ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਚੰਡੀਗੜ੍ਹ ਕਿਸਾਨ ਧਰਨੇ ਦੀ ਹਮਾਇਤ ਲਈ ਲੋਕਾਂ ਨੂੰ ਅਪੀਲ

ਜਲੰਧਰ  (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਦੇਸ਼ ਭਗਤ ਯਾਦਗਾਰ ਕਮੇਟੀ ਨੇ ਗ਼ਦਰ ਪਾਰਟੀ ਦੀ ਸ਼ਾਨਾਮੱਤੀ ਵਿਰਾਸਤ ਨੂੰ ਬੁਲੰਦ ਕਰਦਿਆਂ ਕਿਹਾ ਹੈ ਕਿ ਗ਼ਦਰੀ ਦੇਸ਼ ਭਗਤਾਂ ਨੇ ਆਖਰੀ ਦਮ ਤੱਕ ਕਿਸਾਨਾਂ ਮਜ਼ਦੂਰਾਂ ਅਤੇ ਕਮਾਊ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਆਵਾਜ਼ ਬੁਲੰਦ ਕਰਦਿਆਂ ਜ਼ੋ ਸਾਨੂੰ ਮਾਰਗ ਦਰਸਾਇਆ ਹੈ ਉਸਤੇ ਚੱਲਦੇ ਹੋਏ ਉਹਨਾਂ ਦੇ ਹਰ ਵਾਰਸ ਨੂੰ ਦੇਸੀ ਬਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਪੂਰਤੀ ਕਰਦਿਆਂ ਖੇਤੀ, ਜੰਗਲ,ਜਲ ਜ਼ਮੀਨ ਆਪਣੇ ਸਵੈ ਮਾਣ ਭਰੀ ਜ਼ਿੰਦਗੀ ਜੀਣ ਅਤੇ ਜਮਹੂਰੀ ਹੱਕਾਂ ਲਈ ਆਵਾਜ਼ ਬੁਲੰਦ ਕਰਨ ਦਾ ਆਪਣਾ ਫਰਜ਼ ਅਦਾ ਕਰਦੇ ਰਹਿਣਾ ਚਾਹੀਦਾ ਹੈ। ਇਸ ਵਿਰਾਸਤ ਦੀ ਪਹਿਰੇਦਾਰੀ ਕਰਦੇ ਹੋਏ ਦੇਸ਼ ਭਗਤ ਯਾਦਗਾਰ ਕਮੇਟੀ ਨੇ ਕਿਹਾ ਹੈ ਕਿ ਪੰਜਾਬ ਅਸੈਂਬਲੀ ਵੱਲੋਂ ਕੌਮੀ ਖੇਤੀ ਮੰਡੀਕਰਨ ਨੀਤੀ ਚੌਖਟਾ ਰੱਦ ਕਰਨ ਨੂੰ ਸੰਘਰਸ਼ਸ਼ੀਲ ਕਿਸਾਨਾਂ ਦੀ ਅੰਸ਼ਕ ਜਿੱਤ ਹੋਈ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਲਿਖਤੀ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਖੇਤੀ ਅਤੇ ਨਵਾਂ ਮੰਡੀਕਰਨ ਨੀਤੀ ਖਰੜਾ ਮੂਲੋਂ ਰੱਦ ਕਰਨ,ਐੱਮ ਐੱਸ ਪੀ ਦੀ ਕਾਨੂੰਨੀ ਗਰੰਟੀ ਸਮੇਤ ਪੰਜਾਬ ਦੀਆਂ ਲਟਕਦੀਆਂ ਭਖਵੀਆਂ ਕਿਸਾਨੀ ਮੰਗਾਂ ਦੇ ਹੱਲ ਲਈ ਐੱਸ ਕੇ ਐੱਮ ਦੇ ਸੱਦੇ ‘ਤੇ ਚੰਡੀਗੜ੍ਹ ਵਿਖੇ 5 ਮਾਰਚ ਤੋਂ ਲੱਗ ਰਹੇ ਮੋਰਚੇ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਹੱਕੀ ਮੰਗਾਂ ਪ੍ਰਵਾਨ ਕਰਨ ਦੀ ਜ਼ੋਰਦਾਰ ਮੰਗ ਕਰਨੀ ਬਣਦੀ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਨੇ ਬੋਰਡ ਆਫ਼ ਟ੍ਰਸਟ ਦੀ ਮੀਟਿੰਗ ‘ਚ ਕਮੇਟੀ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ,ਵਿੱਤ ਸਕੱਤਰ ਸੀਤਲ ਸਿੰਘ ਸੰਘਾ ਅਤੇ ਹਾਜ਼ਰ ਸਮੂਹ ਟਰੱਸਟੀਆਂ ਵੱਲੋਂ ਪਾਸ ਕੀਤੇ ਮਤੇ ਵਿੱਚ ਕਿਹਾ ਹੈ ਕਿ ਸੰਯੁਕਤ ਮੋਰਚੇ ਦਾ ਇਹ ਦਾਅਵਾ ਬਿਲਕੁਲ ਹਕੀਕੀ ਹੈ ਕਿ ਪੰਜਾਬ ਦੀ ਆਪ ਸਰਕਾਰ ਖੁਦ ਤਿਆਰ ਕੀਤੀ ਨਵੀਂ ਖੇਤੀ ਨੀਤੀ ਨੂੰ ਕਿਸਾਨਾਂ ਦੇ ਸੁਝਾਵਾਂ ਸਮੇਤ ਲਾਗੂ ਕਰਨ ਤੋਂ ਲਗਾਤਾਰ ਟਾਲ਼ਾ ਵੱਟਦੀ ਆ ਰਹੀ ਹੈ। ਇਉਂ ਹੀ ਕੇਂਦਰੀ ਭਾਜਪਾ ਸਰਕਾਰ ਕਿਸਾਨਾਂ ਲਈ ਤਿੰਨ ਕਾਲ਼ੇ ਖੇਤੀ ਕਾਨੂੰਨਾਂ ਨਾਲੋਂ ਵੀ ਵੱਧ ਮਾਰੂ ਕਾਰਪੋਰੇਟ ਪੱਖੀ ਕੌਮੀ ਖੇਤੀ ਮੰਡੀਕਰਨ ਨੀਤੀ ਚੌਖਟਾ ਪੂਰੇ ਦੇਸ਼ ਦੇ ਕਿਸਾਨਾਂ ਸਿਰ ਮੜ੍ਹਨ ਲਈ ਕਾਹਲੀ ਪਈ ਹੈ। ਐੱਮ ਐੱਸ ਪੀ ਦੀ ਕਾਨੂੰਨੀ ਗਰੰਟੀ ਸਮੇਤ ਹੋਰ ਲਟਕਦੀਆਂ ਮੰਗਾਂ ਦੇ ਤਸੱਲੀਬਖ਼ਸ਼ ਹੱਲ ਤੋਂ ਲਗਾਤਾਰ ਟਾਲ਼ਾ ਵੱਟ ਰਹੀ ਹੈ । ਦੇਸ਼ ਭਗਤ ਯਾਦਗਾਰ ਕਮੇਟੀ ਨੇ ਪਾਸ ਕੀਤੇ ਮਤੇ ਵਿੱਚ ਕਿਹਾ ਹੈ ਕਿ ਐੱਸ ਕੇ ਐੱਮ ਦੀ ਕੌਮੀ ਕਮੇਟੀ ਵੱਲੋਂ ਪੂਰੇ ਦੇਸ਼ ਦੀਆਂ ਸੂਬਾਈ ਰਾਜਧਾਨੀਆਂ ਵਿੱਚ 5 ਮਾਰਚ ਤੋਂ ਪੱਕੇ ਮੋਰਚੇ ਲਾਉਣ ਦੇ ਸੱਦੇ ਤਹਿਤ ਪੰਜਾਬ ਵਿੱਚ 7 ਰੋਜ਼ਾ ਮੋਰਚੇ ਦੀ ਹਮਾਇਤ ਵਿੱਚ ਚੰਡੀਗੜ੍ਹ ਨਿਵਾਸੀਆਂ, ਅਰਥ ਸ਼ਾਸਤਰੀਆਂ, ਸਮਾਜ ਸ਼ਾਸਤਰੀਆਂ, ਸਮਾਜਿਕ, ਸਾਹਿਤਕ, ਸਭਿਆਚਾਰਕ, ਤਰਕਸ਼ੀਲ, ਜਮਹੂਰੀ ਕਾਰਜ ਖੇਤਰ ਨਾਲ਼ ਜੁੜੇ, ਸਰਕਾਰੀ ਮੰਡੀਆਂ ਨਾਲ ਜੁੜਕੇ ਜੀਵਨ ਨਿਰਬਾਹ ਕਰਨ ਵਾਲੇ ਟਰੱਕ ਓਪਰੇਟਰਾਂ, ਡਰਾਈਵਰਾਂ, ਪੱਲੇਦਾਰਾਂ ਮਜ਼ਦੂਰਾਂ, ਦੁਕਾਨਦਾਰਾਂ ਅਤੇ ਖੇਤੀ ਵਸਤਾਂ ਦੇ ਖ਼ਰੀਦਦਾਰਾਂ ਦੀ ਵਿਸ਼ਾਲ ਵਸੋਂ ਨੂੰ ਕਿਸਾਨਾਂ ਦੀ ਆਵਾਜ਼ ਸੰਗ ਆਵਾਜ਼ ਮਿਲਾਉਣ ਦੀ ਲੋੜ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਨੇ ਪੰਜਾਬ ਦੇ ਸਮੂਹ ਮਿਹਨਤਕਸ਼ ਤਬਕਿਆਂ, ਲੋਕਾਂ ਨੂੰ ਚੰਡੀਗੜ੍ਹ ਮੋਰਚੇ ਵਿੱਚ ਪ੍ਰੀਵਾਰਾਂ ਸਮੇਤ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਖੇਤੀ ਸੈਕਟਰ ਤੇ ਕਦੋਂ ਤੱਕ ਮੰਡਰਾਉਂਦੇ ਰਹਿਣਗੇ ਸੰਕਟ ਦੇ ਬੱਦਲ
Next articleਨੌਜਵਾਨ ਵਿਦੇਸ਼ ਜਾਣ ਲਈ ਗੈਰ-ਕਾਨੂੰਨੀ ਤਰੀਕੇ ਨਾ ਅਪਣਾਉਣ – ਕੁਲਦੀਪ ਸਿੰਘ ਧਾਲੀਵਾਲ