ਨਵੀਂ ਦਿੱਲੀ (ਸਮਾਜ ਵੀਕਲੀ): ਲੋਕ ਸਭਾ ’ਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਦੀ ਅਗਵਾਈ ਹੇਠਲੀ ਸੰਸਦੀ ਕਮੇਟੀ ਵੱਲੋਂ ਕਸ਼ਮੀਰ ਅਤੇ ਲੱਦਾਖ ਦੇ ਪੰਜ ਦਿਨੀਂ ਦੌਰੇ ’ਤੇ ਜਾਣ ਦੀ ਸੰਭਾਵਨਾ ਹੈ। ਧਾਰਾ 370 ਰੱਦ ਕੀਤੇ ਜਾਣ ਮਗਰੋਂ ਵੱਖ ਵੱਖ ਪਾਰਟੀਆਂ ਦੇ ਸੰਸਦ ਮੈਂਬਰਾਂ ਦਾ ਵਾਦੀ ’ਚ ਇਹ ਪਹਿਲਾ ਦੌਰਾ ਹੋਵੇਗਾ। ਸੂਤਰਾਂ ਨੇ ਕਿਹਾ ਕਿ ਪਬਲਿਕ ਅਕਾਊਂਟਸ ਕਮੇਟੀ ਦੇ ਮੈਂਬਰਾਂ ਵੱਲੋਂ ਸ੍ਰੀਨਗਰ, ਦਰਾਸ, ਕਾਰਗਿਲ ਅਤੇ ਲੇਹ ਦਾ ਦੌਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਮੇਟੀ ਦੇ ਮੈਂਬਰ 15 ਅਗਸਤ ਨੂੰ ਕਾਰਗਿਲ ’ਚ ਕੌਮੀ ਝੰਡਾ ਲਹਿਰਾ ਕੇ ਆਜ਼ਾਦੀ ਦਿਹਾੜਾ ਮਨਾਉਣਗੇ। ਉਨ੍ਹਾਂ ਵੱਲੋਂ ਕਸ਼ਮੀਰ ਵਾਦੀ ਅਤੇ ਲੱਦਾਖ ਖ਼ਿੱਤੇ ਦੀਆਂ ਉੱਚੀਆਂ ਚੋਟੀਆਂ ’ਤੇ ਤਾਇਨਾਤ ਹਥਿਆਰਬੰਦ ਬਲਾਂ ਨੂੰ ਮਿਲਦੇ ਭੋਜਨ ਅਤੇ ਕੱਪੜਿਆਂ ਦੀ ਨਜ਼ਰਸਾਨੀ ਕਰਨ ਦੀ ਵੀ ਸੰਭਾਵਨਾ ਹੈ। ਇਸ ਤੋਂ ਇਲਾਵਾ ਕਾਂਗਰਸ ਆਗੂ ਆਨੰਦ ਸ਼ਰਮਾ ਦੀ ਅਗਵਾਈ ਹੇਠਲੀ ਗ੍ਰਹਿ ਮਾਮਲਿਆਂ ਬਾਰੇ ਸੰਸਦੀ ਸਟੈਂਡਿੰਗ ਕਮੇਟੀ 17 ਅਗਸਤ ਨੂੰ ਕਸ਼ਮੀਰ ਅਤੇ ਲੇਹ ਦਾ ਦੌਰਾ ਕਰੇਗੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly