕਰ ਲਈ ਹੈ ਅਤੇ ਉਹਨਾਂ ਵਿੱਚੋਂ ਕਾਫੀ ਵਿਦਿਆਰਥੀਆਂ ਨੇ ਐਮ.ਐੱਸ.ਸੀ ਵਿੱਚ ਪੀ.ਏ.ਯੂ ਅਤੇ ਹੋਰ ਥਾਵਾਂ ਤੇ ਦਾਖਲਾ ਲੈ ਲਿਆ ਹੈ। ਹਾਂ। ਇਸ ਲਈ ਉਹਨਾਂ ਨੇ ਇਸ ਕਾਲਜ ਦੇ ਸਮੂਹ ਅਧਿਆਪਕਾਂ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਇਸ ਕਾਲਜ ਦੇ ਵਿਦਿਆਰਥੀਆਂ ਨੇ ਯੂਥ ਫੈਸਟੀਵਲ ਅਤੇ ਖੇਡਾਂ ਦੇ ਖੇਤਰ ਵਿੱਚ ਵੀ ਪਿਛਲੇ ਸਾਲਾਂ ਵਿੱਚ ਬਹੁਤ ਮੱਲਾਂ ਮਾਰੀਆ ਹਨ। ਇਹ ਪ੍ਰਾਪਤੀਆਂ ਦੱਸਦੀਆਂ ਹਨ ਕਿ ਜੀਵਨ ਵਿੱਚ ਕੁਝ ਪ੍ਰਾਪਤ ਕਰਨ ਲਈ ਸਿਰਫ ਸਾਧਨ ਹੋਣੇ ਹੀ ਜ਼ਰੂਰੀ ਨਹੀਂ ਬਲਕਿ ਮਿਹਨਤ ਅਤੇ ਲਗਨ ਨਾਲ ਬਹੁਤ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪਿਛਲੇ ਲਗਾਤਾਰ ਤਿੰਨ ਸਾਲਾਂ ਤੋਂ ਦੇਸ਼ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿੱਚ ਪਹਿਲੇ ਨੰਬਰ ਤੇ ਆ ਰਹੀ ਹੈ। ਉਹਨਾਂ ਕਿਹਾ ਕਿ ਪਹਿਲੇ ਬੈਚ ਦੇ ਸਮੇਂ ਦੌਰਾਨ ਸਹੂਲਤਾਂ ਦੀ ਬਹੁਤ ਘਾਟ ਸੀ ਪਰ ਇਸ ਦੇ ਬਾਵਜੂਦ ਉਹਨਾਂ ਨੇ ਮਿਹਨਤ ਕੀਤੀ। ਇਸ ਕਾਲਜ ਦੇ ਪਹਿਲੇ ਬੈਚ ਵਿੱਚ ਸ਼ਾਮਿਲ ਹੋਣ ਦਾ ਇਤਿਹਾਸਿਕ ਮਹੱਤਵ ਹੈ ਤੇ ਇੱਥੇ ਪਾਸ ਹੋ ਕੇ ਨਿਕਲਣ ਵਾਲਾ ਪਹਿਲਾ ਬੈਚ ਇਹ ਮਾਣ ਮਹਿਸੂਸ ਕਰ ਸਕਦਾ ਹੈ।ਮੈ ਇਸ ਮੌਕੇ ਵਿਦਿਆਰਥੀਆਂ ਨੂੰ ਖਾਸ ਤੌਰ ਤੇ ਸੁਨੇਹਾ ਦਿੱਤਾ ਕਿ ਉਹ ਇੱਥੇ ਪੜਾਈ ਦੇ ਨਾਲ-ਨਾਲ ਖੇਤੀਬਾੜੀ ਨੂੰ ਪੇਸ਼ ਨਵੀਆਂ ਚੁਣੋਤੀਆਂ ਨੂੰ ਚੰਗੀ ਤਰ੍ਹਾਂ ਸਮਝਣ ਅਤੇ ਉਹਨਾਂ ਦੇ ਹੱਲ ਲਈ ਕਿਸਾਨੀ ਦੀ ਮੱਦਦ ਕਰਨ ਵਿਦਿਆਰਥੀ ਸਿਰਫ ਡਿਗਰੀ ਕਰਕੇ ਨੌਕਰੀਆਂ ਦੀ ਭਾਲ ਨਾ ਕਰਨ ਬਲਕਿ ਖੇਤੀ ਨਾਲ ਸੰਬੰਧਿਤ ਕਿੱਤੇ ਅਪਣਾਅ ਕੇ ਹੋਰਨਾਂ ਲਈ ਵੀ ਰੁਜਗਾਰ ਪੈਦਾ ਕਰਨ। ਵਿਸ਼ੇਸ਼ ਮਹਿਮਾਨ ਡਾ. ਐਸ.ਡੀ. ਖੋਪੜ, ਸਾਬਕਾ ਡੀਨ. ਖੇਤੀ ਇੰਜੀਨੀਅਰਿੰਗ ਕਾਲਜ, ਪੀ.ਏ.ਯੂ. ਲੁਧਿਆਣਾ ਅਤੇ ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਂਖੜੀ ਦੇ ਪਹਿਲੇ ਨਿਰਦੇਸ਼ਕ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਐਲਮਨੀ ਮੀਟ ਕਿਸੇ ਵੀ ਸਿੱਖਿਆ ਸੰਸਥਾ ਲਈ ਬਹੁਤ ਮਹੱਤਵਪੂਰਨ ਮੌਕਾ ਹੁੰਦਾ ਹੈ। ਇਹ ਸਿਰਫ਼ ਮਿਲਾਪ ਦਾ ਸਮਾਗਮ ਨਹੀਂ, ਸਗੋਂ ਸੰਸਥਾ ਦੀ ਤਰੱਕੀ ਅਤੇ ਮਜ਼ਬੂਤੀ ਦਾ ਆਧਾਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬੱਲਵਾਲ ਦਾ ਵਿਕਾਸ ਕਿਸੇ ਚਮਤਕਾਰ ਤੋਂ ਘੱਟ ਨਹੀਂ। ਜਿੱਥੇ ਕਦੇ ਸਹੂਲਤਾਂ ਦੀ ਘਾਟ ਸੀ, ਅੱਜ ਉੱਥੇ ਉੱਚ ਸਿੱਖਿਆ ਅਤੇ ਖੋਜ ਦੇ ਮਜ਼ਬੂਤ ਕੇਂਦਰ ਵਜੋਂ ਇਹ ਕਾਲਜ ਆਪਣੀ ਪਛਾਣ ਬਣਾ ਚੁੱਕਾ ਹੈ। ਉਨ੍ਹਾਂ ਨੇ ਖੁਸ਼ੀ ਜ਼ਾਹਰ ਕੀਤੀ ਕਿ ਪੁਰਾਣੇ ਵਿਦਿਆਰਥੀਆਂ ਨੂੰ ਆਪਣੇ ਦੋਸਤਾਂ ਅਤੇ ਅਧਿਆਪਕਾਂ ਨਾਲ ਮੁੜ ਮਿਲਣ ਦਾ ਮੌਕਾ ਮਿਲਿਆ ਹੈ, ਜੋ ਜੀਵਨ ਦੀਆਂ ਯਾਦਗਾਰ ਘੜੀਆਂ ਨੂੰ ਤਾਜ਼ਾ ਕਰਦਾ ਹੈ। ਸਮਾਗਮ ਦਾ ਆਰੰਭ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਨਾਲ ਕੀਤਾ ਗਿਆ। ਡਾ. ਮਨਮੋਹਨਜੀਤ ਸਿੰਘ, ਡੀਨ, ਪੀ.ਏ.ਯੂ.ਖੇਤੀਬਾੜੀ ਕਾਲਜ, ਬੱਲੋਵਾਲ ਸੌਖੜੀ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸਵਾਗਤੀ ਭਾਸ਼ਣ ਦਿੰਦੇ ਹੋਏ ਕਿਹਾ ਕਿ ਪੁਰਾਣੇ ਵਿਦਿਆਰਥੀਆਂ ਦਾ ਸਹਿਯੋਗ ਕਾਲਜ ਦੀ ਤਰੱਕੀ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਬੀਤੇ ਸਾਲਾਂ ਵਿੱਚ ਕਾਲਜ ਦੇ ਵਿਦਿਆਰਥੀਆਂ ਦੀਆਂ ਵੱਖ-ਵੱਖ ਖੇਤਰਾਂ ਵਿਚ ਪ੍ਰਾਪਤੀਆਂ ਬਾਰੇ ਦੱਸਿਆ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਨੇ ਵੱਖ-ਵੱਖ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਜਿਨ੍ਹਾਂ ਵਿਚ ਹਾਸ ਰਸ, ਭੰਡ, ਕਵਿਤਾ, ਭੰਗੜਾ ਆਦਿ ਪ੍ਰਮੁੱਖ ਸਨ। ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ ਅਤੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ। ਕਾਲਜ ਦੇ ਪੁਰਾਣੇ ਵਿਦਿਆਰਥੀ, ਮੌਜੂਦਾ ਵਿਦਿਆਰਥੀ, ਅਧਿਆਪਕਾਂ ਨੇ ਇਕੱਠੇ ਹੋ ਕੇ ਆਪਣੇ ਕਾਲਜ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ। ਇਸ ਮੌਕੇ ਡਾ. ਐੱਚ. ਐੱਸ. ਧਾਲੀਵਾਲ, ਸਾਬਕਾ ਡੀਨ, ਖੇਤੀਬਾੜੀ ਕਾਲਜ, ਪੀ.ਏ.ਯੂ. ਲੁਧਿਆਣਾ, ਡਾ. ਐੱਚ. ਐੱਸ. ਸੁਰ, ਸਾਬਕਾ ਨਿਰਦੇਸ਼ਕ, ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਖੜੀ, ਡਾ. ਪੀ. ਐੱਸ. ਔਲਖ, ਸਾਬਕਾ ਨਿਰਦੇਸ਼ਕ, ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਖੜੀ, ਡਾ. ਐੱਸ. ਐੱਸ. ਗਰੇਵਾਲ, ਸਾਬਕਾ ਨਿਰਦੇਸ਼ਕ, ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਂਖੜੀ,  ਮਨਦੀਪ ਸਿੰਘ, ਸੁਪਰਡੈਂਟ ਇੰਜਨੀਅਰ, ਗਮਾਡਾ ਅਤੇ ਹੋਰ ਖਾਸ ਮਹਿਮਾਨ ਸ਼ਾਮਲ ਹੋਏ। ਅੰਤ ਵਿੱਚ ਡਾ. ਵਿਜੈ ਕੁਮਾਰ ਨੇ ਆਏ ਹੋਏ ਮਹਿਮਾਨਾਂ, ਪੁਰਾਣੇ ਵਿਦਿਆਰਥੀਆਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਸਾਰੇ ਪਬੰਧਕਾਂ ਦਾ ਧੰਨਵਾਦ ਕੀਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਢੈਪਈ ਵਿਖੇ ਵਿਸ਼ਾਲ ਆਯੂਸ਼ ਕੈਂਪ ਦਾ ਆਯੋਜਨ ਕੈਂਪ ਦੌਰਾਨ 660 ਮਰੀਜਾਂ ਨੂੰ ਮੁਫਤ ਦਵਾਈਆਂ ਵੰਡੀਆਂ ਗਈਆਂ
Next articleFrom Exile to Power: Bangladesh’s New Beginning